ਅਰਜ਼ੋਈ......... ਨਜ਼ਮ/ਕਵਿਤਾ / ਪ੍ਰਭਜੀਤ ਨਰਵਾਲ, ਇਟਲੀ


ਰੱਬ ਕਰੇ ਨਿੱਤ ਮਾਰੇ ਠਾਠਾਂ, ਸ਼ਬਦਾਂ ਦਾ ਇਹ ਸਾਗਰ 
ਨਿੱਤ ਲਿਖਣ ਲਈ ਗੀਤ ਮਾਲਕਾ, ਬਿਰਤੀ ਰਹੇ ਇਕਾਗਰ।

ਭੁੱਲ ਕੇ ਵੀ ਨਾ ਮੇਰੇ ਹੱਥੋਂ, ਬੁਰਾ ਕਿਸੇ ਦਾ ਹੋਵੇ
ਐਸੀ ਰੱਖੀਂ ਮੇਰੀ ਮੇਰਿਆ, ਰੱਬਾ ਸੋਚ ੳਜਾਗਰ।

ਵੱਡੀ ਹਸਤੀ ਹੋ ਕੇ ਵੀ ਨਹੀਂ, ਜੀਵਿਆ ਮੈਥੋਂ ਜਾਣਾ
ਛੋਟਾ ਰਹਿ ਕੇ ਵੀ ਦੁਖੀ ਹੋਊਂ, ਬੱਸ ਰੱਖੀਂ ਰਤਾ ਬਰਾਬਰ।

ਗ਼ਮ-ਸੁੰਦਰੀ.......... ਨਜ਼ਮ/ਕਵਿਤਾ / ਕਾਕਾ ਗਿੱਲ


ਸੁਭਾ ਉੱਠਕੇ ਅੰਮ੍ਰਿਤ ਵੇਲੇ ਮੈਂ ਵੈਣ ਪੜ੍ਹਦਾ ਹਾਂ।
ਤੇਰੇ ਨਾਮ ਜ਼ਹਿਰ ਪਿਆਲੇ ਪੀਕੇ ਆਥਣੇ ਮਰਦਾ ਹਾਂ।

ਗ਼ਮ-ਸੁੰਦਰੀ ਗਲ਼ ਬਾਹਾਂ ਪਾਕੇ ਬਾਹਰ ਨੂੰ ਜਾਵਾਂ
ਸੀਨੇ ਵਿੰਨਿਆਂ ਗੀਤ ਗਾਕੇ ਉਸਦਾ ਮਨ ਪਰਚਾਵਾਂ
ਰੁੱਸੇ ਤਾਂ ਹੰਝੂਆਂ ਦੇ ਕਮਲ ਫ਼ੁੱਲ ਦੇਕੇ ਮਨਾਵਾਂ
ਰੀਝ ਉੱਠੇ ਕੋਈ ਚੰਚਲ, ਝੁਕਕੇ ਬੁੱਲ੍ਹ ਚੁੰਮਦਾ ਹਾਂ।

ਪਾਸ਼ -ਮੈਂ ਤਾਂ ਕੀ.......... ਨਜ਼ਮ/ਕਵਿਤਾ / ਅਮਰਜੀਤ ਟਾਂਡਾ (ਡਾ.)


ਪਾਸ਼ -ਮੈਂ ਤਾਂ ਕੀ ਤੈਨੂੰ ਤਾਂ ਰਾਹ, ਰਾਹਾਂ ਦੇ ਕੱਖ,

ਪੰਛੀ ਫੁੱਲ,ਤੇ ਰੁੱਖ ਵੀ ਨਹੀਂ ਭੁਲਾ ਸਕਦੇ-
ਇੰਜ ਹੋਇਆ ਤਾਂ ਹਵਾਵਾਂ ਨੂੰ ਇਨਸਾਨੀਅਤ ਭੁੱਲ ਜਾਣੀ ਹੈ-
ਯਾਦ ਨਹੀਂ ਰਹਿਣੀ-ਤੇਰੀਆਂ ਕਵਿਤਾਵਾਂ ਦੀ ਕੋਈ ਤਰਜ਼-
ਜਿਸ ਵਾਸਤੇ ਤੂੰ ਆਹਡਾ ਲਿਆ ਸੀ-ਮੇਰੇ ਵਾਂਗ

ਨਫ਼ਰਤ ਦੇ ਅਨਸਰ ਤੇਰੀ ਸੋਚ ਦੇ ਪੰਛੀਆਂ ਨੂੰ ਨਾ ਮਾਰ ਸਕੇ-
ਤੂੰ ਗਲੀਆਂ ਵਿੱਚ ਹਰਫ਼ਾਂ ਦੀਆਂ ਸਤਰਾਂ ਵਿਛਾਈਆਂ-
ਸੀਨਿਆਂ ਵਾਸਤੇ ਮੇਚਦੇ ਖੰਜ਼ਰ ਲੱਭੇ- 

ਯਾਰ-ਤੇਰੇ ਦੋਸਤ ਤੇਰੇ ਨਾਲ ਖੇਡਣ ਨੂੰ 'ਵਾਜ਼ਾਂ ਮਾਰ ਰਹੇ ਹਨ-
ਆ ਯਾਰਾ ਕਿਤਿਓਂ! ਆ ਆਪਣੀ ਮੀਟੀ ਤਾਂ ਦੇ-

ਇਕੱਲਾਪਣ.......... ਨਜ਼ਮ/ਕਵਿਤਾ / ਰਵੇਲ ਸਿੰਘ ਗੁਰਮੈਲੋ (ਇਟਲੀ )


ਜਦ ਉਹ ਨਾ ਪਾਸ ਹੁੰਦਾ,
ਦਿਲ ਹੈ ਉਦਾਸ ਹੁੰਦਾ 
ਥੰਮ੍ਹਾਂ ਬਿਨਾਂ ਹੈ ਜਿੱਦਾਂ,
ਖੜ੍ਹਿਆ ਅਕਾਸ਼ ਹੁੰਦਾ
ਕਾਸ਼ ਜੇ ਕਿਤੇ ਮੈਂ,
ਕੋਈ ਬੁੱਤ ਤਰਾਸ਼ ਹੁੰਦਾ
ਮੂਰਤ ਬਨਾ ਕੇ ਉਸਦੀ,
ਪਾਉਂਦਾ ਸਵਾਸ ਹੁੰਦਾ

ਉਦਾਸ ਹਰਫ..........ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ)


ਛੋਟੇ ਭਰਾ ਪ੍ਰੇਮ ਦੇ ਦੁਨੀਆਂ ਤੋਂ ਵਿਦਾ ਹੋਣ ਤੇ ਸ. ਰਵੇਲ ਸਿੰਘ (ਇਟਲੀ) ਨੇ ਸਾਡੇ ਦਰਦ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ । ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ।

ਰਿਸ਼ੀ ਗੁਲਾਟੀ



ਹਰ ਪਲ ਉਦਾਸ ਹੈ ,
ਤੇਰਾ ਨਾ ਪਾਸ ਹੈ 
ਤੇਰੇ ਤੁਰ ਜਾਣ ਤੇ, 
ਮਨ ਡਾਢਾ ਨਿਰਾਸ਼ ਹੈ 
ਜੀਣਾ ਹੈ ਕਿਸ ਤਰ੍ਹਾਂ,
ਮੁਸਕਿਲ ਧਰਾਸ ਹੈ
ਅਖਾਂ ਚ ਹੰਝੂਆਂ ਦਾ,
ਹਰ ਦਮ ਨਿਵਾਸ ਹੈ 
ਸੁੰਨਾ ਤੇਰੇ ਬਿਨਾਂ,

ਅਹਿਸਾਸ.......... ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ


ਪਤਾ ਹੈ
ਨਹੀਂ ਹੋਣਾ
ਤੇਰਾ ਮੇਰਾ ਮੇਲ
ਕਿਨਾਰਿਆਂ ਵਾਂਗ
ਪਤਾ ਨਹੀਂ ਕਿਂਉ
ਨਹੀਂ ਮੰਨਦਾ ਦਿਲ
ਕੀ ਆਪਾਂ ਨਹੀਂ ਚੱਲ ਸਕਦੇ?
ਇਕੱਠੇ
ਕਿਨਾਰਿਆਂ ਵਾਂਗ
ਤਨਹਾ ਤਨਹਾ
ਨਾਲ ਨਾਲ
………

ਤਨਹਾਈ ਦੇ ਜ਼ਖਮ………… ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ।
ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ।

ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ,
ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ।

ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ ਇਲਜ਼ਾਮ ਨਹੀਂ ਲੈਂਦੇ,
ਕੁਝ ਵਿਰਲੇ ਹਨ ਆਪਣਾ ਹਿੱਸਾ ਲੋਕਾਂ ਦੇ ਨਾਂ ਕਰ ਜਾਂਦੇ ਨੇ।

ਹੀਰ ਬਦਲ ਗਈ ਰਾਝੇਂ ਬਦਲੇ ਸੋਹਣੀ ਤੇ ਮਹੀਂਵਾਲ ਬਦਲ ਗਏ,
ਕੱਚੇ ਕੀ ਇਸ ਤੇਜ਼ ਝਨਾਂ ਵਿੱਚ ਹੁਣ ਪੱਕੇ ਵੀ ਖਰ ਜਾਂਦੇ ਨੇ।

ਦੁਨੀਆਂ ਦੇ ਨਾਲ ਲੜਨੇ ਵਾਲੇ ਮੌਤ ਦੇ ਮੂਹਰੇ ਖੜਨੇ ਵਾਲੇ,
ਜ਼ਿੰਦਗੀ ਜਿੱਤਣ ਵਾਲੇ ਯੋਧੇ ਦਿਲ ਦੇ ਮੂਹਰੇ ਹਰ ਜਾਂਦੇ ਨੇ।

ਇਹ ਚੰਦਰੇ ਬੜੇ ਨਾਜ਼ੁਕ ਹੁੰਦੇ ਇਹ ਤਾਂ ਤੱਤਾ ਸਾਹ ਨਹੀਂ ਝੱਲਦੇ,
ਪਿਆਰ ਦੇ ਚੋਗੇ ਬਾਝੋਂ ਦਿਲ ਦੇ ਪੰਛੀ ਭੁੱਖੈ ਮਰ ਜਾਂਦੇ ਨੇ।

ਲਾਲਚ ਦੀ ਇਹ ਹਵਾ ਨਿਮਾਣੀ ਖਵਰੇ ਕਿੱਧਰ ਨੂੰ ਲੈ ਜਾਵੇ,
ਆਪਣੇ ਸਿਰ ਦੇ ਬੱਦਲ ਵੀ ਜਾ ਹੋਰ ਕਿਤੇ ਹੀ ਵਰ ਜਾਂਦੇ ਨੇ।

****

ਇਹ ਰਾਤ ਤਾਂ ਸੀ………… ਗ਼ਜ਼ਲ / ਦਾਦਰ ਪੰਡੋਰਵੀ


ਇਹ ਰਾਤ ਤਾਂ ਸੀ ਦਰਾਂ ‘ਤੇ ਉਤਰੀ,
ਉਦਾਸੀਆਂ ਦਾ ਲਬਾਸ ਲੈ ਕੇ।
ਇਹ ਜਰਦ ਪੱਤੇ ਵੀ ਆ ਗਏ ਨੇ,
ਹਜ਼ਾਰਾਂ ਨਗ਼ਮੇ ਉਦਾਸ ਲੈ ਕੇ।

ਇਹ ਲੋਕ ਬੁੱਤਾਂ ‘ਚ ਢਲ ਗਏ ਹਨ,
ਇਹ ਸ਼ਹਿਰ ਜੰਗਲ ‘ਚ ਜ਼ਬਤ ਹੋਇਐ,
ਕਿਵੇਂ ਮੁਖ਼ਾਤਿਬ ਇਨ੍ਹਾਂ ਨੂੰ ਹੋਵਾਂ,
ਮੈਂ ਅਪਣੇ ਨਾਜ਼ੁਕ ਕਿਆਸ ਲੈ ਕੇ।

