ਖੁਦ ਪੈੜਾਂ ਅਸੀਂ ਕੀ ਪਾਉਣੀਆਂ ਸੀ, ਸਾਨੂੰ ਪੈੜਾਂ ਤੇ ਤੁਰਨਾ ਨਾ ਆਇਆ।
ਸਾਨੂੰ ਰਹਿਬਰ ਬਹੁਤ ਮਿਲੇ ਸੀ ਪਰ, ਸਾਨੂੰ ਕਿਸੇਨਾ ਜੁੜਨਾ ਨਾ ਆਇਆ।
ਸਾਡੀ ਅਕਲ ਹੀ ਸਾਡੀ ਦੁਸ਼ਮਣ ਸੀ, ਹੁਣ ਜਾ ਕੇ ਇਹ ਸਾਨੂੰ ਸਮਝ ਪਈ।
ਅੱਖਾਂ ਮੀਟ ਕੇ ਵਗਦੇ ਵਹਿਣਾਂ ਵਿੱਚ, ਸਾਨੂੰ ਕਦੇ ਵੀ ਰੁੜਨਾ ਨਾ ਆਇਆ।
ਲੈ ਗਏ ਬਾਜ਼ੀ ਲੋਕ ਮੁਕੱਦਰਾਂ ਤੋਂ , ਜਿਹੜੇ ਪਰਖ ਕੇ ਚੁਣ ਗਏ ਰਾਹਾਂ ਸੀ।
ਅਸੀਂ ਗਲਤ ਰਾਹਾਂ ਤੇ ਤੁਰਦੇ ਗਏ, ਸਹੀ ਰਾਹਾਂ ਤੇ ਮੁੜਨਾ ਨਾ ਆਇਆ।
ਸਦਾ ਪਾਣੀ ਵਗ੍ਹੇ ਨਿਵਾਂਣਾ ਵੱਲ, ਤੇ ਅਸੀਂ ਪਾਣੀ ਬਣ ਵੀ ਵਗ੍ਹ ਨਾ ਸਕੇ।
ਪਾਣੀ ਤੋਂ ਜੱਮ ਕੇ ਬਰਫ ਬਣੇ, ਤੇ ਫਿਰ ਬਰਫ ਨੂੰ ਖੁਰਨਾ ਨਾ ਆਇਆ।
ਕੋਈ ਜਿੱਤਣਾ ਸਦਾ ਜਰੂਰੀ ਨਹੀ, ਕਿਤੇ ਹਾਰਨ ਵਿੱਚ ਵੀ ਬਹੁਤ ਮਜ਼ਾ ।
ਰਹੇ ਘਾੜਤਾਂ ਘੜਦੇ ਜਿੱਤ ਦੀਆਂ, ਕਦੇ ਹਾਰ ਦਾ ਫੁਰਨਾ ਨਾ ਆਇਆ।
ਉਹ ਮਿੱਟੀ ਕਿਸਮਤ ਵਾਲੀ ਹੈ, ਉੱਡ ਕੇ ਜਾ ਪਵੇ ਦਰ ਜੋ ਮੰਦਿਰਾਂ ਦੇ ।
ਇਸ ਮਿੱਟੀ ਪੱਥਰਾਂ ਰੂਪ ਲਿਆ, ਮੁੜ ਪੱਥਰ ਨੂੰ ਭੁਰਨਾ ਨਾ ਆਇਆ ।
****