ਅਸੀਂ ਇਕਰਾਰ ਹਾਂ.......... ਗ਼ਜ਼ਲ / ਰਾਬਿੰਦਰ ਮਸਰੂਰ

ਅਸੀਂ ਇਕਰਾਰ ਹਾਂ ਉਸ ਪਾਰ ਬੇੜੀ ਨਾਲ਼ ਜਾਵਾਂਗੇ
ਤੇਰਾ ਲਾਰਾ ਨਹੀਂ ਮੰਝਧਾਰ ‘ਚੋਂ ਜੋ ਪਰਤ ਜਾਵਾਂਗੇ

ਬੜੇ ਘਰ ਨੇ ਨਗਰ ਅੰਦਰ ਪਰ ਨਹੀਂ ਕੋਈ ਵੀ ਦਰਵਾਜ਼ਾ
ਨਗਰ ਵਿਚ ਜੇ ਕਿਸੇ ਦੇ ਘਰ ਗਏ ਕੀ ਖਟਖਟਾਵਾਂਗੇ?


ਹਜ਼ਾਰਾਂ ਵੈਣ ਤਰਲੇ ਕੀਰਨੇ ਕੰਧਾਂ ‘ਤੇ ਉਕਰੇ ਨੇ
ਕੋਈ ਆਇਆ ਤਾਂ ਕੰਧਾਂ ਘਰ ਦੀ ਕਿਸ ਨੁਕਰੇ ਲੁਕਾਵਾਂਗੇ

ਚਲੋ ਉਹ ਤਖਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ

ਕਿਸੇ ਵੀ ਮੋੜ ਤੋਂ ਆਵਾਜ਼ ਦੇ ਦੇਵੀਂ ਤੇ ਫਿਰ ਦੇਖੀਂ
ਤੇਰੀ ਮੁਸ਼ਕਿਲ ਦਾ ਹਲ ਬਣ ਕੇ ਖਲੋਤੇ ਨਜ਼ਰ ਆਵਾਂਗੇ

ਸਿਰਾਂ ਦੀ ਭੀੜ ਸੀ ਇਕ ਹਾਰ ਸੀ ਤੇ ਕਹਿ ਰਹੇ ਸਨ ਉਹ
ਝੁਕੇਗਾ ਸੀਸ ਜਿਹੜਾ, ਹਾਰ ਉਹਦੇ ਗਲ਼ ‘ਚ ਪਾਵਾਂਗੇ

ਜਵਾਨੀ ਦੇ ਰੰਗ.......... ਗੀਤ / ਰਾਕੇਸ਼ ਵਰਮਾ

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਮੇਰੀ ਮਾਂ ਸੀ ਕਰਦੀ ਨੌਕਰੀ, ਮੈਨੂੰ ਕਰੈੱਚਾਂ ਨੇ ਪਾਲਿਆ,
ਪਾਊਡਰ ਵਾਲਾ ਦੁੱਧ ਘੋਲ ਕੇ, ਬੋਤਲ ਨੂੰ ਮੂੰਹ ਮੈਂ ਲਾ ਲਿਆ,

