ਦੁਨੀਆ ਦੇ ਵਿਚ ਬੇਸ਼ੱਕ ਲੱਖ ਸਹਾਰੇ ਹੁੰਦੇ ਨੇ।
ਖਾਹਿਸ਼ਾਂ ਨਾਲੋਂ ਦੁੱਖ ਕਿਤੇ ਹੀ ਭਾਰੇ ਹੁੰਦੇ ਨੇ।
ਬਹੁਤੇ ਬੰਦੇ ਮੌਤ ਦਾ ਬਾਜ਼ ਉਡਾ ਕੇ ਲੈ ਜਾਦਾਂ,
ਕੁਝ ਬੰਦੇ ਇਸ ਜ਼ਿੰਦਗ਼ੀ ਦੇ ਵੀ ਮਾਰੇ ਹੁੰਦੇ ਨੇ।
ਨੀਂਹ ਪੱਥਰ ਹੀ ਤੱਕ ਕੇ ਕੋਈ ਆਸ ਨ ਲਾ ਲੈਣੀ,
ਭੋਲਿਓ ਲੋਕੋ ਇਹ ਨੇਤਾ ਦੇ ਲਾਰੇ ਹੁੰਦੇ ਨੇ।
ਦਿਲ ਤੋਂ ਗਮ ਦਾ ਭਾਰ ਜਦੋਂ ਵੀ ਚੁਕਿੱਆ ਜਾਦਾਂ ਨਾ,
ਬੁੱਲਾਂ ਦੇ ਲਈ ਦੋ ਲਫਜ਼ ਵੀ ਭਾਰੇ ਹੁੰਦੇ ਨੇ।
ਸਿਦਕ ਜਿੰਨਾ ਦੇ ਪੱਕੇ ਉਹ ਤਾਂ ਵਿਰਲੇ ਹੁੰਦੇ ਨੇ,
ਨਹੀਂ ਡਰਦੇ ਉਹ ਬੇਸ਼ੱਕ ਸਿਰ ਤੇ ਆਰੇ ਹੁੰਦੇ ਨੇ।
ਦੁੱਖ ਵੀ ਦੇਣ ਤੇ ਫਿਰ ਵੀ ਦਿਲ ਨੂੰ ਚੰਗੇ ਲੱਗ਼ਣ ਜੋ,
ਮੈਨੂੰ ਲਗਦਾ ਉਹ ਬੰਦੇ ਨੂੰ ਪਿਆਰੇ ਹੁੰਦੇ ਨੇ।
ਧੀਆਂ ਨੂੰ ਅਸੀਂ ਕੁੱਖਾਂ ਵਿਚ ਹੀ ਮਾਰੀ ਜਾਂਦੇ ਆਂ,
ਡੋਬੀ ਜਾਂਦੇ ਜੋ ਅੱਖੀਆਂ ਦੇ ਤਾਰੇ ਹੁੰਦੇ ਨੇ।
ਉਸ ਦੀ ਯਾਦ ‘ਚ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ,
ਮਿੱਠੇ ਲੱਗਦੇ ਬੇਸ਼ੱਕ ਹੰਝੂ ਖਾਰੇ ਹੁੰਦੇ ਨੇ।
ਉਸ ਦੇ ਬੋਲ ‘ਚ ਨਫਰਤ ਨਿੰਦਿਆ ਝਗ਼ੜਾ ਹੁੰਦਾ ਹੈ,
ਜਿਹੜੇ ਬੰਦੇ ਇਸ ਜ਼ਿੰਦਗ਼ੀ ਤੋਂ ਹਾਰੇ ਹੁੰਦੇ ਨੇ।
****