ਕੁਝ ਕੁ ਯਾਦਾਂ........... ਗ਼ਜ਼ਲ / ਪ੍ਰੋ. ਜਸਪਾਲ ਘਈ

ਕੁਝ ਕੁ ਯਾਦਾਂ ਦੂਰ ਨੇੜੇ ਤੋਂ ਬੁਲਾ ਲੈਂਦਾ ਹਾਂ ਮੈਂ
ਅਪਣੀ ਤਨਹਾਈ 'ਚ ਇਉਂ ਮਹਿਫਿ਼ਲ ਸਜਾ ਲੈਂਦਾ ਹਾਂ ਮੈਂ

ਰਾਤ ਦਾ ਅੰਨ੍ਹਾ ਸਫ਼ਰ, ਏਦਾਂ ਮੁਕਾ ਲੈਂਦਾ ਹਾਂ ਮੈਂ
ਖ਼ਾਬ ਸੌਂ ਜਾਂਦੇ ਨੇ, ਤਾਂ ਤਾਰੇ ਜਗਾ ਲੈਂਦਾ ਹਾਂ ਮੈਂ

ਆਪ ਹੀ ਵੰਝਲੀ ਹਾਂ ਮੈਂ, ਤੇ ਆਪ ਹੀ ਵੰਝਲ ਵੀ ਹਾਂ

ਗੀਤ ਵਿਚ ਢਲ਼ਦਾ ਹਾਂ ਖੁ਼ਦ ਤੇ ਖੁ਼ਦ ਹੀ ਗਾ ਲੈਂਦਾ ਹਾਂ ਮੈਂ

ਮੈਂ ਨਿਰੀ ਖੁ਼ਸ਼ਬੂ ਹਾਂ, ਮੈਂ ਤਾਂ ਫੈਲਣਾ ਹੀ ਫੈਲਣੈਂ
ਹਰ ਕਿਸੇ ਦੀਵਾਰ 'ਚੋਂ ਰਸਤਾ ਬਣਾ ਲੈਂਦਾ ਹਾਂ ਮੈਂ

ਪਿਆਰ-ਤੱਕਣੀ ਤੇਰੀ ਫੁੱਲਾਂ ਦੀ ਜਿਵੇਂ ਬਰਸਾਤ ਹੈ
ਜਿ਼ੰਦਗੀ ਦਾ ਥਲ ਇਦ੍ਹੇ ਸੰਗਸੰਗ ਲੰਘਾ ਲੈਂਦਾ ਹਾਂ ਮੈਂ

ਹਾਲੇ ਵੀ ਨੰਨ੍ਹਾ ਜਿਹਾ ਕੋਈ ਬਾਲ ਮੇਰੇ ਮਨ 'ਚ ਹੈ
ਹਾਲੇ ਵੀ ਚੰਨ ਨੂੰ ਹਥੇਲੀ ਤੇ ਉਠਾ ਲੈਂਦਾ ਹਾਂ ਮੈਂ

ਮੇਰੇ ਲਫ਼ਜ਼ਾਂ ਤੋਂ ਜ਼ਰਾ ਪੁੱਛੋ ਮਿਰੇ ਫ਼ਨ ਦਾ ਕਮਾਲ
ਮਿਸਰੇ ਮਿਸਰੇ ਤੇ ਕਿਵੇਂ ਵਾਹ ਵਾਹ ਕਹਾ ਲੈਂਦਾ ਹਾਂ ਮੈਂ