ਮਾਫ਼ ਕਰਨਾ
ਅਸੀਂ ਤੈਨੂੰ
ਫਾਂਸੀ ਦੇ ਤਖ਼ਤੇ ਤੋਂ ਅੱਗੇ
ਨਹੀਂ ਸਮਝ ਸਕੇ
ਤੇਰੀਆਂ ਅੱਖਾਂ ‘ਚ
ਡਾਢਿਆਂ ਖਿਲਾਫ਼ ਦਹਿਕਦੀ ਲਾਲੀ
ਤੇਰੀ ਅਣਖ ਦੀ ਪੱਗ ਦਾ ਸ਼ਮਲਾ
ਤੇ ਤੇਰੇ ਹੱਥ ‘ਚ ਫੜੀ
ਮਾਰਕਸ ਦੀ ਕਿਤਾਬ
ਸਾਡੇ ਲਈ
ਟੀ.ਵੀ, ਸਕਰੀਨ ‘ਤੇ
ਕਿਸੇ ਫਿਲਮੀ ਹੀਰੋ ਦੀ
ਇਸ਼ਤਿਹਾਰਬਾਜ਼ੀ ਬਣੀ ਰਹੀ।
ਅਸੀਂ ਤੇਰੀ ਤਸਵੀਰ ਅੱਗੇ
ਸ਼ਰਧਾ ਦੇ ਫੁੱਲ ਭੇਂਟ ਕਰਕੇ
ਆਪਣੇ ਨਪੁੰਸਕ ਹੋਣ ਦਾ ਸਬੂਤ ਦਿੰਦੇ ਰਹੇ
ਪਰ ਤੇਰੀਆਂ ਰਗਾਂ ‘ਚ ਖੌਲਦੇ
ਲਹੂ ਦੀ ਤਾਸੀਰ ਨਹੀਂ ਸਮਝ ਸਕੇ।
ਅਸੀਂ ਤਾਂ
ਤੇਰੇ ਚਿਹਰੇ ‘ਤੇ ਉੱਕਰੀ
ਜ਼ਾਬਰਾਂ ਵਿਰੁੱਧ
ਨਾਬਰੀ ਦੀ ਇਬਾਰਤ ਨਹੀਂ ਪੜ੍ਹ ਸਕੇ
ਅਸੀਂ ਤੇਰੇ
ਸੁਪਨਿਆਂ ਦੀ ਸ਼ਨਾਖ਼ਤ ਕਿੱਥੋਂ ਕਰ ਲੈਂਦੇ।
ਮਾਫ਼ ਕਰਨਾ
ਅਸੀਂ ਸ਼ਹਿਰ ਦੇ ਕਿਸੇ ਚੌਂਕ ‘ਚ
ਤੇਰਾ ਬੁੱਤ ਲਗਾ ਸਕਦੇ ਹਾਂ
ਪਰ
ਤੇਰੇ ਸੁਪਨਿਆਂ ਦਾ ਭਾਰਤ
ਨਹੀਂ ਸਿਰਜ ਸਕਦੇ।
ਕਿਉਂਕਿ
ਤੇਰੇ ਤੇ ਸਾਡੇ ਸੁਪਨੇ
ਕਦੇ ਇੱਕ ਨਹੀਂ ਹੋਏ।
ਤੇਰੇ ਸੁਪਨਿਆਂ ‘ਚ
ਅੰਗਿਆਰ ਵਰ੍ਹਦੇ ਨੇ
ਤੇ ਸਾਡੇ ਸੁਪਨਿਆਂ ‘ਚ
ਨੋਟ ਵਰ੍ਹਦੇ ਨੇ।
ਤੇਰੇ ਸੁਪਨਿਆਂ ‘ਚ
ਕੁਰਸੀਆਂ ਹਿੱਲਦੀਆਂ ਨੇ
ਤੇ ਸਾਡੇ ਸੁਪਨਿਆਂ ‘ਚ
ਕੁਰਸੀਆਂ ਲਈ ਜੱਦੋ-ਜਹਿਦ ਹੁੰਦੀ ਹੈ।
ਤੇਰੇ ਸੁਪਨਿਆਂ ‘ਚ
ਖੂਨ ਖੌਲਦਾ ਹੈ
ਤੇ ਸਾਡੇ ਸੁਪਨਿਆਂ ‘ਚ
ਖੂਨ ਦਾ ਸਵਾਦ ਚੱਖਿਆ ਜਾਂਦਾ ਹੈ।
ਤੇਰੇ ਸੁਪਨਿਆਂ ‘ਚ
‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਗੂੰਜਦੇ ਨੇ
ਤੇ ਸਾਡੇ ਸੁਪਨਿਆਂ ‘ਚ
ਮੁਰਦਾ ਸ਼ਾਂਤੀ ਹੈ।
ਮਾਫ਼ ਕਰਨਾ
ਤੇਰੇ ਤੇ ਸਾਡੇ ਸੁਪਨੇ
ਇੱਕ ਨਹੀਂ ਹੋ ਸਕਦੇ
ਅਸੀਂ ਤੇਰੇ ਸੁਪਨਿਆਂ ਦਾ ਭਾਰਤ
ਨਹੀਂ ਸਿਰਜ ਸਕਦੇ।
****