ਗੱਲ ਠੀਕ ਸਿਆਣੇ ਕਹਿੰਦੇ ਨੇ,
ਦੀਵੇ ਸੰਗ ਦੀਵੇ ਜਗਦੇ ਨੇ ।
ਪਰਿਵਾਰ ਬਿਨਾਂ ਘਰ ਬਾਰ ਕਿਹਾ ,
ਘਰ ਵੱਸਦੇ ਚੰਗੇ ਲੱਗਦੇ ਨੇ ।
ਲੱਖ ਹੋਰਾਂ ਦੇ ਸੰਗ ਸਾਂਝ ਬਣੇ ,
ਭਾਈਆਂ ਸੰਗ ਭਾਈ ਸੱਜਦੇ ਨੇ ।
ਜੇ ਸਾਵਣ ਸੁੱਕਾ ਲੰਘ ਜਾਵੇ ,
ਨਾ ਵਹਿਣ ਤੇ ਨਾਲੇ ਵਗਦੇ ਨੇ ।
ਹੁੰਦੀ ਨਾ ਰੌਣਕ ਖੇਤਾਂ ਵਿਚ ,
ਨਾ ਫ਼ਸਲਾਂ ਦੇ ਸੰਗ ਫੱਬਦੇ ਨੇ ।
ਕਿਤੇ ਸੋਕਾ ਹੈ ਕਿਤੇ ਡੋਬਾ ਹੈ ,
ਰੰਗ ਸਾਰੇ ਡਾਢੇ ਰੱਬ ਦੇ ਨੇ ।
ਹੈ ਸਭਨਾਂ ਮਰਨਾ ਓੜਕ ਨੂੰ ,
ਕਈ ਸਾੜਣ ਤੇ ਕਈ ਦੱਬਦੇ ਨੇ ।
ਦਿਨ ਔਖੇ ਸੌਖੇ ਲੰਘ ਜਾਂਦੇ ,
ਮਾੜੇ ਤੇ ਤੱਗੜੇ ਸਭ ਦੇ ਨੇ ।
ਓੜਕ ਨੂੰ ਕਾਬੂ ਆ ਜਾਂਦੇ ,
ਲੋਕਾਂ ਨੂੰ ਜੇਹੜੇ ਠੱਗਦੇ ਨੇ ।
ਜੋ ਤੁਰ ਗਏ ਵਾਪਿਸ ਮੁੜਨੇ ਨਹੀਂ,
ਕਈ ਲੱਖਾਂ ਫਿਰਦੇ ਲੱਭਦੇ ਨੇ ।
ਇਹ ਦੁਨੀਆ ਵਾਂਗਰ ਸੁਪਨੇ ਦੇ ,
ਸਭ ਭਰਮ ਭੁਲੇਖੇ ਜੱਗ ਦੇ ਨੇ ।
****