ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਪੰਛੀ ਆਲ੍ਹਣਿਆਂ ‘ਚੋਂ ਵੱਖ ਹੋ ਗਏ
ਆਲ੍ਹਣੇ ਵੀ ਕੱਖੋਂ ਕੱਖ ਹੋ ਗਏ
ਜੁਦਾਈਆਂ ਵਾਲੇ ਤੀਰ ਉਦੋਂ ਕਿੰਝ ਚਲੇ ਸੀ
ਜਦੋਂ ਕੁਝ ਲੋਕ ਹਿੰਦੁਸਤਾਨ ਤੇ
ਕੁਝ ਪਾਕਿਸਤਾਨ ਚਲੇ ਸੀ।
ਹਿੰਦੂ, ਮੁਸਲਿਮ, ਸਿੱਖ, ਇਸਾਈ
ਸਭ ਰਲ ਮਿਲ ਬਹਿੰਦੇ ਸੀ
ਆਪੋ ਵਿੱਚ ਸਭ ਭਾਈ ਭਾਈ ਕਹਿੰਦੇ ਸੀ।
ਅਜੇ ਇਹ ਦਰਦ ਹੋਇਆ ਨਾ ਘੱਟ ਸੀ
ਕਸ਼ਮੀਰ ਵਾਲੀ ਉਦੋਂ ਲੱਗ ਗਈ ਸੱਟ ਸੀ
ਦੋ ਬਿੱਲੀਆਂ ਤੇ ਇਕ ਰੋਟੀ ਵਾਲਾ ਹਾਲ ਹੋ ਗਿਆ
ਦੰਗੇ ਫਸਾਦਾਂ ਨਾਲ ਦੇਸ਼ ਬੇਹਾਲ ਹੋ ਗਿਆ।
ਅੰਗਰੇਜ਼ ਆ ਕੇ ਸਾਨੂੰ ਝੰਜੋੜ ਗਏ
ਸਾਡੇ ਸਰੀਰ ਦਾ ਲਹੂ ਨਚੋੜ ਗਏ
ਸੋਨੇ ਦੀ ਚਿੜੀ ਜੋ ਕਹਾਉਂਦਾ ਸੀ
ਅੱਜ ਉਸ ਦਾ ਕਬਾੜਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਗਿੱਧੇ ਭੰਗੜੇ ਸਭ ਦੇ ਸਾਂਝੇ ਸੀ
ਖੇਡਾਂ ਤੋਂ ਬਿਨ ਸਭ ਬਾਂਝੇ ਸੀ
ਯਾਦ ਕਰੋ ਉਹ ਦਿਨ
ਜੋ ਇਕਠੇ ਬਿਤਾਏ ਸੀ
ਹਿੰਦੂ ਮੁਸਲਿਮ ਕਿਸ ਨੇ ਲੜਾਏ ਸੀ?
ਇਕੱਠੇ ਸਭ ਰਲ ਮਿਲ ਕੇ
ਅਖਾੜੇ ਲਗਵਾਉਂਦੇ ਸੀ
ਘਰ ਘਰ ਗੁਰੂਆਂ ਦੀ ਬਾਣੀ ਪਹੁੰਚਾਉਂਦੇ ਸੀ
ਕਿਸ ਤਰਾਂ ਇਕ ਦੂਜੇ ਤੋਂ ਕਿਨਾਰਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਪਾੜੋ ਤੇ ਰਾਜ ਕਰੋ ਦੀ ਨੀਤੀ ਬਣਾ ਦਿੱਤੀ
ਦੁਨੀਆਂ ਸਾਰੀ ਇੱਧਰ ਉਧਰ ਭਜਾ ਦਿੱਤੀ
ਰੁੱਖ, ਨਦੀਆਂ, ਦਰਿਆ ਵੰਡਤੇ
ਸਤਲੁਜ ਤੇ ਚਨਾਬ ਵੰਡ ਤੇ,
ਦਿਲਾਂ ਦੇ ਸਾਂਝੇ ਪਿਆਰ ਵੰਡ ਤੇ।
ਧਰਤੀ ਦੀ ਹਿੱਕ ਨੂੰ ਲਹੂ ਲੁਹਾਨ ਕਰਕੇ
ਦਿਲਾਂ ਦੇ ਅਰਮਾਨ ਵੰਡ ਤੇ।
ਕੀ ਕੀ ਵੰਡਤਾ ਸੁਣਾਵਾਂ ਕਿਸ ਤਰ੍ਹਾਂ
ਲੱਗੀ ਅੱਗ ਨੂੰ ਬੁਝਾਵਾਂ ਕਿਸ ਤਰ੍ਹਾਂ
ਕਿੱਦਾਂ ਲੋਕ ਉਹ ਜਲੇ ਹੋਣਗੇ
ਉਸ ਵੇਲੇ ਜੋ ਅੰਗਾਰਿਆਂ ਤੇ ਚੱਲੇ ਹੋਣਗੇ
ਪੁੱਤ ਤੋਂ ਮਾਂ, ਮਾਂ ਤੋਂ ਪੁੱਤ
ਕਿੱਦਾਂ ਵੱਖ ਹੋਏ ਹੋਣਗੇ