ਚਾਕਲੇਟਾਂ ਖਾ-ਖਾ ਪਲਿਆ ਹਾਂ, ਖਾਧੇ ਬਿਸਕੁਟ ਨਮਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਫਿਲਮਾਂ ਮੈਂ ਕਈ ਵੇਖੀਆਂ ਸਕੂਲੋਂ ਭੱਜ-ਭੱਜ ਕੇ,
ਟਿਊਸ਼ਨ ਪੜ੍ਹਨ ਸੀ ਜਾਂਵਦਾ, ਮੈਂ ਸ਼ਾਮੀ ਸੱਜ-ਧਜ ਕੇ,
ਪਾਸ ਹੋਇਆਂ ਨਕਲਾਂ ਮਾਰ ਕੇ, ਮੈਨੂੰ ਕਹਿੰਦੇ ਜ਼ਹੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦੇ ਵਿੱਚ ਮੈਂ ਆ ਗਿਆ, ਚਿਹਰੇ ਤੇ ਮੁੱਛਾਂ ਫੁੱਟੀਆਂ,
ਕੋਈ ਰੋਕ-ਟੋਕ ਨਾ ਰਹੀ, ਸਭ ਬੰਦਿਸ਼ਾਂ ਸਨ ਟੁੱਟੀਆਂ,
ਫਿਕਰੇ ਮੈਂ ਕੱਸਾਂ ੳਸ ਤੇ, ਜਿਹੜੀ ਲੱਗਦੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਧੋਨੀ ਸਟਾਇਲ ਕੱਟ ਤੇ, ਤੇਲ ਨਹੀਂ, ਜੈਲੱ ਲਾਈਦੈ,
ਮੁਰਕੀ ਦਾ ਫੈਸ਼ਨ ਨਹੀਂ ਰਿਹਾ, ਹੁਣ ਕੰਨੀਂ ਕੋਕਾ ਪਾਈਦੈ,
ਲੱਕ ਭਾਵੇਂ ਹੈ ਸੁੱਕਾ ਜਿਹਾ, ਪਰ ਪਾਈਦੀ ਜੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਕਾਲਜ ਦਾ ਬਹੁਤਾ ਵਕਤ, ਕੰਟੀਨ ਵਿੱਚ ਬਿਤਾਉਂਦਾ ਹਾਂ,
ਸਿਗਰਟ ਜੇ ਭਰ ਕੇ ਪੀ ਲਵਾਂ, ਫੇਰ ਗੁਟਖਾ ਖਾਂਦਾ ਹਾਂ,
ਫੈਂਸੀ ਜੇ ਕਿਤੋਂ ਨਾ ਮਿਲੇ, ਖਾਣੀ ਪੈਂਦੀ ਫੀਮ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਵਿਸਕੀ ਜੇ ਪੀਣੀ ਪੈ ਜਵੇ, ਘਰੇ ਮੁਸ਼ਕ ਆ ਜਾਂਦੈ,
ਗੋਲੀ ਜਾਂ ਕੈਪਸੂਲ ਖਾ ਕੇ ਵੀ, ਸਰੂਰ ਚੰਗਾ ਛਾ ਜਾਂਦੈ,
ਭੋਰਾ ਸਮੈਕ ਜੇ ਸੁੰਘ ਲਵਾਂ, ਕੰਨੀ ਵੱਜਦੀ ਬੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਪਾਕਿਟ-ਮਨੀ ਦੀ ਥੋੜ੍ਹ ਨਹੀਂ, ਆਪਾਂ ਖੂਬ-ਖੁੱਲ੍ਹਾ ਖਾਈਦੈ,
ਮੰਮੀ-ਪਾਪਾ ਦੇ ਪਰਸ 'ਚੋਂ, ਨੋਟ ਇੱਕੋ ਖਿਸਕਾਈਦੈ,
ਧਰਿਤਰਾਸ਼ਟਰ ਵਾਂਗ ਉਹਨਾਂ ਨੂੰ, ਮੇਰੇ ਉੱਤੇ ਯਕੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਮੰਮੀ ਨੂੰ ਵਿਹਲ ਨਹੀਂ ਕਿੱਟੀਆਂ ਤੋਂ, ਪਾਪਾ ਰੋਜ਼ਾਨਾ ਕਲੱਬ ਜਾਂਦੇ,
ਕੱਠੇ ਕਿਤੇ ਹੋ ਜਾਣ ਤਾਂ, ਦੋਹਾਂ ਦੇ ਅਹਿਮ ਨੇ ਟਕਰਾਉਂਦੇ,
ਹੋਟਲਾਂ ਤੋਂ ਖਾਣਾ ਮੰਗਵਾਉਣ ਦਾ, ਹੁਣ ਬਣਿਆ ਰੁਟੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਨਸ਼ਿਆਂ ਨੂੰ ਗਲ ਨਾ ਲਾਂਵਦਾ, ਜੇ ਮਾਂ ਨੇ ਗਲ ਲਾ ਲਿਆ ਹੁੰਦਾ,
ਸ਼ਾਇਦ ਸਰਵਣ ਬਣ ਢੁੱਕਦਾ, ਜੇ ਉਨ੍ਹਾਂ ਨੇ ਆਪਣਾ ਲਿਆ ਹੁੰਦਾ,
ਪਰ ਪੈਸਾ-ਧਰਮ ਮੇਰੇ ਮਾਂ ਬਾਪ ਦਾ, ਪੈਸਾ ਹੀ ਉਨ੍ਹਾਂ ਦਾ ਦੀਨ ਐ,
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਅਜੇ ਵੀ ਵਿਗੜੀ ਸੰਵਾਰ ਲਓ,
ਔਲਾਦ ਨੂੰ-ਉਪਦੇਸ਼ ਨਹੀਂ, ਪੈਸਾ ਨਹੀਂ, ਬੱਸ ਪਿਆਰ ਦਿਓ,
ਪੈਸੇ ਦੇ ਪਿੱਛੇ ਨਾ ਭੱਜੋ, ਇਹ ਦੌੜ ਅੰਤ-ਹੀਨ ਐ....
ਮੈਨੂੰ ਰੰਗਾਂ ਦੀ ਕੋਈ ਥੋੜ੍ਹ ਨਹੀਂ....

ਗੱਭਰੂ ਆਂ ਅਜੋਕੇ ਦੌਰ ਦਾ, ਮੇਰੀ ਜਵਾਨੀ ਹਸੀਨ ਐ,
ਮੈਨੂੰ ਰੰਗਾਂ ਦੀ ਕੋਈ ਘਾਟ ਨਹੀਂ, ਮੇਰੀ ਜ਼ਿੰਦਗੀ ਰੰਗੀਨ ਐ॥

ਜਗਿਆਸਾ.......... ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)

ਅਤ੍ਰਿਪਤੀ

ਹੇ ਗੁਰੂਦੇਵ!
ਮੈਂ ਆਪਣੀਆਂ ਅਤ੍ਰਿਪਤੀਆਂ ਦਾ ਕਾਸਾ ਲੈ ਕੇ
ਖੜ੍ਹੀ ਹਾਂ ਤੇਰੇ ਦੁਆਰ

ਤੂੰ ਗਿਆਨ ਦਾ ਮਹਾਂਸਾਗਰ

ਮੇਰੀ ਤਪਦੀ ਰੂਹ ਨੂੰ
ਜ਼ਰਾ ਕੁ ਨਮੀ ਬਖ਼ਸ਼
ਸਿਰ ‘ਤੇ ਛਾਈਆਂ ਕਾਲੀ਼ਆਂ ਘਟਾਵਾਂ
ਲੰਘ ਗਈਆਂ ਤੇਹਾਂ ਜਗਾ ਕੇ

