ਸ਼ਾਇਰ.......... ਗ਼ਜ਼ਲ / ਸੁਹਿੰਦਰ ਬੀਰ

ਹਵਾਵਾਂ ਵਿਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ!
ਦਿਲਾਂ ਨੂੰ ਮੋਕ੍ਹਲਾ ਤੇ ਜੀਣ ਜੋਗਾ ਕਰ ਦਵੀਂ ਸ਼ਾਇਰ!

ਹੱਦਾਂ ਤੇ ਹਾਂ ਵਿਛਾ ਬੈਠੇ, ਅਸੀਂ ਜੋ ਅਗਨ ਇਹ ਤਾਰਾਂ
ਇਨ੍ਹਾਂ ਨੂੰ ਸੀਤ ਕਰਕੇ ਮਹਿਕ ਦੇ ਫੁੱਲ ਧਰ ਦਵੀਂ ਸ਼ਾਇਰ!

ਬਿਗਾਨੀ ਆਸ ਤੇ ਬੈਠੇ ਫੈਲਾ ਕੇ ਝੋਲ ਜੋ ਅਪਣੀ
ਇਨ੍ਹਾਂ ਦੀ ਝੋਲ ਵਿਚ ਵੀ ਰਿਜ਼ਕ ਰਜਵਾਂ ਭਰ ਦਵੀਂ ਸ਼ਾਇਰ!

ਬਹੁਤ ਖ਼ੁਦਗ਼ਰਜ਼ ਹੋਏ ਨੇ, ਅਹਿਲਕਾਰ ਹੁਣ ਜ਼ਮਾਨੇ ਦੇ
ਇਨ੍ਹਾਂ ਦੀ ਅਕਲ ਤੋਂ ਪਰਦੇ, ਉਲਾਂਭੇ ਕਰ ਦਵੀਂ ਸ਼ਾਇਰ!


ਸੜਕ ਤੇ ਰੀਂਘਦੇ ਕੀੜੇ-ਮਕੌੜੇ ਦੀ ਤਰ੍ਹਾਂ ਜਿਹੜੇ
ਉਨ੍ਹਾਂ ਨੂੰ ਆਦਮੀ ਦੀ ਜੂਨ ਦਾ ਵੀ ਵਰ ਦਵੀਂ ਸ਼ਾਇਰ!

ਤਖ਼ਤ ਤੇ ਬੈਠ ਕੇ ਜੋ ਆਪਣੀ ਹੈਂਕੜ ਵਿਖਾਉਂਦੇ ਨੇ
ਉਨ੍ਹਾਂ ਦੀ ਡੁੱਬ ਰਹੇ ਸੂਰਜ ਵਲ ਨਜ਼ਰ ਕਰ ਦਵੀਂ ਸ਼ਾਇਰ!

ਗਏ ਬਨਵਾਸ ਵਿਚ ਜੋ ਯਾਰ ਮੇਰੇ ਦੂਰ ਸਾਗਰ ਤੋਂ
ਉਨ੍ਹਾਂ ਨੂੰ ਵਤਨ ਵਿਚ ਹੀ ਜੀਣ ਦਾ ਅਵਸਰ ਦਵੀਂ ਸ਼ਾਇਰ!

ਪਿਆਰੇ ਬਹੁਤ ਨੇ ਤਾਰੇ, ਹਨੇਰਾ ਹੂੰਝ ਦੇਂਦੇ ਨੇ
ਯੁਗਾਂ ਤਕ ਨੂਰ ਬਰਸਣ ਦਾ ਇਨ੍ਹਾਂ ਨੂੰ ਵਰ ਦਵੀਂ ਸ਼ਾਇਰ!

ਬਹੁਤ ਖੁਸ਼ਕੀ ਮਨਾਂ ਵਿਚ ਆ ਰਹੀ ਹੈ ਦਿਨ-ਬ-ਦਿਨ ਅੱਜ ਕਲ੍ਹ
ਹਵਾ ਵਿਚ ਹੀ ਜ਼ਰਾ-ਮਾਸਾ, ਨਮੀ ਤੂੰ ਭਰ ਦਵੀ ਸ਼ਾਇਰ!

****