ਜੇ ਅਰਸ਼ 'ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ
ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ
ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ
ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ
ਬਹੁਤ ਸਹਿ ਲਿਆ ਹੈ ਜ਼ੁਲਮ ਬਹੁਤ ਵਾਰ ਦਿਤੇ ਨੇ ਸਿਰ
ਸਮੇਂ ਨੂੰ ਗੋਲ ਜੇ ਹੈ ਕਰਨਾ ਤਾਂ ਧਰਤ ਤੇ ਲੀਕ ਜੇਹੀ ਬਣ ਜਾ
ਕਈ ਵਾਰ ਦਿਤੇ ਨੇ ਪੁੱਤ ਹੁਣ ਨਵਿਆਂ ਦੀ ਰੁੱਤ
ਮੋੜ੍ਹਨਾ ਲੋਰੀਆਂ ਜੇ ਮੁੱਲ ਗੁਜ਼ਰੀ ਦੀ ਅਸੀਸ ਜੇਹੀ ਬਣ ਜਾ
ਜੇ ਨੇ ਖ਼ੋਰਨੇ ਇਹ ਪਰਬਤ ਤੇ ਥੰਮਣੇ ਨੇ ਅਟਕ
ਵਿਛਾ ਚਾਨਣ ਦੇ ਸਫ਼ੇ ਤੇ ਕਲਮ ਬਾਰੀਕ ਜੇਹੀ ਬਣ ਜਾ
ਜੇ ਹੈ ਪੁੱਤਰਾਂ ਤੇ ਮਾਣ, ਮੌਤ ਹਾਣ ਪਰਵਾਣ
ਤੋਰ ਗੋਬਿੰਦ ਦੀ ਟੁਰ ਤੇ ਤੇਗ ਉਡੀਕ ਜੇਹੀ ਬਣ ਜਾ
ਲੱਭ ਨਾਨਕ ਦੇ ਬੋਲ ਕਿਤਿਓਂ ਰਬਾਬ ਟੰਗੀ ਟੋਲ
ਸਤਰ 2 ਬਣ ਸ਼ਬਦ ਤੇ ਪਾਣੀ ਤੇ ਲੀਕ ਜੇਹੀ ਬਣ ਜਾ
ਇਹ ਜੋ ਪੈੜਾਂ ਗੋਬਿੰਦ ਪਾਈਆਂ ਗੜ੍ਹੀ ਤੇਗਾਂ ਜੋ ਚਲਾਈਆਂ
ਓਹਨਾਂ ਤੀਰਾਂ ਅਤੇ ਤੇਗਾਂ ਦੀ ਇੱਕ ਰੀਤ ਜੇਹੀ ਬਣ ਜਾ
ਜੇ ਏਹੀ ਦਿਨ ਰਹੇ ਹਵਾ ਲੱਗੀ ਨਾ ਜੇ ਕਹੇ
ਕਿਤਿਓਂ ਲੱਭੀਂ ਪਾਤਸ਼ਾਹ ਸੱਚਾ ਤੇ ਤਵੀ ਦਾ ਗੀਤ ਜੇਹਾ ਬਣ ਜਾ
ਕਿਤੇ 'ਨੰਦਪੁਰ ਦੇ ਖ਼ੰਜ਼ਰ ਕਿਤੇ ਮਾਛੀਵਾੜੇ ਜੰਗਲ
ਸਰਹੰਦੇ ਬੱਚਿਆਂ ਨੇ ਲੰਘਣਾ, ਨੀਂਹੇ ਸ਼ਰੀਕ ਜੇਹੀ ਬਣ ਜਾ
ਸੁਣ ਵਾ ਕੀ ਹੈ ਕਹਿੰਦੀ ਵਿੱਚ ਸਰਗ਼ਮ ਜੇਹੀ ਵਹਿੰਦੀ
ਜੇ ਬੀਜਣੇ ਨੇ ਸੂਰਜ ਤਾਂ ਪਵਨ ਸੀਤ ਜੇਹੀ ਬਣ ਜਾ
****