ਮੇਰੀ ਮੌਤ ‘ਤੇ ਨਾ ਰੋਇਓ.......... ਗੀਤ / ਸੰਤ ਰਾਮ ਉਦਾਸੀ

ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ

ਮੇਰੀ ਵੀ ਜਿ਼ੰਦਗੀ ਕੀ ? ਇਕ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ਕ ਨਾ ਲਾਇਓ


ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲ਼ੇਗਾ ਸੂਰਜ ਕਣ ਕਣ ਮੇਰਾ ਜਲ਼ਾਇਓ

ਵਲਗਣ ‘ਚ ਕੈਦ ਹੋਣਾ ਮੇਰੇ ਨਹੀਂ ਮੁਆਫਿ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲ਼ਾਇਓ

ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ

ਬਣ ਕੇ ਬਹਾਰ ਮਿਲ.......... ਗ਼ਜ਼ਲ / ਜਸਵਿੰਦਰ

ਮੌਸਮ ਨਾ-ਸਾਜ਼ਗਾਰ ਹੈ ਬਣ ਕੇ ਬਹਾਰ ਮਿਲ
ਹਰ ਪਲ ਹੀ ਸੋਗਵਾਰ ਹੈ ਦਿਲ ਦੇ ਕਰਾਰ ਮਿਲ

ਦਿਲ ਦੇ ਕਵਾੜ ਖੋਲ੍ਹ ਕੇ ਰੱਖੇ ਮੈਂ ਦੇਰ ਤੋਂ
ਤੇਰਾ ਹੀ ਇੰਤਜ਼ਾਰ ਹੈ ਹੁਣ ਵਾਰ ਵਾਰ ਮਿਲ


ਮੇਰੇ ਨਿਮਾਣੇ ਗੀਤ ਦੀ ਤੇਰੇ ਸੁਰਾਂ ਬਗ਼ੈਰ
ਬਸ ਉਮਰ ਘੜੀਆਂ ਚਾਰ ਹੈ ਬਣ ਕੇ ਸਿਤਾਰ ਮਿਲ

ਤੇਰੇ ਹੁੰਗਾਰੇ ਵਾਸਤੇ ਸਤਰਾਂ ਵੈਰਾਗੀਆਂ
ਹਰ ਸ਼ਬਦ ਬੇਕਰਾਰ ਹੈ ਖ਼ਤ ਮਿਲਣਸਾਰ ਮਿਲ

ਸਾਰੇ ਹੀ ਦਰ ਜੇ ਬੰਦ ਨੇ ਬਣ ਕੇ ਹਵਾ ਤੂੰ ਆ
ਰਾਹਾਂ ‘ਚ ਜੇ ਦੀਵਾਰ ਹੈ ਬਾਹਾਂ ਪਸਾਰ ਮਿਲ


ਕਹਿਰ ਗੁਜ਼ਾਰ ਗਿਆ.......... ਗੀਤ / ਰਾਕੇਸ਼ ਵਰਮਾਂ

ਹਾਦਸਿਆਂ ਦੇ ਨਾਲ਼ ਪਰੁੱਚੀ ਜਿ਼ੰਦਗੀ ਵਿਚ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਅੱਖਾਂ ਦਾ ਸੀ ਤੂੰ ਤਾਰਾ ਜਿਹਨਾਂ ਮਾਪਿਆਂ ਦਾ
ਬਣਨਾ ਸੀ ਤੂੰ ਸਹਾਰਾ ਜਿਹਨਾਂ ਬੁਢਾਪਿਆਂ ਦਾ
ਮੋਢੇ ਉਹਨਾਂ ਦੇ ਧਰ ਅਰਥੀ ਦਾ ਭਾਰ ਗਿਆ

ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਹੱਥੀਂ ਬੂਟਾ ਜਿਹੜੇ ਵੀਰਨਾਂ ਲਾਇਆ ਸੀ
ਨਾਲ਼ ਦੰਮਾਂ ਦੇ ਸਿੰਜ ਪਰਵਾਨ ਚੜ੍ਹਾਇਆ ਸੀ
ਛੱਡ ਉਹਨਾਂ ਵੀਰਾਂ ਨੂੰ ਅੱਧ ਵਿਚਕਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਬਾਲ ਭਾਬੀਆਂ ਦੇ ਤੂੰ ਰਿਹਾ ਖਿਡਾਉਂਦਾ ਸੀ
ਚੁੱਕ ਕੰਧੇੜੀ ਪਿੰਡ ਦੀ ਗੇੜੀ ਲਾਉਂਦਾ ਸੀ
ਰੋਂਦੇ ਬਾਲ ਜੋ ਗੋਦੀ ਵਿੱਚੋਂ ਉਤਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਇਕ ਸੋਹਲ ਜਿਹੀ ਮੁਟਿਆਰ ਜੋ ਤੂੰ ਪਰਨਾਈ ਸੀ
ਪਾ ਰੰਗਲਾ ਚੂੜਾ ਲੜ ਤੇਰੇ ਲੱਗ ਆਈ ਸੀ
ਓਸ ਨਾਰ ਨੂੰ ਜਿਉਂਦੇ ਜੀਅ ਤੂੰ ਮਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਤੇਰੇ ਜਾਣ ਦਾ ਸਭ ਨੇ ਸੋਗ ਮਨਾਇਆ ਏ
ਜਿਸ ਖ਼ਬਰ ਸੁਣੀ ਗੱਚ ਉਸ ਦਾ ਭਰ ਆਇਆ ਏ
ਯਾਦ ਕਰੇਂਦੇ ਰੋਂਦੇ ਛੱਡ ਜੋ ਯਾਰ ਗਿਆ
ਤੇਰਾ ਹਾਦਸਾ ਡਾਹਢਾ ਕਹਿਰ ਗੁਜ਼ਾਰ ਗਿਆ

ਤੂੰ ਨਹੀਂ ਹੋਣਾ.......... ਨਜ਼ਮ/ਕਵਿਤਾ / ਦਵਿੰਦਰ ਚੰਦਿਆਣਵੀ

ਕੰਡੇ ਵੀ ਹੋਣੇ
ਦਰਦ ਵੀ ਹੋਣਾ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਫੁੱਲ ਵੀ ਖਿੰਡਣੇ

ਮਹਿਕਾਂ ਵੀ ਹੋਣੀਆਂ
ਦਿਨ ਲੰਘ ਗਏ
ਰੁੱਤਾਂ ਵੀ ਲੰਘਣਗੀਆਂ
ਮੌਸਮ ਆਉਣਗੇ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਜੇਠ ਦੇ ਦੁਪਿਹਰੇ
ਸਿਵਿਆਂ ਦੀ ਅੱਗ ਵਾਂਗ ਬਲਣਗੇ
ਪੋਹ ਦੀਆਂ ਰਾਤਾਂ
ਰੋਮ-ਰੋਮ ਵਿੱਚ ਰਚਣਗੀਆਂ
ਲਮਹਾ-ਲਮਹਾ ਸਤਾਉਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਸਾਵਣ ਦੀਆਂ ਘਟਾਵਾਂ
ਮੌਤ ਦੀ ਬੱਦ੍ਹਲੀ ਬਣਨਗੀਆਂ
ਆਸਾਂ ਦੇ ਦੀਵੇ
ਹਨ੍ਹੇਰੀ ਦੀ ਬੁੱਕਲ ਵਿੱਚ ਸਮਾ ਜਾਣਗੇ
ਕੋਸਿ਼ਸ਼ ਜਾਰੀ ਐ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਮਾਂ ਦੀਆਂ ਸਰਲੀਆਂ
ਪਿਉ ਦੀਆਂ ਧਾਹਾਂ
ਭੈਣਾਂ ਦੀਆਂ ਸਿਸਕੀਆਂ
ਕਦੇ ਨਾ ਖ਼ਤਮ ਹੋਣਗੀਆਂ,
ਰਾਹਾਂ ਤਰਸਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....

ਸਮਸ਼ਾਨ ਚ' ਉਡਦੀ ਰਾਖ਼ ਵਾਂਗ
ਅਕਸ ਗਵਾਚ ਜਾਵੇਗਾ,
ਤੇਰੀ ਸੋਚ
ਤੇਰੀਆਂ ਉਚਾਈਆਂ
ਨਹੀਂ ਭੁੱਲਣਗੀਆਂ
ਭਾਵੇਂ ਮੌਤ ਦੀ ਬੁੱਕਲ
ਵਿੱਚ ਸਮੋ ਜਾਈਏ
ਉਡੀਕ ਰਹੇਗੀ
ਹਰ ਪਲ
ਯਾਦਾਂ ਦੀਆਂ ਨਸਾਂ ਵਿੱਚ
ਰੱਤ ਬਣ ਕੇ
ਬਿਰਹੋਂ ਦਾ ਜ਼ਹਿਰ ਵਗਦਾ ਐ
ਸੋਚਾਂ ਬਲਣਗੀਆਂ
ਪਰ ਅਫ਼ਸੋਸ
ਤੂੰ ਨਹੀਂ ਹੋਣਾ.....


ਵਿਛੜ ਗਿਆਂ ਦੀਆਂ ਯਾਦਾਂ.......... ਗੀਤ / ਸੇਵਕ ਬਰਾੜ ਖੋਖਰ

ਮਾਂ ਨੂੰ ਪੁੱਤ ਦਾ ਦੁੱਖ ਮਾਰਜੇ
ਕਾਲ ਪਏ ਤੋਂ ਭੁੱਖ ਮਾਰਜੇ
ਇਕ ਦਿਨ ਸੱਭ ਨੇ ਤੁਰ ਜਾਣਾ ਚਾਹੇ ਲੱਖ ਕਰੀਏ ਫ਼ਰਿਆਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ


ਜੋਟੀ ਟੁੱਟਦੀ ਯਾਰ ਮਰੇ ਤੋਂ ਕੰਤ ਮਰੇ ਤੋਂ ਚੂੜਾ
ਇਕ ਦੂਜੇ ਬਿਨ ਆਸ਼ਕ ਮਰਦੇ ਪਿਆਰ ਜੇ ਹੋਵੇ ਗੂੜ੍ਹਾ
ਦੰਗਿਆਂ ਦੇ ਵਿਚ ਪਬਲਿਕ ਮਰਦੀ ਹੁੰਦੀਆਂ ਜਦੋਂ ਫ਼ਸਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ

ਭਾਈ ਮਰੇ ਤੋਂ ਤਾਕਤ ਮਰਦੀ ਛਾਂ ਮਰਦੀ ਮਾਂ ਮਰਿਆਂ
ਭੈਣ ਮਰੇ ਤਾਂ ਰੱਖੜੀ ਦਾ ਦਿਨ ਲੰਘਦਾ ਹੌਂਕੇ ਭਰਿਆਂ
ਮਾਪੇ ਮਰ ਜਾਣ ਬਿਨ ਮੋਇਆਂ ਜੇ ਮਾੜੀਆਂ ਹੋਣ ਔਲਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ

ਮਰੇ ਜਵਾਨੀ ਇਸ਼ਕ ਕਰੇ ਤੋਂ ਇਸ਼ਕ ਨੂੰ ਮਾਰੇ ਧੋਖਾ
ਮਾੜੇ ਜੱਟ ਨੂੰ ਵਿਆਜ ਮਾਰਜੇ ਫਸਲ ਨੂੰ ਮਾਰੇ ਸੋਕਾ
ਪਿੰਡ ਖੋਖਰ ਵਿਚ ਸੇਵਕ ਮੰਗਦਾ ਚੰਗੀਆਂ ਰੋਜ਼ ਮੁਰਾਦਾਂ
ਦਿਲ ਮਿਲਿਆਂ ਦੇ ਮੇਲੇ ਏਥੇ ਵਿਛੜ ਗਿਆਂ ਦੀਆਂ ਯਾਦਾਂ



ਤੇਰੇ ਜਾਣ ਮਗਰੋਂ.......... ਗੀਤ / ਸੁਖਚਰਨਜੀਤ ਕੌਰ ਗਿੱਲ

ਅਸੀਂ ਬੁੱਕ ਬੁੱਕ ਰੋਏ ਤੇਰੇ ਜਾਣ ਮਗਰੋਂ
ਵੇ ਹੰਝੂ ਜਾਣ ਨਾ ਲਕੋਏ ਤੇਰੇ ਜਾਣ ਮਗਰੋਂ

ਸਾਡੀ ਪੁੰਨਿਆ ਵੀ ਮੱਸਿਆ ਦੀ ਬਣ ਜਾਂਦੀ ਰਾਤ
ਚੇਤੇ ਕਰਕੇ ਵੇ ਜਾਂਦੀ ਵਾਰੀ ਵਾਲ਼ੀ ਮੁਲਾਕਾਤ
ਬੂਹੇ ਪਲਕਾਂ ਦੇ ਢੋਏ ਤੇਰੇ ਜਾਣ ਮਗਰੋਂ,
ਵੇ ਅਸੀਂ ਬੁੱਕ ਬੁੱਕ ਰੋਏ...............


ਸਾਡੀ ਧੁੱਪ ਵੀ ਉਦਾਸ ਸਾਡੀ ਛਾਂ ਵੀ ਉਦਾਸ
ਹਾਏ ਵੇ! ਬੋਲਦਾ ਬਨੇਰੇ ਉਤੇ ਕਾਂ ਵੀ ਉਦਾਸ
ਟੋਟੇ ਸੱਧਰਾਂ ਦੇ ਹੋਏ ਤੇਰੇ ਜਾਣ ਮਗਰੋਂ,
ਵੇ ਅਸੀਂ ਬੁੱਕ ਬੁੱਕ ਰੋਏ..............

ਬੂਹੇ ਬਾਰੀਆਂ ਵੀ ਪਾਉਂਦੇ ਚੰਨਾ ਤੇਰੀ ਹੀ ਕਹਾਣੀ
ਅੱਖਾਂ ਰੁੰਨੀਆਂ ਵੇ ਰੋਂਦੀਆਂ ਦਾ ਸੁੱਕ ਗਿਆ ਪਾਣੀ
ਅਸੀਂ ਜੀਂਵਦੇ ਨਾ ਮੋਏ ਤੇਰੇ ਜਾਣ ਮਗਰੋਂ
ਵੇ ਅਸੀਂ ਬੁੱਕ ਬੁੱਕ ਰੋਏ ਤੇਰੇ ਜਾਣ ਮਗਰੋਂ
ਵੇ ਹੰਝੂ ਜਾਣ ਨਾ ਲੁਕੋਏ ਤੇਰੇ ਜਾਣ ਮਗਰੋਂ.......

