ਖ਼ਾਬਾਂ ਤੇ
ਕਿਤਾਬਾਂ ਨੂੰ ਸਮੇਟੀ
ਲੰਬੇ ਸਫ਼ਰ ਤੋਂ
ਜਦ ਪਰਤਦਾ ਹਾਂ ਘਰ
ਬਹੁਤ ਹੀ ਥੱਕ ਜਾਂਦਾ ਹਾਂ-
ਨੀਂਦਰ ਵਿਚ
ਇਕ ਸਮੁੰਦਰ
ਬੁਲਾਉਂਦਾ ਹੈ ਮੈਨੂੰ,
ਆਕਾਸ਼ ਛੂੰਹਦੀਆਂ ਛੱਲਾਂ
ਕੁਝ ਕਹਿੰਦੀਆਂ-
ਚੁਪ ਰਹਿੰਦੀਆਂ,
ਇਸ਼ਾਰੇ ਕਰਦੀਆਂ,
ਮੈਨੂੰ ਬੁਲਾਉਂਦੀਆਂ ਨੇ-
ਮੇਰੇ ਪੈਰਾਂ ਨਾਲ਼
ਖ਼ਬਰੇ ਕੀ ਬੱਝਾ ਹੈ
ਰੋਕਦਾ-ਵਰਜਦਾ ਮੈਨੂੰ-
ਮਨ ਮੇਰੇ ਨੂੰ
ਵਰਜਣਾ ਇਹ ਪ੍ਰਵਾਨ ਨਾ ਹੋਵੇ-
ਮੈਂ ਬੰਧਨ ਤੋੜਨੇ ਚਾਹਾਂ
ਤੇ ਸਮੁੰਦਰ ਵੱਲ ਨੂੰ
ਦੌੜਨਾ ਚਾਹਾਂ-
ਏਸੇ ਕੋਸਿ਼ਸ਼ 'ਚ
ਪੈਰ ਮੇਰੇ
ਲਹੂ ਲੁਹਾਣ ਹੋ ਜਾਵਣ-
ਇਹ ਬੰਧਨ
ਮੂਲ ਨਾ ਟੁੱਟਣ-
ਮੈਂ
ਥੱਕ ਕੇ ਚੂਰ ਹੋ ਜਾਵਾਂ
ਕੱਕੀ ਰੇਤ ਤੇ ਡਿੱਗ ਪਵਾਂ,
ਤ੍ਰਭਕ ਕੇ ਨੀਂਦਰ 'ਚੋਂ ਜਾਗਾਂ,
ਸਮੁੰਦਰ
ਗਾਇਬ ਹੋ ਜਾਵੇ,
ਬੁਲਾਵੇ ਦੀ ਘੂਕਰ
ਪਰ ਅਜੇ ਮੇਰੇ ਕੰਨਾਂ 'ਚ ਗੂੰਜੇ-
ਨਾਲ਼ ਸੁੱਤੇ ਪਏ ਬੱਚੇ ਵੱਲ
ਗਹੁ ਨਾਲ਼ ਤੱਕਾਂ
ਤੇ ਚੁੰਮ ਕੇ ਆਖਾਂ,
"ਉਫ ! ਕਿੰਨਾ ਭਿਆਨਕ ਖ਼ਾਬ ਹੈ"
ਪਰ ਸਮੁੰਦਰ ਹੈ
ਕਿ ਮੈਨੂੰ ਅਜੇ ਵੀ ਬੁਲਾਉਂਦਾ ਹੈ-