ਪਿੰਡ ਦੇ ਕਿਸਾਨ ਨੂੰ......... ਨਜ਼ਮ / ਕਵਿਤਾ / ਕੇਵਲ ਕ੍ਰਾਂਤੀ

ਭਾਵੇਂ ਮੈਂ ਸ਼ਹਿਰ ਵਿੱਚ ਹਾਂ
ਪਰ ਅਪ੍ਰੈਲ ਦਾ ਮਹੀਨਾ ਸ਼ੁਰੂ ਹੋਣ ਤੋਂ
ਅੰਦਾਜਾ ਲਗਾ ਸਕਦਾ ਹਾਂ
ਕਿ ਤੇਰੇ ਖੇਤਾਂ ਵਿੱਚ ਹੁਣ ਕਣਕਾਂ ਦੇ ਹਰੇ ਸਿੱਟੇ
ਸੋਨੇ ਵਿੱਚ ਤਬਦੀਲ ਹੋ ਗਏ ਹੋਣਗੇ।
ਪਰ ਤੂੰ ਵਿਸਾਖੀ ਦੇ ਚਾਅ ਵਿੱਚ
ਇਹ ਨਾ ਭੁੱਲ ਜਾਵੀਂ ਕਿ
ਤੇਰੇ ਖੇਤਾਂ ਦੇ ਸਿਰ 'ਤੇ
ਸ਼ਿਕਾਰੀ ਪੰਛੀਆਂ ਦੇ ਝੁੰਡ ਘੁੰਮਦੇ ਨੇ
ਤੇ ਇਹਨਾ ਉੱਤੇ ਤੇਰੇ ਖੜਕਦੇ ਪੀਪੇ ਦਾ
ਕੋਈ ਅਸਰ ਨਹੀਂ।
ਕਿਉਂਕਿ ਇਹਨਾ ਦੇ ਦੇਸੀ ਸਿਰਾਂ 'ਤੇ
ਕੰਨ ਬੋਲ੍ਹੇ ਹਨ,ਪਰ ਚੁੰਝਾਂ ਵਿਲਾਇਤੀ
ਇਹ ਕਣਕ ਦੇ ਸਿੱਟਿਆਂ ਦੇ ਨਾਲ-ਨਾਲ
ਰਖਵਾਲਿਆਂ ਦੇ ਸਿਰ ਵੀ ਡੁੰਗ ਲੈਂਦੇ ਨੇ।
ਇਹ ਓਸੇ ਦਿਨ ਤੋਂ ਤੇਰੇ ਪਿੱਛੇ ਸਨ
ਜਦੋਂ ਤੂੰ ਲਾਇਨ ਵਿੱਚ ਲੱਗ ਕੇ
ਖਾਦ ਦੀਆਂ ਬੋਰੀਆਂ ਖਰੀਦਣ ਗਿਆ ਸੀ
ਪਰ ਤੂੰ ਉਸ ਦਿਨ ਇਹਨਾ ਨੂੰ ਪਛਾਣ ਨਹੀਂ ਸਕਿਆ
ਕਿਉਂਕਿ ਉਸ ਦਿਨ ਇਹ ਕਾਕੇ ਆੜ੍ਹਤੀਏ ਦੇ
ਖਚਰੇ ਹਾਸੇ ਪਿੱਛੇ ਲੁਕੇ ਹੋਏ ਸੀ।
ਤਾਂ ਹੀ ਤਾਂ ਉਹਦੇ ਨੱਕ ਦੀ ਹੱਡੀ 'ਤੇ ਖੜ੍ਹੀ
ਐਨਕ ਵੇਖ ਕੇ,ਤੇਰੇ ਲੱਕ ਤੋਂ ਚਾਦਰਾ ਢਿਲਕ ਜਾਂਦਾ ਸੀ।
ਹਾਂ ਸੱਚ!
ਹੁਣ ਦਸਵਾਂ ਦਸੌਂਦ ਤੂੰ ਆਪਣੇ
ਮਾੜੇ ਸਮੇਂ ਵਾਸਤੇ ਸਾਂਭ ਕੇ ਰੱਖ।
ਕਿਉਂਕਿ ਰੱਬ ਨੂੰ ਹੁਣ ਤੇਰੇ ਧੜੀ-ਸੇਰ ਦਾਣੇ ਨਹੀਂ ਦਿਸਦੇ
ਉਹਦੀ ਕ੍ਰਿਪਾ ਤਾਂ ਤੇਰੇ ਗਵਾਂਢੀ ਜਗੀਰਦਾਰ 'ਤੇ ਹੈ
ਜਿਹਨੇ ਨਵੇਂ ਸਾਲ ਵਾਲੇ ਦਿਨ
ਆਟਾ ਗੁੰਨਣ ਵਾਲੀ ਮਸ਼ੀਨ ਦਾਨ ਕੀਤੀ ਐ।
ਤਾਂ ਹੀ ਤਾਂ ਆਏ ਸਾਲ
ਤੇਰੀ ਜ਼ਮੀਨ ਘਟ ਜਾਂਦੀ ਏ
ਤੇ ਉਹਦੀ ਕਾਰ ਦਾ ਸਾਇਜ਼ ਵਧ ਜਾਂਦਾ ਏ।
ਇਕ ਗੱਲ ਹੋਰ!
ਪਿੰਡ ਦੇ ਨਿਆਣਿਆਂ ਨੂੰ ਸਮਝਾਈਂ ਕਿ ਹੁਣ
ਰੱਬਾ-ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ
ਦੇ ਗੀਤ ਗਾ ਕੇ ਰਗਾਂ ਨਾ ਬਿਠਾਉਣ ।
ਕਿਉਂਕਿ ਰੱਬ ਹੁਣ ਮੀਂਹ ਨਹੀਂ ਵਰਸਾਉਂਦਾ
ਉਹ ਤਾਂ ਕੁਝ ਕੁ ਲੋਕਾਂ ਦੇ ਕਹਿਣ ਤੇ
ਕ੍ਰਿਕਟ ਖੇਡਦਾ
ਕੱਪ ਜਿਤਾਉਂਦਾ ਹੈ।
ਪਰ ਤੂੰ ਅਵੇਸਲਾ ਨਾ ਹੋ ਜਾਈਂ
ਆਪਣੇ ਆਪ ਨੂੰ ਤਿਆਰ ਕਰ
ਬੋਲ੍ਹੇ ਕੰਨਾ ਨੂੰ ਸੁਣਾਉਣ ਲਈ
ਵਿਲਾਇਤੀ ਚੁੰਝਾਂ ਨੂੰ ਖੁੰਢਾ ਕਰਨ ਲਈ
****