ਚਿੜੀਆਂ ਵਾਂਗ
ਚਾਹਿਆ ਕਿ ਮੈਂ ਵੀ
ਆਪਣਾ
ਇੱਕ ਆਲਣਾ ਬਣਾਵਾਂ,
ਜਿਸ ਦਾ ਹਰ ਤੀਲਾ
ਰਿਸ਼ਤਿਆਂ ਤੇ
ਪਿਆਰ ਦੇ ਅਹਿਸਾਸ
ਨਾਲ
ਭਰਪੂਰ ਹੋਵੇ,
ਇੱਕ ਲੰਮੀ ਉਡਾਰੀ
ਲਾਉਂਦੀ
ਤੇ ਇੱਕ ਤੀਲਾ
ਲੱਭ ਲਿਆਉਂਦੀ,
ਪਰ ਆਹ ਕੀ ਹਰ ਵਾਰ
ਲੱਭੇ ਤੀਲੇ ਨੇ
ਮੈਨੂੰ ਨਵੀਂ ਹੀ ਚੁਭਨ
ਦਿੱਤੀ,
ਚਾਹਿਆ ਕਿ
ਤੋੜਦੀ ਜਾਵਾਂ,
ਇਹਨਾਂ ਸਹਾਰਿਆਂ ਨੂੰ
ਪਰ ਨਾਲ ਹੀ
ਇੱਕ ਸੱਚਾਈ ਸਾਹਵੇਂ
ਪੈਂਦੀ ਕਿ
ਇਹਨਾ ਕਰਕੇ ਹੀ ਤਾਂ
ਮੇਰੇ ਘਰ ਦਾ
ਵਜੂਦ ਏ, ਮੇਰਾ ਵਜੂਦ ਏ,
ਜੇ ਇਹ ਟੁੱਟ,
ਬਿਖਰ ਗਏ,
ਤਾਂ ਮੇਰੇ ਸਪਨੇ ਵੀ
ਚੂਰ-ਚੂਰ
ਹੋ ਜਾਣਗੇ,
ਹਿੰਮਤ ਕੀਤੀ, ਦੁੱਖ ਸਹੇ,
ਤੇ ਕੋਸ਼ਿਸ਼ ਨਾਲ
ਲੱਗੀ ਰਹੀ।।
ਇਹਨਾਂ ਨਾਕਾਮ ਸਹਾਰਿਆਂ
ਨੂੰ ਖੜਾ ਕਰਨ 'ਚ
ਤੇ ਉਹ ਦਿਨ ਵੀ
ਆਇਆ
ਜਿਸ ਦਿਨ ਪੂਰਾ ਹੋ ਗਿਆ
ਮੇਰਾ
ਦੁੱਖਾਂ ਦਾ ਆਲਣਾ,
ਭਰ ਆਏ
ਅੱਖਾ 'ਚ ਹੰਝੂ,
ਜਿਸਮ ਤੇ ਜ਼ਖਮ
ਤੇ ਦਿਲ 'ਚ ਅਹਿਸਾਸ
ਕਿ ਬਣ ਗਿਆ
ਮੇਰਾ ਘਰ,
ਜੋ ਬਣਿਆ ਤਾਂ ਬਹੁਤ
ਦੁੱਖਾਂ ਦੇ
ਬਾਦ ਸੀ ਪਰ ਹੁਣ
ਸਕੂਨ ਲੈਣ ਦੀ
ਵਾਰੀ ਮੇਰੀ ਸੀ।।
ਤੇ ਮੈਂ ਅੱਖਾ ਮੁੰਦ ਕੇ
ਬੜੇ ਹੀ ਪਿਆਰ ਤੇ
ਸ਼ਾਤੀ ਨਾਲ ਸੌਂ
ਗਈ
ਆਪਣੇ ਦੁੱਖਾਂ
ਦੇ ਆਲਣੇ 'ਚ।।।।।
****