ਚੜ੍ਹਿਆ ਸੂਰਜ ਚੇਤ ਦਾ, ਚਾਲੂ ਹੋਇਆ ਸਾਲ,
ਗਿਣਤੀ ਸੂਰਜ ਚੜ੍ਹਣ ਦੀ, ਹੋਰ ਨਾ ਕੋਈ ਖਿਆਲ।
ਚੱਲੀ ਸੂਈ ਸਮੇ ਦੀ, ਬੱਸ ਫਿਰ ਚੱਲ ਸੋ ਚੱਲ,
ਰੋਕ ਸਕਣ ਦਾ ਇਸਨੂੰ, ਫਿਰ ਕੋਈ ਨਾ ਲੱਭਾ ਹੱਲ।
ਕੋਰੀ ਕਾਪੀ ਗਣਤ ਦੀ, ਹੱਥੀਂ ਹਿੰਨਸੇ ਪਾਏ,
ਮਰਜ਼ੀ ਦੇ ਨਾਲ ਫਾਥੀਏ, ਤੈਨੂੰ ਕੌਣ ਛੁਡਾਏ।
ਸੋਚ ਤੇਰੀ ਨੇ ਸੋਚਿਆ, ਸੋਚਣ ਜੋਗੀ ਹੋਈ,
ਸਬਜਬਾਗ ਸਮਝਣ ਲਈ, ਸਹਿਜੋਂ ਟੁੱਟ ਖਲੋਈ।
ਸੀਤਲ ਵਾ ਸੋਹਣਾ ਸਮਾਂ, ਬਣਿਆਂ ਧੁੰਦੂਕਾਰ,
ਮਿਰਗਤ੍ਰਿਸ਼ਨਾ ਵੇਖੀਏ, ਕੀ ਕਰਦੀ ਚਮਤਕਾਰ।
ਨਾ ਕੋਈ ਚਿੰਤਾ ਨਾ ਫਿਕਰ, ਗਰਬਜੂਨ ਦੇ ਦੇਸ਼,
ਕੱਟ ਹੋ ਗਿਆ ਨਾੜੂਆ, ਪੈਦਾ ਹੋ ਗਿਆ ਵੇਸ।
ਨਾ ਟੁੱਟਦਾ ਤਾਂ ਖਰਾ ਸੀ, ਹੁਣ ਤੇਰੀਆਂ ਜਾਣੇ ਤੂੰ,
ਚਰਖੇ ਵਾਂਗੂੰ ਚਰਖਿਆ, ਜਾਹ ਕਰਦਾ ਫਿਰ ਘੂੰ ਘੂੰ॥
****