ਤੇਰਾ ਇੰਤਜ਼ਾਰ ਹੈ..... ਗ਼ਜ਼ਲ / ਹਰੀ ਸਿੰਘ ਮੋਹੀ

ਸੁਪਨਾ ਹੈ ਕਿ ਸੱਚ ਹੈ, ਨਾ ਖ਼ਬਰ ਹੈ ਨਾ ਸਾਰ ਹੈ
ਤੂੰ ਸਾਹਮਣੇ ਹੈ ਫਿਰ ਵੀ ਤੇਰਾ ਇੰਤਜ਼ਾਰ ਹੈ

ਆਉਣਾ ਹੈ ਨਾ ਆਏਂਗਾ ਮੈਂ ਸੱਭ ਜਾਣਦਾਂ ਫਿਰ ਵੀ
ਤੇਰੀ ਉਡੀਕ ਰਾਤ ਦਿਨੇ ਬਰਕਰਾਰ ਹੈ


ਮੇਰੇ ਲਈ ਨਾ ਆ ਤੂੰ ਗੁਜ਼ਰ ਕਰ ਲਵਾਂਗਾ ਮੈਂ
ਮੌਸਮ ਤੇਰੇ ਬਗੈ਼ਰ ਬਹੁਤ ਸੋਗਵਾਰ ਹੈ

ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ
ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ

ਮੈਂ ਹੀ ਨਾ ਕਿੱਧਰੇ ਸੋਖ਼ ਲਵਾਂ ਉਸ ਦੇ ਸਾਰੇ ਰੰਗ
ਪੱਲਾ ਬਚਾ ਕੇ ਇਸ ਤਰ੍ਹਾਂ ਗੁਜ਼ਰੀ ਬਹਾਰ ਹੈ


ਨੀਰ ਨੈਣਾਂ ਵਿੱਚ ਰੁਕਦਾ ਨਹੀਂ.......... ਨਜ਼ਮ/ਕਵਿਤਾ / ਦਰਸ਼ਨ ਭੰਵਰਾ

ਇੱਕ ਲਮਹਾ ਏਹੋ ਜਿਹਾ ਗੁਜ਼ਰ ਗਿਆ,
ਮੇਰਾ ਪੱਲ ਵਿੱਚ ਸੱਭ ਕੁੱਝ ਉੱਜੜ ਗਿਆ॥
ਮੇਰੇ ਨੀਰ ਨੈਣਾਂ ਵਿੱਚ ਰੁੱਕਦਾ ਨਹੀਂ,
ਮੇਰਾ ਪੋਟਾ-ਪੋਟਾ ਉੱਧੜ ਗਿਆ॥
ਮੇਰੇ ਨੀਰ ਨੈਣਾਂ..........


ਤੇਰਾ ਸੁਹਣਾ ਮੁੱਖੜਾ ਵੇਖਣ ਨੂੰ,
‘ਇਹ” ਦਰ ਤੇ ਲਾ ਕੇ ਰੱਖੀਆਂ ਨੇ।
ਨਾ ਨੀਂਦਰ ਸਾਨੂੰ ਆਉਂਦੀ ਏ ,
ਇਹ ਭੋਰਾ ਵੀ ਨਾ ਥੱਕੀਆਂ ਨੇ॥
ਅਸੀਂ ਕੀ ਸਮਝਾਈਏ ਇਹਨਾਂ ਨੂੰ,
ਵੇ ਆਉਣ ਨੂੰ ਤੂੰ ਹੀ ਮੁੱਕਰ ਗਿਆ।
ਮੇਰੇ ਨੀਰ ਨੈਂਣਾਂ..........

ਆ ਕਿਧਰੋਂ ਵੀ ਹੁਣ ਆ ਜਾ ਤੂੰ
ਤੈਨੂੰ ਸੀਨੇ ਨਾਲ ਲਗਾ ਲਾਂ ਮੈਂ।
ਗੱਲਾਂ ਦਿਲ ਵਿੱਚ ਜਿੰਨੀਆਂ ਬਚੀਆਂ ਨੇ,
ਇੱਕ ਵਾਰੀ ਬੈਠ ਮੁਕਾ ਲਾਂ ਮੈਂ॥
ਤੇਰਾ ਸਾਥ ਦਿਲੇਰੀ ਦੇਂਦਾ ਸੀ,
ਹੁਣ ਦਿਲ ਮੇਰਾ ਇਹ ਸੁਕੜ ਗਿਆ।
ਮੇਰੇ ਨੀਰ ਨੈਣਾਂ..........

ਪਲ-ਪਲ ਯਾਦ ਸਤਾਵੇ ਤੇਰੀ ,
ਹਰ ਪਲ ਤੇਰੀਆਂ ਸੋਚਾਂ ਨੇ।
ਦਿਲ ਧਾਹਾਂ ਮਾਰ ਕੇ ਰੋਂਦਾ ਏ,
ਇਹ ਗਹਿਰੀਆਂ ਬਹੁਤ ਖਰੋਚਾਂ ਨੇ॥
ਉਹ ਵਕਤ ਭੁਲਾਇਆਂ ਭੁੱਲਦਾ ਨਹੀਂ,
ਤੇਰੇ ਨਾਲ ਵਕਤ ਜੋ ਗੁਜ਼ਰ ਗਿਆ।
ਮੇਰੇ ਨੀਰ ਨੈਣਾਂ..........

ਲੱਖ ਲਾਹਣਤਾਂ ਉਨ੍ਹਾਂ ਸ਼ਰਾਬੀਆਂ ਨੂੰ,
ਜੋ ਏਨਾ ਕਹਿਰ ਗੁਜ਼ਾਰ ਗਏ ।
ਫੁੱਲਾਂ ਜਿਹੀ ਕੋਮਲ ਜਿੰਦਗੀ ਨੂੰ,
ਅਪਣੀ ਗਲਤੀ ਦੀ ਬਲ਼ੀ ਚਾੜ੍ਹ ਗਏ॥
ਭੰਮਰੇ ਨੂੰ ਵਕਤ ਉਹ ਭੁਲਣਾਂ ਨਹੀਂ,
ਤੇਰੇ ਨਾਲ ਜੋ ਹੱਸ ਕੇ ਗੁਜ਼ਰ ਗਿਆ।
ਮੇਰੇ ਨੀਰ ਨੈਣਾਂ..........

ਭੰਮਰਾ ਤਾਂ ਬਿਲਕੁੱਲ ਪਾਸੇ ਸੀ,
ਪਰ ਵਕਤ ਨੇ ਐਸਾ ਮੋੜ ਲਿਆ।
ਤੂੰ ਮਿੱਠੀਆਂ-ਮਿੱਠੀਆਂ ਗੱਲਾਂ ਨਾਲ਼,
ਉਹਨੂੰ ਅਪਣੇ ਨਾਲ਼ ਹੀ ਜੋੜ ਲਿਆ॥
ਉਹ ਬਹੁਤ ਸੁਹਾਣਾ ਪਲ ਸੱਜਣਾ ,
ਪਲ ਵਿੱਚ ਪਤਾ ਨਹੀਂ ਕਿੱਧਰ ਗਿਆ।
ਮੇਰੇ ਨੀਰ ਨੈਣਾਂ ਵਿੱਚ ਰੁੱਕਦਾ ਨਈਂ ,
ਮੇਰਾ ਪੋਟਾ-ਪੋਟਾ ਉੱਧੜ ਗਿਆ..........

ਅੰਮਾਂ ਜਾਏ ਵੀਰ ਬਿਨਾਂ........ ਗੀਤ / ਸੁਖਚਰਨਜੀਤ ਕੌਰ ਗਿੱਲ

ਜਿਹੜਾ ਭਾਈਆਂ ਬਿਨਾਂ ਖ਼ਾਕ ਯਾਰੋ ਛਾਣਦਾ
ਜਿਵੇਂ ਹੁੰਦਾ ਨਾ ਵਜੂਦ ਕੋਈ ਕਮਾਨ ਦਾ,
ਵੇ ਚੱਲਦੇ ਤੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ਜਿਹਾ ਲੱਗਦਾ ਏ,
ਅੰਮਾ ਜਾਏ ਵੀਰ ਬਿਨਾਂ


ਵੀਰਾ ਤੁਰ ਗਿਓਂ ਸੁੰਨਾ ਜੱਗ ਕਰਕੇ
ਦਿਨ ਕੱਟਦਾ ਮੈਂ ਹਉਕੇ ਭਰ ਭਰ ਕੇ
ਜੋਤ ਅੰਮੜੀ ਦੇ ਨੈਣਾਂ ਵਾਲ਼ੀ ਬੁਝ ਗਈ
ਤੇਰੀ ਤਸਵੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ................

ਹੋਈਆਂ ਕੱਠੀਆਂ ਨਾ ਯਾਰਾਂ ਦੀਆਂ ਢਾਣੀਆਂ
ਹੁਣ ਬੀਤੇ ਦੀਆਂ ਬਣੀਆਂ ਕਹਾਣੀਆਂ
ਕਦੇ ਲੱਭਦੇ ਨਾ ਲਾਲ ਗੁਆਚੇ,
ਵੇ ਲਿਖੀ ਤਕਦੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ................

ਹੋਈਆਂ ਤੇਰੇ ਬਿਨਾਂ ਸੁੰਨੀਆਂ ਹਵੇਲੀਆਂ
ਰੋਣ ਖੇਤਾਂ ਵਿਚ ਤੂਤਾਂ ਦੀਆਂ ਗੇਲੀਆਂ
ਸਹੁੰ ਰੱਬ ਦੀ ਲਹੂ ਦੇ ਰੋਵਾਂ ਅੱਥਰੂ,
ਸੁੱਕ ਚੁੱਕੇ ਨੀਰ ਬਿਨਾਂ
ਓ ਚਿੱਟੇ ਚਾਨਣੇ ਹਨੇਰਾ ...............

ਦੀਵੇ.......... ਗ਼ਜ਼ਲ / ਰਾਜਿੰਦਰਜੀਤ

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ

ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ 'ਚ ਉਗਾ ਲਾਂਗੇ ਦੀਵੇ


ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ
ਬਸ ਏਦਾਂ ਅਸੀਂ ਵੀ ਕਹਾਲਾਂਗੇ ਦੀਵੇ

ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ

ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ

 

ਸੁਲਘਦਾ ਸੰਵਾਦ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ ( ਸ਼੍ਰੋਮਣੀ ਕਵੀ )

(ਜਗਿਆਸਾ )

ਗੁਰੂਦੇਵ!
ਮੈਂ ਅਪਣੇ ਡਗਮਗਾਉਂਦੇ ਸਾਏ ਸਮੇਤ
ਤੇਰੀਆਂ ਵਿਸ਼ਾਲ ਚਾਨਣੀਆਂ ਦੇ
ਰੂਬਰੂ ਹੁੰਦੀ ਹਾਂ


ਪੈਰਾਂ ਹੇਠੋਂ ਖੁਰਦੀ ਜਾ ਰਹੀ
ਭੁਰਭੁਰੇ ਵਿਸ਼ਵਾਸਾਂ ਦੀ ਰੇਤ
ਮੈਂ ਮੁੰਤਜਿ਼ਰ ਹਾਂ
ਤੇਰੀ ਮੁੱਠੀ ਵਿਚਲੀ ਚੱਪਾ ਕੁ ਜ਼ਮੀਨ ਦੀ

ਜਦੋਂ ਵੀ ਤੇਰੇ ਸੁੱਚੇ ਬੋਲਾਂ ਨੂੰ
ਸੌਂਫੀਏ ਸਾਹਾਂ ਦੇ ਸਾਜ਼ 'ਤੇ ਗੁਣਗੁਣਾਉਂਦੀ ਹਾਂ
ਤਾਂ ਹਵਾ ਪਿਆਜ਼ੀ ਅਹਿਸਾਸ
ਮਨ ਦੀ ਮਿੱਟੀ 'ਚ
ਪੁੰਗਰਨ ਲੱਗ ਪੈਂਦੇ ਨੇ

ਰੂਹ ਦੀ ਸਰਦਲ 'ਤੇ
ਤੇਰੀ ਆਮਦ ਦਾ ਸੁਲੱਖਣਾ ਪਲ
ਲਕਸ਼ ਬਿੰਦੂ ਹੈ ਮੇਰੇ ਸਕੂਨ ਦਾ
ਤੇਰੀ ਸਹਿਜ ਤੱਕਣੀ
ਤ੍ਰਿਪਤ ਕਰਦੀ ਮਾਰੂਥਲੀ ਔੜਾਂ ਨੂੰ


ਮੈਂ ਤੈਨੂੰ ਪਾਣੀ ਵਾਂਗ
ਰੱਕੜਾਂ 'ਤੇ ਫੈਲਿਆ ਵੇਖਦੀ ਹਾਂ
ਮਹਿਕ ਵਾਂਗ ਫਿ਼ਜ਼ਾ 'ਚ ਘੁਲਿ਼ਆ ਤੱਕਦੀ ਹਾਂ

ਤੂੰ ਆਪਣੀ ਗਿਆਨ ਬਗੀਚੀ ਦੇ
ਦੋ ਫੁੱਲ ਮੇਰੇ ਕਾਸੇ 'ਚ ਪਾ
ਦਮ ਘੁਟਿਆ ਪਿਆ ਹੈ ਸੱਜਰੀ ਮਹਿਕ ਬਿਨਾਂ

ਤੂੰ ਆਪਣੀ ਸੁਲਘਦੀ ਖ਼ਾਮੋਸ਼ੀ ਨੂੰ
ਬੋਲਣ ਲਈ ਆਖ
ਅਨੁਭਵ ਦੇ ਸੂਖਮ ਪਲਾਂ ਦੀ ਕਥਾ ਛੇੜ

ਤੇ ਬਾਤ ਪਾ ਕੋਈ
ਵੇਦਾਂ ਕਤੇਬਾਂ ਤੋਂ ਪਾਰ ਦੀ
ਕਿ ਮੇਰੀ ਰਾਤ ਕਟ ਜਾਵੇ.......

(ਗੁਰੂਦੇਵ )

ਹੇ ਸਖੀ !
ਸੱਚ ਦੀ ਪਰਿਭਾਸ਼ਾ ਨੂੰ
ਲੋੜ ਨਹੀਂ ਸ਼ਬਦ ਜਾਲ਼ ਦੀ
ਤਬਸਰਿਆਂ ਦੀ ਦਿਲਕਸ਼ ਇਬਾਰਤ
ਨਹੀਂ ਹੈ ਜੀਵਨ ਦਾ ਫ਼ਲਸਫ਼ਾ

ਮੁਸਾਫਿ਼ਰ ਇਕੱਲਾ ਨਹੀਂ ਹੁੰਦਾ
ਜੇ ਕੋਈ 'ਬੋਲ ' ਹਮਸਫ਼ਰ ਹੋਵੇ
ਅਰਥਾਂ ਦੇ ਜੰਗਲ ਵਿਚ ਵਿਚਰਦੇ
ਸੁੱਚੇ ਸ਼ਬਦ
ਮਸਤਕਾਂ ਨੂੰ ਚੀਰ ਕੇ ਰਾਹ ਲੱਭਦੇ

ਹਨੇਰਿਆਂ 'ਚ ਕੈਦ ਧੜਕਦੇ ਸਾਏ
ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ
ਅਪਣੇ ਨਕਸ਼ਾਂ 'ਚੋਂ
ਜਗਦੀਆਂ ਕਿਰਨਾਂ ਆਪ ਜਗਾਉਂਦੇ

ਤੂੰ ਮੇਰੇ ਨਾਲ਼ ਨਹੀਂ
ਮੇਰੀ ਬਾਤ ਵਿਚਲੇ
ਕਿਰਦਾਰਾਂ ਨਾਲ਼ ਇਕਸੁਰ ਹੋ

ਅੱਖਾਂ ਮੀਟ ਯਕੀਨ ਕਰੀਂ
ਹਵਾ 'ਚ ਤੈਰਦੇ ਮੇਰੇ ਬੋਲਾਂ 'ਤੇ
ਇਨ੍ਹਾਂ 'ਤੇ ਪੈਰ ਧਰਦੀ
ਚੜ੍ਹ ਜਾਵੀਂ
ਤਲਾਸ਼ ਦੀ ਸਿਖਰਲੀ ਮੰਜਿ਼ਲ 'ਤੇ

ਕੋਈ ਕੋਈ ਸਫ਼ਰ
ਪੈਰਾਂ ਨਾਲ਼ ਨਹੀਂ
ਸਿਰਾਂ ਨਾਲ਼ ਤੈਅ ਕਰੀਦਾ
ਪੈਰਾਂ ਹੇਠਲੇ ਰਾਹਾਂ ਤੋਂ ਪਹਿਲਾਂ
ਸੋਚਾਂ ਵਿਚੋਂ ਸੂਲਾਂ ਚੁਗੀਦੀਆਂ

ਸੱਚ ਦੇ ਕੇਸਰੀ ਫੁੱਲ
ਪੁੰਗਰਦੇ ਨੇ
ਸੂਹੇ ਸੁਫ਼ਨਿਆਂ ਦੀਆਂ ਵਾਦੀਆਂ ਅੰਦਰ
ਜੇ
ਰੂਹ ਦੀ ਪਾਕੀਜ਼ਗੀ ਕੋਲ਼ ਕੋਲ਼ ਹੋਵੇ......