ਮੇਰੇ ਮੱਥੇ ਦੀ ਠੀਕਰੀ ਤੇ ਉਕਰਿਆ
ਯੁਗਾਂ ਦਾ ਸੰਤਾਪ
ਮੇਰੀ ਦੇਹੀ ਦੀ ਜਿਲਦ ‘ਤੇ ਲਿਖੀ
ਪੀੜ੍ਹੀਆਂ ਦੀ ਭਟਕਣ

ਮੇਰੇ ਸਖਣੇ ਕਾਸੇ ਵਿਚ
ਦੋ ਧੜਕਦੇ ਹਰਫ਼ ਪਾ
ਜੋ ਪਾਰ ਲੈ ਜਾਣ ਮੈਨੂੰ
ਫੈਲਦੀ ਸਿਮਟਦੀ ਪਿਆਸ ਤੋਂ

ਪੈਰਾਂ ਹੇਠਲੀ ਬਰਫ਼ ਉਤੇ
ਚੇਤਨਾ ਦੇ ਅੰਗਿਆਰ ਵਿਛਾ
ਅੰਧਕਾਰ ਦੀ ਸਲਤਨਤ ਵਿਚ
ਕੋਈ ਦੀਵਾ ਜਗਾ

ਮੇਰੇ ਗਿਰਦ ਝੁਰਮਟ ਹੈ
ਪਾਗਲ ਸ਼ੰਕਾਵਾਂ ਦਾ
ਮੇਰੇ ਸੁਪਨਿਆਂ ਵਿਚ ਸ਼ੋਰ ਹੈ
ਬਿਫਰੇ ਦਰਿਆਵਾਂ ਦਾ

ਕਿਸ ਬਿਧ ਸਹਿਜ ਹੋ ਕੇ
ਆਪਣੀ ਹੋਂਦ ਦਾ ਮਕਸਦ ਤਲਾਸ਼ਾਂ
ਕਿਸ ਬਿਧ ਤਰਲ ਹੋ ਕੇ
ਵਗਾਂ ਅਪਣੇ ਧਰਾਤਲ ‘ਤੇ

ਤੂੰ ਮੈਨੂੰ ‘ਊੜੇ’ ਦੀ ਉਂਗਲ਼ ਫੜਾ
ੜਾੜੇ ਦੀ ਪੈੜ
ਮੈਂ ਆਪ ਤਲਾਸ਼ ਲਵਾਂਗੀ

ਗੁਰੂਦੇਵ

ਹੇ ਸਖੀ!
ਅਤ੍ਰਿਪਤੀਆਂ ਹੀ ਜਾਮਨ ਹੁੰਦੀਆਂ
ਰਗਾਂ ਵਿਚ ਦੌੜਦੇ ਲਹੂ ਦੀਆਂ
ਪਿਆਸ ਮਿਟ ਜਾਵੇ
ਤਲਾਸ਼ ਦਾ ਸਿਲਸਿਲਾ ਹੀ ਰੁਕ ਜਾਂਦਾ

ਫੇਰ ਵੀ
ਖੁਸ਼ਕ ਬੁੱਲ੍ਹਾਂ ‘ਤੇ ਦੋ ਬੂੰਦਾਂ ਡੋਲ੍ਹ ਕੇ
ਜ਼ਰੂਰੀ ਹੈ ਪਿਆਸ ਜਿਉਂਦੀ ਰੱਖਣੀ
ਪਾਟੇ ਪੈਰਾਂ ਉਤੇ ਮਹਿੰਦੀ ਲਾਈਏ
ਤਾਂ ਰੰਗ ਹੋਰ ਗੂੜ੍ਹਾ ਉਘੜਦਾ

ਅਣੀਆਂ ਦੀ ਕਸ਼ਮਕਸ਼ ਦੇ ਬੇਰੋਕ ਵੇਗ ਨੂੰ
ਅਸੀਂ ਸੰਤਾਪ ਆਖੀਏ ਜਾਂ ਹੋਣੀ
ਭਟਕਣ ਜਾਂ ਤਲਾਸ਼
ਬਸ ਇਹੀ ਹੈ ਅਧਾਰ ਸਾਡੀ ਹੋਂਦ ਦਾ

ਹਰ ਸ਼ੰਕਾ ਦਾ ਜਨਮ
ਤਰਲ ਕਰ ਦਿੰਦਾ ਸਾਨੂੰ
ਗਹਿਰਾਈਆਂ ‘ਚ ਵਗਣ ਲਈ
ਹਰ ਸ਼ੰਕਾ ਦੀ ਮੌਤ
ਪਥਰਾਅ ਦਿੰਦੀ
ਮਨ ਵਿਚ ਲਰਜ਼ਦੇ ਪਾਰੇ ਨੂੰ

ਚਿਤ ਵਿਚ ਖੌਰੂ ਹੋਵੇ
ਤਾਂ ਜ਼ਰੂਰੀ ਹੈ
ਉਸਨੂੰ ਪੌਣ ਦੇ ਹਵਾਲੇ ਕਰਨਾ
ਅੰਦਰਲੀ ਝੀਲ ਮੂਰਛਤ ਹੋਵੇ
ਤਾਂ ਜ਼ਰੂਰੀ ਹੈ ਉਸਨੂੰ ਤਰੰਗਤ ਕਰਨਾ

ਤੈਨੂੰ ਮੁਬਾਰਕ ਹੋਵੇ ਇਹ ਭਟਕਣ
ਤੇਰੀ ਪਾਜੇਬ ਦੇ ਜ਼ਖ਼ਮ
ਫੁੱਲ ਬਣ ਕੇ ਖਿੜਨਗੇ ਇਕ ਦਿਨ

ਮੈਂ ਜੋ
ਬੂੰਦ ਮਾਤਰ ਹਾਂ ਮਹਾਂਸਾਗਰ ਦੀ
ਆਪਣੇ ਵਜੂਦ ਦੇ ਸੱਤੇ ਰੰਗ ਵਿਛਾਉਂਦਾ ਹਾਂ
ਤੇਰੇ ਮੁਬਾਰਕ ਪੈਰਾਂ ਹੇਠ.............