ਤੇਰੇ ਜਾਣ ਮਗਰੋਂ.......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ


ਡਾਕਟਰ  ਸਤਿੰਦਰ ਸਿੰਘ ਨੂਰ ਦੀ ਯਾਦ ਵਿਚ   

ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ 
ਸੀ ਕੰਧਾਂ ਵੀ ਰੋਈਆਂ ਚੁਗਾਠਾਂ ਵੀ ਰੋਈਆਂ
ਛੱਤਾਂ ਵੀ ਰੋਈਆਂ ਮੁਹਾਠਾਂ ਵੀ ਰੋਈਆਂ
ਵਿਹੜਾ ਵੀ ਰੋਇਆ ਤੇ ਖੇੜਾ ਵੀ ਰੋਇਆ
ਜਿਸ ਨੇ ਵੀ ਸੁਣਿਆ ਸੀ ਹਰ ਕੋਈ ਰੋਇਆ
ਜਿੱਥੇ ਸਨ ਖੁਸ਼ੀਆਂ ਉਹ ਘਰ ਅੱਜ ਰੁਨਾਂ
ਭਰਿਆ ਭਕੁਨਾਂ ਲਗੇ ਸੁੱਨਾਂ ਸੁੱਨਾਂ
ਤੇਰੇ ਜਾਣ ਮਗਰੋਂ ਤੇਰੇ ਜਾਣ ਮਗਰੋਂ
ਉਦਾਸੇ ਗਏ ਨੇ ਵੀਰੇ ਵੀ ਤੇਰੇ

ਸ਼ਬਦ ਸਾਂਝ.......... ਨਜ਼ਮ/ਕਵਿਤਾ / ਰਵੇਲ ਸਿੰਘ (ਇਟਲੀ )

ਸ਼ਬਦ ਹੀ ਗਿਆਨ ਹੈ
ਸ਼ਬਦ ਹੀ ਧਿਆਨ ਹੈ
ਸ਼ਬਦ ਬਿਨ ਕੁੱਝ ਨਹੀਂ
ਗੁੰਗਾ ਇਨਸਾਨ ਹੈ
ਸ਼ਬਦ ਸੰਸਾਰ ਹੈ
ਸ਼ਬਦ ਭਗਵਾਨ ਹੈ
ਸ਼ਬਦ ਤੋਂ ਬਾਂਝ
ਅੰਨ੍ਹਾ ਇਨਸਾਨ ਹੈ

ਸੱਚਖੰਡ ਵਿੱਚ ਲਏ ਥਾਂ ਪ੍ਰਮਿੰਦਰ……… ਨਜ਼ਮ/ਕਵਿਤਾ / ਜਰਨੈਲ ਘੁਮਾਣ


ਕਲਾ ਦੀ ਮੂਰਤ , ਹੱਸ ਮੁੱਖ ਸੂਰਤ,
ਜਿਸਦਾ ਧਰਿਆ ਨਾਂ ਪ੍ਰਮਿੰਦਰ ।

ਸਾਊ ਧੀ ਰਾਣੀ , ਸੁਘੜ ਸਿਆਣੀ ,ਸੁਭਾਅ ਦੀ ਨਿਰੀ ਸੀ ਗਾਂ ਪ੍ਰਮਿੰਦਰ ।

ਪਰਉਪਕਾਰੀ , ਅੱਵਲ ਨਾਰੀ ,
ਮਮਤਾ ਦਾ ਰੁੱਖ ਮਾਂ ਪ੍ਰਮਿੰਦਰ ।

ਦੁੱਖ ਵੰਡਾਉਂਦੀ , ਸੁੱਖ ਵਰਤਾਉਂਦੀ ,

ਗੱਲਾਂ.......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ


ਭੱਥੇ ‘ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ।
ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ।

ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ,
ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ।

ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ,
ਸਿਰ ਤੇ ਧੁੱਪਾਂ ਝੱਲ ਕੇ ਹੋਰਾਂ ਨੂੰ ਛਾਂਵਾਂ ਕਰ ਰਹੇ।

ਮਾਂ ਨੂੰ......... ਨਜ਼ਮ/ਕਵਿਤਾ / ਹਰਮੰਦਰ ਕੰਗ


ਵਿਦੇਸ਼ ਵਸਦੇ ਪੁੱਤਰ ਵਲੋਂ 
                               
ਮਾਂ ਅੱਜ ਮੇਰਾ ਦਿਲ ਨਹੀਂ ਲੱਗ ਰਿਹਾ ਸੀ, ਅੱਖਾਂ ਚੋਂ ਪਾਣੀਂ ਵਗ ਰਿਹਾ ਸੀ,
ਜਜਬਾਤਾਂ ਦੇ ਵਹਿਣ ‘ਚ ਵਹਿ ਰਿਹਾ ਸੀ, ਆਪਣੇਂ ਆਪ ਨੂੰ ਕੁੱਝ ਕਹਿ ਰਿਹਾ ਸੀ,
ਫਿਰ ਸੋਚਿਆ ਤੈਂਨੂੰ ਇੱਕ ਖਤ ਪਾਵਾਂ, ਤੇਰੇ ਨਾਲ ਗੱਲਾਂ ਕਰਾਂ ‘ਤੇ ਆਪਣਾਂ ਹਾਲ ਸੁਣਾਵਾਂ।

ਮਾਂ ਵਰਿਆਂ ਤੋਂ ਜਾਨ ਲੈਣ ਵਾਲੀ ਤੇਰੇ ਢਿੱਡ ਵਿੱਚ ਉਹ ਚੰਦਰੀ ਚੀਸ ਅਜੇ ਵੀ ਪੈਂਦੀ ਹੈ?
ਪਰਦੇਸ ਗਏ ਪੁੱਤਾਂ ਸੱਖਣੇ ਘਰਾਂ ਵਿੱਚ ਚੁੱਪ ‘ਤੇ ਉਦਾਸੀ ਛਾਈ ਰਹਿੰਦੀ ਹੈ?
ਮਾਂ ਹੁਣ ਤੇਰੇ ਚਿਹਰੇ ਤੇ ਉਹ ਖੁਸ਼ੀ ਕਿਓ ਨਹੀ ਆੳਂੁਦੀ ਜੋ ਮੈਨੂੰ ਸਕੂਲ ਤੋਰਨ ਵੇਲੇ ਆਈ ਸੀ।
ਤੇ ਜਾਂ ਫਿਰ ਉਦੋਂ ਜਦੋਂ ਮੈਂ ਗੁਰਮੁਖੀ ਦੇ ਅੱਖਰ ਮੰਮੇ ਨੂੰ ਕੰਨਾਂ ਲਿਖ ਕੇ ਉਤੇ ਬਿੰਦੀ ਲਾਈ ਸੀ?

ਅਮੁੱਕ ਸਫਰ.........ਨਜ਼ਮ/ਕਵਿਤਾ / ਇੰਦਰਜੀਤ ਪੁਰੇਵਾਲ,ਨਿਊਯਾਰਕ


ਸੂਹੀ ਸਵੇਰ
ਵਧ ਰਹੀ ਏ
ਸੁਨਹਿਰੀ ਦੁਪਹਿਰ ਵੱਲ
ਤਾਂਘ ਏ ਸੁਨਹਿਰੀ ਦੁਪਹਿਰ ਨੂੰ
ਸੁਰਮਈ ਸ਼ਾਮ ਨੂੰ ਮਿਲਣ ਦੀ
ਹੌਲੇ-ਹੌਲੇ ਸੁਰਮਈ ਸ਼ਾਮ
ਜਾ ਬੈਠੀ ਕਾਲੀ ਰਾਤ ਦੇ
ਆਗੋਸ਼ ਵਿੱਚ

ਅਣਜੰਮੀ ਧੀ ਦੇ ਮਾਂ ਨਾਲ ਸਵਾਲ-ਜਵਾਬ......... ਗੀਤ / ਚਰਨਜੀਤ ਕੌਰ ਧਾਲੀਵਾਲ ਸੈਦੋਕੇ


ਧੀ: ਬ੍ਰਿਹੋ ਹੀ ਸਾਡੇ ਹਿੱਸੇ ਆਈ,         
ਦਿੱਤਾ ਕੀ ਅਸਾਂ ਨੂੰ ਮਾਂਵਾ ਨੇ?
ਜੰਮਣ ਤੋਂ ਮੈਨੂੰ ਤੂੰ ਵੀ ਡਰ ਗਈ,
ਦਿੱਤੀਆਂ ਸਖ਼ਤ ਸਜ਼ਾਵਾਂ ਨੇ
ਪੁੱਛਾਂ ਤੈਨੂੰ, ਦੱਸ ਨੀ ਮਾਏ
ਕਿਓਂ ਧੀਆਂ ਬੁਰੀ ਬਲਾਵਾਂ ਨੇ...?
ਕੀਹਦੇ ਡਰੋਂ ਸਾਨੂੰ ਜਨਮ ਨਾ ਦਿੱਤਾ,     
ਜਨਮ ਨਹੀਂ ਦਿੱਤਾ ਮਾਂਵਾਂ ਨੇ...?                  

ਮਾਂ: ਦਾਜ ਦੀ ਨਿੱਤ ਬਲੀ ਚੜ੍ਹਦੀਆਂ            
ਲਾਲਚੀ ਲੋਚਣ ਪੈਸੇ ਨੂੰ                        
ਅੰਮੜੀ ਦਾ ਦਿਲ ਕੰਬ ਗਿਆ ਧੀਏ
ਦੇਖ ਜ਼ਮਾਨੇ ਐਸੇ ਨੂੰ

ਵੇਸਵਾ ਦਾ ਢਾਬਾ .......... ਨਜ਼ਮ/ਕਵਿਤਾ / ਚਰਨਜੀਤ ਸਿੰਘ ਰੰਧਾਵਾ


ਹੁਣ ’ਤੇ ਬੜੀ ਦੇਰ ਹੋ ਗਈ 
ਕੁਝ ਨੀ ਬਚਿਆ
ਮਾਸ ਬਣਿਆ ਸੀ
ਬੜਾ ਸਵਾਦੀ
ਗਿਆ ਸਭ ਛਕਿਆ
ਪਰ ਤੂੰ ਨਿਰਾਸ਼ ਨਾ ਹੋ 
ਕੁਝ ਤਾਂ ਹੈ ਬਚਿਆ
ਕੁਝ ਹੰਝੂ
ਕੁਝ ਪਛਤਾਵੇ
ਯਾਦਾਂ ਤੇ ਮੇਰਾ ਦਿਲ 
ਜਿਸ ਨੂੰ ਕਦੇ ਨੀ ਕਿਸੇ ਖਾਧਾ ਪੀਤਾ
ਸ਼ਾਇਦ ਇਹ ਸਭ ਕਿਸੇ ਦੀ ਹਜ਼ਮ ਹੀ ਨਹੀਂ ਹੁੰਦਾ
ਹੁਣ ਤੂੰ ਦੱਸ ਕੀ ਪੀਏਗਾ ਤੇ ਕੀ ਖਾਏਗਾ

ਨਵਾਂ ਸਾਲ.......... ਨਜ਼ਮ/ਕਵਿਤਾ / ਦਲਵੀਰ ਸੁੰਮਨ ਹਲਵਾਰਵੀ

ਕਿੰਝ ਆਖਾਂ ਨਵਾਂ ਸਾਲ ਮੁਬਾਰਿਕ , ਕਿਵੇਂ ਏਸ ਦੀ ਖੁਸ਼ੀ ਮਨਾਵਾਂ।
ਸਾਡੇ  ਬਾਗੀਂ ਕਦੇ ਨਾ  ਆਵਣ, ਮਹਿਕੀਆਂ ਮਸਤ ਹਵਾਵਾਂ।

ਦਿਨ ਦਿਹਾੜੇ ਮੜ੍ਹੀਆਂ ਵਰਗੀ ਚੁੱਪ ਵੀ ਚੁੱਭਦੀ,
ਸੁੰਨੀ ਰਾਤ ਨੂੰ ਜੁਗਨੂੰ ਵਾਂਗੂ, ਮੈਂ ਬਲਦਾ ਬੁਝੱਦਾ ਜਾਵਾਂ।

ਅਪਣੇ ਪਰਛਾਵੇ ਤੋ ਡਰਦਿਆਂ, ਨੇਰ੍ਹੇ ਸੰਗ ਯਾਰੀ ਲਾਈ,
ਹੁਣ ਇਸ ਚੰਦਰੇ ਨੇਰ੍ਹੇ ਨੂੰ ਮੈਂ, ਚਾਨਣ ਕਿਵੇਂ ਦਿਖਾਵਾਂ।

