ਟੁਕੜੇ-ਟੁਕੜੇ ਹੋਇਆ.......... ਗ਼ਜ਼ਲ / ਰਾਜਿੰਦਰ ਜਿੰਦ (ਨਿਊਯਾਰਕ)

ਟੁਕੜੇ-ਟੁਕੜੇ ਹੋਇਆ ਫਿਰਦਾ ਕਿੱਥੇ ਇਸ ਦਾ ਧੀਰ ਗਿਆ।
ਕੁਝ ਤਾਂ ਹੈ ਜੋ ਇਸ ਦੇ ਅੰਦਰ ਡੂੰਘੀ ਖਿੱਚ ਲਕੀਰ ਗਿਆ।
ਉਹੀ ਬੰਦਾ ਗੱਲ ਕਿਸੇ ਦੀ ਇਸਨੂੰ ਚੰਗੀ ਲੱਗਦੀ ਨਹੀਂ,
ਦਰਦ ਮਰ ਗਿਆ ਫਰਜ਼ ਹਰ ਗਿਆ ਸੁੱਕ ਅੱਖੀਆਂ ਦਾ ਨੀਰ ਗਿਆ।
ਨਾ ਤੂੰ ਪਿਆਰ ਦੀ ਸੇਜ ਵਿਛਾਈ ਨਾ ਤੂੰ ਘੋਟੀ ਨਾ ਤੂੰ ਪੀਤੀ,
ਕੇਲੇ ਕੋਲੇ ਕਿੱਕਰ ਬੀਜੀ ਉਸ ਦਾ ਸੀਨਾ ਚੀਰ ਗਿਆ।
ਸੋਚ ਸਮਝ ਦਾ ਰਾਹੀ ਬਣਕੇ ਕਿੰਨਾ ਕੁ ਚਿਰ ਲੜਦਾ ਉਹ,
ਅੱਜ ਤੇ ਰਾਝਾਂ ਆਪਣੇ ਹੱਥੀਂ ਸੈਦੇ ਨੂੰ ਦੇ ਹੀਰ ਗਿਆ।
ਦੁੱਖ ਭੁੱਖ ਨਫਰਤ ਨਿੰਦਿਆ ਚੁਗਲ਼ੀ ਮੇਰਾ ਟੱਬਰ ਭਾਰਾ ਸੀ,
ਉਦੋਂ ਹੋਰ ਵੀ ਟੁੱਟ ਗਿਆ ਮੈਂ ਜਦ ਸੁੱਖਾਂ ਦਾ ਵੀਰ ਗਿਆ।
ਝੱਖੜ ਨ੍ਹੇਰੀ ਕੰਡਿਆਂ ਦੇ ਵਿੱਚ ਜਿਹੜੀ ਸਾਂਭ ਕੇ ਰੱਖੀ ਸੀ,
ਦਿਲ ਦਾ ਪਾਤਰ ਬਣ ਉਸਨੂੰ ਕੋਈ ਕਰਕੇ ਲੀਰੋ ਲੀਰ ਗਿਆ।
ਆਪਣੇ ਨਾਲ ਹੀ ਲੜ ਝਗੜ ਕੇ ਉਹ ਤਾਂ ਜ਼ਖਮੀ ਹੋਇਆ ਸੀ,
ਲੋਕੀਂ ਕਹਿੰਦੇ ਜਿੰਦ ਵਿਚਾਰਾ ਅੰਦਰੋ-ਅੰਦਰੀ ਜ਼ੀਰ ਗਿਆ।

****