ਸਮੁੰਦਰ ਵਿਚ ਵੀ.......... ਗ਼ਜ਼ਲ / ਜਸਵਿੰਦਰ

ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ


ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ

ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ

ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।

ਮੇਰੇ ਸੂਰਜ.......... ਗ਼ਜ਼ਲ / ਸੁਖਵਿੰਦਰ ਅੰਮ੍ਰਿਤ

ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ
ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ

ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ
ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ


ਜੇ ਵਰ੍ਹ ਗਈ ਬੱਦਲੀ ਕੋਈ ਤਾਂ ਘੱਲ ਦੇਵੀਂ ਹਰੇ ਪੱਤੇ
ਥਲਾਂ ਦੇ ਬੂਟਿਆ ਤੇਰਾ ਬੜਾ ਹੀ ਖਿਆਲ ਰਹਿੰਦਾ ਹੈ

ਪਤਾ ਹੈ ਓਸਨੂੰ ਮੈਂ ਪੌਣ ਹਾਂ ਮਛਲੀ ਨਹੀਂ ਕੋਈ
ਨਾ ਜਾਣੇ ਕਿਉਂ ਮੇਰੇ ਦੁਆਲ਼ੇ ਉਹ ਬੁਣਦਾ ਜਾਲ਼ ਰਹਿੰਦਾ ਹੈ

ਜਗਾਈ ਨਾ ਅਲਖ ਆ ਕੇ ਕਿਸੇ ਜੋਗੀ ਨੇ ਦਰ ਉਹਦੇ
ਕਿ ਜੀਹਦੇ ਹੱਥ ‘ਚ ਮੋਤੀਆਂ ਦਾ ਥਾਲ਼ ਰਹਿੰਦਾ ਹੈ

ਉਹ ਇਕ ਪਰਦਾ ਹੈ ਜਿਸ ਉਤੇ ਬਣੀ ਹੈ ਅੱਗ ਦੀ ਮੂਰਤ
ਤੇ ਉਸ ਮੂਰਤ ਦੇ ਪਿੱਛੇ ਇਕ ਠੰਢਾ ਸਿਆਲ਼ ਰਹਿੰਦਾ ਹੈ

ਮੇਰੇ ਮੌਲਾ ! ਉਦ੍ਹੀ ਕੁੱਲੀ ਕਿਆਮਤ ਤੱਕ ਰਹੇ ਰੌਸ਼ਨ
ਜੁ ਲੰਘ ਗਏ ਹਰ ਮੁਸਾਫਿਰ ਦਾ ਹੀ ਪੁੱਛਦਾ ਹਾਲ ਰਹਿੰਦਾ ਹੈ

ਚੋਣਵੇਂ ਸਿ਼ਅਰ.......... ਸਿ਼ਅਰ / ਰਣਬੀਰ ਕੌਰ

ਚਲੋ ਉਹ ਤਖ਼ਤ 'ਤੇ ਬੈਠਾ ਹੈ ਕਰਕੇ ਕਤਲ ਆਵਾਜ਼ਾਂ
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ
--ਰਾਬਿੰਦਰ ਮਸਰੂਰ


ਕਿਸੇ ਮੰਜਿ਼ਲ ਨੂੰ ਸਰ ਕਰਨਾ ਕਦੇ ਮੁਸ਼ਕਿਲ ਨਹੀਂ ਹੁੰਦਾ
ਹੈ ਲਾਜਿ਼ਮ ਸ਼ਰਤ ਇਹ ਪੈਰੀਂ ਇਕ ਸੁਲਘਦਾ ਸਫ਼ਰ ਹੋਵੇ
--ਸੁਸ਼ੀਲ ਦੁਸਾਂਝ

ਕੀ ਕਰਾਂ ਸੇਵਾ ਮੈਂ ਤੇਰੀ ਜਦ ਸਿਕੰਦਰ ਨੇ ਕਿਹਾ
ਧੁੱਪ ਛੱਡ ਕੇ ਲਾਂਭੇ ਹੋ ਅਗੋਂ ਕਲੰਦਰ ਨੇ ਕਿਹਾ
--ਹਿੰਮਤ ਸਿੰਘ ਸੋਢੀ

ਡੂੰਘਾਈ ਕੀ, ਉਹਨੂੰ ਤਾਂ ਮੇਰੇ ਸਾਗਰ ਹੋਣ 'ਤੇ ਸ਼ੱਕ ਹੈ
ਨਿਕੰਮਾ ਇੰਚ-ਸੈਂਟੀਮੀਟਰਾਂ ਵਿਚ ਮਾਪਦਾ ਮੈਨੂੰ
--ਸੁਨੀਲ ਚੰਦਿਆਣਵੀ

ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫਾਲਤੂ ਚੀਜ਼ਾਂ ਦਾ ਸਿਰ ਤੋਂ ਭਾਰ ਲਾਹ ਦੇਈਏ
--ਜਸਵਿੰਦਰ

