ਮੇਰੇ ਗੁਨਾਹ ਦੀ.......... ਗ਼ਜ਼ਲ / ਬਰਜਿੰਦਰ ਚੌਹਾਨ

ਮੇਰੇ ਗੁਨਾਹ ਦੀ ਐਸੀ ਨਾ ਦੇ ਸਜ਼ਾ ਮੈਨੂੰ
ਖੁਦਾ ਦਾ ਵਾਸਤਾ, ਨਾ ਆਈਨਾ ਦਿਖਾ ਮੈਨੂੰ

ਜਦੋਂ ਮੈਂ ਖੁਲ੍ਹ ਕੇ ਰੋਇਆ ਤਾਂ ਹੋ ਗਏ ਹੈਰਾਨ
ਸ਼ਹਿਰ ਦੇ ਲੋਕ ਸਮਝਦੇ ਸੀ ਜੋ ਖੁ਼ਦਾ ਮੈਨੂੰ


ਤੇਰਾ ਖਿਆਲ ਹੈ, ਥਲ ਹੈ ਸੁਲਘਦਾ ਜਿਸ ਵਿਚ
ਕਦੇ ਮਿਲੀ ਨਾ ਕੋਈ ਸੰਘਣੀ ਘਟਾ ਮੈਨੂੰ

ਕਿਸੇ ਵੀ ਕੰਮ ਨਾ ਸ਼ੀਸ਼ਗਰੀ ਮੇਰੇ ਆਈ
ਮਿਲੇ ਹਯਾਤ 'ਚ ਪੱਥਰ ਹੀ ਹਰ ਜਗ੍ਹਾ ਮੈਨੂੰ

ਕਬੂਲ ਕਰ ਲਵਾਂ ਮੈਂ ਕਿਸ ਤਰ੍ਹਾਂ ਸਜ਼ਾ ਤੇਰੀ
ਜਦੋਂ ਪਤਾ ਹੀ ਨਹੀਂ ਹੈ ਮੇਰੀ ਖ਼ਤਾ ਮੈਨੂੰ

ਤੇਰੇ ਯਕੀਨ ਦੀ ਖ਼ਾਤਰ ਹੀ ਪੈ ਗਿਆ ਜੀਣਾ
ਕਿ ਲੰਮੀ ਉਮਰ ਦੀ ਦਿੱਤੀ ਸੀ ਤੂੰ ਦੁਆ ਮੈਨੂੰ