ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ
ਮੈਂ ਅੰਨ੍ਹਿਆਂ ਦੇ ਸ਼ਹਿਰ ’ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ
ਮਕਤਲ ਵਰਗੇ ਸ਼ਹਿਰ ਤੇਰੇ ਵਿਚ ਜਦ ਵੀ ਆਉਣਾ ਪੈਂਦਾ ਹੈ
ਅੱਖਾਂ ਵਿਚਲੇ ਅਪਣੇ ਉਜਲੇ ਖ਼ਾਬ ਲੁਕਾਉਂਦਾ ਫਿਰਦਾ ਹਾਂ
ਦਿਲ ਕਹਿੰਦਾ ਹੈ ਤੋੜ ਕੇ ਪਿੰਜਰਾ ਚੱਲ ਕਿਧਰੇ ਹੁਣ ਉਡ ਚਲੀਏ
ਖ਼ਬਰੇ ਕਿਉਂ ਮੈਂ ਇਸ ਦਿਲ ਦੀ ਆਵਾਜ਼ ਦਬਾਉਂਦਾ ਫਿਰਦਾ ਹਾਂ
ਉਸ ਦੇ ਦਿਲ ਦੇ ਹਰਫ਼ਾਂ ਤੋਂ ਮੈਂ ਅਕਸਰ ਸੂਹੀ ਲੋਅ ਲੈ ਕੇ
ਅਪਣੇ ਮਨ ਦਾ ਹਰ ਨ੍ਹੇਰਾ ਕੋਨਾ ਰੁਸ਼ਨਾਉਂਦਾ ਫਿਰਦਾ ਹਾਂ
ਮੇਰੇ ਮਨ ਦਾ ਬੋਝ ਕਿਤੇ ਨਾ ਉਸ ਨੂੰ ਢੋਣਾ ਪੈ ਜਾਵੇ
ਏਸੇ ਖ਼ਾਤਰ ਹੋਠਾਂ ’ਤੇ ਮੁਸਕਾਨ ਸਜਾਉਂਦਾ ਫਿਰਦਾ ਹਾਂ
ਇਸ ਤੋਂ ਵੱਧ ਕੇ ਅਪਣੀ ਹੋਰ ਸ਼ਨਾਖ਼ਤ ਹੁਣ ਮੈਂ ਕੀ ਦੱਸਾਂ
ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉਂਦਾ ਫਿਰਦਾ ਹਾਂ