ਜੁੱਤੀਆਂ.......... ਕਾਵਿ ਵਿਅੰਗ / ਇੰਦਰਜੀਤ ਪੁਰੇਵਾਲ (ਨਿਊਯਾਰਕ)

ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ।

ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ,
ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ।

ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ,
ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ।

ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ,
ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ।

ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ,
ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ।

ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ,
ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ।

ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ,
ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ।

ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ,
ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ।

ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ,
ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ।

ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ,
ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ।

‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ.
ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ।

ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ,
ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ।

ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ,
ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ।

****