ਦਿਲ ਦਰਿਆ ਸਮੁੰਦਰੋਂ ਡੂੰਘੇ……… ਗੀਤ ਮਲਕੀਅਤ "ਸੁਹਲ"


ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।

ਦਿਲ ਦਰਿਆ ਸਮੁੰਦਰੋਂ ਡੂੰਘੇ,
ਕੌਣ ਦਿਲਾਂ ਦੀਆਂ ਜਾਣੇ ।
ਦਰਦ ਜਿਨ੍ਹਾਂ ਦੇ ਸੀਨੇ ਵਸਿਆ,
ਉਹੀਉ ਦਰਦ ਪਛਾਣੇ ।
ਯਾਦਾਂ ਉਦ੍ਹੀਆਂ ਤੜਪ-ਤੜਪ,
ਅੱਜ ਛੇੜੇ ਗੀਤ ਪੁਰਾਣੇ ।
ਖੋਹ ਕੇ ਮੇਰੇ ਹਥੋਂ ਲੈ ਗਈ,
ਖੜੀ ਸੀ ਮੌਤ ਸਰ੍ਹਾਣੇ।



ਸੋਹਣੀ ਤੋਂ ਵੀ ਸੋਹਣੀ ਸੂਰਤ,
ਮੇਰੇ ਦਿਲ ਨੂੰ ਭਾਉਂਦੀ ਨਹੀਂ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀਂ।

ਪਰਿੰਦਿਆਂ ਵਰਗੀ ਜ਼ਿੰਦ ਨਿਮਾਣੀ,
ਖੰਭ ਜਿਦ੍ਹੇ ਅੱਜ ਟੁੱਟੇ ਨੇ ।
ਸੁਪਨੇ ਚਕਨਾ-ਚੂਰ ਹੋਏ ਜੋ ,
ਮੌਤ ਕੁਲਹਿਣੀ ਲੁੱਟੇ ਨੇ ।
ਇਹ ਵੀ ਕਰਦੇ ਗੱਲ ਸਿਆਣੇ ,
ਰਿਸ਼ਤੇ ਕੂੜ ਨਿੱਖੁਟੇ ਨੇ ।
ਬਿਰਹੋਂ ਦੇ ਇਕ ਫ਼ੋੜੇ ਵਰਗੇ ,
ਜ਼ਖ਼ਮ ਕਿਉਂ ਫਿਰ ਫ਼ੁੱਟੇ ਨੇ ।

ਵਿਛੜ ਗਈ ਜੋ ਕੂੰਜ ਡਾਰ ਤੋਂ,
ਗੀਤ ਖ਼ੁਸ਼ੀ ਦੇ ਗਾਉਂਦੀ ਨਹੀ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ।

ਚੀਕ-ਚਿਹਾੜਾ ਪਾ ਕੇ ਲੋਕੀਂ,
ਘਰ ਮੇਰੇ ਚੋਂ ਤੁਰ ਗਏ ਨੇ ।
ਆਸਾਂ ਦੇ ਜੋ ਮਹਿਲ ਉਸਾਰੇ,
ਰੇਤਾ ਬਣ ਕੇ ਖੁਰ ਗਏ ਨੇ।
ਮੇਰੇ ਚਿਹਰੇ ਦੇ ਲਿਸ਼ਕਾਰੇ,
ਗ਼ਮ ਤੇਰੇ ਵਿਚ ਝੁਰ ਗਏ ਨੇ ।
ਤੇਰੇ ਮੇਰੇ ਪਿਆਰ ਦੇ ਲਡੂ,
ਹੱਥਾਂ ਵਿਚ ਹੀ ਭੁਰ ਗਏ ਨੇ।

ਹੁਣ "ਕੁਲਵੰਤੀ ਰੁੱਤ ਬਸੰਤੀ"
ਬਣਕੇ ਸ਼ਗਨ ਮਨਾਉਂਦੀ ਨਹੀ ।
ਦਰਦ ਕਿਦ੍ਹੇ ਨਾਲ ਕਰੀਏ ਸਾਂਝੇ,
ਸਮਝ ਕੋਈ ਵੀ ਆਉਂਦੀ ਨਹੀ ।

ਪਰਛਾਂਵੇਂ 'ਚੋਂ ਵੀ ਢੂੰਡ ਰਿਹਾ ਹਾਂ ,
ਤੇਰੇ ਵਰਗੀ ਮੂਰਤ ਕੋਈ ।
ਚੰਨ ਚਾਨਣੀ ਚੋਂ ਨਾ ਲਭੀ ,
ਤੈਥੋਂ ਸੋਹਣੀ ਸੂਰਤ ਕੋਈ ।
ਮੌਤ ਖਿੱਚ ਕੇ ਲੈ ਗਈ ਤੈਨੂੰ ,
ਉਸ ਨੂੰ ਹਊ ਜਰੂਰਤ ਕੋਈ ।
ਸ਼ਾਇਦ ਤੇਰੇ ਦਿਲ ਦੇ ਅੰਦਰ ,
ਚੜ੍ਹ ਗਈ ਹੋਏ ਗ਼ਰੂਰਤ ਕੋਈ ।

ਵਿਹੜੇ ਆਏ ਜੀ ਆਇਆਂ ਨੂੰ,
ਕੋਈ ਤੇਰੇ ਵਾਂਗ ਬੁਲਾਉਂਦੀ ਨਹੀ।
ਕੀ ਗ਼ੁਸਤਾਖ਼ੀ ਹੋ ਗਈ ਮੈਥੋਂ,
ਸਮਝ ਕੋਈ ਵੀ ਆਉਂਦੀ ਨਹੀ।

ਜੇ ਤੂੰ ਹੋ ਗਈਏਂ ਪਰਦੇਸਣ,
ਪਰ ਤੂੰ ਦਿਲ ਤੋਂ ਦੂਰ ਨਹੀ ।
ਲੱਖਾਂ ਹੂਰਾਂ ਇਸ ਦੁਨੀਆਂ 'ਤੇ ,
ਤੇਰੇ ਜਿਹੀ ਕੋਈ ਹੂਰ ਨਹੀ।
ਪੀ ਲੈਂਦਾ ਹਾਂ ਘੁੱਟ ਗ਼ਮਾ ਦੇ ,
ਆਉਂਦਾ ਕਿਉਂ ਸਰੂਰ ਨਹੀ ।
ਦਿਲ ਵਿਚ ਰਹਿੰਦਾ ਸਦਾ ਹਨੇਰਾ,
ਤੇਰੇ ਜਿਹਾ ਕੋਈ ਨੂਰ ਨਹੀ ।

"ਸੁਹਲ" ਦਿਲ ਦੀ ਪੂਰਨਮਾਸ਼ੀ,
ਮੱਸਿਆ ਤੋਂ ਘਬਰਾਉਂਦੀ ਨਹੀ।
ਦਰਦ ਭਰੀ ਜਿੰਦਗਾਨੀ ਜਾਗੇ,
ਮੈਂ ਸੌਂ 'ਜਾਂ ਉਹ ਸਉਂਦੀ ਨਹੀ।

ਦਰਦ ਕਿਦ੍ਹੇ ਨਾਲ ਕਰੀਏ ਸਾਂਝੇ ,
ਸਮਝ ਕੋਈ ਵੀ ਆਉਂਦੀ ਨਹੀ ।
   
****