ਔਰਤ ਦਾ ਇਕ ਰੂਪ ਹੈ, ਦੁਨੀਆ ਵਿਚ ਮਹਾਨ।
ਸਾਰੀ ਦੁਨੀਆ ਪੂਜਦੀ, ਹੈ ਸਾਰੇ ਜੱਗ ਦਾ ਮਾਣ।
ਇਹ ਜਨਨੀ ਮਾਤਾ ਜਨਮ ਦੀ, ਸਭ ਦੇਵੇ ਪਹਿਨਣ ਖਾਣ।
ਇਹ ਮਿੱਠਾ ਚਸ਼ਮਾ ਅੰਮ੍ਰਿਤ ਦਾ, ਵੀ ਵਿੱਸ ਭਰੀ ਗੰਦਲ ਜਾਣ।
ਜਦ ਮਮਤਾ ਮੱਤੀ ਛਲਕਦੀ, ਹੈ ਪਿਆਰਾਂ ਦੀ ਇਹ ਖਾਣ।
ਕਦੇ ਐਟਮ ਬਿਜਲੀ ਲਿਛਕਦੀ, ਰਾਵਣ ਦਾ ਇਹ ਬਾਣ।
ਇਹ ਪਰੋਸੀ ਸੱਤ ਸਵਾਦ ਦੀ, ਇਕ ਥਾਲੀ ਵਿਚ ਮਹਿਖਾਣ।
ਜੋ ਖਾਂਦੇ ਥੂਹ ਥੂਹ ਥੁੱਕਦੇ, ਨਹੀ ਖਾਂਦੇ ਜੋ ਪਛਤਾਣ।
ਜੇ ਚਾਹੇ ਟੁੱਟੀ ਗੰਢ ਦਏ, ਇਹਦੀ ਧਾਗਾ ਬਣੇ ਜ਼ਬਾਨ।
ਹੈ ਉੱਚੀ ਸੁੱਚੀ ਆਤਮਾ, ਪਵਿੱਤਰ ਜਿਉਂ ਵੇਦ ਕੁਰਾਨ।
ਉਹ ਭਰੀ ਪਟਾਰੀ ਵਫ਼ਾ ਦੀ, ਕਰੇ ਪਿਆਰੇ ਤੋਂ ਜਿੰਦ ਕੁਰਬਾਨ।
ਸਵਰਗਾਂ ਨੂੰ ਮਾਤ ਪਾ ਦੇਵੇ, ਉਸਦੀ ਸੂਹੀ ਇਕ ਮੁਸਕਾਨ।
ਕੁਦਰਤ ਦੀ ਸੁੰਦਰ ਮੂਰਤ ਹੈ, ਗੁਰੂ ਨਾਨਕ ਦਾ ਫ਼ੁਰਮਾਨ।
ਮੰਦਾ ਕੋਈ ਨਾ ਆਖੇ ਉਸਨੂੰ, ਜਿਸ ਜੰਮੇ ਰਾਜਾਨ।
ਇੱਕ ਉੱਡੀ ਕਲਪਨਾ ਚਾਵਲਾ, ਉਸ ਸੰਨ੍ਹ ਲਾਈ ਅਸਮਾਨ
ਵੇਖ ਕੇ ਪੜਦੇ ਫੋਲਦੀ, ਸੀ ਥਿੜਕ ਗਿਆ ਭਗਵਾਨ।
ਔਰਤ ਬਿਨਾਂ ਅਧੂਰੇ ਸਾਰੇ, ਜਿੰਨੇ ਗੂੜ੍ਹ ਗਿਆਨ।
ਇਸ ਤੋਂ ਬਿਨਾਂ ਨਾ ਯੱਗ ਸੰਪੂਰਨ, ਨਾ ਦਰਗਹ ਹੀ ਪਰਵਾਨ।
ਜੇ ਤੀਲ੍ਹੀ ਬਣ ਜਾਏ ਅੱਗ ਦੀ, ਫੂਕੈ ਜ਼ਿਮੀ ਅਸਮਾਨ।
ਕਿਤੇ ਕੜਕੇ ਚੰਡੀ ਕਾਲਕਾ, ਕਿਤੇ ਰਾਣੀ ਝਾਂਸੀ ਜਾਣ।
ਇਧਰ ਇੰਦਰਾ ਸ਼ੀਹਣੀ ਬੁੱਕਦੀ, ਉਧਰ ਕੰਬੇ ਯਾਹੀਆ ਖਾਨ।
ਪੰਨੂ ਹਰ ਥਾਂ ਜੈ ਜੈ ਕਾਰ ਹੈ ਔਰਤ ਨੂੰ ਵਰਦਾਨ।
ਪੰਨੂ ਹਰ ਥਾਂ ਜੈ ਜੈ ਕਾਰ ਹੈ ਮੇਰਾ ਔਰਤ ਨੂੰ ਪਰਨਾਮ।
****