ਜਿੰਦਾ ਲਾਸ਼..........ਨਜ਼ਮ/ਕਵਿਤਾ / ਪ੍ਰੀਤ ਸਰਾਂ, ਗੋਲਡ ਕੋਸਟ (ਆਸਟ੍ਰੇਲੀਆ)


ਕੁਝ ਸਾਲਾਂ ਤੋਂ ਮੈਂ ਇੱਕ ਜਿੰਦਾ ਲਾਸ਼ ਸਾਂ,
ਪਰ ਅੱਜ ਤੇਰੀ ਨਫਰਤ ਨੇ ਮੈਨੂੰ ਜਲਾ ਦਿੱਤਾ !
ਬਹੁਤ-ਬਹੁਤ ਮਿਹਰਬਾਨੀ..........
ਕਿਉਕਿ ਬੜੀ ਖਤਰਨਾਕ ਸੀ ਇਹ ਜਿੰਦਾ ਲਾਸ਼ ..
ਜਦੋਂ ਕਦੀ ਕਿਸੇ ਕਮਜੋਰ ਤੇ
ਜ਼ੁਲਮ ਹੁੰਦਾ ...
ਸਾਹਮਣੇ ਤੱਕ ਇਸ ਜਿੰਦਾ ਲਾਸ਼ ਨੂੰ
ਇੱਕ ਉਮੀਦ ਦੀ ਕਿਰਨ ਜਾਗ ਪੈਂਦੀ

ਉਸ ਅੰਦਰ .......
ਪਰ ਇਹ ਤਾਂ ਆਪ ਜ਼ੁਲਮ ਸਹਿ ਕੇ
ਦੁਨੀਆਂ ਦੇ ...
ਬਣੀ ਇੱਕ ਜਿੰਦਾ ਲਾਸ਼ ,
ਫਿਰ ਕਿਵੇ ਕਰਦੀ ਮਦਦ ਕਿਸੇ ਦੀ !
ਕਿਸੇ ਰੀਝਾਂ ਜੋੜ ਲਈਆਂ ਸਨ
ਇਸ ਜਿੰਦਾ ਲਾਸ਼ ਨਾਲ ,
ਇਸ ਸੋਚਕੇ ਕਿ
ਇਹ ਜ਼ਮਾਨੇ ਦੀਆਂ ਰੀਤਾਂ ਨਾਲ
ਲੜ ਲਵੇਗੀ ,
ਲੋੜ ਪੈਣ ਤੇ ਸਮਾਜ ਦੇ ਵਿਰੁੱਧ
ਉਸਦੇ ਨਾਲ ਖੜ ਲਵੇਗੀ,
ਪਰ ਕਤਲ ਹੋ ਗਿਆ ਇਸਤੋਂ
ਉਸਦੀਆਂ ਵੀ ਰੀਝਾਂ ਦਾ,
ਆਪਣੇ ਹੱਥੀਂ ਗਲਾ ਘੁਟਿਆ ਸੀ
ਉਸਦੀਆਂ ਤੇ ਆਪਣੀਆਂ ਉਮੀਦਾਂ ਦਾ !
ਪਥਰਾਂ ਦੀ ਦੁਨੀਆਂ ਵਿਚ ਰਹਿੰਦੀ
ਪਥਰਾਂ ਨਾਲ ਹੀ ਟਕਰਾਉਦੀ ਰਹੀ,
ਪਿਆਰ ਵੰਡਦੀ ਰਹੀ ਬਣ ਗੁਲਾਬ
ਪਰ ਚੀਸ ਕੰਡਿਆਂ ਦੀ ਹੀ ਵਾਪਿਸ ਆਉਦੀ ਰਹੀ,
ਦੁਨੀਆਂ ਬਦਲਣ ਬਾਰੇ ਸੋਚਦੀ ਸੀ,
ਪਰ ਬਦਲਾਵ ਸੋਚ ਆਪਣੀ ਚ ਹੀ
ਪਾਉਦੀ ਰਹੀ !
"ਪ੍ਰੀਤ" ਪਤਾ ਸੀ ਤੇਨੂੰ ਕਿ
ਸਹੀ ਕੀ ਹੈ ਤੇ ਗਲਤ ਕੀ
ਫਿਰ ਕਿਉ ਸਚ ਬੋਲਣ ਤੋਂ ਘਬਰਾਉਂਦੀ ਰਹੀ !