ਦਾਜ ਬਨਾਮ ਪਿਆਜ਼.......... ਕਾਵਿ ਵਿਅੰਗ / ਨਿਰਮੋਹੀ ਫਰੀਦਕੋਟੀ

ਪਿਤਾ ਲਾੜੇ ਦਾ ਦੱਸਦਾ ਕੁੜਮ ਤਾਈਂ, 
ਸਾਡੇ ਹੁੰਦਾ ਹੈ ਵਾਧੂ ਅਨਾਜ ਮੀਆਂ ।।
ਲੈ ਕੇ ਰੱਬ ਦਾ ਨਾਉਂ ਜੇ ਸ਼ੁਰੂ ਕਰੀਏ,
ਪੂਰਨ ਹੁੰਦਾ ਹੈ ਹਰ ਇਕ ਕਾਜ ਮੀਆਂ।।
ਬੇਟੇ ਮੇਰੇ ਨੇ ਹੈ ਇਹ ਕਸਮ ਖਾਧੀ ,
ਕਹਿੰਦਾ ਲੈਣਾ ਨੀ ਉੱਕਾ ਹੀ ਦਾਜ ਮੀਆਂ।।

ਨਵੇਂ ਸਾਲ ਦੀ ਵਧਾਈ.......... ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ

ਲੈਣੀ ਖ਼ਬਰ ਹੈ ਬਣਦੀ ਫਿਰ ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ ਦੇਣੀ ਵਧਾਈ ਸਾਲ ਦੀ।

ਡੁੱਲੇ ਨਾ ਖ਼ੂਨ ਕਿਧਰੇ ਐਸਾ ਇਹ ਸਾਲ ਆਵੇ
ਰਲਕੇ ਨਸੀਬ ਹੋਵੇ ਹੋਲੀ ਸਦਾ ਗੁਲਾਲ ਦੀ।

ਤਾਜਰ ਜੋ ਮੌਤ ਦੇ ਨੇ ਵੇਚਣ ਬਰੂਦ ਨਿਸਦਿਨ
ਕਦਤਕ ਤੜ੍ਹੀ ਹੈ ਰਹਿਣੀ ਔਣੀ ਘੜੀ ਜ਼ਵਾਲਦੀ।

ਲੋਕਾਂ ਨੂੰ ਸਾਹ ਸੁਖਾਲਾ ਲੈਣਾ ਨਸੀਬ ਹੋਵੇ
ਅਪਣੀ ਕਮਾਕੇ ਖਾਵਣ ਰੋਟੀ ਸਭੋ ਹਲਾਲ ਦੀ।

ਨਵੇਂ ਸਾਲ ਦੀ ਖੁਸ਼ੀ.......... ਗੀਤ / ਮਲਕੀਅਤ ਸਿੰਘ (ਇਟਲੀ)

ਵਿਲਕਣ ਨਾ ਕਿਤੇ ਬਾਲ ਨਿਆਣੇ ਬਾਝੋਂ ਮਾਵਾਂ ਦੇ,
ਹੋਣ ਕਦੇ  ਨਾ ਖਾਲੀ ਬਾਹਵਾਂ ਬਾਝ ਭਰਾਵਾਂ ਦੇ,
ਇੱਕ-ਗੋਦ ਵਿੱਚ ਪਲਦਿਆਂ ਦੀ ਸਹੀ ਪਵਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।

ਸਵਰਗ ਬਣਾਉਣਾ ਐਸਾ ਮੁੜਕੇ ਦਿਸੇ ਉਦਾਸੀ ਨਾ,
ਜਲ ਦੇ ਬਾਝੋਂ ਧਰਤ ਵੀ ਕਿਤੋਂ ਰਹੇ ਪਿਆਸੀ ਨਾ,
ਏਕ ਨੂਰ ਤੋਂ ਉਪਜਿਆਂ ਦੀ ਸਮਝ ਵਧਾਉਣੀ ਆ।
ਨਵੇਂ ਸਾਲ ਦੀ ਆਪਾਂ ਰੱਜ਼ ਕੇ ਖੁਸ਼ੀ ਮਨਾਉਣੀ ਆ।

ਅਪਰਾਧ ਕਰੇ ਨਾ ਕੋਈ ਜੇਲਾਂ ਖਾਲੀ ਕਰਨੀਆਂ ਨੇ,
ਜ਼ਾਲਮ ਦਿਲਾਂ ਦੇ ਅੰਦਰ ਰਹਿਮਾਨੀਆਂ ਭਰਨੀਆਂ ਨੇ,

ਦਸਵੇਂ ਦਾ ਲੇਖਾ ਜੋਖਾ, ਸਾਲ 2011 ਲਈ ਪ੍ਰਣ.......... ਮੁਹਿੰਦਰ ਸਿੰਘ ਘੱਗ

ਜਾਂਦਾ ਜਾਂਦਾ ਇਹ ਸਦੀ ਦਾ ਸਾਲ ਦਸਵਾਂ ਕਰਾ ਗਿਆ ਅਮਰੀਕਾ ਦੀ ਚੋਣ ਮੀਆ
ਜਿਤਣ ਵਾਲੇ ਨੇ ਧੌਣ ਅੱਕੜਾਈ ਫਿਰਦੇ ਹਾਰੇ ਹੋਇਆਂ ਨੇ ਕੀਤੀ ਨੀਵੀਂ ਧੌਣ ਮੀਆਂ

ਸਮਾਂ ਹੁੰਦਾ  ਸਮਰਥ ਹੈ ਸਾਰਿਆਂ ਤੋਂ ਸਮਾਂ ਬਦਲੇ ਤਾਂ ਬਦਲ ਤਕਦੀਰ ਜਾਂਦੀ
ਡੈਮੋਕਰੈਟਾਂ ਤੋਂ ਸਮੇਂ ਨੇ ਖੋਹੀ ਤਾਕਤ ਰੀਪੱਬਲਕਨ ਆ ਗਏ ਹੁਕਮ ਚੜਾਉਣ ਮੀਆਂ

ਟੀ ਪਾਰਟੀ ਨੇ ਚਕ੍ਰਵਿਯੂਹ ਰਚਿਆ ਉਬਾਮਾ ਘਿਰ ਗਿਆ ਬਿਚ ਵਿਰੋਧੀਆਂ ਦੇ
ਕਟ ਗੁਜਰਿਆ ਸੰਕਟ ਜੇ ਮਰਦ ਬਣਕੇ ਸੂਝ  ਬੂਝ   ਦੀ  ਹੋਣੀ ਪਛਾਣ ਮੀਆਂ

ਆਟਾ ਦਾਲ ਮਹਿੰਗਾ ਤੇ ਘੀ ਦੁਧ ਮਹਿੰਗਾ ਕੀਮਤ ਪਿਆਜ ਦੀ ਲਾਈ ਅਸਮਾਨ ਟਾਕੀ
ਭੁਖ ਨੰਗ  ਅਜ ਸਾਰੇ ਪ੍ਰਧਾਨ ਹੋਈ ਲੋਕੀਂ ਥਾਲੀਆਂ ਪਏ ਖੜਕਾਉਣ ਮੀਆਂ

ਲਾਲਾਂ ਦੀ ਸ਼ਹੀਦੀ.......... ਨਜ਼ਮ/ਕਵਿਤਾ / ਨਿਸ਼ਾਨ ਸਿੰਘ ਰਾਠੌਰ

ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ
ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ
ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ
ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ

ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ
ਗੁਜਰੀ ਨੇ ਛੋਟਿਆਂ ਨੂੰ ਉਂਗਲੀ ਨਾਲ ਲਾਇਆ ਸੀ
ਪੋਹ ਦੀ ਸੀ ਠੰਡ ਉੱਤੋਂ ਘੁੱਪ ਸੀ ਹਨੇਰਾ ਛਾਇਆ
ਕਹਿਰ ਦਾ ਸੀ ਸਮਾਂ ਜਿਹੜਾ ਗੋਬਿੰਦ ਤੇ ਆਇਆ ਸੀ

ਰਾਤ ਦੇ ਹਨੇਰੇ ਵਿੱਚ ਤੁਰੀ ਜਾਂਦੇ ਤੁਰੀ ਜਾਂਦੇ
ਮੰਜ਼ਲ ਨਾ ਕੋਈ ਜਿਹਦਾ ਠ੍ਹੋਰ ਉਹ ਬਣਾਇਆ ਸੀ
ਥੱਕ ਗਏ ਹਾਂ ਮਾਤਾ ਘੜੀ ਕਰੀਏ ਆਰਾਮ ਏਥੇ
ਗੁਜਰੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਸੀ

ਤਿੜਕੇ ਸੁਪਨੇ.......... ਗ਼ਜ਼ਲ / ਜਤਿੰਦਰ ਲਸਾੜਾ

ਸੂਰਜ ਢੂੰਡਣ ਆਸਾਂ ਤੁਰੀਆਂ, ਅੱਧ ਵਿਚਾਲੇ ਰਾਤ ਹੋਈ।
ਬਿਖਰੇ ਪੈਂਡੇ, ਤਿੜਕੇ ਸੁਪਨੇ, ਹੰਝੂਆਂ ਦੀ ਬਰਸਾਤ ਹੋਈ।

ਤੇਰੇ ਨਾਲ ਬਿਤਾਈਆਂ ਘੜੀਆਂ ਅੱਜ ਤਕ ਉੱਥੇ ਹੀ ਖੜੀਆਂ,
ਤੇਰੇ ਮਗਰੋਂ ਇੰਝ ਲਗਦੈ ਜਿਉਂ ਦਿਨ ਚੜ੍ਹਿਆ ਨਾ ਰਾਤ ਹੋਈ।

ਏਸ ਫ਼ਸਲ 'ਤੇ ਗਹਿਣੇ ਲੈਣੇ, ਜ਼ਿਦ ਸੀ ਮੇਰੀ ਬੇਗ਼ਮ ਦੀ,
ਹੋਰ ਪੈ ਗਿਆ ਕਿੱਲਾ ਗਹਿਣੇ, ਅਣਚਾਹੀ ਬਰਸਾਤ ਹੋਈ।

ਛੱਡ ਲਸਾੜੇ ਦਿਲ ਦੀ ਗੱਠੜੀ, ਖੋਲ੍ਹਨਾ ਵਿੱਚ ਹਮਦਰਦਾਂ ਦੇ,
ਆਖੇਂ ਗਾਫੜ ਜ਼ਖ਼ਮੀ ਸਧਰਾਂ, ਆਪਣਿਆ ਤੋਂ ਮਾਤ ਹੋਈ।

ਪਤਾ ਏ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਪਤਾ ਏ ਮੇਰੇ ਖਾਲੀ ਦਿਲ ਵਿਚ ਤੇਰੇ ਕੋਲੋਂ ਬਹਿ ਨਹੀਂ ਹੋਣਾ।
ਫਿਰ ਵੀ ਗੂੰਗੇ ਬੋਲੇ ਦਿਲ ਤੋਂ ਤੈਨੂੰ ਕੁਝ ਵੀ ਕਹਿ ਨਹੀਂ ਹੋਣਾ।

ਆਪਣੇ ਆਪਣੇ ਸੱਚ ਨੂੰ ਆਪਾਂ ਦਿਲ ਦੇ ਵਿਚ ਹੀ ਮਾਰ ਲਵਾਂਗੇ,
ਤੇਰੇ ਕੋਲੋ ਕਹਿ ਨਹੀਂ ਹੋਣਾ ਮੇਰੇ ਕੋਲੋਂ ਸਹਿ ਨਹੀਂ ਹੋਣਾ।

ਝੂਠ ਦੇ ਕੋਮਲ ਫੁੱਲਾਂ ਦੇ ਨਾਲ ਹੱਸ ਕੇ ਯਾਰੀ ਲਾ ਲਈ ਮੈਂ ਤਾਂ,
ਪਤਾ ਸੀ ਸੱਚ ਦੇ ਕੰਡਿਆਂ ਦੇ ਨਾਲ ਮੇਰੇ ਕੋਲੋਂ ਖਹਿ ਨਹੀਂ ਹੋਣਾ।

ਪਤਾ ਏ ਤੇਰਾ ਹੋਵਣ ਦੇ ਲਈ ਤੇਰੇ ਦਰ ਤੇ ਢਹਿਣਾ ਪੈਂਦਾ,
ਪਰ ਇਸ ਮਨ ਦੇ ਬੰਦੇ ਕੋਲੋਂ ਤੇਰੇ ਦਰ ਤੇ ਢਹਿ ਨਹੀਂ ਹੋਣਾ।

ਮੈਂ ਮਨ ਦੀ ਸੁੰਦਰਤਾ ਵੇਖਾਂ ਤੂੰ ਤਨ ਤੇ ਹੀ ਠਹਿਰ ਗਿਆਂ ਏ,
ਏਸ ਵਣਜ ਵਿਚ ਤੇਰਾ ਮੇਰਾ ਇਹ ਸੌਦਾ ਤਾਂ ਤਹਿ ਨਹੀਂ ਹੋਣਾ।