ਬਹੁਤ ਖੂ਼ਬ.......... ਗ਼ਜ਼ਲ / ਜਸਪਾਲ ਘਈ

ਖ਼ੂਨ ਸਿੰਮਦਾ ਹੈ ਤਾਂ ਬਣਦੇ ਨੇ ਇਹ ਅਸ਼ਆਰ, ਬਹੁਤ ਖੂ਼ਬ
ਯਾਨੀ ਚੁਭਿਆ ਹੀ ਰਹੇ ਦਿਲ 'ਚ ਸਦਾ ਖ਼ਾਰ, ਬਹੁਤ ਖ਼ੂਬ

ਅਪਣੇ ਚਿਹਰੇ 'ਚ ਨਜ਼ਰ ਆਇਆ ਜਾਂ ਮੁਜਰਮ ਤਾਂ ਗਏ ਚੌਂਕ
ਹੁਣ ਕਟਹਿਰਾ ਹੈ, ਤੇ ਸ਼ੀਸ਼ੇ ਨੇ ਗੁਨਾਹਗਾਰ, ਬਹੁਤ ਖ਼ੂਬ


ਜਿਸ ਨੇ ਪੰਜ ਸਾਲ ਨ ਪਾਈ ਮਿਰੇ ਕਾਸੇ 'ਚ ਕਦੇ ਖ਼ੈਰ
ਉਹ ਮੇਰੇ ਦਰ 'ਤੇ ਖੜ੍ਹੈ ਬਣ ਕੇ ਤਲਬਗਾਰ, ਬਹੁਤ ਖੂ਼ਬ

ਜੋ ਖ਼ੁਦਾ ਨੇ ਸੀ ਅਤਾ ਕੀਤੇ ਗੁਜ਼ਰ ਹੀ ਗਏ ਦਿਨ ਚਾਰ
ਬੇਕਰਾਰੀ 'ਚ ਕਟੇ ਭਾਵੇਂ, ਕਟੇ ਯਾਰ, ਬਹੁਤ ਖੂਬ

ਨਜ਼ਮ ਅੰਦਰ ਵੀ ਤਲਾਸ਼ੇ, ਤੇ ਗ਼ਜ਼ਲ ਵਿਚ ਵੀ ਕਰੀ ਭਾਲ਼
ਅਰਥ ਲਫ਼ਜ਼ਾਂ ਦੇ ਮਿਲੇ ਆਰ ਕਦੇ ਪਾਰ, ਬਹੁਤ ਖੂ਼ਬ

ਦਾਦ ਮਿਲਦੀ ਤਾਂ ਹੈ, ਲੇਕਿਨ ਕਦੇ ਏਦਾਂ ਵੀ ਮਿਲੇ ਦਾਦ
ਸਿ਼ਅਰ ਖੁ਼ਦ ਉਠ ਕੇ ਪੁਕਾਰਨ ਕਿ ਐ ਫ਼ਨਕਾਰ, ਬਹੁਤ ਖੂ਼ਬ
 

ਹੋਰਾਂ ਲਈ ਨੇ.......... ਗ਼ਜ਼ਲ / ਜਸਵਿੰਦਰ

ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ
ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ

ਤੇਰੇ ਸ਼ਹਿਰ ਦੇ ਬਾਣੀਏ ਲੈ ਗਏ ਉਧਾਲ਼ ਕੇ
ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ


ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ
ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ

ਹਾਲੇ ਵੀ ਸਦੀਆਂ ਬਾਅਦ ਹੈ ਕੰਬਦੀ ਦਰੋਪਤੀ
ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇ਼ਰੀਆਂ

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਲ੍ਹਣੇ
ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ
ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ
ਮਾਈ ਨੇ ਬਹਿ ਕੇ ਚੰਨ ‘ਤੇ ਕਿਰਨਾਂ ਅਟੇਰੀਆਂ


 

ਚੋਣਵੇਂ ਸਿ਼ਅਰ..........ਸਿ਼ਅਰ / ਰਣਬੀਰ ਕੌਰ

ਜ਼ਹਿਰ ਦਾ ਪਿਆਲਾ ਮੇਰੇ ਹੋਠਾਂ 'ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ
--ਸੁਰਜੀਤ ਪਾਤਰ

ਮੈਂ ਵਿਕ ਜਾਣਾ ਸੀ ਹੁਣ ਤਕ ਹੋਰ ਕਈਆਂ ਵਾਂਗਰਾਂ ਯਾਰੋ

ਮੇਰੀ ਅਪਣੀ ਖ਼ੁਦੀ ਨੇ ਮੈਨੂੰ ਸਸਤਾ ਹੋਣ ਨਾ ਦਿੱਤਾ
--ਸੁਨੀਲ ਚੰਦਿਆਣਵੀ

ਕਿਧਰ ਗਏ ਓ ਪੁੱਤਰੋ ਦਲਾਲਾਂ ਦੇ ਆਖੇ
ਮਰਨ ਲਈ ਕਿਤੇ ਦੂਰ ਮਾਂਵਾਂ ਤੋਂ ਚੋਰੀ
ਕਿਸੇ ਹੋਰ ਧਰਤੀ 'ਤੇ ਵਰ੍ਹਦਾ ਰਿਹਾ ਮੈਂ
ਤੇਰੇ ਧੁਖਦੇ ਖ਼ਾਬਾਂ ਤੇ ਚਾਵਾਂ ਤੋਂ ਚੋਰੀ
--ਸੁਰਜੀਤ ਪਾਤਰ

ਕੋਈ ਰੀਝ ਸੀਨੇ 'ਚ ਦਬ ਗਈ ਕੋਈ ਖ਼ਾਬ ਅੱਖਾਂ 'ਚ ਮਰ ਗਿਆ
ਤੇਰੀ ਬੇਰੁਖ਼ੀ ਨੂੰ ਖ਼ਬਰ ਨਹੀਂ ਮੇਰੇ ਦਿਲ 'ਤੇ ਕੀ ਕੀ ਗੁਜ਼ਰ ਗਿਆ
ਮੇਰੇ ਦੋਸਤਾਂ ਨੇ ਕਦਮ ਕਦਮ ਮੇਰੀ ਸੋਚਣੀ ਨੂੰ ਕੁਰੇਦਿਆ
ਮੈਂ ਸੰਭਲ ਗਿਆ, ਮੈਂ ਬਦਲ ਗਿਆ, ਮੈਂ ਸੰਵਰ ਗਿਆ, ਮੈਂ ਨਿਖ਼ਰ ਗਿਆ
--ਐੱਸ ਨਸੀਮ

ਦੁਨੀਆਦਾਰੀ ਇੰਜ ਪਰਚਾਇਆ,ਹੇਜ ਰਿਹਾ ਨਾ ਅੰਬਰ ਦਾ
ਦਰ ਖੁੱਲ੍ਹਾ ਹੈ ਪਰ ਵੀ ਨੇ ਪਰ ਸੀਨੇ ਵਿਚ ਪਰਵਾਜ਼ ਨਹੀਂ
--ਅਮਰੀਕ ਪੂੰਨੀ

ਜੇ ਤੁਰਨਾ ਸੱਚ ਦੇ ਰਸਤੇ ਤਾਂ ਇਹਦੇ ਹਰ ਪੜਾ ਉੱਤੇ
ਕਦੇ 'ਚਮਕੌਰ' ਆਏਗਾ ਕਦੇ 'ਸਰਹੰਦ' ਆਏਗਾ
--ਅਮਰਜੀਤ ਕੌਰ ਨਾਜ਼

ਅੱਥਰੂ ਹਰ ਅੱਖ ਦੇ ਕਰ ਕਰ ਇਕੱਤਰ ਦੋਸਤੋ
ਬਣ ਗਿਆ ਹੈ ਮੇਰਾ ਦਿਲ ਗ਼ਮ ਦਾ ਸਮੁੰਦਰ ਦੋਸਤੋ

ਰੰਗ, ਖੁਸ਼ਬੂ,ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ
--ਅਜਾਇਬ ਚਿੱਤਰਕਾਰ

ਪਿੰਡ ਦੀਆਂ ਗਲ਼ੀਆਂ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ

ਮੇਰੇ ਪਿੰਡ ਕਾਸਮਭੱਟੀ
ਜਿਲ੍ਹਾ ਫਰੀਦਕੋਟ ਦਾ
ਸੂਰਘੁਰੀ ਦੇ ਰਾਹ ਤੇ ਪੈਂਦਾ ਛੱਪੜ
ਛੋਟਾ ਜਿਹਾ

ਵਿੱਚ ਤੈਰਦੀਆਂ ਮੱਝਾਂ, ਗਾਵਾਂ
ਨਾਲ਼ ਉਹਨਾਂ ਦੇ ਕਟਰੂ
ਕੁਝ ਛੋਟੇ
ਕੁਝ ਵੱਡੇ
ਉਹਨਾਂ ਦੀਆਂ ਪਿੱਠਾਂ ਤੇ ਬੈਠੇ ਨਿਆਣੇ
ਮਲ਼-ਮਲ਼ ਨੁਹਾਉਂਦੇ
ਝੂਟੇ ਲੈਂਦੇ
ਕੈਨੇਡਾ ਦੀ “ਮਰਸਰੀ” ਸਮਝਦੇ
ਮੱਝਾਂ ਨੂੰ, ਗਾਵਾਂ ਨੂੰ
ਮੁਸ਼ਕ ਪਿਆ ਪੈਂਦਾ ਗੋਬਰ ਦਾ
ਸੜਕ ਤੱਕ ਚਿੱਕੜ ਛੱਪੜ ਦਾ
ਜਦ ਉਹ ਛੱਪੜ ਵਿੱਚੋਂ ਨਿਕਲਦੀਆਂ
ਕਾਲੀਆਂ ਸ਼ਾਹ
ਕੁੰਢੇ ਸਿੰਗ
ਦਗ਼-ਦਗ਼ ਕਰਦੇ ਪਿੰਡੇ
ਘਰ ਵੱਲ ਚਲਦੀਆਂ
ਤਾਜ਼ਾ ਦੁੱਧ, ਖੂਬ ਮੱਖਣ ਤੇ ਘਿਓ
ਪਿੰਡ ਦੇ ਸੂਏ ਤੱਕ ਲੰਬੀ ਰੇਸ
ਕੱਲਿਆਂ ਹੀ
ਉਤਸ਼ਾਹ ਜਿੰਦਗੀ ਦਾ
ਕੱਚੇ ਕੋਠਿਆਂ ਵਿੱਚ ਵੀ ਬਰਕਰਾਰ
***
ਫਰੀਦਕੋਟ ‘ਚ
ਏਅਰ ਕੰਡੀਸ਼ਨਰ ਦਫ਼ਤਰ ‘ਚ
ਆਪਣੀ ਗੋਗੜ ਤੇ ਹੱਥ ਫਿਰਾ ਰਿਹਾ
ਰਾਤ ਦੀ ਬਦਹਜ਼ਮੀ
ਸਵੇਰੇ ਦਫ਼ਤਰ ਤੋਂ ਲੇਟ
ਮੇਜ਼ ਤੇ ਪਈਆਂ ਦਵਾਈਆਂ
ਨਿਰੀ ਮਿੱਟੀ
ਨਿਰੀ ਧੂੜ
ਧੂੜ ਸਾਫ਼ ਹੋਣ ਦੀ ਉਡੀਕ ‘ਚ
ਬਾਹਰ ਖੜ੍ਹਾ ਨੀਲਾ ਮੋਟਰਸਾਈਕਲ
ਟੈਂਸ਼ਨ
ਕੰਮ-ਕਾਜ ਦੀ
ਬੱਚਿਆਂ ਦੀ ਪੜ੍ਹਾਈ ਦੀ
ਦੁਪਹਿਰੇ, ਰਾਤੀਂ ਖੁਸ਼ਕ ਰੋਟੀ
ਤੇ ਮੁੜਕੇ
ਨੀਂਦ ਦੀਆਂ ਗੋਲੀਆਂ
ਮਨ ਕਿਉਂ ਨਾ ਲੋਚੇ
“ਕਾਸਮਭੱਟੀ” ਦੀਆਂ ਗਲੀਆਂ ?
***
ਬਾਰੀ ‘ਚੋਂ ਬਾਹਰ ਦੇਖ ਰਿਹਾ
ਲਾਲ ਰੰਗ ਦੀ ‘ਫੋਰਡ’ ਕਾਰ
ਬਾਰੀ ਇੱਕ ਕਮਰੇ ਦੀ
ਹੈ ਆਸਟ੍ਰੇਲੀਆ ਦੇ ਸ਼ਹਿਰ ਦੀ
ਪਰ ਜਾਪੇ ਪੰਜਾਬ ‘ਚ
ਕਿਸੇ ਖੇਤ ‘ਚ ਮੋਟਰ ਕਮਰੇ ਦੀ
ਸੱਤ ਜਣੇ ਫਸੇ ਪਏ ਇੱਕ ਦੂਜੇ ‘ਚ
ਕੀ ਇਹ ਨੇ ਵਿਦੇਸ਼ੀ ਭਈਏ ?
ਕਿੰਨੇ ਕੁ ਦੁੱਖ ਹੋਰ ਸਹੀਏ ?
ਹੁਣ ਨਾ ਪੇਟ ਗੈਸ
ਤੇ ਨਾ ਬਦਹਜ਼ਮੀ
ਸਭ ਚੁੱਕ ਦਿੱਤੀ ਮਜ਼ਦੂਰੀ ਨੇ
ਬੇਬਸੀ ਤੇ ਮਜ਼ਬੂਰੀ ਨੇ
ਭੁੱਲ ਗਏ ਕੰਪਿਊਟਰ
ਤੇ ਭੁੱਲੇ ਖਾਤੇ-ਵਹੀਆਂ
ਹੱਥ ‘ਚ ਆ ਗਈਆਂ ਰੰਬੇ-ਕਹੀਆਂ
ਕਦੇ ਰੋਟੀਆਂ ਕੱਚੀਆਂ
ਤੇ ਕਦੇ ਜਲੀਆਂ
ਮਨ ਕਿਉਂ ਨਾ ਲੋਚੇ
“ਫਰੀਦਕੋਟ” ਦੀਆਂ ਗਲੀਆਂ ?