ਭੁੱਖ ਦਾ ਹੈ ਆਪਣਾ ਤੇ ਪਿਆਸ ਦਾ ਅਪਣਾ ਮਜ਼ਾ
ਜਿ਼ੰਦਗੀ ਦੇ ਹਰ ਨਵੇਂ ਅਹਿਸਾਸ ਦਾ ਅਪਣਾ ਮਜ਼ਾ
--ਮਹੇਸ਼ਪਾਲ ਫਾਜਿ਼ਲ

ਉਹ ਵੀ ਦਿਨ ਸੀ ਢਾਬ ਤੀਕਰ ਆਪ ਸੀ ਆਈ ਨਦੀ
ਮਾਫ਼ ਕਰਨਾ ਪੰਛੀਓ ਅਜ ਆਪ ਤਿਰਹਾਈ ਨਦੀ
--ਜਸਵਿੰਦਰ

ਜਿਨ੍ਹਾਂ ਨੇ ਉੱਡਣਾ ਹੁੰਦੈ ਹਵਾ ਨਈਂ ਵੇਖਿਆ ਕਰਦੇ
ਜੋ ਸੂਰਜ ਵਾਂਗ ਚੜ੍ਹਦੇ ਨੇ ਘਟਾ ਨਈਂ ਵੇਖਿਆ ਕਰਦੇ
--ਬਲਬੀਰ ਸੈਣੀ

ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ
--ਜੀ.ਡੀ. ਚੌਧਰੀ

ਮੰਨਿਆ ਤੈਨੂੰ ਸੱਚ ਬੋਲਣ ਦੀ ਆਦਤ ਹੈ
ਸੋਨੇ ਦੇ ਵਿਚ ਕੁਝ ਤਾਂ ਖੋਟ ਰਲ਼ਾਇਆ ਕਰ
--ਸੁਭਾਸ਼ ਕਲਾਕਾਰ



ਜੇ ਤੂੰ ਜੱਗ ਦੀ ਰਜ਼ਾ.......... ਗ਼ਜ਼ਲ / ਚਮਨਦੀਪ ਦਿਓਲ

ਜੇ ਤੂੰ ਜੱਗ ਦੀ ਰਜ਼ਾ ‘ਚ ਰਹਿਣਾ ਸੀ॥
ਇਸ਼ਕ ਦੇ ਰਾਹ ਹੀ ਕਾਹਤੋਂ ਪੈਣਾ ਸੀ॥
ਬੁਝ ਗਿਆ ‘ਉਹ’ ਤੇ ਹੁਣ ਬੁਝੇਂਗਾ ਤੂੰ,
ਨਾਮ ਕਾਹਤੋਂ ਹਵਾ ਦਾ ਲੈਣਾ ਸੀ॥

ਉਹ ਮੇਰਾ ਗਲ ਹੀ ਲੈ ਗਏ ਲਾਹ ਕੇ,
ਏਸ ਵਿੱਚ ਇੱਕ ਹੁਸੀਨ ਗਹਿਣਾ ਸੀ॥
ਇਸ਼ਕ ਚੜ੍ਹਿਆ ਸੀ ਤੈਨੂੰ ਮੈਅ ਵਾਂਗੂ,
ਤੇ ਚੜ੍ਹੇ ਨੇ ਕਦੀ ਤਾਂ ਲਹਿਣਾ ਸੀ॥
'ਦਿਓਲ' ਰਸਤਾ ਦਿਖਾ ਗਿਆ ਤੈਨੂੰ,
ਭਾਵੇਂ ਨਿੱਕਾ ਜਿਹਾ ਟਟਹਿਣਾ ਸੀ॥


ਮੈਂ ਛੱਡ ਦਿਆਂਗੀ ਤੈਨੂੰ......... ਨਜ਼ਮ/ਕਵਿਤਾ / ਉਕਤਾਮੋਏ ( ਉਜ਼ਬੇਕਿਸਤਾਨ )

ਇਹ ਰਾਤ ਜਦ ਚੰਨ ਇੱਕਲਾ ਹੈ ਅਸਮਾਨ ‘ਚ
ਇਸ ਰਾਤ ਜਦ ਮੁਹੱਬਤ ਦੇ ਆਵੇਗ ਦੀ ਬੇਅਦਬੀ ਹੋਈ
ਇਸ ਰਾਤ ਜਦ ਤਰਸਦੇ ਹੱਥ ਕਸਮਸਾ ਕੇ ਥੱਕ ਗਏ
ਮੈਂ ਛੱਡ ਦਿਆਂਗੀ ਤੈਨੂੰ


ਜਿਵੇਂ ਤਾਰਾ ਟੁੱਟਦਾ ਹੈ ਅਸਮਾਨ ‘ਚ
ਬਿਨਾਂ ਕੋਈ ਨਿਸ਼ਾਨ ਛੱਡਿਆਂ
ਸੰਤਾਪ ਦੀਆਂ ਅੱਖਾਂ ‘ਚ ਜਿਉਂ
ਖੂ਼ਨ ਉਬਲੇ
ਜਦ ਕਿਸੇ ਵੀ ਪਲ ਵਿਛੜਨਾ ਤਹਿ ਹੋਵੇ
ਮੈਂ ਛੱਡ ਦਿਆਂਗੀ ਤੈਨੂੰ

ਪਿਆਰ ਦੇ ਖ਼ਜ਼ਾਨੇ ਦੇ ਗੁੰਮ ਜਾਣ ‘ਤੇ
ਮੇਰੇ ਸੀਨੇ ‘ਚੋਂ ਉਡਦੇ ਪੰਛੀ ਮਰ ਗਏ
ਤੇਰੀ ਹੋਰ ਪ੍ਰਵਾਹ ਨਹੀਂ ਕਰਦੀ
ਮੈਂ ਛੱਡ ਦਿਆਂਗੀ ਤੈਨੂੰ