ਉਹ ਤਾਂ ਮੇਰੀ ਰਗ-ਰਗ ਦੇ ਵਿਚ ਖੂਨ ਦੇ ਵਾਂਗੂ ਤੁਰਿਆ ਫਿਰਦਾ,
‘ਜਿੰਦ’ ਗਰਜ਼ੀ ਤੋਂ ਉਸ ਦੇ ਦਿਲ ਵਿਚ ਏਨਾ ਡੂੰਘਾ ਲਹਿ ਨਹੀਂ ਹੋਣਾ।

ਬਗ਼ਾਵਤ ਵੰਗਾਰਦੀ ਹੈ.......... ਨਜ਼ਮ/ਕਵਿਤਾ / ਭਿੰਦਰ ਜਲਾਲਾਬਾਦੀ

ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ,
ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ!
ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!!
ਉਥੋਂ ਸਿੱਖੇ ਮੈਂ ਸਬਕ,
ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ!
ਜਦ ਮੇਰੇ ਸਾਹਮਣੇ ਆ ਕੇ ਭੇਖੀ,
ਬਗਲੇ ਭਗਤ ਦਾ, ਮਖ਼ੌਟਾ ਪਾ ਕੇ ਬੈਠਦੇ ਨੇ,
ਤਾਂ ਮੈਨੂੰ ਲੱਗਦੇ ਨੇ ਹੂ-ਬ-ਹੂ, ਨਾਰਦਮੁਨੀ ਵਰਗੇ!
ਮੇਰੇ ਸਾਹਮਣੇ ਬੈਠ, ਮੀਆਂ-ਮਿੱਠੂ, ਮੰਤਰ ਪੜ੍ਹਦੇ,
ਅੱਜ ਦੇ ਰਾਵਣ ਵੱਲ ਤੱਕ ਕੇ,
ਮੇਰੀ ਜ਼ਮੀਰ ਮੈਨੂੰ, ਅੰਦਰੋਂ ਹੁੱਝ ਮਾਰ, ਵੰਗਾਰ ਪਾਉਂਦੀ ਹੈ!
...ਤੇ ਮੇਰੇ ਅੰਦਰੋਂ, ਉਠਦੀ ਹੈ ਬਗ਼ਾਵਤ,
ਅਤੇ ਕਰਵਾਉਂਦੀ ਹੈ ਮੈਨੂੰ,
ਮੇਰੀ ਕਦਰ-ਕੀਮਤ ਦਾ ਅਹਿਸਾਸ!
...ਕਿ ਇਹ ਲਾਹਣਤ ਵਰਗੇ ਨਕਾਬਪੋਸ਼,
ਆਪ ਦੇ ਜਾਣੇ ਤਾਂ ਪਾਉਂਦੇ ਨੇ,
ਅੰਬਰੀਂ ਉੱਡਦੇ ਉਕਾਬਾਂ ਦੀਆਂ ਬਾਤਾਂ, ਤੇ ਗੱਲੀਂ-ਬਾਤੀਂ,
ਦਿਖਾਉਂਦੇ ਨੇ ਅਰਜਨ ਵਾਲਾ ਬਲ!
ਪਰ ਉਹਨਾਂ ਦੀਆਂ ਭਰਿਸ਼ਟੀਆਂ ਨਜ਼ਰਾਂ 'ਚੋਂ ਮੈਨੂੰ,
ਆਉਂਦੀ ਹੈ ਕਿਸੇ ਦੈਂਤ ਵਾਲੀ, ਬਦਨੀਤ ਦੀ ਗੰਧ,
ਜੋ ਮਨ ਅੰਦਰੋਂ, ਆਦਮ-ਬੋ, ਆਦਮ-ਬੋ ਨਹੀਂ,
ਨਾਰੀ-ਬੋ, ਨਾਰੀ-ਬੋ, ਦਹਾੜ ਰਿਹਾ ਹੁੰਦੈ!
ਉਸ ਨੂੰ ਇਹ ਨਹੀਂ ਪਤਾ, ਕਿ ਮੈਂ 'ਵਿਚਾਰੀ ਅਬਲਾ' ਨਹੀਂ,
ਕੱਠਪੁਤਲੀ ਤੇ ਲਾਈਲੱਗ ਵੀ ਨਹੀਂ ਹਾਂ!
ਸਗੋਂ, ਝਾਂਸੀ ਦੀ ਰਾਣੀ ਅਤੇ ਮਾਤਾ ਭਾਗੋ ਦੀ 'ਪੈਰੋਕਾਰ' ਹਾਂ!
ਕੱਢ ਕੇ ਮਨ ਦਾ ਭਰਮ, ਬੈਠ ਜਾਹ ਕਪਟੀਆ ਚੁੱਪ ਧਾਰ,
ਤੂੰ ਮੇਰੇ ਚੁੱਪ ਅਤੇ ਭੋਲੇ ਚਿਹਰੇ ਵੱਲ ਦੇਖ ਕੇ,
ਕਿਤੇ ਕੋਈ ਕੋਝਾ-ਬਾਣ ਨਾ ਦਾਗ ਬੈਠੀਂ,
ਭਰਮ ਨਾ ਪਾਲ ਬੈਠੀਂ ਕੋਈ, ਆਪਣੇ ਸ਼ੇਖ਼ਚਿਲੀ ਮਨ ਅੰਦਰ,
'ਭਿੰਦਰ' ਚੁੱਪ ਜਿਹੀ ਜ਼ਰੂਰ ਹੈ, ਪਰ ਬੇਅਣਖੀ ਤੇ ਬੇਪਤੀ ਨਹੀਂ!!
ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ,
ਡੰਡਾ ਤਾਂ ਲੋਕ, ਕਿਸੇ ਹੋਰ ਲਈ ਵਰਤਦੇ ਨੇ!



‘ਪਿਆਰੀ ਸ਼ਬਦ-ਸਾਂਝ’.......... ਸੁਮਿਤ ਟੰਡਨ

ਸ਼ਬਦਾਂ ਵਿੱਚੋਂ ਰੂਪ ਨੂੰ ਘੜ ਕੇ, “ਸ਼ਬਦ-ਸਾਂਝ” ਸਾਹਮਣੇ ਆਈ
ਦੋ ਸਾਲਾਂ ਤੱਕ ਕਰੀ ਤਪੱਸਿਆ, ਘਰ-ਘਰ ਅਲਖ ਜਗਾਈ
ਚੰਗੇ ਸਾਹਿਤ ਦੇ ਬਾਲ ਕੇ ਦੀਵੇ, ਚਾਨਣ ਕਰੀ ਲੋਕਾਈ
ਚੰਗੀਆਂ ਲਿਖ਼ਤਾਂ ਸੱਭ ਨਾਲ ਵੰਡ ਕੇ, ਚੰਗੀ ਰੀਤ ਨਿਭਾਈ
ਵੰਨ-ਸੁਵੰਨੀਆਂ ਦੇ ਕੇ ਰਚਨਾਂ, ਸਾਂਝ ਸਾਹਿਤ ਦੀ ਪਾਈ
ਮਾਂ ਬੋਲੀ ਦੀ ਕਰ ਕੇ ਸੇਵਾ, ਵੱਸ ਵਿੱਚ ਕਰੀ ਖ਼ੁਦਾਈ
ਸਾਡਾ ਤਾਂ ਕੰਮ ਹਸਮੁਖ ਰਹਿਣਾ, ਦਿਲ ਦੀ ਗੱਲ ਸੁਣਾਈ
ਜੰਮ-ਜੰਮ ਕੇ ਸੱਭ ਮਾਰੋ ਮੱਲਾਂ, ਕਰ ਕੇ ਨੇਕ ਕਮਾਈ
ਸ਼ਬਦ-ਸਾਂਝ ਦੇ ਪਾਤਰ ਜਿੰਨੇ, ਸੱਭ ਨੂੰ ਦਿਲੋਂ ਵਧਾਈ।

ਸੁਨਹਿਰੀ ਹੋਣ ਕਰਕੇ………… ਦਾਦਰ ਪੰਡੋਰਵੀ / ਗ਼ਜ਼ਲ

ਸੁਨਹਿਰੀ ਹੋਣ ਕਰਕੇ ਹੀ ਜੇ ਪਿੰਜਰਾ ਖ਼ੂਬਸੂਰਤ ਹੈ।
ਤਾਂ ਸਮਝੋ ਪੰਛੀਆਂ ਦੀ ਸੋਚਣੀ ਵਿਚ ਵੀ ਸਿਆਸਤ ਹੈ।

ਕਿਸੇ ਦੀ ਮੈਂ ਜ਼ਰੂਰਤ ਹਾਂ,ਕੋਈ ਮੇਰੀ ਜ਼ਰੂਰਤ ਹੈ,
ਜ਼ਰੂਰਤ ਹੀ ਜ਼ਰੂਰਤ ਵਿਚ,ਜ਼ਮਾਨਾ ਖ਼ੂਬਸੂਰਤ ਹੈ।

ਤੁਸੀਂ ਜੇ, ਖ਼ਾਬਾਂ ਵਰਗੇ ਹੋ ਛਲਾਵੇ ਦੇਣ ਦੇ ਆਦੀ,
ਉਂਨੀਦੇ ਰਹਿਣ ਦੀ ਸਾਨੂੰ ਵੀ ਉਮਰਾਂ ਤੋਂ ਮੁਹਾਰਤ ਹੈ।

ਤੁਸੀਂ ਗ਼ਮਲੇ ‘ਚ ਲਾ ਕੇ ਬਿਰਖ਼ ਨੂੰ ਬੌਣਾ ਬਣਾ ਦਿੱਤਾ,
ਤੁਹਾਡੇ ਫ਼ਨ ਤੇ ਪਿੱਪਲ ਦੀ ਬਹੁਤ ਗੁੱਸੇ ਸ਼ਨਾਖ਼ਤ ਹੈ।

ਘਰੋਂ ਤਾਂ ਚੱਲ ਪੈਂਦੇ ਹਾਂ ਬਣਾ ਕੇ ਕਾਫ਼ਿਲੇ ਅਕਸਰ,
ਚੁਰਸਤੇ ਵਿਚ ਮਗ਼ਰ ਸਾਨੂੰ ਸਦਾ ਭਟਕਣ ਦੀ ਆਦਤ ਹੈ।

ਸ਼ਿਕਾਇਤ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣਾ ਪੈਦਾ ,
ਕਿ ਅਜਕੱਲ੍ਹ ਰਿਸ਼ਤਿਆਂ ਵਿਚ ਸ਼ੀਸ਼ਿਆਂ ਵਰਗੀ ਨਜ਼ਾਕਤ ਹੈ।

ਮੁਸਾਫ਼ਿਰ ਰੌਸ਼ਨੀ ਦੇ ਕਰਨਗੇ ਜਿਤ ਦਰਜ ਨ੍ਹੇਰੇ ‘ਤੇ,
ਜਦੋਂ ਤਕ ਸਾਹਮਣੇ ਜੁਗਨੂੰ ਜਿਹੀ ਇਕ ਵੀ ਹਕੀਕਤ ਹੈ।

ਅਸੀਂ ਬੱਚਿਆਂ ਨੂੰ ਪਹਿਲਾਂ ਟੀ.ਵੀ. ਦੇ ਦਰਸ਼ਕ ਬਣਾ ਦਿੱਤਾ,
ਗਿਲੇ ਇਹ ਵੀ ਅਸੀਂ ਕੀਤੇ,ਇਨ੍ਹਾਂ ਨੂੰ ਕੀ ਲਿਆਕਤ ਹੈ।

ਬਣਾਉਂਦਾ ਵੇਖਿਆ ਜਦ ਪਿੰਜਰੇ ਵਿਚ ਆਲ੍ਹਣਾ ਪੰਛੀ,
ਬੜਾ ਕੁਝ ਸੋਚ ਕੇ ਦਿਲ ਨੇ ਕਿਹਾ ,ਇਹ ਵੀ ਹਿਫ਼ਾਜ਼ਤ ਹੈ।

ਸਮੁੰਦਰ ਵੀ ਵਿਕਾਊ ਹੋਣ ਦੀ ਧੁਨ ਵਿਚ ਉਛਲਦੇ ਨੇ,
ਜਦੋਂ ਦੀ ਪਾਣੀਆਂ ਉੱਤੇ ਪਈ ਬੰਦੇ ਦੀ ਸੁਹਬਤ ਹੈ।