ਫ਼ਾਸਲਾ.......... ਗ਼ਜ਼ਲ / ਜਸਪਾਲ ਘਈ

ਵਧ ਗਿਆ ਹੈ ਬਸ ਮਨਾਂ ਤੇ ਚਿਹਰਿਆਂ ਦਾ ਫ਼ਾਸਲਾ
ਉਂਝ ਤਾਂ ਕੁਝ ਵੀ ਨਹੀਂ ਆਪਣੇ ਘਰਾਂ ਦਾ ਫ਼ਾਸਲਾ

ਬੇਵਿਸਾਹੀ ਮੇਰਿਆਂ ਖੰਭਾਂ ਨੂੰ ਇਕ ਦੂਜੇ 'ਤੇ ਹੈ
ਖ਼ਾਬ ਹੀ ਰਹਿਣੈ ਮੇਰੇ ਲਈ ਅੰਬਰਾਂ ਦਾ ਫ਼ਾਸਲਾ


ਫੁੱਲ ਨੇ ਬਾਹਰ ਤੇ ਅੰਦਰ ਜ਼ਰਦ ਪੱਤੇ ਖੜਕਦੇ
ਉਫ਼, ਇਹ ਦੁਨੀਆਂ , ਤੇ ਮਨ ਦੇ ਮੌਸਮਾਂ ਦਾ ਫ਼ਾਸਲਾ

ਮੇਰੇ ਇਕ ਅੱਥਰੂ ਦੇ ਅੰਦਰ ਹੀ ਸਿਮਟ ਕੇ ਰਹਿ ਗਿਆ
ਇਸ ਮਹਾਂਨਗਰੀ ਤੋਂ ਉਸ ਮੇਰੇ ਗਰਾਂ ਦਾ ਫ਼ਾਸਲਾ

ਹਰ ਕਿਸੇ ਸਰਗਮ ਨੇ ਗੁੰਮ ਜਾਣੈ ਇਵੇਂ ਹੀ ਸ਼ੋਰ ਵਿਚ
ਜੇ ਰਿਹਾ ਕਾਇਮ ਸਿਰਾਂ 'ਤੇ ਕਲਗੀਆਂ ਦਾ ਫ਼ਾਸਲਾ

ਦਿਸਦੇ ਅਣਦਿਸਦੇ ਹਜ਼ਾਰਾਂ ਪਿੰਜਰਿਆਂ 'ਚੋਂ ਗੁਜ਼ਰਦੈ
ਤੇਰੇ ਅਸਮਾਨਾਂ ਦਾ ਤੇ ਮੇਰੇ ਪਰਾਂ ਦਾ ਫ਼ਾਸਲਾ

ਜਸ਼ਨ ਦੇ ਏਹਨਾਂ ਚਿਰਾਗਾਂ ਵਿਚ ਲਹੂ ਮੇਰਾ ਭਰੋ
ਕੁਝ ਘਟੇ ਇਸ ਲੋਅ ਦਾ ਨ੍ਹੇਰੇ ਘਰਾਂ ਦਾ ਫ਼ਾਸਲਾ
 

ਤੁਰਨ ਦਾ ਹੌਸਲਾ.......... ਗ਼ਜ਼ਲ / ਰਾਜਿੰਦਰਜੀਤ

ਤੁਰਨ ਦਾ ਹੌਸਲਾ ਤਾਂ ਪੱਥਰਾਂ 'ਤੇ ਪੈਰ ਧਰਦਾ ਹੈ
ਬਦਨ ਸ਼ੀਸ਼ੇ ਦਾ ਪਰ ਹਾਲੇ ਤਿੜਕ ਜਾਵਣ ਤੋਂ ਡਰਦਾ ਹੈ

ਕਿਤੇ ਕੁਝ ਧੜਕਦਾ ਹੈ ਜਿ਼ੰਦਗੀ ਦੀ ਤਾਲ 'ਤੇ ਹੁਣ ਵੀ
ਕਿਤੇ ਕੁਝ ਔੜ ਦੇ ਸੀਨੇ ਦੇ ਉੱਤੇ ਸ਼ਾਂਤ ਵਰ੍ਹਦਾ ਹੈ


ਅਜੇ ਤਾਈਂ ਵੀ ਮੇਰੇ ਰਾਮ ਦਾ ਬਣਵਾਸ ਨਾ ਮੁੱਕਿਆ
ਮੇਰੇ ਅੰਦਰਲਾ ਰਾਵਣ ਰੋਜ਼ ਹੀ ਸੜਦਾ ਤੇ ਮਰਦਾ ਹੈ

ਕਿਸੇ ਵੀ ਘਰ ਦੀਆਂ ਨੀਹਾਂ 'ਚ ਉਹ ਤਾਹੀਓਂ ਨਹੀਂ ਲੱਗਦਾ
ਉਹ ਪੱਥਰ ਆਪਣੇ ਹੀ ਸੇਕ ਸੰਗ ਪਿਘਲਣ ਤੋਂ ਡਰਦਾ ਹੈ

ਜਦੋਂ ਵੀ ਤੁਰਦਿਆਂ ਅਕਸਰ ਮੈਂ ਠੋਕਰ ਖਾ ਕੇ ਡਿਗਦਾ ਹਾਂ
ਮੇਰਾ ਆਪਾ ਮੇਰੀ ਨੀਅਤ ਦੇ ਸਿਰ ਇਲਜ਼ਾਮ ਧਰਦਾ ਹੈ

ਅਜੇ ਤੱਕ ਵੀ ਇਹਨਾਂ ਦੀ ਹੋਂਦ ਤੇ ਔਕਾਤ ਹੈ ਵੱਖਰੀ
ਅਜੇ ਚਾਨਣ ਤੇ ਨ੍ਹੇਰੇ ਵਿੱਚ ਕੋਈ ਬਾਰੀਕ ਪਰਦਾ ਹੈ
 

ਮੈਂ ਨਾ ਤੈਨੂੰ ਜਾਣਿਆ.......... ਗ਼ਜ਼ਲ / ਸੁਨੀਲ ਚੰਦਿਆਣਵੀ

ਮੈਂ ਨਾ ਤੈਨੂੰ ਜਾਣਿਆ ਬੇਸਮਝ ਸਾਂ ਜਰਵਾਣਿਆ
ਤੂੰ ਬਹਾਰਾਂ ਮਾਣੀਆਂ ਵੇ ਪੰਛੀਆ ਉਡ ਜਾਣਿਆ

ਤੋੜਦਾ ਅੰਬਰੋਂ ਤੂੰ ਤਾਰੇ ਤੋੜ 'ਤਾ ਤਾਰੇ ਦੇ ਵਾਂਗ
ਕਿੰਜ ਮੈਂ ਗਾਵਾਂ ਮੈਂ ਤੈਨੂੰ ਦਰਦ ਭਰਿਆ ਗਾਣਿਆ


ਮੈਂ ਸ਼ਮਾਂ ਸਾਂ, ਮੈਂ ਸਾਂ ਸੂਰਜ, ਚੰਦ ਤਾਰੇ ਸਾਂ ਉਦੋਂ
ਹੁਣ ਕੀ ਤੇਰੀ ਨਜ਼ਰ 'ਤੇ ਪਰਦਾ ਪਿਆ ਡੁੱਬ ਜਾਣਿਆ

ਤੂੰ ਸੈਂ ਦੱਸਦਾ ਮਾਰੂਥਲ ਵਿਚ ਮੈਨੂੰ ਇਕ ਵਗਦੀ ਨਦੀ
ਤੂੰ ਨਦੀ ਦੀ ਸਾਗਰਾਂ ਲਈ ਤੜਪ ਨੂੰ ਨਾ ਜਾਣਿਆ

ਮੈਂ ਨਦੀ ਦੇ ਵਾਂਗਰਾਂ ਤਾਘਾਂ 'ਚ ਕੰਢੇ ਖੋਰ 'ਤੇ
ਤੂੰ ਨਾ ਰੁੱਖਾ ਗੌਲਿ਼ਆ ਮੈਂ ਕਿੰਨਾ ਰੇਤਾ ਛਾਣਿਆ

 

ਮੰਗ ਕੁਝ.......... ਗ਼ਜ਼ਲ / ਹਰਦਿਆਲ ਸਾਗਰ

ਮੰਗ ਕੁਝ ਰਾਜੇ ਨੇ ਰੁੱਖ ਨੂੰ ਦੂਰ ਹੋ ਕੇ ਆਖਿਆ
ਧੁੱਪ ਸੀ, ਫਿਰ ਉਸ ਦੀ ਹੀ ਛਾਂ ਵਿਚ ਖਲੋ ਕੇ ਆਖਿਆ

ਬਹੁਤ ਮੈਲੈ਼ ਰਸਤਿਆਂ ਰਾਹੀਂ ਤੂੰ ਕੀਤਾ ਹੈ ਸਫ਼ਰ
ਇਕ ਸਮੁੰਦਰ ਨੇ ਨਦੀ ਦੇ ਪੈਰ ਧੋ ਕੇ ਆਖਿਆ


ਕੁਝ ਹਨ੍ਹੇਰਾ ਹੋਣ ਦੇ, ਥੱਕੇ ਮੁਸਾਫਿਰ ਸੌਣ ਦੇ
ਮੈਂ ਉਦ੍ਹੇ ਚਿਹਰੇ ਨੂੰ ਹੱਥਾਂ ਵਿਚ ਲੁਕੋ ਕੇ ਆਖਿਆ

ਹੁਣ ਤੇਰਾ ਪੈਗ਼ਾਮ ਕਿਉਂ ਹੁੰਦਾ ਹੈ ਜਾਂਦਾ ਮੁਖ਼ਤਸਰ
ਇਸ਼ਕ ਨੇ ਖੰਜਰ ਮੇਰੇ ਦਿਲ ਵਿਚ ਡੁਬੋ ਕੇ ਆਖਿਆ

ਰੱਬ ਦੇ ਦਿੱਤਾ ਮੈਂ ਬੱਚੇ ਨੂੰ ਮਨਾਵਣ ਦੇ ਲਈ
'ਇਹ ਨਹੀਂ ਮੇਰਾ ਖਿਡੌਣਾ' ਉਸ ਨੇ ਰੋ ਕੇ ਆਖਿਆ
 

ਦਿਲ ਦੀ ਗਹਿਰਾਈ.......... ਗ਼ਜ਼ਲ / ਬੂਟਾ ਸਿੰਘ ਚੌਹਾਨ

ਪਹਿਲਾਂ ਮੈਨੂੰ ਮੇਰੇ ਦਿਲ ਦੀ ਗਹਿਰਾਈ ਤੱਕ ਜਾਣ
ਫੇਰ ਤੂੰ ਕੋਈ ਫਤਵਾ ਦੇਈਂ, ਫੇਰ ਤੂੰ ਦੇਈਂ ਮਾਣ

ਖਾਲੀ ਅੰਬਰ, ਖੁਰਦੇ ਕੰਢੇ, ਪੌਣ 'ਚ ਉਡਦੀ ਰੇਤਾ
ਇਹਨਾਂ ਦੀ ਪਹਿਚਾਣ ਅਸੀਂ ਹਾਂ, ਇਹ ਸਾਡੀ ਪਹਿਚਾਣ


ਉਹਨਾਂ ਲਈ ਤਲਵਾਰਾਂ ਹਨ ਜੋ ਫੁੱਲਾਂ ਵਰਗੇ ਕੋਮਲ
ਫੁੱਲ ਬਣਦੇ ਨੇ ਦੁੱਖ ਉਹਨਾਂ ਲਈ ਜੋ ਲੈਂਦੇ ਹਿੱਕ ਤਾਣ

ਖੜ੍ਹੇ ਰਹਿਣ ਵਿਚ ਹੀ ਉਸ ਵੇਲੇ ਸੌ ਸਿਆਣਪ ਹੁੰਦੀ
ਚਾਰ ਚੁਫੇਰੇ ਨਜ਼ਰ ਮਾਰਿਆਂ ਦਿੱਸੇ ਜਦੋਂ ਢਲਾਣ

ਅਪਣਾ ਜੀਅ ਪਰਚਾਵਣ ਖ਼ਾਤਰ ਸੱਥ 'ਚ ਬੈਠੇ ਲੋਕੀ
ਵੱਢਣੋਂ ਪਹਿਲਾਂ ਖਾਧੀ ਹੋਈ ਫ਼ਸਲ ਸਲਾਹੀ ਜਾਣ

 

ਬੇਵਸੀ ਦੀ ਵਰਣਮਾਲਾ਼.......... / ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਨਿਮਾਣਾ ਜਿਹਾ ਮੇਰਾ ਮਾਣ
ਅਣਗੌਲਿ਼ਆ ਮੇਰਾ ਥਹੁ-ਪਤਾ
ਤਾਰਿਆਂ ਦੇ ਦੇਸ਼ 'ਚ ਉਡਦਾ ਕਣ
ਕਾਹਦੇ 'ਤੇ ਗਰਬ ਕਰੇ

ਕਿੰਨੀ ਕੁ ਯਾਤਰਾ

ਸਮੁੰਦਰ 'ਚ ਉਠਦੇ ਬੁਲਬੁਲੇ ਦੀ
ਪੱਤੇ 'ਤੇ ਡਿੱਗੀ ਕਣੀ
ਕਿੰਜ ਮੁਖ਼ਾਤਿਬ ਹੋਵੇ ਸ਼ੂਕਦੇ ਦਰਿਆ ਨੂੰ

ਗੁਲਾਬੀ ਮਹਿਕ ਦਾ ਬੁੱਲਾ
ਕਿੰਜ ਬਹਿਸ ਕਰੇ ਝੱਖੜਾਂ ਨਾਲ਼
ਅੱਖਾਂ 'ਚ ਲਿਖੀ ਬੇਵਸੀ ਦੀ ਵਰਣਮਾਲ਼ਾ
ਕਿਵੇਂ ਅਰਥ ਕਰੇ
ਮਰਮਰ 'ਤੇ ਉਕਰੇ ਸਿ਼ਲਾਲੇਖ ਦੇ

ਮੈਂ ਇਕ ਅਣਲਿਖੀ ਨਜ਼ਮ
ਇਕ ਅਣਗਾਈ ਗ਼ਜ਼ਲ
ਕੀ ਮਾਣ ਕਰਾਂ
ਮਹਾਂ ਸ਼ਬਦ-ਕੋਸ਼ਾਂ 'ਤੇ

ਇਕ ਲਫ਼ਜ਼ ਹੈ ਮੇਰੇ ਕੋਲ਼, ਮੁਹੱਬਤ
ਇਕ ਅਹਿਸਾਸ ਹੈ ਮੇਰੇ ਕੋਲ਼, ਦੋਸਤੀ
ਹੜ੍ਹਾਂ ਦੀ ਰੁੱਤ ਵਿੱਚ
ਨਾ ਇਹ ਬੇੜੀਆਂ ਬਣੇ ਨਾ ਮਲਾਹ

ਚੇਤਨਾ ਵਿਚ ਗੁਫਾਵਾਂ ਦਾ ਅੰਧਕਾਰ
ਅਵਚੇਤਨ ਵਿਚ ਸੂਰਜਾਂ ਦਾ ਪਰਿਵਾਰ
ਰੂਹ ਦੀ ਮਿੱਟੀ 'ਚ ਕਿਹੜਾ ਰੰਗ ਬੀਜਾਂ
ਕਿ ਧੁੱਪ ਦੇ ਫੁੱਲ ਖਿੜ ਪੈਣ

ਮੇਰੇ ਪੈਰਾਂ ਹੇਠ
ਅਨੰਤ ਦਿਸ਼ਾਵਾਂ ਦਾ ਕੇਂਦਰ
ਕਿਹੜੀ ਦਿਸ਼ਾ ਦੀ ਸੇਧ ਲਵਾਂ
ਕਿ ਖੁ਼ਦ ਤੋਂ ਪਾਰ ਹੋ ਜਾਵਾਂ
ਕਿਹੜੀ ਕਿਰਨ ਨੂੰ ਅਰਘ ਚੜਾਵਾਂ
ਕਿ ਰਾਖ ਤੋਂ ਅੰਗਿਆਰ ਹੋ ਜਾਵਾਂ.......
------

(ਗੁਰੂਦੇਵ)

ਹਵਾ ਦਾ ਕੋਈ ਵੇਗ ਨਹੀਂ ਹੁੰਦਾ
ਅਰੁੱਕ ਵੇਗ ਹੀ ਸਿਰਨਾਵਾਂ ਉਸਦਾ
ਫੁੱਲ
ਆਪਣੀ ਮਹਿਕ 'ਤੇ ਮਾਣ ਨਹੀਂ ਕਰਦੇ
ਪਾਣੀ ਬੇਖ਼ਬਰ ਆਪਣੀ ਤਰਲਤਾ ਤੋਂ

