ਸੁਪਨਿਆਂ ਦੇ ਵਪਾਰੀ.......... ਨਜ਼ਮ/ਕਵਿਤਾ / ਸੱਤਪਾਲ ਬਰਾੜ ( ਯੂ.ਐਸ.ਏ )

ਦਰਵਾਜ਼ੇ ਤੇ ਦਸਤਕ ਦੇ ਰਹੇ
ਆਸਵੰਦ ਭਿਖਾਰੀ ਨੂੰ ਸਮਝਾ,
ਕਿ
ਇਹ ਨਿਰਾਸ਼ ਘਰ ਕਿਸੇ ਪ੍ਰਦੇਸੀ ਦਾ ਹੈ--
ਇਥੋਂ ਖੈਰ ਨਹੀਂ ਹੌਂਕੇ ਮਿਲਦੇ ਹਨ,


ਜਿੰਦਰਿਆਂ ਨੂੰ ਲੱਗੀ, ਜੰਗਾਲ ਹੀ,
ਕਾਫੀ਼ ਹੈ ਸਾਰੀ ਦਾਸਤਾਂ ਕਹਿਣ ਲਈ
ਕਿ
ਵੱਡੇ ਵੱਡੇ ਸੁਪਨਿਆਂ ਦੇ ਵਪਾਰੀ
ਘਰਾਂ ਦੇ ਰਾਹ ਭੁੱਲ ਗਏ--

ਉਜਾੜ ਬੀਆਬਾਨਾਂ ਵਰਗੀ ਉਦਾਸ ਬੋਹੜ ਨੂੰ
ਤੇ ਵਿਹੜੇ ਵਿਚ ਸੁੱਕ ਰਹੀ ਨਿੰਮ ਨੂੰ ਸਮਝਾ
ਕਿ
ਜਿਉਂਦੇ ਜੀਆਂ ਲਈ ਕੀਰਨੇ ਪਾਉਣਾ
ਸੱਦਾ ਨਹੀਂ
ਅਪਸ਼ਗਨ ਹੁੰਦਾ ਹੈ--

ਚੁਬਾਰੇ ਉਪਰ ਲੱਗੀ ਮੋਰ ਦੀ,
ਗਰਦਨ ਵੀ ਸ਼ਰਮ ਨਾਲ਼ ਝੁਕੀ ਜਾਪਦੀ ਹੈ
ਕਿ
ਪ੍ਰਦੇਸੀ ਪੁੱਤਰ, ਮਾਂ ਦੀ ਖਾਹਿਸ਼ ਨੂੰ ਤਿਆਗ ਕੇ
ਆਖਰੀ ਰਸਮਾਂ ਵੇਲੇ ਗ਼ੈਰਹਾਜ਼ਰ ਸਨ--

ਪਿੱਛਾ ਗਵਾ ਕੇ ਅੱਗੇ ਦੀ ਦੌੜ ਵਿਚ
ਮਸਰੂਫ਼ ਵਪਾਰੀ, ਜਦ ਲੇਖਾ ਜੋਖਾ ਕਰਨਗੇ
ਕਿ
ਸਭ ਕੁਝ ਕੱਕੇ ਰੇਤੇ ਵਾਂਗ ਕਿਰ ਗਿਆ
ਤੇ ਬਾਕੀ ਬਚੇ ਦਾ ਉਤਰ ਸਿਫਰ ਨਿਕਲ ਆਇਆ--