ਜ੍ਹਿਨਾਂ ਖਾਧਾ ਅੰਨ ਪੰਜਾਬ ਦਾ ਤੇ ਪੀਤਾ ਪਾਣੀ,
ਏਸ ਪਵਿੱਤਰ ਧਰਤ ਦੀ ਕੋਈ ਕਦਰ ਨਾ ਜਾਣੀ,
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਸੂਰਮਿਆਂ ਦੇ ਵਾਰਿਸ ਆਪਣਾ ਵਿਰਸਾ ਭੁੱਲੇ,
ਫੋਕੀ ਸ਼ੋਹਰਤ, ਚੰਦ ਰੁਪਈਆਂ ਉੋੱਤੇ ਡੁੱਲੇ,
ਮਾਂ- ਬੋਲੀ ਪੰਜਾਬੀ ਦੇ ਨਾਲ ਦਗ਼ਾ ਕਮਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਕਰਨ ਨਿਲਾਮੀ ਅਣਖ ਦੀ ਜੋ ਵਿੱਚ ਬਜ਼ਾਰਾਂ,
ਪੈਣ ਜਗ ਤੇ ਲੱਚਰ ਗਾਇਕਾਂ ਨੂੰ ਫਿਟਕਾਰਾਂ,
ਨਵੀਂ ਪ੍ਹੀੜੀ ਨੂੰ ਦੇਖੋ ਕਿਵੇਂ ਕੁਰਾਹੇ ਪਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਗੀਤਾਂ ਵਿੱਚ ਪੰਜਾਬ ਦੀ ਕਦੇ ਖੈਰ ਨਾ ਮੰਗੀ,
ਸ਼ਰਮ ਹਯਾ ਦੀ ਲੋਈ ਲਾਹ ਕਿੱਲੀ ਤੇ ਟੰਗੀ,
ਕੁੜੀ ਚਿੜੀ ਦੀ ਇੱਜ਼ਤ ਨੂੰ ਹੈ ਸ਼ੁਗਲ ਬਣਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਊਤ-ਪੁਣੇ ਦੇ ਗੀਤਾਂ ‘ਚੋਂ ਜੋ ਸ਼ੋਹਰਤ ਲੱਭਦੇ,
ਊਠ ਵਢਾਕਲ ਵਾਂਗੂੰ ਇਹ ਚੱਕ ਵੱਢਣ ਸਭਦੇ,
ਨਹੀਂ ਗੁਆਂਢੀ ਲੱਗਦਾ ਹੁਣ ਚਾਚਾ ਤਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
ਨਵੇਂ ਗਵੱਈਆਂ ਆਪਣਾ ਹੈ ਰੰਗ ਦਿਖਾਇਆ,
ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ।
****