****

ਤਪਦੇ ਰਾਹੀਂ ਤੁਰਦੇ-ਤੁਰਦੇ.......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਤਪਦੇ ਰਾਹੀਂ ਤੁਰਦੇ-ਤੁਰਦੇ ਪੈਰੀਂ ਛਾਲੇ ਪੈ ਗਏ ਨੇ।
ਰੁੱਖਾਂ ਵਰਗੇ ਦਿਸਦੇ ਸੀ ਜੋ ਛਾਂਵਾਂ ਖੋਹ ਕੇ ਲੈ ਗਏ ਨੇ।

ਰਹਿਬਰ ਨੇ ਤਾਂ ਧੋਖੇ ਦੇ ਨਾਲ ਪੁੱਠੇ ਰਸਤੇ ਪਾ ਤਾ ਸੀ,
ਭਲਿਆ ਲੋਕਾ ਪਿੱਛੇ ਮੁੜ ਜਾ ਉੱਡਦੇ ਪੰਛੀ ਕਹਿ ਗਏ ਨੇ।

ਮੈਂ ਸੁੱਖਾਂ ਨੂੰ ਜ਼ਰਬਾਂ ਦੇਵਾਂ ਦੁੱਖ ਹੀ ਹਾਸਿਲ ਹੁੰਦੇ ਨੇ,
ਲਗਦਾ ਸਾਰੀ ਦੁਨੀਆ ਦੇ ਦੁੱਖ ਮੇਰੇ ਲਈ ਹੀ ਰਹਿ ਗਏ ਨੇ।

ਫ਼ੁੱਲਾਂ ‘ਚੋਂ ਖੁਸ਼ਬੋਈ ਲੱਭਦੇ ਕੰਡਿਆਂ ਨਾਲ ਪਰੁੰਨੇ ਗਏ,
ਜ਼ਖਮੀ ਭੌਰੇ ਤੜਪ-ਤੜਪ ਕੇ ਅਗਲੀ ਜੂਨੈ ਪੈ ਗਏ ਨੇ।

ਤੂੰ ਤਾਂ ਝੱਲੀਏ ਅੱਖੀਂਓ ਵਗਦੇ ਅੱਥਰੂ ਵੇਖੇ ਹੋਣੇ ਨੇ,
ਤੂੰ ਕੀ ਜਾਣੇ ਖੁਨ ਦੇ ਅੱਥਰੂ ਕਿੰਨੇ ਦਿਲ ‘ਚੋਂ ਵਹਿ ਗਏ ਨੇ।

ਕੱਚੀਆਂ ਨੀਹਾਂ ਉੱਤੇ ਉਸੱਰੇ ਮਹਿਲਾਂ ਕਦ ਤਕ ਰਹਿਣਾ ਸੀ,
ਕੰਧ ਰੇਤ ਦੀ ਕਦੇ ਨਾ ਖੜਦੀ ਸੱਚ ਸਿਆਣੇ ਕਹਿ ਗਏ ਨੇ।

‘ਪੁਰੇਵਾਲ’ ਨੇ ਛੋਟੀ ਉਮਰੇ ਬਹੁਤਾ ਦਰਦ ਸਹੇੜ ਲਿਆ,
ਤਾਂ ਹੀ ਜਿੰਦ ਨਿਮਾਣੀ ਤਾਂਈ ਵੱਡੇ ਕਜ਼ੀਏ ਪੈ ਗਏ ਨੇ।
****

ਧੰਨ ਗੁਰੂ ਨਾਨਕ.......... ਗੀਤ / ਨਿਸ਼ਾਨ ਸਿੰਘ ਰਾਠੌਰ

ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ

ਵਹਿਮਾਂ ਤੇ ਭਰਮਾਂ ਤੋਂ ਦੂਰ ਰਹੋ, ਉਸ ਲੋਕਾਂ ਨੂੰ ਸਮਝਾਇਆ ਏ
ਨੀਵਿਆਂ ਤੇ ਮੰਦੇ ਬੰਦਿਆਂ ਨੂੰ, ਉਸ ਆਪਣੇ ਗਲ੍ਹ ਨਾਲ ਲਾਇਆ ਏ
ਅੱਜ ਮੰਨ ਕੇ ਉਸ ਉਪਕਾਰ ਤਾਈਂ, ਸਿਰ ਸ਼ਰਧਾ ਨਾਲ ਝੁਕਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ

ਬਾਬਰ ਦੀਆਂ ਚੱਕੀਆਂ ਚੱਲ ਪਈਆਂ, ਉਸ ਐਸਾ ਚੱਕਰ ਚਲਾਇਆ ਏ
ਸੱਜਣ ਠੱਗ ਨੂੰ ਬਖਸ਼ੀ ਸਜੱਣਤਾ, ਤੇਰਾ ਅੰਤ ਨਾ ਸਤਿਗੁਰ ਪਾਇਆ ਏ
ਮਲਕ ਭਾਗੋ, ਕੌਡੇ ਤੇ ਸੱਜਣ ਤਾਈਂ, ਚੁੱਕ ਆਪਣੇ ਸੀਨੇ ਲਗਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ

ਕਿਰਤ ਕਰਕੇ ਨਾਮ ਜਪਦੇ ਰਹੋ, ਉਹਨਾਂ ਨਾਰਾ ਇਹੋ ਲਗਾਇਆ ਏ
ਵੰਡ ਕੇ ਛੱਕੋ ਹੁਕਮ ਹੈ ਸਤਿਗੁਰੁ ਦਾ, ਚੰਗੇ ਲੋਕਾਂ ਨੇ ਅਪਣਾਇਆ ਏ
ਝੂਠ ਨਿੰਦਿਆ ਚੋਰੀ ਤੇ ਯਾਰੀ ਤਾਈਂ, ਉਹਨਾਂ ਕੱਢ ਕੇ ਦੂਰ ਭਜਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ

ਮਿਹਨਤ ਦੀ ਦਿੱਤੀ ਮਿਸਾਲ ਹੈ ਨਾਨਕ, ਹੱਲ ਆਪਣੇ ਹੱਥੀਂ ਚਲਾਇਆ ਏ
ਪਿਤਰਾਂ ਨੂੰ ਪਾਣੀ ਕਿਸ ਤਰ੍ਹਾਂ ਜਾਵੇ, ਉਹਨਾਂ ਰਸਤਾ ਅਸਾਨੂੰ ਦਿਖਾਇਆ ਏ
ਜਿਉਂਦੇ ਮਾਂ ਪਿਉ ਦੀ ਤੂੰ ਸੇਵਾ ਕਰ, ਦੱਸ ਮੋਇਆਂ ਨੇ ਕੀ ਫੱਲ ਪਾਇਆ ਏ
ਕੀ ਗੱਲ ਕਹਾਂ ਉਸ ਸਤਿਗੁਰ ਦੀ, ਜਿਸ ਨਿਰਮਲ ਪੰਥ ਚਲਾਇਆ ਏ
ਸੌਦਾ ਕਰਕੇ ਸੱਚ ਤੇ ਧਰਮ ਵਾਲਾ, ਲੰਗਰ ਸਾਧੂਆਂ ਤਾਈਂ ਛਕਾਇਆ ਏ
****

ਫੂਕ .......... ਕਾਵਿ ਵਿਅੰਗ / ਇੰਦਰਜੀਤ ਪੁਰੇਵਾਲ,ਨਿਊਯਾਰਕ

ਛਕਣ ਵਾਲਾ ਚਾਹੀਦਾ ਛਕਾਉਣੀ ਸਾਨੂੰ ਆਉਂਦੀ ਏ।
ਨਿੱਕੀ ਜਿੰਨੀ ਫੂਕ ਵੱਡੇ ਵੱਡੇ ਮੱਲ ਢਾਉਂਦੀ ਏ ।

ਅੱਜਕਲ ਇਸ ਦਾ ਰਿਵਾਜ ਆਮ ਹੋ ਗਿਆ ,
ਸਾਰੀ ਦੁਨੀਆ ਹੀ ਇਹਨੂੰ ਛਕਦੀ ਛਕਾਉਂਦੀ ਏ।

ਕਰਿਓ ਯਕੀਨ ਮੇਰਾ ਇਹ ਵੀ ਇਕ ਕਲਾ ਏ,
ਮਾੜੇ-ਧੀੜੇ ਬੰਦੇ ਤਾਂਈ ਮਾਰਨੀ ਨਾ ਆਉਂਦੀ ਏ।

ਓਨੀ ਕੁ ਛਕਾਓ ਜਿੰਨੀ ਹੱਸ ਕੇ ਕੋਈ ਛਕ ਲਵੇ,
ਵਿੱਤੋਂ ਵੱਧ ਮਾਰੀ ਫੂਕ ਗੱਡੀ ਉਲਟਾਉਂਦੀ ਏ।

ਵੇਖੇ ਮੈਂ ਗੁਬਾਰਿਆਂ ਦੇ ਵਾਂਗ ਕਈ ਫੱਟਦੇ,
ਮਾੜੇ ਮਿਹਦੇ ਵਾਲਿਆਂ ਨੂੰ ਰਾਸ ਨ ਇਹ ਆਉਂਦੀ ਏ।

ਬੜੇ-ਬੜੇ ਖੱਬੀ ਖਾਨ ਮੂਧੇ ਕਰ ਸੁੱਟਦੀ,
ਵੱਡੇ-ਵੱਡੇ ਲੀਡਰਾਂ ਦੀ ਕੁਰਸੀ ਹਿਲਾਉਂਦੀ ਏ।

ਅਫਸਰਾਂ ਦੇ ਕੰਨਾਂ ਵਿਚ ਹੌਲੀ ਜਿਹੀ ਮਾਰਿਆਂ,
ਵਰਿਆਂ ਦੇ ਰੁਕੇ ਕੰਮ ਪਲਾਂ ‘ਚ ਕਰਾਉਂਦੀ ਏ।

ਪਹਿਲੀ ਵਾਰੀ ਛਕਿਆਂ ਘਿਓ ਵਾਂਗੂ ਲੱਗਦੀ,
ਦੇਰ ਬਾਦ ਬੰਦੇ ਦੇ ਧਿਆਣ ਵਿਚ ਆਉਂਦੀ ਏ।

ਚੁਗਲੀ ਤੇ ਨਿੰਦਿਆ ਦੀ ਤੀਜੀ ਵੱਡੀ ਭੈਣ ਏ,
ਕਰ ਦੋਵਾਂ ਨਾਲੋਂ ਕੁਝ ਵੱਖਰਾ ਦਿਖਾਉਂਦੀ ਏ।

ਰੋਟੀ ਅਤੇ ਪਾਣੀ ਵਾਂਗੂ ਸਿਹਤ ਲਈ ਜ਼ਰੂਰੀ ਏ,
ਬਿਨਾ ਛਕੇ ਕਈਆਂ ਨੂੰ ਨਾ ਰਾਤੀਂ ਨੀਂਦ ਆੳਂਦੀ ਏ।

ਅੱਖੀਆਂ ਨੂੰ ਦਿਸਦੀ ਨਾ ਕੋਈ ਰੰਗ ਰੂਪ ਨਾ,
ਹਵਾ ਥਾਣੀ ਲੰਘਕੇ ਤੇ ਕੰਨਾਂ ‘ਚ ਸਮਾਉਂਦੀ ਏ।

‘ਪੁਰੇਵਾਲ’ ਸੱਚੀਂ ਤੈਨੂੰ ਲਿਖਣੇ ਦਾ ਚੱਜ ਨਾ,
ਪਾਠਕਾਂ ਦੀ ਦਿੱਤੀ ਫੂਕ ਕਵਿਤਾ ਲਿਖਾਉਂਦੀ ਏ।

ਬੰਦਾ.......... ਗ਼ਜ਼ਲ / ਅਮਰਜੀਤ ਕੌਰ ਹਿਰਦੇ

ਹੋਇਆ ਅੱਜਕੱਲ ਕਾਫਰ ਬੰਦਾ
ਤਾਂਹੀਓ ਅੱਜਕੱਲ ਵਾਫਰ ਬੰਦਾ ।

ਅਜੇ ਵੀ ਵ‍ੱਸਦਾ ਰੱਬ ਬੰਦਿਆਂ ਵਿਚ,
ਰ‍ੱਬ ਤੋਂ ਹੋਇਆ ਨਾਬਰ ਬੰਦਾ ।

ਸ਼ਬਦ ਤੀਰ ਨਾਲ ਸੁਧਿਰਆ ਬਾਬਰ,
ਗਿਆਨਵਾਨ ਹੋਇਆ ਬਾਬਰ ਬੰਦਾ ।

ਮੋਮਨ ਰਿਹਾ ਮੋਮ ਦਿਲ ਨਾਂਹੀ,
ਹੋਇਆ ਅੱਜਕੱਲ ਜਾਬਰ ਬੰਦਾ ।

ਹਿੰਦੂ, ਮੁਸਲਿਮ, ਸਿੱਖ ਹੋ ਗਿਆ,
ਇਨਸਾਨਾਂ ਤੋਂ ਗਿਆ ਘਾਬਰ ਬੰਦਾ ।

ਗਾਂ, ਸੂਰ ਸੱਭ ਵੱਢ ਕੇ ਖਾ ਗਿਆ,
ਵੱਢਿਆ ਪਿਆ ਬਰਾਬਰ ਬੰਦਾ ।

ਜਹਾਦ ਦੇ ਨਾ ਫਸਾਦ ਕਰਾਉਂਦਾ,
ਬਣਿਆ ਅੱਜ ਜਨਾਵਰ ਬੰਦਾ ।

ਸਾਥ......... ਨਜ਼ਮ/ਕਵਿਤਾ / ਰਾਕੇਸ਼ ਵਰਮਾ

ਮੈਂ
ਤਾਂ ਲੋਚਿਆ ਸੀ
ਸਾਥ ਤੇਰਾ
ਤਬਲੇ ਦੀ ਜੋੜੀ ਵਾਂਗ
ਪਰ
ਤੂੰ ਤਾਂ
ਬਾਂਸੁਰੀ ਬਣ
ਲੱਗ ਗਿਆ
ਗੈਰਾਂ ਦੇ ਬੁੱਲੀਂ