ਜੰਗਲੀ ਹਵਾ ਖੇਡਦੀ ਲੰਘ ਜਾਵੇਗੀ
ਜਾਲ਼ ਜੋ ਮੈਂ ਵਿਛਾਇਆ ਸੀ
ਉਸ ‘ਚ ਕੋਈ ਸ਼ੇਰ ਨਹੀਂ ਫਸਿਆ
ਕਿੰਨੇ ਬਦਕਿਸਮਤ ਨੇ ਸਾਡੇ ਦਿਲ
ਮੈਂ ਛੱਡ ਦਿਆਂਗੀ ਤੈਨੂੰ

ਨਜ਼ਰਾਂ ਸਿਆਹ ਹੋ ਗਈਆਂ ਨੇ
ਝਾੜੀਆਂ ‘ਚ ਖੂ਼ਬਸੂਰਤ ਗੁਨਾਹ ਸੁੱਕ ਗਏ
ਅਸਮਾਨ ‘ਚ ਦੁੱਖਾਂ ਦੇ ਬੱਦਲ ਗਰਜ ਰਹੇ ਹਨ
ਮੈਂ ਛੱਡ ਦਿਆਂਗੀ ਤੈਨੂੰ

ਬਗਲਿਆਂ ਦੀਆਂ ਡਾਰਾਂ
ਬਹਿਸਤ ਦੇ ਅਥਰੂ ਨੇ
ਇੱਕ ਸੂਫੈਦ ਸਾਂਤੀ ‘ਚ ਘਿਰ ਜਾਵਾਂਗੀ
ਮੇਰੇ ਬਿਨ੍ਹਾਂ ਗੁਨਾਹ ਤੇਰੇ ਦਿਨਾਂ ‘ਚ ਲਿਖ ਜਾਣਗੇ
ਮੈਂ ਛੱਡ ਦਿਆਂਗੀ ਤੈਨੂੰ
( ਲਿਪੀਅੰਤਰ - ਸਵਰਨਜੀਤ ਸਵੀ )

ਕਦੇ ਚਿੰਤਨ, ਕਦੇ ਚਰਚਾ.......... ਗ਼ਜ਼ਲ / ਜਸਪਾਲ ਘਈ

ਕਦੇ ਚਿੰਤਨ, ਕਦੇ ਚਰਚਾ, ਕਦੇ ਚਰਚਾ 'ਤੇ ਚਰਚਾ ਹੈ
ਕਿਤਾਬਾਂ ਜਾਗ ਰਹੀਆਂ ਨੇ, ਤੇ ਸਾਰਾ ਸ਼ਹਿਰ ਸੁੱਤਾ ਹੈ

ਲਓ ਇਹ ਕਿਸ਼ਤੀਆਂ ਸਾਂਭੋ, ਜੇ ਹਿੰਮਤ ਹੈ ਤਾਂ ਫਿਰ ਆਓ
ਮਿਰੀ ਹਿੱਕ ਦਾ ਹੈ ਥਲ ਸ਼ਹਿਦ ਮੇਰਾ ਹੀ ਨਾਮ ਦਰਿਆ ਹੈ


ਚਿਰਾਗਾਂ ਨੂੰ ਜੇ ਪਰ ਹੋਵਣ ਤਾਂ ਕਿਥੋਂ ਤੀਕ ਉਡਣਗੇ
ਪਲਾਂ ਦੇ ਵਾਂਗ ਹੈ ਚਾਨਣ, ਤੇ ਉਮਰਾਂ ਵਾਂਗ ਨ੍ਹੇਰਾ ਹੈ

ਤਿਰੀ ਤਹਿਰੀਰ ਹੈ ਕੱਲੀ, ਮਿਰੀ ਤਕਦੀਰ ਕਿੰਜ ਹੋਈ
ਲਕੀਰਾਂ ਭਾਵੇਂ ਹਨ ਤਿਰੀਆਂ ਮਗਰ ਇਹ ਹੱਥ ਤੇ ਮੇਰਾ ਹੈ

ਜ਼ਰਾ ਖੰਜਰ ਤੋਂ ਹੀ ਪੜ੍ਹ ਲੈ, ਲਹੂ ਮੇਰੇ ਨੇ ਕੀ ਲਿਖਿਐ
ਤਿਰੇ ਜ਼ੁਲਫਾਂ ਦੇ ਨੇਰ੍ਹੇ ਵਿਚ ਮਿਰੀ ਰੂਹ ਦਾ ਸਵੇਰਾ ਹੈ

ਇਹ ਸੰਗਲ਼ ਸਾਜ਼ ਬਣ ਛਣਕਣ, ਇਹ ਸੂ਼ਲਾਂ ਤਾਜ ਬਣ ਚਮਕਣ
ਕਿ ਅੰਬਰ ਨੂੰ ਕਰੇ ਕੈਦੀ,ਇਹ ਕਿਸ ਪਿੰਜਰੇ ਦਾ ਜੇਰਾ ਹੈ

ਝੀਲ ਕੀ ਭੀ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)

