ਸੋਚ ਸਮਝ ਕੇ, ਵੋਟ ਤੂੰ ਪਾਈਂ ਮਿੱਤਰਾ……… ਨਜ਼ਮ/ਕਵਿਤਾ / ਮਲਕੀਅਤ ਸਿੰਘ ਸੁਹਲ

ਪੰਜਾਂ ਸਾਲਾਂ 'ਚ  ਰੰਗ ਤੂੰ  ਕਈ ਵੇਖੇ ,
ਸੁਪਨਾ ਸਦਾ ਹੀ  ਉਚਾ ਤੂੰ ਸੋਚਦਾ ਸੈਂ।
ਤੂੰ ਪਾਈ ਵੋਟ ਸੀ  ਚੰਗੇ ਰਹਿਬਰਾਂ ਨੂੰ ,
ਉਮੀਦਾਂ ਉਚੀਆਂ ੳਚੀਆਂ ਲੋਚਦਾ ਸੈਂ।
ਹੁਣ ਪਰਖ਼ ਦਾ ਵੇਲਾ ਏ ਹੱਥ ਆਇਆ,
ਇਹਨੂੰ ਹਥੋਂ ਨਾ ਹੁਣ ਗੁਆਈਂ ਮਿੱਤਰਾ
ਗੱਲ ਇਕੋ ਹੀ  ਤੈਨੂੰ ਮੈਂ ਆਖਦਾ ਹਾਂ ,
ਸੋਚ ਸਮਝ ਕੇ ਵੋਟ ਤੂੰ ਪਾਈਂ ਮਿੱਤਰਾ।

ਐਵੇਂ ਲਾਲਚ ਦੇ ਵਿਚ ਨਾ ਆ ਜਾਵੀਂ,
ਨਸ਼ੇ ਵਿਚ ਨਾ ਤੂੰ ਗੁਲਤਾਨ ਹੋ ਜਾਈਂ।
ਤੂੰ ਪੈਸੇ ਲੈ ਕੇ  ਵੋਟ ਨਾ  ਪਾਈਂ ਚੰਨਾ,
ਹੱਕ ਵੇਚ ਕੇ  ਨਾ ਬੇਈਮਾਨ ਹੋ ਜਾਈਂ।
ਜਾਣ ਬੁਝ  ਈਮਾਨ ਨੂੰ  ਵੇਚਣਾ ਨਹੀਂ
ਕਸਮ ਆਪਣੇ ਆਪ ਦੀ ਖਾਈਂ ਮਿੱਤਰਾ
ਸੌ-ਹੱਥ ਰੱਸਾ,  ਤੇ ਗੰਢ੍ਹ  ਸਿਰੇ ਉਤੇ,
ਸੋਚ ਸਮਝ ਕੇ ਵੋਟ ਤੂੰ ਪਾਈਂ ਮਿੱਤਰਾ।

ਵੋਟ ਪਉਣ ਤੋਂ ਪਹਿਲਾਂ ਤੂੰ ਸੋਚ ਲੈਣਾ
ਉਮੀਦਵਾਰ ਕਿਹੜਾ ਸਾਡੇ ਕੰਮ ਦਾ ਹੈ।
ਕਿਹੜਾ ਸਾਡੇ  ਸਮਾਜ ਦੀ  ਕਰੂ ਸੇਵਾ,
ਕਿਹੜਾ ਫਨੀਅਰ  ਬਣ ਕੇ ਡੰਗਦਾ ਹੈ।
ਲਾਲਚ ਵਿਚ ਨਾ ਐਵੇਂ ਤੂੰ ਫਸ ਜਾਵੀਂ
ਆਪਣੀ ਸੋਚ ਦੇ ਤੀਰ ਚਲਾਈਂ ਮਿੱਤਰਾ
ਮਿਲਿਆ ਵੋਟ ਦਾ ਪੂਰਾ ਅਧਿਕਾਰ ਤੈਨੂੰ,
ਸੋਚ ਸਮਝ ਕੇ  ਵੋਟ ਤੂੰ ਪਾਈਂ ਮਿੱਤਰਾ।

ਸੁਨਹਿਰੀ ਮੌਕਾ ਨਾ  ਐਵੇਂ ਗਵਾ ਦੇਵੀਂ,
ਸਮਾਂ ਲੰਘਿਆ  ਮੁੜ ਕੇ ਆਂਵਦਾ ਨਹੀਂ।
ਆਪਣੀ ਵੋਟ ਦਾ ਜੋ ਇਸਤੇਮਾਲ ਕਰਦਾ
ਹੱਕ ਸੱਚ ਲਈ, ਕਦੇ ਪਛਤਾਂਵਦਾ ਨਹੀਂ।
"ਸੁਹਲ" ਦਿਲ-ਦਿਮਾਗ ਤੋਂ  ਕੰਮ ਲੈ ਕੇ,
ਵੋਟ ਪਾ ਕੇ ਹੀ, ਘਰ ਨੂੰ ਆਈਂ ਮਿੱਤਰਾ।
ਆਪਣੀ  ਵੋਟ  ਦਾ  ਹੱਕਦਾਰ  ਏਂ  ਤੂੰ,
ਸੋਚ ਸਮਝ ਕੇ  ਵੋਟ ਤੂੰ  ਪਾਈਂ ਮਿੱਤਰਾ।

****