ਇਹ ਦੋ ਹੱਥ.......... ਨਜ਼ਮ/ਕਵਿਤਾ / ਰਵੇਲ ਸਿੰਘ ਇਟਲੀ


ਇਹ ਦੋ ਹੱਥ ਦੁਆਵਾਂ ਮੰਗਣ,
ਸਭ ਲਈ ਸ਼ੁੱਭ ਦੁਆਵਾਂ ਮੰਗਣ ।

ਰੱਬੀ ਬਰਕਤ ਹਰ ਥਾਂ ਹੋਵੇ,
ਜੱਗ ਲਈ ਸੁੱਖ ਦੀਆਂ ਚਾਹਵਾਂ ਮੰਗਣ ।

ਹਰ ਵਿਹੜੇ ਵਿਚ ਰੌਣਕ ਵੱਸੇ,
ਠੰਡੀਆਂ ਠਾਰ ਹਵਾਵਾਂ ਮੰਗਣ ।

ਕਦੇ ਨਾ ਤਿੜਕਣ ਰਿਸ਼ਤੇ ਸਾਂਝਾਂ,
ਹੱਸਦੇ ਭੈਣ ਭਰਾਵਾਂ ਮੰਗਣ ।

ਲੰਮੀ ਉਮਰ ਹੰਢਾਵੇ ਹਰ ਕੋਈ,
ਵੱਸਦੇ ਪਿੰਡ ਗਿਰਾਂਵਾ ਮੰਗਣ ।

ਗੋਦੀ ਦਾ ਨਿੱਘ ਹਰ ਕੋਈ ਮਾਣੇ,
ਮਮਤਾ ਭਿੱਜੀਆਂ ਮਾਂਵਾਂ ਮੰਗਣ ।

ਰਿਸ਼ਤੇ ਨਾਤੇ ਪਿਆਰ ਮੁਹੱਬਤ ,
ਵਿਚ ਗਲਵੱਕੜੀ ਬਾਹਵਾਂ ਮੰਗਣ ।

ਬੋਹੜਾਂ ਪਿੱਪਲ ਪਿੰਡ ਦੀਆਂ ਸੱਥਾਂ ,
ਬੈਠਣ ਲਈ ਸਭ ਥਾਂਵਾਂ ਮੰਗਣ ।

ਧਰਤੀ ਤੇ ਹਰਿਆਵਲ ਹੋਵੇ ,
ਪਗਡੰਡੀਆਂ ਤੇ ਰਾਹਵਾਂ ਮੰਗਣ ।

ਪ੍ਰਭਾਤਾਂ ਦੀ ਲਾਲੀ ਮੰਗਣ ,
ਰਿਸ਼ਮਾਂ ਦਾ ਸਿਰਨਾਵਾਂ ਮੰਗਣ ।

ਰੱਬ ਦੀ ਯਾਦ ਮਨੋਂ ਨਾ ਵਿਸਰੇ ,
ਦੋਵੇਂ ਹੱਥ ਦੁਆਵਾਂ ਮੰਗਣ ।

ਕੰਮ ਕਰੋ ਤੇ ਵੰਡ ਕੇ ਖਾਵੋ ,
ਰੱਬ ਤੋਂ ਨੇਕ ਸਲਾਹਵਾਂ ਮੰਗਣ ।                                                                                                                                           

ਪੀਰ ਫਕੀਰ ਤਾਂ ਸਾਂਝੇ ਸਭ ਦੇ ,
ਸਭਨਾਂ ਲਈ ਦੁਆਵਾਂ ਮੰਗਣ ।
****