****

ਦੀਵਾਲੀ.......... ਨਜ਼ਮ/ਕਵਿਤਾ / ਸੁਮਿਤ ਟੰਡਨ

ਮੈਂ ਦੀਵਾ ਤੇਰੀਆਂ ਸੱਧਰਾਂ ਦਾ, ਤੂੰ ਚਾਵਾਂ ਭਰੀ ਦੀਵਾਲੀ ਏ
ਮੈਂ ਰੌਣਕ ਤੇਰੇ ਵਿਹੜਿਆਂ ਦੀ, ਤੂੰ ਰੌਸ਼ਨੀ ਭਾਗਾਂ ਵਾਲੀ ਏ

ਇਹ ਬੱਤੀ ਜੋ ਉਮੰਗਾਂ ਦੀ, ਖੁਸ਼ੀਆਂ ਦੇ ਤੇਲ ‘ਚ ਬਾਲੀ ਏ
ਇਹ ਰੌਸ਼ਨੀ ਮੇਲ ਮਿਲਾਪਾਂ ਦੀ, ਇਹ ਰੌਸ਼ਨੀ ਮਿਹਰਾਂ ਵਾਲੀ ਏ
ਇਹ ਚਾਵਾਂ ਭਰੀ ਦੀਵਾਲੀ ਏ... !

ਇਹ ਮਿੱਠੀ ਯਾਦ ਹੈ ਹਾਸੇ ਦੀ, ਲੈ ਚੂਰੀ ਵੰਡ ਪਤਾਸੇ ਦੀ
ਇਹ ਪੂਜਾ ਤੇ ਸਤਿਕਾਰ ਵੀ ਏ, ਇਹ ਦਾਤਾਂ ਵੰਡਣ ਵਾਲੀ ਏ
ਇਹ ਸਾਦਗ਼ੀ ਭਰੀ ਦੀਵਾਲੀ ਏ... !

ਕੁਛ ਵੰਡਦੇ ਅੱਜ ਸੌਗਾਤਾਂ ਨੇ, ਕੁਛ ਮੰਗਦੇ ਪਏ ਖ਼ੈਰਾਤਾਂ ਨੇ
ਇਸ ਜੱਗ ਦੀ ਲੋੜ ਨਿਰਾਲੀ ਏ ਪਰ ਰਾਤ ਰਹਿਮਤਾਂ ਵਾਲੀ ਏ
ਇਹ ਚਾਵਾਂ ਭਰੀ ਦੀਵਾਲੀ ਏ....!

ਇਹ ਰਾਤ ਹੈ ਰੌਣਕ ਮੇਲਿਆਂ ਦੀ, ਸੱਭ ਗੁਰੂਆਂ ਦੀ ਸੱਭ ਚੇਲਿਆਂ ਦੀ
ਇਸ ਰਾਤ ਦੀ ਗੱਲ ਮਤਵਾਲੀ ਏ, ਇਹ ਮੁਹੱਬਤਾਂ ਭਰੀ ਦੀਵਾਲੀ ਏ
ਇਹ ਯਾਦਾਂ ਭਰੀ ਦੀਵਾਲੀ ਏ…॥

ਦਿਵਾਲੀ.......... ਨਜ਼ਮ/ਕਵਿਤਾ / ਸ਼ਮੀ ਜਲੰਧਰੀ

ਇਸ ਵਾਰ ਫਿਰ ਦਿਵਾਲੀ ਤੇ ਸ਼ਹਿਰ ਜਗਮਗਾਇਆ,
ਐਪਰ ਹਾਓਮੈ ਵਿੱਚ ਕਿਸੇ ਦਾ ਦਿਲ ਨਹੀ ਰੁਸ਼ਨਾਇਆ |
ਉਂਝ ਤਾਂ ਉਜਾਲੇ ਦੀ ਕੋਈ ਕਮੀ ਨਹੀ ਸੀ ਰਾਤ ਭਰ ,
ਫਿਰ ਵੀ ਕਈਆਂ ਜੂਏ ਵਿੱਚ ਆਪਣਾ ਆਪ ਲੁਟਾਇਆ |
ਦਾਵਤ ਖਾਂਦੇ- ਖਾਂਦੇ ਲੋਕ ਸੁੱਤੇ ਨਹੀ ਸਾਰੀ ਰਾਤ,
ਸੜਕ ਪਿਆ ਯਤੀਮ ਵੀ ਭੁੱਖ ਨਾਲ ਸੌ ਨਾਂ ਪਾਇਆ |
ਖੁਸ਼ ਹੋ ਗਏ ਭ੍ਰਿਸ਼ਟ ਅਫਸਰ ਕਈ ਨੇਤਾ ਰਿਸ਼ਵਤ ਖੋਰ
ਰਿਸ਼ਵਤ ਨੂੰ ਤੋਹਫਿਆ ਦਾ ਨਕ਼ਾਬ ਜਿਨਾ ਚੜ੍ਹਾਇਆ |
ਗਰੀਬ ਦੀ ਇਸ ਵਾਰ ਵੀ ਹਰ ਖਵਾਹਿਸ਼ ਰਹੀ ਅਧੂਰੀ,
ਦੂਜਿਆ ਦੀ ਆਤਿਸ਼ਬਾਜ਼ੀ ਤੇ ਮਨ ਆਪਣਾ ਪਰਚਾਇਆ |
ਗਲੀ - ਗਲੀ ਵਿੱਚ ਮੈਖਾਨੇ “ ਸ਼ਮੀ “ ਸਾਕੀ ਵੀ ਬੇਸ਼ੁਮਾਰ,
ਫਿਰ ਵੀ ਬਿਨਾ ਮੁਹੱਬਤ ਦੇ ਹਰ ਸਕਸ਼ ਰਿਹਾ ਤਿਹਾਇਆ |

ਕੁਝਨਾ ਨੂੰ ਮਨਫੀ ਕਰਾਂਗੇ.......... ਗ਼ਜ਼ਲ / ਰਾਜਿੰਦਰ ਜਿੰਦ

ਕੁਝਨਾ ਨੂੰ ਮਨਫੀ ਕਰਾਂਗੇ ਕੁਝਨਾ ਨੂੰ ਥੋੜ੍ਹਾ ਗੁਣਾਂਗੇ।
ਬਹੁਤਾ ਰਲਾ ਕੇ ਝੂਠ ਨੂੰ ਕੋਈ ਕਹਾਣੀ ਬੁਣਾਂਗੇ।

ਦੁਸ਼ਮਣਾਂ ਨੂੰ ਕੀ ਪਤਾ ਕੇਹੋ ਜਿਹਾ ਉਹ ਆਦਮੀ,
ਦੋਸਤਾਂ ਤੋਂ ਓਸਦੀ ਕੋਈ ਕਹਾਣੀ ਸੁਣਾਂਗੇ।

ਆਪ ਬੇਸ਼ਕ ਹਰ ਕੋਈ ਹੈ ਪਾਸਕਾਂ ਵਿਚ ਤੁਲ ਰਿਹਾ,
ਓਸ ਨੂੰ ਪਰ ਰੱਤੀਆਂ ਤੇ ਮਾਸਿਆਂ ਵਿਚ ਪੁਣਾਂਗੇ।

ਜੇ ਕਦੇ ਕਿਸੇ ਮੋੜ ‘ਤੇ ਝੂਠ ਤੇ ਸੱਚ ਮਿਲ ਪਏ,
ਥਕ ਗਏ ਹਾਂ ਸੋਚ ਕੇ ਦੋਹਾਂ ਚੋਂ ਕਿਸਨੂੰ ਚੁਣਾਂਗੇ।

ਅੱਜ ਕੱਲ੍ਹ ਤਾਂ ਹਰ ਕੋਈ ਹੀ ਸਾਜਿਸ਼ਾਂ ਵਿਚ ਜੀਅ ਰਿਹਾ,
ਉਸ ਨੂੰ ਕਿਵੇਂ ਉਲਝਾਵਣਾ ਕੋਈ ਜਾਲ ਐਸਾ ਉਣਾਂਗੇ।

‘ਜਿੰਦ’ ਵਰਗੇ ਹੋਰਨਾਂ ਵਿਚ ਐਬ ਹੀ ਤਕਦੇ ਰਹੇ,
ਔਗੁਣਾਂ ਦੇ ਭਰੇ ਕਦ ਸੋਭਾ ਕਿਸੇ ਦੀ ਸੁਣਾਂਗੇ।

****

ਪਿੱਠ ਦੇ ਵਿਚ ਖੋਭਿਆ .......... ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਪਿੱਠ ਦੇ ਵਿਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ।
ਦੁਸ਼ਮਣੀ ਸੋਚਾਂ ‘ਚ ਪਾ ਤੀ ਦੋਸਤੀ ਦੇ ਵਾਰ ਨੇ।

ਦਿਲ ਆਦੀ ਹੋ ਗਿਐ ਨਿੱਤ ਨਵੀਂਆਂ ਚੋਟਾਂ ਖਾਣ ਦਾ,
ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ।

ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ,
ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ ਨੇ।

ਐ ਖੁਦਾ ਜਿੱਥੇ ਵੀ ਹੈਂ ਲੁਕਿਆ ਰਹਿ ਮਹਿਫੂਜ਼ ਏਂ,
ਥੱਲੇ ਨਾ ਆਵੀਂ ਭੁੱਲ ਕੇ ਏਥੇ ਘਰ-ਘਰ ਵਿਚ ਅਵਤਾਰ ਨੇ।

ਉਹ ਕੁਲਹਿਣੀ ਘੜੀ ਮੈਨੂੰ ਅੱਜ ਵੀ ਨਹੀਂ ਭੁੱਲਦੀ,
ਗੈਰ ਦੀ ਬੁੱਕਲ ‘ਚ ਬਹਿ ਕੇ ਤੱਕਿਆ ਜਦ ਯਾਰ ਨੇ।

ਮੈਂ ਰੋਜ਼ ਸੂਲੀ ਚੜ੍ਹ ਰਿਹਾ ਏਨੀ ਸਜ਼ਾ ਹੀ ਬਹੁਤ ਏ,
ਮਰੇ ਨੂੰ ਕੀ ਮਾਰਨਾ ਏ ‘ਪੁਰੇਵਾਲ’ ਨੂੰ ਤਲਵਾਰ ਨੇ।

