ਨਾ ਦੇਖ.......... ਗ਼ਜ਼ਲ / ਕਾਕਾ ਗਿੱਲ

ਨਫਰਤ ਦੀ ਧੂਣੀ ਧੁਖਾਕੇ ਨਾ ਦੇਖ।
ਮੁਹੱਬਤ ਦੀ ਚਿਤਾ ਜਲਾਕੇ ਨਾ ਦੇਖ।

ਰਸ ਚੂਸਦੇ ਭੰਵਰੇ ਨਾਜ਼ੁਕ ਕਲੀਆਂ ਦਾ
ਭੰਵਰਿਆਂ ਦੇ ਨੇੜੇ ਜਾਕੇ ਨਾ ਦੇਖ।

ਭਾਂਬੜ ਬਣਕੇ ਮੱਚ ਜਾਣਗੇ ਅਰਮਾਨ ਤੇਰੇ
ਫ਼ਰੇਬ ਦੀ ਖੇਢ ਰਚਾਕੇ ਨਾ ਦੇਖ।

ਸ਼ੀਸ਼ੇ ਦਾ ਖਿਡਾਉਣਾ ਹੁੰਦਾ ਏ ਦਿਲ
ਬੇਵਫਾਈ ਦਾ ਪੱਥਰ ਚਲਾਕੇ ਨਾ ਦੇਖ।


ਕੀਮਤ ਕੌਣ ਮੁਹੱਬਤ ਦੀ ਦੇ ਸਕਦਾ
ਮੁਹੱਬਤ ਨੂੰ ਨਾ ਨਿਲਾਮ ਕਰਾਕੇ ਨਾ ਦੇਖ।

ਆਸ਼ਿਕ ਤਾਂ ਮਸੀਹੇ ਪਿਆਰ ਦੇ ਹੁੰਦੇ
ਘਿਰਣਾ ਦੀ ਸਲੀਬ ਚੜ੍ਹਾਕੇ ਨਾ ਦੇਖ।

ਪਿਆਰ ਨਾਲ ਪੈਸੇ ਦਾ ਨਹੀਂ ਮੁਕਾਬਲਾ
ਗਰੀਬ ਦਾ ਮਜ਼ਾਕ ਉਡਾਕੇ ਨਾ ਦੇਖ।

****