ਤੈਰਨਾ.......... ਨਜ਼ਮ/ਕਵਿਤਾ / ਸੁਬੇਗ ਸੱਧਰ

ਕਿਨਾਰੇ ਖੜ੍ਹੀ ਕਿਸ਼ਤੀ ਦੀ ਜੂਨੇ
ਪੈਣ ਤੋਂ ਚੰਗਾ
ਸਮੁੰਦਰ ਦੀ ਸਤਹ ਤੇ ਤੈਰਨਾ
ਲਹਿਰਾਂ ਥੀਂ ਟਕਰਾਉਣਾ

ਮੰਝਧਾਰ ਵਿਚ ਡੁੱਬਣਾ ਜੂਝਕੇ
ਗਹਿਰਾਈ ਨੂੰ ਅਜ਼ਮਾਉਣਾ
ਮਿਲੇ ਯਾ ਨਾ ਮਿਲੇ ਕੋਈ ਕਿਨਾਰਾ
ਸਫ਼ਰ ਜਾਰੀ ਰਹੇਗਾ
ਰਹੇ ਯਾ ਨਾ ਰਹੇ ਚੱਪੂ
ਇਹ ਕਿਸ਼ਤੀ-
ਜਦੋਂ ਤੱਕ ਵੀ ਰਹੇਗੀ
ਤੈਰਨਾ ਜਾਰੀ ਰਹੇਗਾ-
ਕਿ ਕਰਮ ਕਿਸ਼ਤੀ ਤੇ ਤੈਰਾਕ ਦਾ
ਤਰਨਾ ਜਾਂ ਡੁੱਬਣਾ ਹੈ-
ਕਿਨਾਰੇ 'ਤੇ ਖੜ੍ਹੀ
ਕਿਸ਼ਤੀ ਦੀ ਜੂਨੇ ਪੈਣ ਤੋਂ ਚੰਗਾ
ਸਮੁੰਦਰ ਦੀ ਸਤਹ 'ਤੇ ਤੈਰਨਾ
ਲਹਿਰਾਂ ਥੀਂ ਟਕਰਾਉਣਾ।