ਖ਼ੁਦੀ ਨੂੰ ਆਸਰਾ ਦਿੱਤਾ.......... ਗ਼ਜ਼ਲ / ਰਾਜਿੰਦਰਜੀਤ (ਯੂ.ਕੇ.)

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ

ਨਦੀ ਉਛਲੇ ਬਹੁਤ ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ


ਤੂੰ ਹੁਣ ਭੇਜੇਂ ਜਾਂ ਅਗਲੇ ਪਲ ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਣਵਾਸ ਤੋਂ ਪਹਿਲਾਂ

ਹਰਿਕ ਟੁਕੜੇ 'ਚ ਸੀ ਕੋਈ ਕਸਿ਼ਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਤ ਹੋਣ ਦੇ ਅਹਿਸਾਸ ਤੋਂ ਪਹਿਲਾਂ

ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ

ਤਿਰਾ ਜਾਣਾ ਜਿਵੇਂ ਦੁਨੀਆਂ ਦਾ ਸੱਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ

ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