ਅਣਕਹੇ ਬੋਲ
ਲਫ਼ਜ਼ਾਂ ਦੇ ਤਲਬਗਾਰ ਨਹੀਂ ਹੁੰਦੇ
ਉਡ ਕੇ ਆ ਬਹਿੰਦੇ ਚੁੱਪ ਦੀ ਸਲੇਟ 'ਤੇ

ਕੋਈ ਬੂਹਾ ਨਹੀਂ ਹੁੰਦਾ
ਅੰਧਕਾਰ ਦੇ ਮਹਿਲ ਦਾ
ਛੱਤਾਂ ਪਾੜ ਕੇ ਲੰਘਣਾ ਪੈਂਦਾ
ਜਾਗਦੀਆਂ ਕਿਰਨਾਂ ਨੂੰ

ਮੁਹੱਬਤ ਦੀ ਮਹਿਕ
ਹਵਾ ਦਾ ਮੋਢਾ ਨਹੀਂ ਮੰਗਦੀ
ਕੰਧਾਂ ਦੇ ਅਰਥ ਨਹੀਂ ਜਾਣਦੀ
ਬਸ ਪੁੱਜ ਜਾਂਦੀ
ਇਕ ਸਾਹ ਤੋਂ ਦੂਜੇ ਸਾਹ ਤੱਕ

ਕਿਸੇ ਬਿੰਦੂ ਨਾਲ਼ ਮੋਹ ਪਾਲਣਾ
ਖੜੋਤ ਹੈ ਮੌਤ ਵਰਗੀ
ਦਿਸ਼ਾਵਾਂ ਵੱਲ ਪਿੱਠ ਕਰਨੀ
ਨਿਰੀ ਖ਼ੁਦਕਸ਼ੀ

ਵਿਸ਼ੇਸ਼ਣਾਂ ਤੋਂ ਬੇਪਰਵਾਹ ਸਹਿਜ ਵਿਚਰੀਏ
ਤਾਂ ਹਰ ਹਨੇਰੀ ਗੁਫ਼ਾ 'ਚੋਂ ਪਾਰ ਹੋ ਜਾਈਦਾ
ਸੰਨਾਟੇ ਦਾ ਰਾਗ ਸੁਣ ਲਈਦਾ

ਮੱਥੇ ਵਿਚਲਾ ਭਾਂਬੜ
ਸਹਿਜ ਹੋ ਮਸ਼ਾਲ ਬਣਦਾ
ਤਾਂ ਦਿਸ਼ਾਵਾਂ ਪੈਰਾਂ ਹੇਠ ਵਿਛ ਜਾਂਦੀਆਂ

ਹੇ ਸਖੀ !
ਤੂੰ ਆਪਣੇ ਅੰਦਰਲੇ ਸਚਿਆਰ ਨੂੰ
ਪਰਤੱਖ ਹੋਣ ਤੋਂ ਨਾ ਰੋਕੀਂ........

ਕਾਫਲਾ.......... ਗ਼ਜ਼ਲ / ਹਰਦਮ ਸਿੰਘ ਮਾਨ

ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ।

ਫਿਰ ਕਿਸੇ ਵੀ ਕੋਨੇ ਅੰਦਰ ਠਹਿਰ ਨਹੀਂ ਸਕਣਾ ਹਨੇਰ
ਸਿਦਕ ਲੈ ਕੇ ਤੁਰ ਪਿਆ ਜਦ ਜੁਗਨੂੰਆਂ ਦਾ ਕਾਫਲਾ।


ਗਿੱਧਿਆਂ ਦੇ ਵਿਹੜਿਆਂ ਵਿਚ ਕਾਲ ਜਿਹਾ ਪੈ ਗਿਐ
ਕੋਠਿਆਂ ਤੇ ਸਿਸਕਦਾ ਹੈ ਝਾਂਜਰਾਂ ਦਾ ਕਾਫਲਾ।

ਏਸ ਰਸਮੀ ਦੌਰ ਵਿਚ ਰਲ ਕੇ ਕੋਈ ਕਰੀਏ ਉਪਾਅ
ਭਟਕਿਆ ਹੀ ਹੋਣੈਂ ਕਿਧਰੇ ਰਿਸ਼ਤਿਆਂ ਦਾ ਕਾਫਲਾ।

ਚੜ੍ਹਦੇ ਸੂਰਜ ਨੂੰ ਅਸੀਂ ਕਰਨਾ ਨਹੀਂ ਸਿੱਖੇ ਸਲਾਮ
ਤਾਂ ਹੀ ਸਾਡੇ ਵੱਲ ਹੈ ਆਉਂਦਾ ਤੁਹਮਤਾਂ ਦਾ ਕਾਫਲਾ।

ਵਫ਼ਾਦਾਰੀ ਬਦਲ ਜਾਂਦਾ.......... ਗ਼ਜ਼ਲ / ਕ੍ਰਿਸ਼ਨ ਭਨੋਟ

ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂ
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂ

ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖੁ਼ਸ਼ਨਸੀਬੀ ਹੈ
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂ


ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ
ਜੁ ਸਹਿੰਦੇ ਮੌਸਮਾਂ ਦੀ ਮਾਰ,ਉਹ ਰਸ ਜਾਣ ਫ਼ਲ਼ ਵਾਂਗੂ

ਦਿਹਾੜੀ ਵਾਂਗ ਇਕ ਪਲ ਬੀਤਦੈ ਇਹ ਵੀ ਸਮਾਂ ਆਉਂਦੈ
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂ

ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ
ਤੇ ਕੋਹਾਂ ਤੀਕ ਸਾਹਵੇਂ-ਜਿ਼ੰਦਗੀ ਪਸਰੀ ਹੈ ਥਲ ਵਾਂਗੂ

ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ
ਅਸੀਂ ਤਾਂ ਲੋਚਦੇ ਹਾਂ ਜਿ਼ੰਦਗੀ ਦੀ ਸੁਰ, ਗ਼ਜ਼ਲ ਵਾਂਗੂ

ਬੁਝੇਗੀ ਪਿਆਸ ਏਸੇ ਆਸ ਦੇ ਵਿਚ ਦੌੜਦੇ ਰਹੀਏ
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ ਛਲ਼ ਵਾਂਗੂ


ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂ

ਕਿਤੇ ਦਮ ਤੋੜ ਬੈਠੇ, ਕਿਸ਼ਨ ਤੂੰ ਦੇਖੀਂ ਗ਼ਜ਼ਲ ਤੇਰੀ
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ਼ ਵਾਂਗੂ

ਚਿੰਤਨ ਤੇ ਚਰਚਾ.......... ਗ਼ਜ਼ਲ / ਪ੍ਰੋ. ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਾਹਿਦ, ਮਿਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉੱਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨੇਰ੍ਹਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਝ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ, ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜੁਲਮਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ ਸਾਜ਼ ਬਣ ਛਣਕਣ, ਇਹ ਸੂਲ਼ਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ, ਇਹ ਕਿਸ ਪਿੰਜਰੇ ਦਾ ਜੇਰਾ ਹੈ

ਤਾਜ ਬਖ਼ਸ਼ ਦੇ.......... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਤਾਜ ਬਖ਼ਸ਼ ਦੇ, ਸਿਰ ਹਾਜ਼ਰ ਹੈ
ਬਾਕੀ ਛੱਡ, ਉਹ ਘਰ ਖ਼ਾਤਰ ਹੈ

ਹੱਥ ਜੇ ਹੁੰਦੇ ਹੱਥ, ਫਿਰ ਭੈਅ ਸੀ
ਕਰ ਕਮਲਾਂ ਤੋਂ ਕਾਹਦਾ ਡਰ ਹੈ


ਜਿਸ ਵੀ ਪਿੱਠ 'ਤੇ ਰੁੱਖ ਹੈ ਉੱਗਿਆ
ਓਹੀ ਦੂਜੀ ਤੋਂ ਬਿਹਤਰ ਸੀ

ਮੈਨੂੰ ਪਾਲ਼, ਨਦੀ ਜੇ ਹਰਨੀ
ਕਹਿੰਦਾ ਨਫ਼ਸ ਦਾ, ਸ਼ਹੁ ਸਾਗਰ ਹੈ

ਮੈਂ ਵੀ ਵਾਅਦਾ ਮਾਫ਼ ਗਵਾਹ ਹਾਂ
ਮੇਰੇ ਹੱਥ ਵਿਚ ਵੀ ਖ਼ੰਜਰ ਹੈ

ਮੈਨੂੰ ਓਥੇ ਉਗਣਾ ਪੈਣੈ
ਜਿਹੜੀ ਵੀ ਧਰਤੀ ਬੰਜਰ ਹੈ

ਕਿੰਨਾ ਪਿਆਸਾ ਹਾਂ, ਮੇਰੇ ਲਈ
ਹਰ ਬੱਦਲੀ ਹੀ ਪੈਂਦੀ ਵਰ੍ਹ ਹੈ

ਆਪਣਾ ਹੋਵੇ ਜਾਂ ਨਾ ਹੋਵੇ
ਗੁਲਮੋਹਰ ਤਾਂ ਗੁਲਮੋਹਰ ਹੈ

ਸਹਿਰਾ ਵਿਚ ਸੁਰਜੀਤ ਹੋਣ ਦਾ
ਮਿਲਿਆ ਇਕ ਚਸ਼ਮੇ ਤੋਂ ਵਰ ਹੈ

ਪੈੜਾਂ ਦਾ ਰੇਤਾ........... ਗ਼ਜ਼ਲ / ਰਾਜਿੰਦਰਜੀਤ

ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ 'ਚ ਭਰ ਲਈਏ
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ

ਉਹ ਅਪਣੀ ਕਹਿਕਸ਼ਾਂ 'ਚੋਂ ਨਿਕਲ਼ ਕੇ ਅੱਜ ਬਾਹਰ ਆਇਆ ਹੈ
ਚਲੋ ਉਸ ਭਟਕਦੇ ਤਾਰੇ ਦੀ ਚੱਲਕੇ ਕੁਝ ਖ਼ਬਰ ਲਈਏ


ਉਲੀਕੇ ਖੰਭ ਕਾਗਜ਼ 'ਤੇ ਦੁਆਲੇ਼ ਹਾਸੀ਼ਏ ਲਾਵੇ
ਕਿਵੇਂ ਵਾਪਿਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ?

ਜਿਵੇਂ ਇਕ ਪੌਣ 'ਚੋਂ ਖੁ਼ਸ਼ਬੂ, ਜਿਵੇਂ ਇਕ ਨੀਂਦ 'ਚੋਂ ਸੁਪਨਾ
ਚਲੋ ਅੱਜ ਦੋਸਤੋ ਇਕ ਦੂਸਰੇ 'ਚੋਂ ਇਉਂ ਗੁਜ਼ਰ ਲਈਏ

ਅਸੀਂ ਵੀ ਖੂ਼ਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਵੀ ਇਤਰਾਜ਼ ਕਰ ਲਈਏ

ਲਾਟ......... ਗ਼ਜ਼ਲ / ਜਸਵਿੰਦਰ

ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼


ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣ ਕੇ ਜਿ਼ੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼

ਨਗਰ ਦੀ ਲਿਸ਼ਕ......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਨਗਰ ਦੀ ਲਿਸ਼ਕ ਤੋਂ ਅਪਣੇ ਗਰਾਂ ਦੀ ਛਾਂ ਤੀਕਰ
ਮੈਂ ਸੁਪਨਿਆਂ ਨੂੰ ਜਗਾਉਂਦਾ ਹਾਂ ਸੁਪਨਿਆਂ ਤੀਕਰ

ਸਫ਼ਰ ਹਯਾਤ ਦਾ ਚਲਦਾ ਹੈ ਦਾਇਰੇ ਅੰਦਰ
ਘਰਾਂ ਤੋਂ ਉਜੜਨਾ ਪੁੱਜਣ ਲਈ ਘਰਾਂ ਤੀਕਰ


ਤਲਾਸ਼ ਸ਼ਹਿਰ ਦੀ ਚੱਲੀ ਸੀ ਜੰਗਲਾਂ ਵਿਚੋਂ
ਤਲਾਸ਼ ਸ਼ਹਿਰ ਦੀ ਪੁੱਜੀ ਹੈ ਜੰਗਲਾਂ ਤੀਕਰ

ਅਸਾਂ ਹਯਾਤ ਦੇ ਖੰਭਾਂ ਨੂੰ ਬੰਨ੍ਹ ਕੇ ਪੱਥਰ
ਉਡਾਇਆ ਇਸ ਨੂੰ ਖਲਾਵਾਂ ਤੋਂ ਪਿੰਜਰਿਆਂ ਤੀਕਰ

ਖਿੰਡੇ ਹੋਏ ਨੇ ਅਸਾਡੇ ਹੀ ਖ਼ਾਬ ਦੇ ਟੁਕੜੇ
ਥਲਾਂ ਦੀ ਰੇਤ ਤੋਂ ਦਰਿਆ ਦੇ ਪਾਣੀਆਂ ਤੀਕਰ

ਮੈਂ ਹਰ ਮੁਕਾਮ ਤੋਂ ਕਿਰ-ਕਿਰ ਕੇ ਤੇਰੇ ਤਕ ਪਹੁੰਚਾਂ
ਧੁਨੀ ਤੋਂ ਲਫ਼ਜ਼ ਤੇ ਲਫ਼ਜ਼ਾਂ ਤੋਂ ਫਿ਼ਕਰਿਆਂ ਤੀਕਰ

ਬਲੀ ਹੈ ਅੱਗ ਮਿਰੇ ਪੈਰਾਂ 'ਚ, ਜਿ਼ਹਨ ਅੰਦਰ ਵੀ
ਸਿਮਟ ਹੀ ਆਣਗੇ ਅੰਬਰ ਮਿਰੇ ਪਰਾਂ ਤੀਕਰ

ਚੋਣਵੇਂ ਸਿ਼ਅਰ / ਰਣਬੀਰ ਕੌਰ

ਚੁਗਣੀ ਪੈ ਗਈ ਚੋਗ ਅਸਾਂ ਨੂੰ ਸੱਤ ਸਮੁੰਦਰ ਪਾਰੋਂ ਮਾਂ
ਆਪਣਿਆਂ ਬਿਨ ਰੂਹ ਤੜਪੇ ਜਿਉਂ ਕੂੰਜ ਵਿਛੜ ਜਾਏ ਡਾਰੋਂ ਮਾਂ

ਤੀਆਂ, ਮੇਲੇ, ਨਾ ਹਮਸਾਏ, ਨਾ ਹਮਦਰਦ ਹੈ ਕੋਈ ਵੀ
ਪਿਆਰ ਵੀ ਏਥੇ ਭਟਕੇ ਲੋਕੀ ਭਾਲਣ ਰੋਜ਼ ਬਜ਼ਾਰੋਂ ਮਾਂ

-- ਸ਼ੇਖਰ

ਕੇਡੀ ਹੈ ਇਹ ਕਸਕ ਤੇਰੇ ਵਿਛੜਨ ਦੀ ਦਿਨ ਢਲ਼ੇ
ਕੁਝ ਦਿਲ ਦੇ ਏਸ ਪਾਰ ਹੈ ਕੁਝ ਓਸ ਪਾਰ ਹੈ
-- ਹਰੀ ਸਿੰਘ ਮੋਹੀ

ਰੰਗ, ਖੁ਼ਸ਼ਬੂ, ਰੌਸ਼ਨੀ ਤੇ ਪਿਆਰ ਲੈ ਆਇਆ ਹਾਂ ਮੈਂ
ਤੇਰੀ ਖ਼ਾਤਰ ਦੇਖ ਕੀ ਕੀ ਯਾਰ ਲੈ ਆਇਆ ਹਾਂ ਮੈਂ

ਸਾਂਭ ਕੇ ਰੱਖੀਂ ਇਹ ਹਰਕਤ ਤੇ ਹਰਾਰਤ ਦੇਣਗੇ
ਚੇਤਨਾ ਦੇ ਮਘ ਰਹੇ ਅੰਗਿਆਰ ਲੈ ਆਇਆ ਹਾਂ ਮੈਂ
-- ਅਜਾਇਬ ਚਿੱਤਰਕਾਰ

