ਧਰਤ 'ਤੇ ਚਿੱਟੀ ਬਰਫ ਦੀ ਚਾਦਰ, ਤੇ ਨੇ ਚਿੱਟੇ-ਚਿੱਟੇ ਲੋਕ
ਗੂੜ੍ਹੇ ਰੰਗਾਂ ਵਾਲ਼ੇ ਵੀ ਨੇ , ਏਥੇ ਫਿੱਕੇ- ਫਿੱਕੇ ਲੋਕ
ਓਥੇ ਛੋਟੇ ਘਰ ਹੁੰਦੇ ਸੀ , ਦਿਲ ਵੱਡੇ ਸਨ ਯਾਰਾਂ ਦੇ
ਵੱਡੇ-ਵੱਡੇ ਘਰਾਂ 'ਚ ਵਸਦੇ, ਏਥੇ ਨਿੱਕੇ-ਨਿੱਕੇ ਲੋਕ
ਚੰਗਾ ਖਾਣਾ ਕੰਮ ਤੇ ਕਸਰਤ, ਚੰਗੀ ਸਿਹਤ ਸਰੀਰਾਂ ਦੀ
ਬਾਹਰੋਂ ਨੌਂ-ਬਰ-ਨੌਂ ਦਿਸਦੇ ਨੇ, ਅੰਦਰੋਂ ਲਿੱਸੇ-ਲਿੱਸੇ ਲੋਕ
ਕੰਨਾਂ ਦੇ ਵਿਚ ਹਮਰ ਦੀ ਘੂਕਰ, ਅੱਖਾਂ ਦੇ ਵਿਚ ਬੰਜਰ ਸੁਪਨੇ
ਕਿਸ਼ਤਾਂ ਦੇ ਪਰ ਝੰਬੇ ਹੋਏ, ਫਿਰਦੇ ਫਿੱਸੇ-ਫਿੱਸੇ ਲੋਕ
ਜੋ ਪੂਰਬ ਵਿਚ ਦਿਨ ਚੜ੍ਹਦੇ ਦੀ ਲਾਲੀ ਬਣਕੇ ਜਿਉਂਦੇ ਸੀ
ਉਹ ਪੱਛਮ ਵਿਚ ਸੂਰਜ ਵਾਂਗੂੰ ਫਿਰਦੇ ਛਿੱਪੇ-ਛਿੱਪੇ ਲੋਕ
ਤੇਰੇ ਵਾਂਗੂ ਇਹ ਵੀ 'ਬੱਬੀ' ਮੁੜ ਜਾਵਣਗੇ ਲੋਚ ਰਹੇ
ਵਕਤ ਦੇ ਪਹੀਏ ਹੇਠ ਨੇ ਦਿਸਦੇ,ਜੋ ਇਹ ਚਿੱਪੇ-ਚਿੱਪੇ ਲੋਕ