ਝੀਲ ਕੀ ਭੀ ਕਿਆ ਜਿ਼ੰਦਗਾਨੀ ਹੈ
ਪਥਰੋਂ ਮੇਂ ਬੇਚਾਰਾ ਪਾਨੀ ਹੈ

ਬਸ ਕਿਨਾਰੇ ਸੇ ਲੌਟ ਆਤੀ ਹੈਂ
ਕਸ਼ਤੀਓਂ ਕੀ ਯਹੀ ਕਹਾਨੀ ਹੈ


ਯਾਰ ਕਿਸ ਕਿਸ ਕਾ ਗ਼ਮ ਕਰੇਂ ਆਖਿ਼ਰ
ਸਾਰੀ ਦੁਨੀਆਂ ਕਾ ਹਸ਼ਰ ਫ਼ਾਨੀ ਹੈ

ਮੈਅਕਸ਼ੀ ਕੇ ਤੋ ਹਮ ਨਹੀਂ ਕਾਇਲ
ਦਰਦ ਸੇ ਰਾਤ ਭੀ ਬਚਾਨੀ ਹੈ

ਕਿਊਂ ਨਾ ਹੋ ਬਾਤ ਪੁਰਅਸਰ ਅਪਨੀ
ਦਿਲ ਕੀ ਹਰ ਬਾਤ ਹਮਨੇ ਮਾਨੀ ਹੈ

ਨਾਸਤਕ .......... ਨਜ਼ਮ/ਕਵਿਤਾ / ਨਵਜੀਤ

ਵਿਚਾਰਧਾਰਾ ਦੇ ਵਿਸਥਾਰ ਲਈ
ਖ਼ਾਸ ਨਕਸ਼ੇ ਵਾਲੇ ਮਕਾਨ ਦੀ ਲੋੜ ਨਹੀਂ ਪੈਂਦੀ
ਹਾਂ ਚਾਹੀਦਾ ਹੈ ਤਾਂ ਇੱਕ ਦਿਮਾਗ
ਜੋ ਜਾਣਦਾ ਹੈ ਕਿ ਦਿਮਾਗ ਕੇਵਲ

ਨਕਸ਼ੇ ਬਣਾਉਣ ਲਈ ਨਹੀਂ ਹੁੰਦੇ
ਕੌਂਮਾਂ ਦੇ ਸਿਰ ਤਾਣ ਕੇ
ਜਿਉਂ ਸਕਣ ਦੀ ਖ਼ਾਹਿਸ਼ ਰੱਖਣ
ਲਈ ਵੀ ਹੁੰਦੇ ਹਨ
ਪਰ ‘ਅਫ਼ਸੋਸ’
ਮੇਰੇ ਭਾਰਤ ਅੰਦਰ ‘ਵੇਦਾਂ’ਤੇ ‘ਗ੍ਰੰਥਾਂ’
ਨੂੰ ਭਾਰ ਬਣਾ ਕੇ
ਸਾਡੇ ਸਿਰਾਂ ਤੇ ਟਿਕਾ ਦਿੱਤਾ ਗਿਆ
ਇਸ ਭਾਰ ਨੂੰ ਹੋਲਾ ਕਰਨ ਤੁਰਿਆਂ ਦੀ
ਰੱਤ ਅਸੀਂ ਵਹਾ ਦਿੱਤੀ
ਵਜਾ ਦੀ ਵਜਾ ਬਣਿਆ ਕੇਵਲ ਇੱਕ ਸ਼ਬਦ
ਉਹ ਸੀ ‘ਨਾਸਤਿਕ’
ਸ਼ਬਦ ਜੋ ਭਾਰਤੀਆਂ ਲਈ ਅਸ਼ਲੀਲ ਹੈ
ਸ਼ਬਦ ਜੋ ਜਦੋਂ ਵੀ ਵਰਤਿਆ ਗਿਆ
ਕੇਵਲ ਉਹਨਾਂ ਲਈ
ਜੋ ਖ਼ਾਸ ਨਕਸ਼ਿਆਂ ਵਾਲੇ ਮਕਾਨ ਨਾ ਬਣਾ ਸਕੇ
ਜਿੰਨ੍ਹਾਂ ਕੋਲ ਪੂੰਜੀ ਦੇ ਨਾਂ ਤੇ ਸੀ
ਵਿਚਾਰਧਾਰਾ ਤੇ ਉਸਦਾ ਵਿਸਥਾਰ

ਆਉਣ ਵਾਲ਼ਾ ਕਹਿੰਦਾ ਸੀ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

ਆਉਣ ਵਾਲ਼ਾ ਕਹਿੰਦਾ ਸੀ
ਸਿਖਰ ਦੁਪਿਹਰੇ ਕਦੇ ਵੀ ਰਾਤ ਨਹੀਂ ਸੀ ਪੈਣੀ......।
ਜੇ ਅੱਗ ਦੀ ਲਾਟ ਸੂਰਜ ਨੂੰ ਨਾ ਲੂੰਹਦੀ.........।।
ਉਹਨੇ ਆਖਿਆ