****

ਹੁਸਨ ਵੀ ਤਾਂ.......... ਗ਼ਜ਼ਲ / ਜਰਨੈਲ ਸਿੰਘ ਨਿਰਮਲ

ਹੁਸਨ ਵੀ ਤਾਂ ਦਿਨ-ਬਦਿਨ ਮਗਰੂਰ ਹੁੰਦਾ ਜਾ ਰਿਹੈ
ਇਸ਼ਕ ਤੋਂ ਬੇਅੰਤ ਕੋਹਾਂ ਦੂਰ ਹੁੰਦਾ ਜਾ ਰਿਹੈ

ਕੌਣ ਦਿੰਦਾ ਹੈ ਬਲੀ ਅੱਜ ਜਿ਼ੰਦਗੀ ਦੀ ਪਿਆਰ ਨੂੰ
ਧੋਖਿਆਂ ਦਾ ਪਿਆਰ ਵਿਚ ਦਸਤੂਰ ਹੁੰਦਾ ਜਾ ਰਿਹੈ

ਕੁਝ ਜ਼ਮਾਨੇ ਦੀ ਹਵਾ ਹੀ ਹੋ ਗਈ ਹੈ ਇਸ ਤਰ੍ਹਾਂ
ਹਰ ਕੋਈ ਚੁੱਪ ਰਹਿਣ ਲਈ ਮਜਬੂਰ ਹੁੰਦਾ ਜਾ ਰਿਹੈ

ਰੌਸ਼ਨੀ ਮੂਸੇ ਨੂੰ ਕਿੱਦਾਂ ਮਿਲੇਗੀ ਕੋਹਤੂਰ ਤੋਂ
ਆਪ ਜਦ ਕਾਲ਼ਾ ਸਿਆਹ ਕੋਹ-ਤੂਰ ਹੁੰਦਾ ਜਾ ਰਿਹੈ

ਪਿਆਰ ਪੂੰਜੀ ਸਾਂਭ ਕੇ ਰੱਖੀ ਨਹੀਂ ‘ਨਿਰਮਲ’ ਰਤਾ
ਨਫ਼ਰਤਾਂ ਦੇ ਨਾਲ਼ ਦਿਲ ਭਰਪੂਰ ਹੁੰਦਾ ਜਾ ਰਿਹੈ

****


ਸੰਮੋਹਨ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਲਿਖਦੇ ਕਾਹਦਾ ਓ
ਸੰਮੋਹਿਤ ਕਰ ਲੈਂਦੇ ਓ
ਅਰਥਾਂ ਦੀਆਂ ਤਹਿਆਂ
ਦੇ ਵਿਚ ਲਹਿ ਜਾਂਦੇ ਹਾਂ…
ਅਸਲੀ ਅਰਥ ਨੂੰ
ਫੜ੍ਹਨ ਤੋਂ
ਫਿਰ ਵੀ ਰਹਿ ਜਾਂਦੇ ਹਾਂ…
ਕਿਤੇ ਕੋਈ ਵਿਸ਼ਰਾਮ ਚਿੰਨ੍ਹ
ਡੰਡੀ-ਵਿਸਮਿਕ ਜਾਂ ਪ੍ਰਸ਼ਨ ਚਿੰਨ੍ਹ ਨਹੀਂ
ਅੱਧੇ ਸ਼ਬਦ- ਅਧੂਰੀਆਂ ਸਤਰਾਂ
ਭਾਵਾਂ ਦੇ ਕੋਲਾਜ ‘ਚ
ਅੱਖ ਚਿਪਕ ਜਾਂਦੀ ਹੈ…
ਅੱਧ ਵਿਚਾਲ਼ੇ ਪੁੱਜਦੇ ਪੁੱਜਦੇ
ਮੁੱਢਲੀ ਕੜੀ ਖਿਸਕ ਜਾਂਦੀ ਹੈ
ਤਿਲਮਿਲਾਂਵਦੇ
ਰਹਿ ਜਾਂਦੇ ਹਾਂ
ਬੱਸ
ਸੰਮੋਹਿਤ ਕਰ ਲੈਂਦੇ ਓ…


ਜਿੱਤ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਸਭ ਤੋਂ ਔਖਾ ਹੁੰਦਾ ਏ
ਕਿਸੇ ਦੀ ਰੂਹ ਨੂੰ ਸਰ ਕਰ ਲੈਣਾ
ਤੇ
ਤੈਨੂੰ ਤਾਂ ਖ਼ੁਦ ਪਤਾ ਨਾ ਲੱਗਿਆ
ਤੂੰ ਇਹ ਕੰਮ ਕਦੋਂ ਕਰ ਲਿਆ



ਆਜ਼ਾਦੀ

ਤੇਰੀ ਕੈਦ ਚੋਂ
ਆਜ਼ਾਦ ਹੋ ਕੇ
ਬਹੁਤ ਉਦਾਸ ਹਾਂ ਮੈਂ
ਇਹ ਕੇਹੀ ਆਜ਼ਾਦੀ ਹੈ
ਨਾ ਤੇਰੇ ਕਰੀਬ
ਨਾ ਆਪਣੇ ਪਾਸ ਹਾਂ ਮੈਂ

ਸੱਚ ਦਾ ਢੋਲ……… ਗ਼ਜ਼ਲ / ਗੋਬਿੰਦ ਰਾਮ ਲਹਿਰੀ

ਸੱਚ ਦਾ ਢੋਲ ਵਜਾਉਂਦਾ ਰਹਿਬਰ
ਝੂਠ ਤੇ ਪਰਦਾ ਪਾਉਂਦਾ ਰਹਿਬਰ

ਚੁੱਪ ਚਾਂਦ ਹੈ ਇਸ ਬਸਤੀ ਵਿਚ
ਲੋਕਾਂ ਨੂੰ ਭੜਕਾਉਂਦੈ ਰਹਿਬਰ

ਬਾਗ਼ ‘ਚ ਪੰਛੀ ਤਾਂ ਰੋਂਦੇ ਹਨ
ਬਾਗ਼ ਨੂੰ ਲਾਂਬੂ ਲਾਉਂਦੈ ਰਹਿਬਰ

ਜਰਬਾਂ ਤੇ ਤਕਸੀਮਾਂ ਦੇ ਵਿਚ
ਸਾਨੂੰ ਕਿਉਂ ਉਲ਼ਝਾਉਂਦੈ ਰਹਿਬਰ

ਪਾਟਕ ਪਾ ਕੇ ਖੂਸ਼ ਹੁੰਦਾ ਹੈ
ਉਤੋਂ ਪਿਆਰ ਜਤਾਉਂਦੈ ਰਹਿਬਰ

ਝੂਠ ਦਾ ਹੋਕਾ ਦਿੰਦੇ ਨੇ ਜੋ
ਉਸਦੇ ਸੋਹਲੇ ਗਾਉਂਦੈ ਰਹਿਬਰ

‘ਲਹਿਰੀ’ ਅਪਣੇ ਮਤਲਬ ਦੇ ਲਈ
ਅਪਣਾ ਸੀਸ ਝੁਕਾਉਂਦੈ ਰਹਿਬਰ

ਮੇਰਾ ਭਾਰਤ.......... ਗੀਤ / ਮਿੰਟਾ ਚਮੇਲੀ

ਘੁੱਗ ਵਸਦੇ ਭਾਰਤ ਦੇਸ਼ ਨੂੰ ਕੋਈ ਨਜ਼ਰ ਹੈ ਲੱਗੀ
ਹਰ ਬੰਦੇ ਦੀ ਕਾਮਨਾ ਉਹ ਮਾਰੇ ਠੱਗੀ
ਜਿੱਥੇ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ,ਮੇਰਾ ਭਾਰਤ ਬੜਾ ਮਹਾਨ

ਅੰਨਦਾਤਾ ਮੇਰੇ ਦੇਸ਼ ਦਾ ਹੈ ਰੁਲ਼ਦਾ ਫਿਰਦਾ
ਜਾਨੋਂ ਪਿਆਰੀਆਂ ਜਿਨਸਾਂ ਦਾ ਅੱਜ ਭਾਅ ਨਾ ਮਿਲਦਾ
ਪਰਵਾਰ ਸਮੇਤ ਖੁਦਕਸੀ਼ਆਂ ਕਰਕੇ ਦੇਵੇ ਜਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਮੇਰਾ ਭਾਰਤ ਬੜਾ ਮਹਾਨ…

ਜਿਥੇ ਨਿੱਕੀ ਵੱਡੀ ਨੌਕਰੀ ਲਈ ਪੈਸੇ ਚੱਲਦੇ
ਮਾਰ ਕੇ ਲੀਡਰ ਠੱਗੀਆਂ ਧਨ ਬਾਹਰ ਘੱਲਦੇ
ਵਾੜ ਖੇਤ ਨੂੰ ਲੱਗ ਪਈ ਏ ਯਾਰੋ ਖਾਣ
ਅਸੀਂ ਕਿਹੜੇ ਮੂੰਹ ਨਾ਼ਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਸੂਰਬੀਰਾਂ ਤੇ ਯੋਧਿਆਂ ਦੀ ਰਾਣੀ ਧਰਤੀ
ਅਣਜੰਮੀਆਂ ਦੀਆਂ ਲਾਸ਼ਾਂ ਨੇ ਅਜ ਗੰਦੀ ਕਰ’ਤੀ
ਜਿਥੇ ਪੁੱਤ ਲਈ ਧੀ ਮਾਰ ਕੇ ਮਾਂ ਸਮਝੇ ਸ਼ਾਨ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਦੇਸ਼ ਮਹਾਨ…

ਜਿਥੇ ‘ਮਿੰਟੇ’ ਵਰਗੇ ਪਾਪੀਆਂ ਦੀ ਕਮੀ ਨਾ ਕੋਈ
ਹੁਣ ਭਾਰ ਝੱਲ ਨਾ ਸਕਦੀ ਮਾਂ ਧਰਤੀ ਰੋਈ
ਜਿਥੇ ਲੱਖਾਂ ਭੁੱਖੇ ਰੋਜ਼ ਹੀ ਰੋਟੀ ਲਈ ਕੁਰਲਾਣ
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…
ਅਸੀਂ ਕਿਹੜੇ ਮੂੰਹ ਨਾਲ਼ ਆਖੀਏ, ਸਾਡਾ ਭਾਰਤ ਬੜਾ ਮਹਾਨ…


ਉਡੀਕ.......... ਨਜ਼ਮ/ਕਵਿਤਾ / ਗੁਰਜੀਤ ਟਹਿਣਾ

ਦਿਲ ਦਾ ਕਮਰਾ ਖਾਤਿਰ ਤੇਰੀ, ਸੱਜਣਾ ਖੂਬ ਸਜਾਇਆ,
ਸਾਉਣ ਮਹੀਨਾ ਲੰਘ ਚੱਲਿਆ, ਪਰ ਤੂੰ ਨਾ ਮੁੜ ਕੇ ਆਇਆ।

ਇੱਕ ਕੰਧ ਤੇ ਪਾ ਦਿੱਤੀ ਮੈਂ ਰੀਝਾਂ ਦੀ ਫੁਲਕਾਰੀ,
ਸੇਜ ਤੇਰੀ ਤੇ ਯਾਦਾਂ ਵਾਲਾ ਅੜਿਆ ਬਾਗ ਵਿਛਾਇਆ।

ਓਸ ਕੰਧ ਤੇ ਟੰਗ ਦਿੱਤੀ ਮੈਂ ਹਿਜ਼ਰ ਤੇਰੇ ਦੀ ਫੋਟੋ,
ਲਿਖ ‘ਵਿਛੋੜਾ’ ਫੱਟੀ ਉੱਤੇ ਬੂਹੇ ਤੇ ਲਟਕਾਇਆ।

ਵਿੱਚ ਤ੍ਰਿੰਝਣਾ ਰਲ ਮਿਲ ਕੁੜੀਆਂ ਪੀਂਘਾਂ ਝੂਟਣ ਆਈਆਂ,
ਪਰ ਮੈਂ ਤੱਤੜੀ ਨੇ ਨਾਂਹੀ ਅੜਿਆ ਕੋਈ ਸ਼ਗਨ ਮਨਾਇਆ।

ਰੋ-ਰੋ ਕੇ ਮਰ ਜਾਵਣ ਲੋਕੀਂ ਆਪਣਾ ਜਦ ਕੋਈ ਮਰ ਜਾਵੇ,
ਦਿਲ ਮਰਿਆ ਤਾਂ ਅੱਖੀਆਂ ਰੋਈਆਂ ਕਿਸੇ ਨਾ ਸੋਗ ਮਨਾਇਆ।

ਆਥਣ ਉੱਗਣ ਕੰਧੀ ਕੌਲੀਂ ਲੱਗ-ਲੱਗ ਕੇ ਮੈਂ ਰੋਵਾਂ,
ਕਰਾਂ ਉਡੀਕਾਂ ਪਰ ਅੱਜ ਤੱਕ ਨਾ ਟਹਿਣੇ ਵਾਲਾ ਆਇਆ।