ਭੈਣ ਭਰਾ ਅਲੱਗ ਹੋ ਕੇ ਕਿੰਨਾ ਰੋਏ ਹੋਣਗੇ।
ਦੁੱਖਾਂ ਦੇ ਅੰਦਾਜੇ਼ ਅਸੀਂ ਲਾਏ ਹੋਏ ਆ
ਕਿਉਂਕਿ ਜੱਗ ਤੇ ਅਸੀਂ ਵੀ
ਰਿਸ਼ਤਿਆਂ ਦੇ ਨਾਲ ਆਏ ਹੋਏ ਹਾਂ।
ਨੌਹਾਂ ਤੋਂ ਮਾਸ ਕਦੇ ਨਾ ਛੁੱਟਦੇ
ਲਾਠੀ ਮਾਰ ਪਾਣੀ ਕਦੇ ਨਾ ਟੁੱਟਦੇ
ਕਿੱਦਾਂ ਇਕ ਦੂਜੇ ਦਾ ਦੁਸ਼ਮਣ ਜੱਗ ਸਾਰਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਅਜ਼ਾਦੀ ਨੂੰ ਐਨਾ ਟਾਈਮ ਲੱਗਦਾ ਨਾਂ
ਜੇ ਗਾਂਧੀ ਅੰਗਰੇਜ਼ਾਂ ਦੀ ਚਾਪਲੂਸੀ ਕਰਦਾ ਨਾਂ।
ਸਾਰੇ ਨੌਜਵਾਨ ਮਰਾ ਦਿੱਤੇ
ਕੁਝ ਸੂਲੀ ਤੇ ਚੜ੍ਹਾ ਦਿੱਤੇ
ਫੱਟ ਏਨੇ ਲੜਾਈ ਛੱਡ ਗਈ
ਸੋਚ ਸੋਚ ਡਰ ਲੱਗਦਾ ਏ
ਅੱਜ ਵੀ ਭਾਈ ਦੇ ਨਾਲ ਭਾਈ ਲੜਦਾ ਏ
ਹਿੰਦੂ ਮੁਸਲਿਮ ਤੋਂ, ਮੁਸਲਿਮ ਸਿੱਖ ਤੋਂ ਡਰਦਾ ਏ
ਚਾਰੇ ਪਾਸੇ ਲਹੂ ਦਾ ਖਿਲਾਰਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾ ਸਾਰੇ ਦਾ ਸਾਰਾ ਹੋ ਗਿਆ
ਹੋਵੇ ਨਾਂ ਖੂਨ ਖਰਾਬਾ
ਆਉ ਇੰਝ ਕੁਝ ਕਰ ਲਈਏ
ਸਭ ਰਲ ਮਿਲ ਕੇ
ਇਕ ਦੂਜੇ ਦਾ ਹੱਥ ਫੜ ਲਈਏ
ਬਾਰਡਰ ਦੀ ਲਕੀਰ ਪਾਰ ਕਰ ਲਈਏ
ਝਗੜੇ ਦੀ ਅਖੀਰ ਕਰ ਦਈਏ
ਮੁੜ ਆਈਏ ਅਜੇ ਬਹੁਤੀ ਦੇਰ ਨਾ ਹੋਈ ਏ
ਓਹੀ ਸ਼ਾਮ ਓਹੀ ਸਵੇਰ ਨਰੋਈ ਏ।
ਲੜਾਈ ਦੇ ਫੱਟ ਸਦਾ ਹੀ ਤਾਜ਼ੇ ਰਹਿੰਦੇ ਨੇ
ਜਿਹੜਾ ਸਮੇਂ ਤੇ ਘਰ
ਮੁੜ ਆਏ ਓਹਨੂੰ ਸਿਆਣਾ ਕਹਿੰਦੇ ਨੇ।
ਸਰਹੱਦ ਤੇ ਵਿਛੜਦੇ ਦੇਖੇ
ਅੱਜ ਆਪਾਂ ਮਿਲਾ ਦਿੰਦੇ ਹਾਂ
ਭਾਰਤ ਪਾਕਿ ਨੂੰ ਆਪਸ ਵਿੱਚ
ਗਲੇ ਲਗਾ ਦਿੰਦੇ ਹਾਂ।
ਸਰਹੱਦ ਨੂੰ ਮਿਲ ਜਲਾ ਦਿੰਦੇ ਹਾਂ
ਸੁੰਹ ਰਲ ਚੁੱਕ ਲਵੋ
ਇਕ ਦੂਜੇ ਦਾ ਇਤਬਾਰ ਨਾ ਤੋੜਾਂਗੇ
ਵਿਛੋੜੇ ਵਾਲੀ ਹਵਾ ਦਾ
ਮਿਲ ਰੁੱਖ ਮੋੜਾਂਗੇ।
ਇਕ ਦੁਜੇ ਨੂੰ ਗਲੇ ਲਗਾਵਾਂਗੇ
ਰਲ ਮਿਲ ਧਰਤੀ ਨੂੰ ਸਵਰਗ ਬਣਾਵਾਂਗੇ
ਨਾਮ ਭਾਰਤ ਪਾਕਿਸਤਾਨ ਮਿਟਾ ਦੇਣਾ ਹੈ
ਮੁੜ ਹਿੰਦੁਸਤਾਨ ਬਣਾ ਦੇਣਾ ਹੈ।
****