ਕੁਝ ਸਮਝ ਆਉਂਦੀ ਨਹੀਂ ਇਹ ਕਿਸ ਤਰ੍ਹਾਂ ਦਾ ਸ਼ਹਿਰ ਹੈ
ਰੁੱਖ ਥਾਂ ਥਾਂ 'ਤੇ ਖੜ੍ਹੇ ਨੇ ਪਰ ਕਿਤੇ ਸਾਇਆ ਨਹੀਂ

ਜਿ਼ੰਦਗੀ ਮੁਜ਼ਰਿਮ ਹਾਂ ਤੇਰਾ ਜੀਅ ਕਰੇ ਜੋ ਦੇ ਸਜ਼ਾ
ਬਣਦੀ ਹੱਦ ਤੱਕ ਜ਼ੁਲਫ਼ ਤੇਰੀ ਨੂੰ ਜੋ ਸੁਲਝਾਇਆ ਨਹੀਂ
-- ਹਰਬੰਸ ਮਾਛੀਵਾੜਾ

ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ
-- ਗੁਰਤੇਜ ਕੋਹਾਰਵਾਲ਼ਾ

ਝੀਲਾਂ ਤਰਦੇ ਨਦੀਆਂ ਤਰਦੇ ਡੂੰਘੇ ਸਾਗਰ ਤਰਦੇ ਲੋਕ
ਐਪਰ ਅਪਣੇ ਦਿਲ ਦੇ ਵਿਹੜੇ ਪੈਰ ਕਦੇ ਨਾ ਧਰਦੇ ਲੋਕ
-- ਤ੍ਰੈਲੋਚਣ ਲੋਚੀ

ਤੇਰੇ ਨਾਲ਼ ਲੜਨਾ ਏਂ........... ਗੀਤ / ਵਿਜੈ ਵਿਵੇਕ

ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ
ਲੜਨਾ ਵੀ ਕੀ
ਦਿਲ ਫੋਲਣ ਦਾ ਇਕ ਬਹਾਨਾ ਘੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ


ਅੱਜ ਨਹੀਂ ਤੈਨੂੰ ਜੀ,ਜੀ,ਕਹਿਣਾ
ਨਾ ਭਰ ਰਾਤ ਫ਼ਰਸ਼ ਤੇ ਬਹਿਣਾ
ਅੱਜ ਮਿਟ ਜਾਣੈ, ਅੱਜ ਨਹੀਂ ਰਹਿਣਾ
ਅੱਜ ਅਸਾਂ ਨੇ ਧਿੰਗਾਜੋ਼ਰੀ ਆ ਪਲੰਘੇ ਤੇ ਚੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਕੋਲ਼ ਆਵਾਂ ਤਾਂ ਉੱਠ ਉੱਠ ਨੱਸਦੈਂ
ਜੇ ਰੋਵਾਂ ਤਾਂ ਖਿੜ ਖਿੜ ਹੱਸਦੈਂ
ਹੱਸ ਪਵਾਂ ਤਾਂ ਝੱਲੀ ਦੱਸਦੈਂ
ਜ਼ਖ਼ਮ ਵਿਖਾਵਾਂ ਤਾਂ ਪਿੰਡੇ 'ਤੇ ਹੋਰ ਵੀ ਛਮਕਾਂ ਜੜਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਸੱਜਣਾ ਅੱਜ ਦੀ ਰਾਤ ਚਾਨਣੀ
ਤੇਰੀ ਬੁੱਕਲ਼ ਵਿਚ ਮਾਨਣੀ
ਹਰ ਇਕ ਗੁੱਝੀ ਰਮਜ਼ ਜਾਨਣੀ
ਅੱਜ ਇਸ਼ਕੇ ਦਾ ਪਹਿਲਾ ਅੱਖਰ ਤੇਰੇ ਕੋਲ਼ੋਂ ਪੜ੍ਹਨਾ ਏਂ
ਸੱਜਣ ਜੀ ! ਅਸੀਂ ਅੱਜ ਤੇਰੇ ਨਾਲ਼ ਲੜਨਾ ਏਂ

ਚਿੱਟੇ ਸਫਿ਼ਆਂ 'ਤੇ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)

ਚਿੱਟੇ ਸਫਿ਼ਆਂ 'ਤੇ, ਕਾਲ਼ੇ ਅੱਖਰ ਸਿਸਕ ਰਹੇ ਨੇ
ਸ਼ੀਸ਼ੇ ਦੇ ਘਰ ਦੀ ਸਰਦਲ 'ਤੇ, ਗੁੰਗੇ ਪੱਥਰ ਸਿਸਕ ਰਹੇ ਨੇ

ਕਿੱਥੋਂ ਤੀਕਰ ਹਠੀ ਕਿਨਾਰੇ, ਅਪਣੀ ਹੋਂਦ ਬਚਾ ਸਕਦੇ ਹਨ
ਹਰ ਮੱਛੀ ਦੀ ਅੱਖ 'ਚ ਖ਼ਬਰੇ, ਕਿੰਨੇ ਸਾਗਰ ਸਿਸਕ ਰਹੇ ਨੇ


ਤੇਰੀ ਚਾਹਤ ਗੁੰਗੀ ਕੋਇਲ, ਬੇਰੰਗ ਤਿਤਲੀ, ਬੁਝਿਆ ਦੀਵਾ
ਮੇਰੇ ਜਿ਼ਹਨ 'ਚ ਨਿੱਕੇ-ਨਿੱਕੇ, ਕਿੰਨੇ ਅੰਬਰ ਸਿਸਕ ਰਹੇ ਨੇ

ਹਾਦਸਿਆਂ ਨੂੰ ਕਿੰਝ ਮੁਖ਼ਾਤਿਬ, ਹੋਣ ਮੁਸਾਫਿ਼ਰ ਏਥੇ ਦੱਸੋ
ਭਟਕੇ ਹੋਏ ਪੈਰਾਂ ਤਾਈਂ, ਪੁੱਛਦੇ ਕੰਕਰ ਸਿਸਕ ਰਹੇ ਨੇ

ਤੂੰ ਜਿਹਨਾਂ ਤੋਂ ਹਾਸੇ ਲੈ ਕੇ, ਚਿਹਰੇ ਉੱਤੇ ਚਾੜ੍ਹ ਰਿਹਾ ਏਂ
ਉਹ ਕੈਕਟਸ ਤਾਂ ਖੁ਼ਦ ਉਮਰਾਂ ਤੋਂ, ਗਮਲੇ ਅੰਦਰ ਸਿਸਕ ਰਹੇ ਨੇ

ਮੈਂ ਤੇਰੇ ਤਕ ਜਦ ਵੀ ਪੁੱਜਾਂ, ਸੁੰਨ ਮਸੁੰਨਾ ਹੋ ਜਾਂਦਾ ਹਾਂ
ਸ਼ਾਇਦ ਤੇਰੇ ਜਿ਼ਹਨ ਚਿ ਕਿਧਰੇ, ਮੇਰੇ ਖੰਡਰ ਸਿਸਕ ਰਹੇ ਨੇ

ਤੇਰੀ ਧੁੱਪ ਦੇ ਬਖ਼ਸ਼ੇ ਹੋਏ, ਨਿੱਘ ਦਾ ਭਰਮ ਹੰਢਾਵਾਂ ਕਿੱਦਾਂ
ਮੇਰੀ ਮਿੱਟੀ ਵਿੱਚੋਂ ਮੇਰੀ, ਮੈਂ ਦੇ ਵੱਤਰ ਸਿਸਕ ਰਹੇ ਨੇ

ਪਾਣੀ, ਪਿਆਸ, ਹਵਾ ਤੇ ਪੱਤੇ, ਸਭਨਾਂ ਵਿਚ ਸੁਰਜੀਤ ਹਾਂ ਮੈਂ ਤਾਂ
ਕੀ ਦੱਸੇਂਗਾ ਮੇਰੇ ਹਾਸੇ ਕਿੱਧਰ-ਕਿੱਧਰ ਸਿਸਕ ਰਹੇ ਨੇ

ਸੰਕਟ.......... ਨਜ਼ਮ / ਬਲਵਿੰਦਰ ਸੰਧੂ

ਜਿਨ੍ਹਾਂ ਰੁੱਖਾਂ
ਧਰਤ ਦੇ ਦੁੱਖਾਂ ਲਈ
ਸੁੱਖਾਂ ਦੇ ਗਾਨੇ ਹੋਣਾ ਸੀ
ਉਹ ਹਿਰਸੀ ਮਨੁੱਖ ਦੀ
ਭੁੱਖ ਦਾ ਸਿ਼ਕਾਰ ਹੋ ਗਏ


ਜਿਨ੍ਹਾਂ ਪੌਣਾਂ
ਧਰਤ ਦਾ ਮੈਲ਼ਾ ਪੌਣਾ
ਮਲ਼ ਮਲ਼ ਧੋਣਾ ਸੀ
ਉਹ ਰੇਤਲ ਵਾਵਰੋਲਿਆਂ ਦੀ
ਅੱਗ ਅੱਗੇ ਬੇਵਸ ਹੋ ਗੀਆਂ

ਜਿਨ੍ਹਾਂ ਨਦੀਆਂ
ਧਰਤ ਦੀਆਂ ਨਸਾਂ 'ਚ
ਰਕਤ ਬਣ ਵਹਿਣਾ ਸੀ
ਨਾਗਾਂ ਦੀ ਭੂਤ ਮੰਡਲੀ
ਉਨ੍ਹਾਂ ਦਾ ਤੁਪਕਾ ਤੁਪਕਾ ਡੀਕ ਗਈ

ਜਿਨ੍ਹਾਂ ਰੁੱਤਾਂ
ਧਰਤ ਦੇ ਪੁੱਤਾਂ ਸਿਰ
ਫੁੱਲਕਾਰੀ ਸੀ ਓੜ੍ਹਨੀ
ਉਹ ਖੁਸ਼ਕ ਮੌਸਮਾਂ ਦੀ
ਧੂੜ 'ਚ ਖੁਰਦ ਬੁਰਦ ਹੋ ਗੀਆਂ
ਜਿਨ੍ਹਾਂ ਸਮਿਆਂ 'ਚ
ਏਨਾ ਅਨਰਥ ਹੋਣਾ ਸੀ
ਉਨ੍ਹਾਂ ਸਮਿਆਂ 'ਚ ਕਵਿਤਾ
ਮਾਂ ਦੇ ਥਣੀ ਦੁੱਧ ਵਾਂਗ ਉਤਰਦੀ
ਕੁਝ ਮੁਸ਼ਕਲ ਸੀ !

ਕੁਦਰਤੀ ਨਜ਼ਾਰਾ.......... ਨਜ਼ਮ / ਉਕਤਾਮੋਏ ( ਉਜ਼ਬੇਕਿਸਤਾਨ )

ਨੀਲੀ ਹਵਾ ਦੇ ਪਰਦੇ 'ਚ
ਦਿਨ ਚੜ੍ਹ ਰਿਹਾ ਹੈ
ਧਰਤੀ 'ਤੇ ਅਨੰਤ ਚਮਕੀਲੀਆਂ
ਕਿਰਨਾਂ ਪੈ ਰਹੀਆਂ ਹਨ
ਅੱਖਾਂ ਪੂੰਝਦੀ ਹਵਾ ਚੱਲ ਰਹੀ ਹੈ

ਸੁਸਤ ਨਰਮ ਘਾਹ
ਤ੍ਰੇਲ ਦੀਆਂ ਬੂੰਦਾਂ 'ਚ ਨਹਾ ਰਿਹਾ ਹੈ
ਪੀਲ਼ੇ ਫੁੱਲਾਂ ਦਾ ਬੂਟਾ ਤਿਆਰ ਹੋ ਰਿਹਾ ਹੈ
ਸੁਨਹਿਰੀ ਖਟਮਲ ਗਾ ਰਿਹਾ ਹੈ
ਮੱਖੀਆਂ ਪਾਣੀ 'ਚ ਛੱਲਾਂ ਮਾਰਦੀਆਂ ਹਨ
ਕਿਨਾਰੇ 'ਤੇ ਚਾਲ਼ੀ ਕੁੜੀਆਂ
ਹੱਥਾਂ 'ਚ ਹੱਥ ਪਾਈ ਭੱਜ ਰਹੀਆਂ ਨੇ
ਕੀੜੀ ਇਕੱਲੀ ਬੀਅ ਚੁੱਕੀ
ਤੜਕਸਾਰ ਕਿੱਥੇ ਜਾ ਰਹੀ ਹੈ ?
ਸੱਭ ਨੂੰ ਦੇਖਦਿਆਂ
ਫੁੱਲ ਦੀ ਡੋਡੀ ਮੂੰਹ ਖੋਲ੍ਹ ਰਹੀ ਹੈ
ਹੈਰਾਨ ਜਿਹੀ ਹੈ..................

ਗਈ ਰਾਤ ਦੇ ਸੁਪਨੇ.......... ਨਜ਼ਮ / ਕੰਵਲਜੀਤ ਭੁੱਲਰ

ਗਈ ਰਾਤ ਦੇ ਸੁਪਨੇ ਵਰਗੀਏ...
ਸੁਲਘਦੀ ਸਵੇਰ ਦੀ ਲੋਅ ਜਿਹੀਏ
ਮੁਹੱਬਤ ਵਰਗੀ ਕੋਈ ਬਾਤ ਪਾ...
ਤਾਂ ਜੋ
ਉਮਰ ਨੂੰ ਆਹਰੇ ਲਾਵਾਂ...

ਤੇ ਖ਼ੁਦ ਕਿਤੇ ਗੁਆਚ ਜਾਵਾਂ
ਹੁਣ ਤਾਂ ਨੈਣ ਹੰਝੂਆਂ ਨਾਲ਼ ਨਿਹਾਰਦੇ ਨੇ
ਹੱਥ ਅੱਖਾਂ 'ਚ ਤਾਰੀਆਂ ਮਾਰਦੇ ਨੇ...।।
ਟੁੱਟਦੇ ਤਾਰੇ ਦੀਏ ਲ੍ਹੀਕੇ ...
ਚੱਲ ਤੇਰੇ ਹੁੰਘਾਰੇ ਦਾ ਇਕ ਘੁਟ ਪੀ ਕੇ
ਮੈਂ ਅਪਣੀ ਉਮਰ ਦਾ ਨਾਂ ਹਉਕਾ ਰੱਖ ਲਵਾਂ..?
ਤੇ ਫੇਰ ਤੂੰ ਹੁੰਘਾਰਿਓਂ ਮੁੱਕਰ ਜਾਵੀਂ
ਮੈਂ ਤਾਂ ਜੀਣ ਤੋਂ ਪਹਿਲਾਂ ਹੀ ਮੁਨਕਰ ਹਾਂ...।।
ਮੁੱਕ ਰਹੀ ਉਮਰ ਦੇ ਆਖਰੀ ਸਾਹ ਵਰਗੀਏ
ਮੌਤ ਵੱਲ ਨੂੰ ਵਧਦਿਆਂ ਪਹਿਲੇ ਪੜਾਅ ਵਰਗੀਏ
ਸਿਆਲ ਰੁੱਤ ਦੀਏ ਨਿੱਘੀਏ ਧੁੱਪੇ
ਦੱਸ ਮੇਰੇ ਹਾਸੇ ਤੂੰ ਚੋਰੀ ਕਿਓਂ ਚੁੱਕੇ..??
ਪਰ ਮੈਂ ਤਾਂ ਤੇਰਾ ਹਮਦਰਦ
ਤੈਨੂੰ... ਤੇਰੇ ਰਾਹ ਦਾ ਇਕ ਮੋੜ ਬਣ ਕੇ ਉਡੀਕਾਂਗਾ..।।
ਗਰਮ ਮੌਸਮ ਦੀਏ ਠੰਢੀਏ ਹਵਾਏ..
ਰੱਬ ਤੈਨੂੰ ਦੋਹਰੀ ਜਵਾਨੀ ਚੜ੍ਹਾਏ
ਮੈਨੂੰ ਤਾਂ ਚਲੋ ਇਕ ਵੀ..??
ਖੈਰ
ਸ਼ਰਾਬ ਦੇ ਪਹਿਲੇ ਘੁੱਟ ਵਰਗੀਏ
ਤੂੰ ਮੌਤ ਵਰਗੀ ਕੋਈ ਗੱਲ ਛੋਹ
ਮੈਨੂੰ ਹੁਣ ਜੀਣਾ ਆ ਗਿਆ...।।।

ਕਾਲ਼ੀਆਂ ਘਟਾਵਾਂ.......... ਗੀਤ / ਸੁਖਚਰਨਜੀਤ ਕੌਰ ਗਿੱਲ

ਕਾਲ਼ੀਆਂ ਘਟਾਵਾਂ ਰੱਬਾ ਕਿੱਥੋਂ ਚੜ੍ਹ ਆਈਆਂ ਵੇ ?
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ।

ਪੌਣ ਜਦੋਂ ਵਗੇ ਕਹਿੰਦੇ ਜਾਨ ਭਰ ਦਿੰਦੀ ਐ
ਕਾਲ਼ੀ ਜੋ ਹਨ੍ਹੇਰੀ ਅਧਮੋਏ ਕਰ ਦਿੰਦੀ ਐ

ਇਹਦੇ ਪਿੱਛੇ ਕਾਲੀ਼ਆਂ ਘਟਾਵਾਂ ਚੜ੍ਹ ਆਈਆਂ ਵੇ ,...