+91 94782 77772

ਸੱਚ ਦਾ ਸਵਾਲ........ਗ਼ਜ਼ਲ / ਇੰਦਰਜੀਤ ਪੁਰੇਵਾਲ,ਨਿਊਯਾਰਕ

ਰੁੱਖਾਂ ਵਾਂਗੂ ਤੱਤੀਆਂ ਠੰਡੀਆਂ,ਪਿੰਡੇ ਉੱਤੇ ਸਹਿ ਜਾਂਦਾ ਹਾਂ।
ਸੱਜਣ ਮੌਸਮ ਵਾਂਗ ਬਦਲਦੇ,ਵੇਖ ਭੁਚੱਕਾ ਰਹਿ ਜਾਂਦਾ ਹਾਂ।

ਮੇਰੇ ਮਨ ਮਸਤਕ ਦੇ ਅੰਦਰ,ਸੋਚ ਦੇ ਦੰਗਲ ਚਲਦੇ ਰਹਿੰਦੇ,
ਕਈਆਂ ਨੂੰ ਮੈਂ ਢਾਹ ਲੈਂਦਾ ਹਾਂ, ਕਈਆਂ ਕੋਲੋਂ ਢਹਿ ਜਾਂਦਾ ਹਾਂ।

ਧੁੱਪ ਦੇ ਵਾਂਗੂ ਖਿੜਿਆ ਹੋਇਆ ,ਸਿਖਰ ਦੁਪਹਿਰਾ ਰੁੱਸ ਨਾ ਜਾਵੇ,
ਵੇਖ ਕੇ ਸਿਰ ‘ਤੇ ਚੜਿਆ ਬੱਦਲ,ਹਾਉਕਾ ਭਰ ਕੇ ਰਹਿ ਜਾਂਦਾ ਹਾਂ।

ਕੰਨਾਂ ਦੇ ਵਿਚ ਅੱਜ ਵੀ ਉਸਦੇ ਮਿੱਠੇ-ਮਿੱਠੇ ਬੋਲ ਸੁਣੀਂਦੇ,
ਨਾ ਚਾਹ ਕੇ ਵੀ ਬਹੁਤੀ ਵਾਰੀ ਯਾਦਾਂ ਅੰਦਰ ਵਹਿ ਜਾਂਦਾ ਹਾਂ।

ਪੱਕੀ ਗੱਲ ਹੈ ਹੋਰਾਂ ਵਾਂਗੂ ਮੇਰੇ ਵਿਚ ਵੀ ਔਗੁਣ ਹੋਣੈਂ,
ਸਭ ਤੋਂ ਵੱਡਾ ਔਗੁਣ ਮੇਰਾ,ਮੂੰਹ ਤੇ ਸੱਚੀਆਂ ਕਹਿ ਜਾਂਦਾ ਹਾਂ।

ਸੱਚ ਝੂਠ ਨੂੰ ਪੁੱਛਦਾ ਸੀ ਕੱਲ ਸੱਚੋ-ਸੱਚੀ ਦੱਸੀਂ ਮੈਨੂੰ,
ਸੱਚਾ ਹੁੰਦਾ ਹੋਇਆ ਵੀ ਮੈਂ ‘ਕੱਲਾ ਕਾਹਤੋਂ ਰਹਿ ਜਾਂਦਾ ਹਾਂ।

ਜ਼ਿੰਦਗੀ ........ ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ

ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ।
ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ।
ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ,
ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ।
ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ,
ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।
ਸਮਾਂ ਕਿੰਨਾ ਸਿਤਮਗਰ ਹੈ,ਉਹ ਭਾਵੇਂ ਕੋਲ ਹੈ ਮੇਰੇ,
ਮਗਰ ਦੋਵਾਂ ਵਿਚਾਲੇ ਫੇਰ ਵੀ ਦੀਵਾਰ ਲਗਦੀ ਹੈ।
ਅਸਾਂ ਨੂੰ ਜਾਪਦਾ ਹੈ ਹੁਣ ਅਸੀਂ ਜੀਵਾਂਗੇ ਮਰ ਮਰ ਕੇ,
ਅਸਾਂ ਨੂੰ ਜ਼ਿੰਦਗੀ ਆਪਣੀ ਬੜੀ ਦੁਸ਼ਵਾਰ ਲਗਦੀ ਹੈ।
ਨਾ ਮਾਰੂਥਲ ਹੀ ਲਗਦੀ ਹੈ,ਨਾ ਲਗਦੀ ਹੈ ਇਹ ਸਾਗਰ ਹੀ,
ਅਸਾਂ ਨੂੰ ਜ਼ਿੰਦਗੀ ਐ ‘ਜਿੰਦ’ ਇਹਨਾਂ ਵਿਚਕਾਰ ਲਗਦੀ ਹੈ।
ਗੁਜ਼ਾਰੀ ਰਾਤ ਹੈ ਜਿਸ ਨੇ,ਉਸਨੂੰ ਪਹਿਰ ਦੇ ਤੜਕੇ,
ਕਦੇ ਇਹ ਜਿੱਤ ਲਗਦੀ ਹੈ,ਕਦੇ ਇਹ ਹਾਰ ਲਗਦੀ ਹੈ।

****


ਕਨੇਡਾ.......... ਗੀਤ / ਇੰਦਰਜੀਤ ਪੁਰੇਵਾਲ,ਨਿਊਯਾਰਕ

ਸੁਣ ਮਾਂਏ ਮੇਰੀਏ ਸੁਣਾਵਾਂ ਤੈਨੂੰ ਫੋਨ ਉੱਤੇ,
ਕੀ-ਕੀ ਹੱਡ ਬੀਤੀ ਮੇਰੇ ਨਾਲ।
ਬੜੇ ਚਾਵਾਂ ਨਾਲ ਤੂੰ ਕਨੇਡਾ ਜੀਨੂੰ ਤੋਰਿਆ ਸੀ,
ਅੱਜ ਹੋਗੀ ਹਾਲੋਂ ਉਹ ਬੇਹਾਲ।
ਛੇਤੀ ਛੇਤੀ ਧੀ ਮੇਰੀ ਚਲੀ ਜਾਏ ਕਨੇਡਾ,
ਸੁੱਖਾਂ ਸੁੱਖਦੀ ਸੈਂ ਉਦੋਂ ਸੌ-ਸੌ ਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ ਨਸੀਬੋ ਤੇਰੀ,
ਏਥੇ ਪੈਸੇ ਨਾਲ ਸਬ ਨੂੰ ਪਿਆਰ ਅੰਮੀਏ।

ਚੂੜੇ ਵਾਲੇ ਹੱਥਾਂ ਉੱਤੋਂ ਮਹਿੰਦੀ ਨਹੀਂ ਸੀ ਲੱਥੀ ਅਜੇ,
ਆਣ ਕੇ ਨਣਾਨਾਂ ਘੇਰਾ ਪਾ ਲਿਆ।
ਕਹਿਣ ਭਾਬੀ ਤੂੰ ਵੀ ਅੱਜ ਜਾਬ ਤੇ ਹੈ ਜਾਣਾ,
ਮੈਨੂੰ ਕਾਰ ਵਿੱਚ ਨਾਲ ਸੀ ਬਿਠਾ ਲਿਆ।
ਐਮ.ਏ.,ਬੀ.ਐੱਡ ਪਈ ਖੂਹ ਵਿਚ ਮੇਰੀ,
ਬੇਰੀ ਤੋੜਦੀ ਨੂੰ ਘੂਰੇ ਠੇਕੇਦਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ…………।

ਤੇਰੇ ਨਾਲੋਂ ਪੰਜ ਸੱਤ ਸਾਲ ਛੋਟਾ ਹੋਣੈਂ,
ਸਿਹਰੇ ਲਾ ਕੇ ਜਿਹੜਾ ਢੁੱਕਾ ਸਾਡੇ ਘਰ ਨੀ।
ਉਮਰਾਂ ਦਾ ਜੋੜ ਨਾ ਤੂੰ ਵੇਖਿਆ ਨੀ ਮਾਂਏ,
ਬਸ ਵੇਖ ਕੇ ਕਨੇਡਾ ਗਈੳ ਮਰ ਨੀ।
ਸਾਰਾ ਸਿਰ ਚਿੱਟਾ ਸਾਰੀ ਦਾਹੜੀ ਉਦੀ ਚਿੱਟੀ,
ਕਾਲੇ ਕਰ ਲੈਂਦਾ ਬਹਿ ਕੇ ਐਤਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ…………..।

ਸਿਰ ਉੱਤੋਂ ਪਾਣੀ ਹੁਣ ਲੰਘ ਗਿਆ ਮਾਂਏ ,
ਸਾਰੇ ਹੱਦਾਂ ਬੰਨੇ ਗਿਆ ਉਹ ਤੇ ਟੱਪ ਨੀ।
ਅੱਧੀ-ਅੱਧੀ ਰਾਤ ਨੂੰ ਕਲੱਬ ਵਿੱਚੋਂ ਆਉਦਾਂ,
ਆ ਕੇ ਮਾਰਦਾ ਪਹਾੜ ਜਿੱਡੀ ਗੱਪ ਨੀ।
ਅੱਖੀਂ ਵੇਖ ਜ਼ਹਿਰ ਨਹੀਂਓ ਖਾ ਮੈਥੋਂ ਹੁੰਦਾ,
ਗੋਰੀ ਲੈ ਆਉਂਦਾ ਘਰੇ ਕਈ ਵਾਰ ਅੰਮੀਏ।
ਡਾਲਰਾਂ ਦੇ ਭਾਰ ਥੱਲੇ ਦੱਬਗੀ ਨਸੀਬੋ ਤੇਰੀ,
ਏਥੇ ਪੈਸੇ ਨਾਲ ਸਬ ਨੂੰ ਪਿਆਰ ਅੰਮੀਏ।

ਰਹਿਮਤ .......... ਨਜ਼ਮ/ਕਵਿਤਾ / ਸੁਮਿਤ ਟੰਡਨ (ਆਸਟ੍ਰੇਲੀਆ)

ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ, ਅੱਜ ਤਰਦੇ ਤਰਦੇ ਪਾਰ ਹੋਏ
ਕੋਈ ਦੱਸੋ ਮੇਰੀ ਅੰਮੜੀ ਨੂੰ, ਤੇਰੀ ਕਿਰਪਾ ਦੁੱਖ ਸੰਘਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

ਜਦੋਂ ਚੜ੍ਹਿਆ ਪਹਿਲੀ ਪੌੜੀ ਮੈਂ, ਕਈ ਦਿਲ ਵਿੱਚ ਡਰ ਸਵਾਰ ਹੋਏ
ਤੂੰ ਫੜਿਆ ਹੱਥ ਮੇਰਾ ਡਿੱਗਦੇ ਦਾ, ਹਰ ਮੰਜ਼ਿਲ ਜੈ-ਜੈਕਾਰ ਹੋਏ
ਤੇਰੀ ਪੈੜ ‘ਤੇ ਚੱਲ ਕੇ ਅੱਜ ਮੈਂ ਮਾਂ, ਸੱਭ ਸੋਚੇ ਸੁਪਨ ਸਾਕਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ

ਤੇਰੇ ਹੋਸ਼ ਨੇ ਭਰਿਆ ਜੋਸ਼ ਮੇਰਾ, ਜਿਸ ਕਰਕੇ ਇਹ ਉਪਕਾਰ ਹੋਏ
ਮੈਂ ਪੁੱਤ ਕਪੁੱਤ ਹਾਂ ਜਨਮਾਂ ਤੋਂ, ਤੇਰੇ ਦੁੱਧ ਵਿਚ ਨਾ ਹੰਕਾਰ ਹੋਏ
ਮੈਂ ਕਰਜ਼ਦਾਰ ਤੇ ਰਿਣੀ ਤੇਰਾ, ਨਾ ਚਾਹ ਕੇ ਕਰਜ਼ ਉਤਾਰ ਹੋਏ
ਬੱਸ ਹੱਥ ਜੋੜ ਇਹ ਬੰਦਗ਼ੀ ਹੈ, ਨਾਂ ਪੁੱਤਾਂ ‘ਤੇ ਮਾਂ ਭਾਰ ਹੋਏ
ਦਿਲ ਖੁਸ਼ੀਆਂ ਵਿੱਚ ਖੁਸ਼ਵਾਰ ਹੋਏ।

****