ਅੱਧੀ ਰਾਤੀਂ ਉਠਿਆ ਕੋਈ, ਉੱਠਿਆ ਕੂਕਾਂ ਮਾਰ
ਜਾਂ ਤਾਂ ਉਸਦੇ ਵਿਹੜੇ ਧੀਆਂ, ਜਾਂ ਕੋਈ ਰੂਹ 'ਤੇ ਭਾਰ
ਏਸ ਨਗਰ ਦੇ ਲੋਕਾਂ 'ਤੇ ਹੁਣ, ਕਿੰਝ ਕਰੀਏ ਇਤਬਾਰ?
ਹੱਥਾਂ ਵਿਚ ਗੁਲਦਸਤੇ ਰੱਖਣ, ਬੁੱਕਲ਼ ਵਿਚ ਕਟਾਰ
ਸੁਬ੍ਹਾ-ਸਵੇਰੇ ਅੱਖ ਸੀ ਖੁੱਲੀ, ਰੂਹ 'ਤੇ ਬੜਾ ਸੀ ਭਾਰ
ਰਾਤੀਂ ਸੁਪਨੇ ਦੇ ਵਿਚ ਆਇਆ, ਕਿਸਦੇ ਸੰਗ ਤਕਰਾਰ?
ਸਾਜ਼ਾਂ ਦੀ ਤੌਹੀਨ ਦੇਖ ਕੇ, ਹੁੰਦਾ ਬਹੁਤ ਖੁਆਰ
ਮੇਰੇ ਅੰਦਰ ਨਿਤ ਹੀ ਰੋਂਦਾ, ਰੋਂਦਾ ਇਕ ਫ਼ਨਕਾਰ
ਅੱਜ ਵੀ ਸਾਰਾ ਦਿਨ ਤੂੰ ਦੇਖੀਂ, ਰਹਿਣਾ ਸਿਰ 'ਤੇ ਭਾਰ
ਡਿੱਗੀ ਹੈ ਦਹਿਲੀਜ਼ 'ਤੇ ਆ ਕੇ, ਰੱਤ ਭਿੱਜੀ ਅਖ਼ਬਾਰ
ਨਾ ਗ਼ਜ਼ਲਾਂ ਦੀ ਪੀੜ ਪਛਾਣਨ, ਨਾ ਨਜ਼ਮਾਂ ਦੀ ਸਾਰ
ਅੰਨ੍ਹੇ ਬੋਲ਼ੇ ਖਿੱਚੀ ਫਿਰਦੇ, ਦੋ ਧਾਰੀ ਤਲਵਾਰ
ਨਾ ਮੈਥੋਂ ਇਨਕਾਰੀ ਹੈਂ ਤੂੰ, ਨਾ ਕਰਦੈਂ ਇਨਕਾਰ
ਭੋਲ਼ੇ ਪੰਛੀ ਅਪਣੀ ਰੂਹ ਨੂੰ ਏਦਾਂ ਤਾਂ ਨਾ ਮਾਰ
ਉਡਣ ਦੇ ਏਹਨਾਂ ਨੂੰ ਹੁਣ ਤੂੰ, ਘਰ ਰਖ ਕੇ ਨਾ ਮਾਰ
ਤੇਰੀਆਂ ਗ਼ਜ਼ਲਾਂ ਜੀਕਣ ਲੋਚੀ, ਕੂੰਜੜੀਆਂ ਦੀ ਡਾਰ