ਵਰ੍ਹੇ ਹੋਏ ਇਕ ਵਾਰੀ ਕਾਲ਼ੀ ਨੇਰ੍ਹੀ ਚੱਲੀ ਸੀ
ਲੁਕ ਲੁਕ ਰੋਂਦੀ ਓਦੋਂ ਜਾਨ ਕੱਲੀ ਕੱਲੀ ਸੀ
ਉਡੀਆਂ ਸੀ ਰਹਿੰਦੀਆਂ ਚਿਹਰੇ ਤੋਂ ਹਵਾਈਆਂ ਵੇ,....

ਕਾਲ਼ੀ ਵੇ ਹਨੇਰੀ 'ਚ ਈਮਾਨ ਜਾਂਦਾ ਡੋਲ ਵੇ
ਸੋਨਾ ਚਾਂਦੀ ਲੱਭੇ ਬੰਦਾ ਲਾਸ਼ਾਂ ਫੋਲ ਫੋਲ ਵੇ
ਮਰ ਜਾਣ ਬੁੱਲੀਆਂ ਤਾਂ ਪਾਣੀ ਤੋਂ ਤਿਹਾਈਆਂ ਵੇ,....

ਨੇਰ੍ਹੀਆਂ ਤੋਂ ਪਿੱਛੋਂ ਹੁੰਦੈ, ਸਭ ਕੁਝ ਹੋਰ ਵੇ
ਮਾਰੇ ਜਾਂਦੇ ਸਾਧ, ਬਹਿੰਦੇ ਤਖਤਾਂ 'ਤੇ ਚੋਰ ਵੇ
ਨੇਰ੍ਹੀ ਦੀਆਂ ਮਾਰਾਂ ਛੇਤੀ ਜਾਣ ਨਾ ਭੁਲਾਈਆਂ ਵੇ,...
ਰੋਕੀਂ ਰੱਬਾ ਰੋਕੀਂ ਦਿਲ ਦਿੰਦਾ ਏ ਦੁਹਾਈਆਂ ਵੇ ॥॥

ਅਸੀਂ ਇਕਰਾਰ ਹਾਂ.......... ਗ਼ਜ਼ਲ / ਰਾਬਿੰਦਰ ਮਸਰੂਰ

ਅਸੀਂ ਇਕਰਾਰ ਹਾਂ ਉਸ ਪਾਰ ਬੇੜੀ ਨਾਲ਼ ਜਾਵਾਂਗੇ
ਤੇਰਾ ਲਾਰਾ ਨਹੀਂ ਮੰਝਧਾਰ ‘ਚੋਂ ਜੋ ਪਰਤ ਜਾਵਾਂਗੇ

ਬੜੇ ਘਰ ਨੇ ਨਗਰ ਅੰਦਰ ਪਰ ਨਹੀਂ ਕੋਈ ਵੀ ਦਰਵਾਜ਼ਾ
ਨਗਰ ਵਿਚ ਜੇ ਕਿਸੇ ਦੇ ਘਰ ਗਏ ਕੀ ਖਟਖਟਾਵਾਂਗੇ?


ਹਜ਼ਾਰਾਂ ਵੈਣ ਤਰਲੇ ਕੀਰਨੇ ਕੰਧਾਂ ‘ਤੇ ਉਕਰੇ ਨੇ
ਕੋਈ ਆਇਆ ਤਾਂ ਕੰਧਾਂ ਘਰ ਦੀ ਕਿਸ ਨੁਕਰੇ ਲੁਕਾਵਾਂਗੇ

ਚਲੋ ਉਹ ਤਖਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ

ਕਿਸੇ ਵੀ ਮੋੜ ਤੋਂ ਆਵਾਜ਼ ਦੇ ਦੇਵੀਂ ਤੇ ਫਿਰ ਦੇਖੀਂ
ਤੇਰੀ ਮੁਸ਼ਕਿਲ ਦਾ ਹਲ ਬਣ ਕੇ ਖਲੋਤੇ ਨਜ਼ਰ ਆਵਾਂਗੇ

ਸਿਰਾਂ ਦੀ ਭੀੜ ਸੀ ਇਕ ਹਾਰ ਸੀ ਤੇ ਕਹਿ ਰਹੇ ਸਨ ਉਹ
ਝੁਕੇਗਾ ਸੀਸ ਜਿਹੜਾ, ਹਾਰ ਉਹਦੇ ਗਲ਼ ‘ਚ ਪਾਵਾਂਗੇ

ਜਵਾਨੀ ਦੇ ਰੰਗ.......... ਗੀਤ / ਰਾਕੇਸ਼ ਵਰਮਾ

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਮੇਰੀ ਮਾਂ ਸੀ ਕਰਦੀ ਨੌਕਰੀ, ਮੈਨੂੰ ਕਰੈੱਚਾਂ ਨੇ ਪਾਲਿਆ,
ਪਾਊਡਰ ਵਾਲਾ ਦੁੱਧ ਘੋਲ ਕੇ, ਬੋਤਲ ਨੂੰ ਮੂੰਹ ਮੈਂ ਲਾ ਲਿਆ,

ਚਾਕਲੇਟਾਂ ਖਾ-ਖਾ ਪਲਿਆ ਹਾਂ, ਖਾਧੇ ਬਿਸਕੁਟ ਨਮਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਫਿਲਮਾਂ ਮੈਂ ਕਈ ਵੇਖੀਆਂ ਸਕੂਲੋਂ ਭੱਜ-ਭੱਜ ਕੇ,
ਟਿਊਸ਼ਨ ਪੜ੍ਹਨ ਸੀ ਜਾਂਵਦਾ, ਮੈਂ ਸ਼ਾਮੀ ਸੱਜ-ਧਜ ਕੇ,
ਪਾਸ ਹੋਇਆਂ ਨਕਲਾਂ ਮਾਰ ਕੇ, ਮੈਨੂੰ ਕਹਿੰਦੇ ਜ਼ਹੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦੇ ਵਿੱਚ ਮੈਂ ਆ ਗਿਆ, ਚਿਹਰੇ ਤੇ ਮੁੱਛਾਂ ਫੁੱਟੀਆਂ,
ਕੋਈ ਰੋਕ-ਟੋਕ ਨਾ ਰਹੀ, ਸਭ ਬੰਦਿਸ਼ਾਂ ਸਨ ਟੁੱਟੀਆਂ,
ਫਿਕਰੇ ਮੈਂ ਕੱਸਾਂ ੳਸ ਤੇ, ਜਿਹੜੀ ਲੱਗਦੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਧੋਨੀ ਸਟਾਇਲ ਕੱਟ ਤੇ, ਤੇਲ ਨਹੀਂ, ਜੈਲੱ ਲਾਈਦੈ,
ਮੁਰਕੀ ਦਾ ਫੈਸ਼ਨ ਨਹੀਂ ਰਿਹਾ, ਹੁਣ ਕੰਨੀਂ ਕੋਕਾ ਪਾਈਦੈ,
ਲੱਕ ਭਾਵੇਂ ਹੈ ਸੁੱਕਾ ਜਿਹਾ, ਪਰ ਪਾਈਦੀ ਜੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦਾ ਬਹੁਤਾ ਵਕਤ, ਕੰਟੀਨ ਵਿੱਚ ਬਿਤਾਉਂਦਾ ਹਾਂ,
ਸਿਗਰਟ ਜੇ ਭਰ ਕੇ ਪੀ ਲਵਾਂ, ਫੇਰ ਗੁਟਖਾ ਖਾਂਦਾ ਹਾਂ,
ਫੈਂਸੀ ਜੇ ਕਿਤੋਂ ਨਾ ਮਿਲੇ, ਖਾਣੀ ਪੈਂਦੀ ਫੀਮ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਵਿਸਕੀ ਜੇ ਪੀਣੀ ਪੈ ਜਵੇ, ਘਰੇ ਮੁਸ਼ਕ ਆ ਜਾਂਦੈ,
ਗੋਲੀ ਜਾਂ ਕੈਪਸੂਲ ਖਾ ਕੇ ਵੀ, ਸਰੂਰ ਚੰਗਾ ਛਾ ਜਾਂਦੈ,
ਭੋਰਾ ਸਮੈਕ ਜੇ ਸੁੰਘ ਲਵਾਂ, ਕੰਨੀ ਵੱਜਦੀ ਬੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਪਾਕਿਟ-ਮਨੀ ਦੀ ਥੋੜ੍ਹ ਨਹੀਂ, ਆਪਾਂ ਖੂਬ-ਖੁੱਲ੍ਹਾ ਖਾਈਦੈ,
ਮੰਮੀ-ਪਾਪਾ ਦੇ ਪਰਸ 'ਚੋਂ, ਨੋਟ ਇੱਕੋ ਖਿਸਕਾਈਦੈ,
ਧਰਿਤਰਾਸ਼ਟਰ ਵਾਂਗ ਉਹਨਾਂ ਨੂੰ, ਮੇਰੇ ਉੱਤੇ ਯਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਮੰਮੀ ਨੂੰ ਵਿਹਲ ਨਹੀਂ ਕਿੱਟੀਆਂ ਤੋਂ, ਪਾਪਾ ਰੋਜ਼ਾਨਾ ਕਲੱਬ ਜਾਂਦੇ,
ਕੱਠੇ ਕਿਤੇ ਹੋ ਜਾਣ ਤਾਂ, ਦੋਹਾਂ ਦੇ ਅਹਿਮ ਨੇ ਟਕਰਾਉਂਦੇ,
ਹੋਟਲਾਂ ਤੋਂ ਖਾਣਾ ਮੰਗਵਾਉਣ ਦਾ, ਹੁਣ ਬਣਿਆ ਰੁਟੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਨਸ਼ਿਆਂ ਨੂੰ ਗਲ ਨਾ ਲਾਂਵਦਾ, ਜੇ ਮਾਂ ਨੇ ਗਲ ਲਾ ਲਿਆ ਹੁੰਦਾ,
ਸ਼ਾਇਦ ਸਰਵਣ ਬਣ ਢੁੱਕਦਾ, ਜੇ ਉਨ੍ਹਾਂ ਨੇ ਆਪਣਾ ਲਿਆ ਹੁੰਦਾ,
ਪਰ ਪੈਸਾ-ਧਰਮ ਮੇਰੇ ਮਾਂ ਬਾਪ ਦਾ, ਪੈਸਾ ਹੀ ਉਨ੍ਹਾਂ ਦਾ ਦੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਵਿਗੜੀ ਸੰਵਾਰ ਲਓ,
ਔਲਾਦ ਨੂੰ-ਉਪਦੇਸ਼ ਨਹੀਂ, ਪੈਸਾ ਨਹੀਂ, ਬੱਸ ਪਿਆਰ ਦਿਓ,
ਪੈਸੇ ਦੇ ਪਿੱਛੇ ਨਾ ਭੱਜੋ, ਇਹ ਦੌੜ ਅੰਤ-ਹੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਘਾਟ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਜਗਿਆਸਾ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਅਤ੍ਰਿਪਤੀ

ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ

ਤੂੰ ਗਿਆਨ ਦਾ ਮਹਾਂਸਾਗਰ

ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ

ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ

ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ

ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ

ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ

ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ

ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ

ਗੁਰੂਦੇਵ

ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ

ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ

ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ

ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ

ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ

ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ

ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............

ਸਮੁੰਦਰ ਵਿਚ ਵੀ.......... ਗ਼ਜ਼ਲ / ਜਸਵਿੰਦਰ

ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ


ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ

ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ

ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।

ਮੇਰੇ ਸੂਰਜ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ


ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

ਚੋਣਵੇਂ ਸਿ਼ਅਰ.......... ਸਿ਼ਅਰ / ਰਣਬੀਰ ਕੌਰ

ਚਲੋ ਉਹ ਤਖ਼ਤ 'ਤੇ ਬੈਠਾ ਹੈ ਕਰਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ
--ਰਾਬਿੰਦਰ ਮਸਰੂਰ


ਕਿਸੇ ਮੰਜਿ਼ਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ
ਹੈ ਲਾਜਿ਼ਮ ਸ਼ਰਤ ਇਹ ਪੈਰੀਂ ਇਕ ਸੁਲਘਦਾ ਸਫ਼ਰ ਹੋਵੇ
--ਸੁਸ਼ੀਲ ਦੁਸਾਂਝ

ਕੀ ਕਰਾਂ ਸੇਵਾ ਮੈਂ ਤੇਰੀ ਜਦ ਸਿਕੰਦਰ ਨੇ ਕਿਹਾ
ਧੁੱਪ ਛੱਡ ਕੇ ਲਾਂਭੇ ਹੋ ਅਗੋਂ ਕਲੰਦਰ ਨੇ ਕਿਹਾ
--ਹਿੰਮਤ ਸਿੰਘ ਸੋਢੀ

ਡੂੰਘਾਈ ਕੀ, ਉਹਨੂੰ ਤਾਂ ਮੇਰੇ ਸਾਗਰ ਹੋਣ 'ਤੇ ਸ਼ੱਕ ਹੈ
ਨਿਕੰਮਾ ਇੰਚ-ਸੈਂਟੀਮੀਟਰਾਂ ਵਿਚ ਮਾਪਦਾ ਮੈਨੂੰ
--ਸੁਨੀਲ ਚੰਦਿਆਣਵੀ

ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਸਿਰ ਤੋਂ ਭਾਰ ਲਾਹ ਦੇਈਏ
--ਜਸਵਿੰਦਰ

ਭੁੱਖ ਦਾ ਹੈ ਆਪਣਾ ਤੇ ਪਿਆਸ ਦਾ ਅਪਣਾ ਮਜ਼ਾ
ਜਿ਼ੰਦਗੀ ਦੇ ਹਰ ਨਵੇਂ ਅਹਿਸਾਸ ਦਾ ਅਪਣਾ ਮਜ਼ਾ
--ਮਹੇਸ਼ਪਾਲ ਫਾਜਿ਼ਲ

