ਚਿਹਰਿਆਂ ਦੇ ਸ਼ਹਿਰ ਜਦ ਤਕ, ਇੱਕ ਵੀ ਸ਼ੀਸ਼ਾ ਨਾ ਸੀ,
ਚਮਕਦੇ ਸੀ ਸਾਰਿਆਂ ਦੇ ਨਕਸ਼, ਦਿਲ ਮੈਲਾ ਨਾ ਸੀ !
ਇਕ ਨਦੀ ਨੂੰ ਸਾਰੀ ਦੀ ਸਾਰੀ ਹੀ ਪਿਆਸੀ ਵੇਖਿਆ,
ਥਲ ਵੀ ਪਿਆਸਾ ਸੀ ਮਗਰ,ਪਿਆਸਾ ਨਦੀ ਜਿੰਨਾ ਨਾ ਸੀ !
ਵੇਖਿਆ ਹੀ ਨਾ ਕਿਸੇ ਨੇ ਤਹਿ ਮੇਰੀ ਨੂੰ ਫੋਲ ਕੇ,
ਸੀ ਮੇਰੇ ਹੇਠਾਂ ਵੀ ਪਾਣੀ , ਮੈਂ ਨਿਰਾ ਰੇਤਾ ਨਾ ਸੀ !
ਰਾਜ਼ - ਗੱਦੀ ਤੋਂ ਮਿਲੇ ਨੇ ਬਾਗ਼ਬਾਨਾਂ ਨੂੰ ਇਨਾਮ,
ਪਰ ਸਿਤਮ,ਹੈ ਬਾਗ਼ ਵਿਚ ਫੁਲ ਕੋਈ ਵੀ ਖਿੜਿਆ ਨਾ ਸੀ !
ਬੰਸਰੀ ਦੀ ਤਾਨ ਦੀ ਸੀ ਖ਼ਬਰ ਸਾਰੇ ਸ਼ਹਿਰ ਵਿਚ,
ਬਾਂਸ ਦੇ ਸੀਨੇ ਚੋਂ ਨਿਕਲੀ ਚੀਕ ਦਾ ਚਰਚਾ ਨਾ ਸੀ !
ਉਮਰ ਭਰ ਫਿਰ ਤਾਂ ਉਡੀਕਾਂ ਦਾ ਸਫ਼ਰ ਚਲਦਾ ਰਿਹਾ,
ਡਾਕ ਨਿੱਤ ਆਉਂਦੀ ਸੀ,ਲੇਕਿਨ ਖ਼ਤ ਕੋਈ ਮੇਰਾ ਨਾ ਸੀ !
ਰੌਸ਼ਨੀ ਦਾ ਸ਼ਹਿਰ ਵੀ ਨੇਰ੍ਹੇ ‘ਚ ਡੁੱਬਾ ਜਾਪਿਆ ,
ਆਪਣੇ ਜਦ ਘਰ‘ਚ ਬਲਦਾ, ਇੱਕ ਵੀ ਦੀਵਾ ਨਾ ਸੀ !
ਕੀ ਪਤਾ, ਕੀ ਹੋ ਗਿਆ ਹੈ ਸ਼ਹਿਰ ਦੇ ਮਾਹੌਲ ਨੂੰ,
ਨੀਂਦ ਵਿਚ ਵੀ ਇਸ ਤਰ੍ਹਾਂ ਇਹ ਸ਼ਹਿਰ ਤਾਂ ਸੌਂਦਾ ਨਾ ਸੀ!
ਆ ਗਏ ਚਿਹਰੇ ਤੋਂ ਆਖ਼ਿਰ, ਹਾਦਸੇ ਕਿੱਦਾਂ ਨਜ਼ਰ,
ਇੱਕ ਵੀ ਤਾਂ ਸ਼ਬਦ ਮੂੰਹੋਂ ਦਰਦ ਦਾ ਕਿਰਿਆ ਨਾ ਸੀ !