ਉਹ ਵੀ ਦਿਨ ਸੀ ਢਾਬ ਤੀਕਰ ਆਪ ਸੀ ਆਈ ਨਦੀ
ਮਾਫ਼ ਕਰਨਾ ਪੰਛੀਓ ਅਜ ਆਪ ਤਿਰਹਾਈ ਨਦੀ
--ਜਸਵਿੰਦਰ

ਜਿਨ੍ਹਾਂ ਨੇ ਉੱਡਣਾ ਹੁੰਦੈ ਹਵਾ ਨਈਂ ਵੇਖਿਆ ਕਰਦੇ
ਜੋ ਸੂਰਜ ਵਾਂਗ ਚੜ੍ਹਦੇ ਨੇ ਘਟਾ ਨਈਂ ਵੇਖਿਆ ਕਰਦੇ
--ਬਲਬੀਰ ਸੈਣੀ

ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ
--ਜੀ.ਡੀ. ਚੌਧਰੀ

ਮੰਨਿਆ ਤੈਨੂੰ ਸੱਚ ਬੋਲਣ ਦੀ ਆਦਤ ਹੈ
ਸੋਨੇ ਦੇ ਵਿਚ ਕੁਝ ਤਾਂ ਖੋਟ ਰਲ਼ਾਇਆ ਕਰ
--ਸੁਭਾਸ਼ ਕਲਾਕਾਰ

 

ਜੇ ਤੂੰ ਜੱਗ ਦੀ ਰਜ਼ਾ.......... ਗ਼ਜ਼ਲ / ਚਮਨਦੀਪ ਦਿਓਲ

ਜੇ ਤੂੰ ਜੱਗ ਦੀ ਰਜ਼ਾ ‘ਚ ਰਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥

ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥


ਮੈਂ ਛੱਡ ਦਿਆਂਗੀ ਤੈਨੂੰ......... ਨਜ਼ਮ/ਕਵਿਤਾ / ਉਕਤਾਮੋਏ ( ਉਜ਼ਬੇਕਿਸਤਾਨ )

ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ


ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ

ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ

ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ

ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ

ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ
( ਲਿਪੀਅੰਤਰ - ਸਵਰਨਜੀਤ ਸਵੀ )

ਕਦੇ ਚਿੰਤਨ, ਕਦੇ ਚਰਚਾ.......... ਗ਼ਜ਼ਲ / ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਹਿਦ ਮੇਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨ੍ਹੇਰਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਜ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜ਼ੁਲਫਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ਼ ਸਾਜ਼ ਬਣ ਛਣਕਣ, ਇਹ ਸੂ਼ਲਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ,ਇਹ ਕਿਸ ਪਿੰਜਰੇ ਦਾ ਜੇਰਾ ਹੈ

ਝੀਲ ਕੀ ਭੀ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)

ਝੀਲ ਕੀ ਭੀ ਕਿਆ ਜਿ਼ੰਦਗਾਨੀ ਹੈ
ਪਥਰੋਂ ਮੇਂ ਬੇਚਾਰਾ ਪਾਨੀ ਹੈ

ਬਸ ਕਿਨਾਰੇ ਸੇ ਲੌਟ ਆਤੀ ਹੈਂ
ਕਸ਼ਤੀਓਂ ਕੀ ਯਹੀ ਕਹਾਨੀ ਹੈ


ਯਾਰ ਕਿਸ ਕਿਸ ਕਾ ਗ਼ਮ ਕਰੇਂ ਆਖਿ਼ਰ
ਸਾਰੀ ਦੁਨੀਆਂ ਕਾ ਹਸ਼ਰ ਫ਼ਾਨੀ ਹੈ

ਮੈਅਕਸ਼ੀ ਕੇ ਤੋ ਹਮ ਨਹੀਂ ਕਾਇਲ
ਦਰਦ ਸੇ ਰਾਤ ਭੀ ਬਚਾਨੀ ਹੈ

ਕਿਊਂ ਨਾ ਹੋ ਬਾਤ ਪੁਰਅਸਰ ਅਪਨੀ
ਦਿਲ ਕੀ ਹਰ ਬਾਤ ਹਮਨੇ ਮਾਨੀ ਹੈ

ਨਾਸਤਕ .......... ਨਜ਼ਮ/ਕਵਿਤਾ / ਨਵਜੀਤ

ਵਿਚਾਰਧਾਰਾ ਦੇ ਵਿਸਥਾਰ ਲਈ
ਖ਼ਾਸ ਨਕਸ਼ੇ ਵਾਲੇ ਮਕਾਨ ਦੀ ਲੋੜ ਨਹੀਂ ਪੈਂਦੀ
ਹਾਂ ਚਾਹੀਦਾ ਹੈ ਤਾਂ ਇੱਕ ਦਿਮਾਗ
ਜੋ ਜਾਣਦਾ ਹੈ ਕਿ ਦਿਮਾਗ ਕੇਵਲ

ਨਕਸ਼ੇ ਬਣਾਉਣ ਲਈ ਨਹੀਂ ਹੁੰਦੇ
ਕੌਂਮਾਂ ਦੇ ਸਿਰ ਤਾਣ ਕੇ
ਜਿਉਂ ਸਕਣ ਦੀ ਖ਼ਾਹਿਸ਼ ਰੱਖਣ
ਲਈ ਵੀ ਹੁੰਦੇ ਹਨ
ਪਰ ‘ਅਫ਼ਸੋਸ’
ਮੇਰੇ ਭਾਰਤ ਅੰਦਰ ‘ਵੇਦਾਂ’ਤੇ ‘ਗ੍ਰੰਥਾਂ’
ਨੂੰ ਭਾਰ ਬਣਾ ਕੇ
ਸਾਡੇ ਸਿਰਾਂ ਤੇ ਟਿਕਾ ਦਿੱਤਾ ਗਿਆ
ਇਸ ਭਾਰ ਨੂੰ ਹੋਲਾ ਕਰਨ ਤੁਰਿਆਂ ਦੀ
ਰੱਤ ਅਸੀਂ ਵਹਾ ਦਿੱਤੀ
ਵਜਾ ਦੀ ਵਜਾ ਬਣਿਆ ਕੇਵਲ ਇੱਕ ਸ਼ਬਦ
ਉਹ ਸੀ ‘ਨਾਸਤਿਕ’
ਸ਼ਬਦ ਜੋ ਭਾਰਤੀਆਂ ਲਈ ਅਸ਼ਲੀਲ ਹੈ
ਸ਼ਬਦ ਜੋ ਜਦੋਂ ਵੀ ਵਰਤਿਆ ਗਿਆ
ਕੇਵਲ ਉਹਨਾਂ ਲਈ
ਜੋ ਖ਼ਾਸ ਨਕਸ਼ਿਆਂ ਵਾਲੇ ਮਕਾਨ ਨਾ ਬਣਾ ਸਕੇ
ਜਿੰਨ੍ਹਾਂ ਕੋਲ ਪੂੰਜੀ ਦੇ ਨਾਂ ਤੇ ਸੀ
ਵਿਚਾਰਧਾਰਾ ਤੇ ਉਸਦਾ ਵਿਸਥਾਰ

ਆਉਣ ਵਾਲ਼ਾ ਕਹਿੰਦਾ ਸੀ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

ਆਉਣ ਵਾਲ਼ਾ ਕਹਿੰਦਾ ਸੀ
ਸਿਖਰ ਦੁਪਿਹਰੇ ਕਦੇ ਵੀ ਰਾਤ ਨਹੀਂ ਸੀ ਪੈਣੀ......।
ਜੇ ਅੱਗ ਦੀ ਲਾਟ ਸੂਰਜ ਨੂੰ ਨਾ ਲੂੰਹਦੀ.........।।
ਉਹਨੇ ਆਖਿਆ

ਰਾਤ ਦਾ ਹਨੇਰਾ ਏਨਾ ਚਿੱਟਾ ਨਹੀਂ ਸੀ ਹੋਣਾ
ਜੇ ਦਿਨ ਦੀ ਲੋਅ
ਚੰਦ 'ਚ ਨਾ ਸਮੋਂਦੀ.....।
ਉਹਨੇ ਆਖਿਆ
ਮੈਨੂੰ ਜੀਣ ਦਾ ਵੱਲ ਉਦੋਂ ਆਇਆ
ਜਦੋਂ ਮੈਨੂੰ ਮੌਤ ਦੀ ਸਜ਼ਾ ਦਿੱਤੀ ਗਈ
ਤੇ ਨਾਲ਼ੇ ਕਿਹਾ ਗਿਆ..... ਤੂੰ ਬੇਗੁਨਾਹ ਏਂ....।।
ਉਸ ਆਖਿਆ
ਮੈਂ ਮੌਤ ਵਰਗੀ ਜਿ਼ੰਦਗੀ ਨਹੀਂ ਜੀਣਾ ਚਾਹੁੰਦਾ ਹਾਂ
ਸਗੋਂ ਜਿ਼ੰਦਗੀ ਵਰਗੀ ਮੌਤ ਮਰਨਾ ਚਾਹੁੰਦਾ ਹਾਂ
ਮੈਂ ਆਖਿਆ ਆਮੀਨ.....।।
ਉਸ ਪੁੱਛਿਆ
ਤੂੰ ਕਿੰਜ ਜੀਣਾ ਚਾਹੇਂਗਾ ??
ਤੇ.......
ਮੈਂ ਮਰ ਚੁੱਕਾ ਸਾਂ.......

ਬਾਤਾਂ ਨੂੰ ਹਾਸਿਲ.......... ਗ਼ਜ਼ਲ / ਖੁਸ਼ਵੰਤ ਕੰਵਲ

ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ

ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ


ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ

ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ

ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ

ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ

ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ

 

ਇਹ ਸਦਾ ਉਡਦੇ.......... ਗ਼ਜ਼ਲ / ਬਰਜਿੰਦਰ ਚੌਹਾਨ

ਇਹ ਸਦਾ ਉਡਦੇ ਹੀ ਰਹਿੰਦੇ ਨੇ ਕਦੇ ਨਾ ਥੱਕਦੇ
ਖਾਹਿਸ਼ਾਂ ਦੇ ਸਭ ਪਰਿੰਦੇ ਪਿੰਜਰੇ ਵਿਚ ਡੱਕਦੇ

ਸੰਘਣੇ ਬ੍ਰਿਖਾਂ ਦੀ ਠੰਢੀ ਛਾਂ ਨਾ ਹੁਣ ਲੱਭਦੀ ਕਿਤੇ
ਹਰ ਕਦਮ ਹਰ ਮੋੜ 'ਤੇ ਮਿਲਦੇ ਨੇ ਬੂਟੇ ਅੱਕ ਦੇ


ਜੇ ਕਦੇ ਪੱਤਾ ਵੀ ਹਿੱਲੇ ਤਾਂ ਸਹਿਮ ਜਾਂਦੇ ਨੇ ਲੋਕ
ਹਰ ਕਿਸੇ ਦੇ ਜ਼ਹਿਨ ਵਿੱਚ ਉੱਗੇ ਨੇ ਜੰਗਲ ਸ਼ੱਕ ਦੇ

ਹੌਲ਼ੀ ਹੌਲ਼ੀ ਜਿਸਮ ਦੇ ਸਭ ਜ਼ਖ਼ਮ ਤਾਂ ਭਰ ਜਾਣਗੇ
ਪਰ ਨਹੀਂ ਸੌਖੇ ਨਿਬੇੜੇ ਰੂਹ 'ਤੇ ਲੱਗੇ ਟੱਕ ਦੇ

ਜ਼ਰਦ ਚਿਹਰਾ, ਦਰਦ ਗਹਿਰਾ, ਸੋਚ ਦਾ ਪਹਿਰਾ ਵੀ ਹੈ
ਰੋਜ਼ ਏਸੇ ਸ਼ਖ਼ਸ ਨੂੰ ਹਾਂ ਆਈਨੇ ਵਿਚ ਡੱਕਦੇ

ਜੇ ਬਦਲ ਸਕਦੇ ਦੁਆਵਾਂ ਨਾਲ਼ ਹੀ ਤਾਰੀਖ ਨੂੰ
ਸੋਚ ਤਾਂ ਲੋਕੀ ਭਲਾ ਤਲਵਾਰ ਫਿਰ ਕਿਉਂ ਚੱਕਦੇ


ਮੇਰੀ ਮਾਂ.......... ਨਜ਼ਮ/ਕਵਿਤਾ / ਸੱਤਪਾਲ ਬਰਾੜ

ਮੈਂ ਅਪਣੀ ਮਾਂ ਨੂੰ ਜਵਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਨੂੰ ਕੁਰਬਾਨ ਹੁੰਦੇ ਦੇਖਿਆ ਹੈ

ਮੈਂ ਅਪਣੀ ਮਾਂ ਨੂੰ ਕਮਜੋਰ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਬਲਵਾਨ ਹੁੰਦੇ ਦੇਖਿਆ ਹੈ


ਮੇਰੀ ਮਾਂ ਮੇਰੇ ਇਰਾਦੇ ਨਾਲੋਂ ਮਜਬੂਤ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ

ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੇ ਸੁਪਨਿਆਂ ਨਾਲੋਂ ਹੁਸੀਨ ਹੈ

ਮੇਰੀ ਮਾਂ ਮੇਰੇ ਗਮਾਂ ਨਾਲੋਂ ਗਮਸੀਨ ਹੈ
ਮੇਰੀ ਮਾਂ ਹੀ ਮੇਰੀ ਮੰਜਿਲ਼ ਦਾ ਰਸਤਾ ਹੈ

ਮੇਰੀ ਮਾਂ, ਮੇਰੇ ਨਾਲੋਂ ਵੀ ਤਰੱਕੀ ਯਾਵਤਾ ਹੈ
ਮਾਂ ਬੋਲੀ, ਮੈਂ ਮਾਂ ਤੋਂ ਸਿੱਖੀ

ਮਾਂ ਹੀ ਮੇਰੀ ਕਵਿਤਾ, ਮਾਂ ਹੀ ਮੇਰੀ ਵਾਰਤਾ ਹੈ
ਮੇਰੀ ਮਾਂ ਮੇਰੇ ਨਾਲੋਂ ਜਿਆਦਾ ਜਾਣਦੀ ਹੈ

ਮੇਰੇ ਗੁਣ ਅਤੇ ਕਮਜੋਰੀਆਂ ਪਛਾਣਦੀ ਹੈ
ਮੈਂ ਆਪਣੀ ਮਾਂ ਸਾਹਵੇਂ ਨੰਗਾ ਹਾਂ

ਪ੍ਰਦੇਸੀ ਭਟਕਣ ਨਾਲੋਂ ਮੈਂ
ਮਾਂ ਦੇ ਪ੍ਰਛਾਵੇਂ ਹੇਠ ਹੀ ਚੰਗਾ ਹਾਂ

ਮਾਂ ਮੇਰੀ ਜਿੰਦਗੀ ਦਾ ਗਹਿਣਾ ਹੈ
ਅਫਸੋਸ! ਮੇਰੀ ਮਾਂ ਨੇ

ਜਿਆਦਾ ਚਿਰ ਨਹੀਂ ਰਹਿਣਾ ਹੈ
ਇਹੋ ਹੀ ਗੁਰੁ ਦਾ ਟਕਮ ਹੈ

ਜੋ ਮਿੱਠਾ ਕਰਕੇ ਸਹਿਣਾ ਹੈ
ਪਰ ਮਰ ਕੇ ਵੀ ਮੇਰੀ ਮਾਂ ਮਰ ਨਹੀਂ ਸਕਦੀ

ਕਿਉਂਕਿ

ਮੇਰੀ ਮਾਂ ਦੇ ਅਸੂਲ ਜਿੰਦਾ ਰਹਿਣਾ ਹੈ
ਉਹ ਸਚਮੁੱਚ ਹੀ ਇੱਕ ਮਹਾਨ ਜਨਨੀ ਹੈ