ਰਾਤ ਦਾ ਹਨੇਰਾ ਏਨਾ ਚਿੱਟਾ ਨਹੀਂ ਸੀ ਹੋਣਾ
ਜੇ ਦਿਨ ਦੀ ਲੋਅ
ਚੰਦ 'ਚ ਨਾ ਸਮੋਂਦੀ.....।
ਉਹਨੇ ਆਖਿਆ
ਮੈਨੂੰ ਜੀਣ ਦਾ ਵੱਲ ਉਦੋਂ ਆਇਆ
ਜਦੋਂ ਮੈਨੂੰ ਮੌਤ ਦੀ ਸਜ਼ਾ ਦਿੱਤੀ ਗਈ
ਤੇ ਨਾਲ਼ੇ ਕਿਹਾ ਗਿਆ..... ਤੂੰ ਬੇਗੁਨਾਹ ਏਂ....।।
ਉਸ ਆਖਿਆ
ਮੈਂ ਮੌਤ ਵਰਗੀ ਜਿ਼ੰਦਗੀ ਨਹੀਂ ਜੀਣਾ ਚਾਹੁੰਦਾ ਹਾਂ
ਸਗੋਂ ਜਿ਼ੰਦਗੀ ਵਰਗੀ ਮੌਤ ਮਰਨਾ ਚਾਹੁੰਦਾ ਹਾਂ
ਮੈਂ ਆਖਿਆ ਆਮੀਨ.....।।
ਉਸ ਪੁੱਛਿਆ
ਤੂੰ ਕਿੰਜ ਜੀਣਾ ਚਾਹੇਂਗਾ ??
ਤੇ.......
ਮੈਂ ਮਰ ਚੁੱਕਾ ਸਾਂ.......

ਬਾਤਾਂ ਨੂੰ ਹਾਸਿਲ.......... ਗ਼ਜ਼ਲ / ਖੁਸ਼ਵੰਤ ਕੰਵਲ

ਬਾਤਾਂ ਨੂੰ ਹਾਸਿਲ ਹੁੰਗਾਰਾ ਹੋ ਜਾਂਦਾ
ਤਾਂ ਕਿੰਨਾ ਦਿਲਚਸਪ ਨਜ਼ਾਰਾ ਹੋ ਜਾਂਦਾ

ਏਧਰ ਤਾਂ ਇਕ ਪਲ ਵੀ ਔਖਾ ਲੰਘਦਾ ਹੈ
ਓਧਰ ਖੌਰੇ ਕਿਵੇਂ ਗੁਜ਼ਾਰਾ ਹੋ ਜਾਂਦਾ


ਇਸ਼ਕ 'ਚ ਬੰਦਾ ਬਣ ਜਾਂਦਾ ਹੈ ਕੁਝ ਨਾ ਕੁਝ
ਨਹੀਂ ਤਾਂ ਰੁਲ਼ ਜਾਂਦੈ ਆਵਾਰਾ ਹੋ ਜਾਂਦਾ

ਦਿਲ ਦਾ ਕੀ ਇਤਬਾਰ ਬੜਾ ਬੇ-ਇਤਬਾਰਾ
ਇਕ ਪਲ ਪੱਥਰ ਇਕ ਪਲ ਪਾਰਾ ਹੋ ਜਾਂਦਾ

ਤਪਦੇ ਥਲ ਵਿਚ ਯਾਰ ਜਦੋਂ ਆ ਮਿਲ ਪੈਂਦਾ
ਮਾਰੂਥਲ ਵੀ ਬਲਖ ਬੁਖਾਰਾ ਹੋ ਜਾਂਦਾ

ਓਦੋਂ ਅਪਣਾ ਆਪ ਹੀ ਹੁੰਦਾ ਹੈ ਅਪਣਾ
ਦੁਸ਼ਮਣ ਜਦੋਂ ਜ਼ਮਾਨਾ ਸਾਰਾ ਹੁੰਦਾ ਹੈ

ਦਸ ਦੇਂਦੇ ਕਿ ਆਉਣਾ ਮੱਸਿਆ ਦੀ ਰਾਤੇ
ਤਾਂ ਫਿਰ ਜੁਗਨੂੰ ਜਾਂ ਮੈਂ ਤਾਰਾ ਹੋ ਜਾਂਦਾ



ਇਹ ਸਦਾ ਉਡਦੇ.......... ਗ਼ਜ਼ਲ / ਬਰਜਿੰਦਰ ਚੌਹਾਨ

ਇਹ ਸਦਾ ਉਡਦੇ ਹੀ ਰਹਿੰਦੇ ਨੇ ਕਦੇ ਨਾ ਥੱਕਦੇ
ਖਾਹਿਸ਼ਾਂ ਦੇ ਸਭ ਪਰਿੰਦੇ ਪਿੰਜਰੇ ਵਿਚ ਡੱਕਦੇ

ਸੰਘਣੇ ਬ੍ਰਿਖਾਂ ਦੀ ਠੰਢੀ ਛਾਂ ਨਾ ਹੁਣ ਲੱਭਦੀ ਕਿਤੇ
ਹਰ ਕਦਮ ਹਰ ਮੋੜ 'ਤੇ ਮਿਲਦੇ ਨੇ ਬੂਟੇ ਅੱਕ ਦੇ


ਜੇ ਕਦੇ ਪੱਤਾ ਵੀ ਹਿੱਲੇ ਤਾਂ ਸਹਿਮ ਜਾਂਦੇ ਨੇ ਲੋਕ
ਹਰ ਕਿਸੇ ਦੇ ਜ਼ਹਿਨ ਵਿੱਚ ਉੱਗੇ ਨੇ ਜੰਗਲ ਸ਼ੱਕ ਦੇ

ਹੌਲ਼ੀ ਹੌਲ਼ੀ ਜਿਸਮ ਦੇ ਸਭ ਜ਼ਖ਼ਮ ਤਾਂ ਭਰ ਜਾਣਗੇ
ਪਰ ਨਹੀਂ ਸੌਖੇ ਨਿਬੇੜੇ ਰੂਹ 'ਤੇ ਲੱਗੇ ਟੱਕ ਦੇ

ਜ਼ਰਦ ਚਿਹਰਾ, ਦਰਦ ਗਹਿਰਾ, ਸੋਚ ਦਾ ਪਹਿਰਾ ਵੀ ਹੈ
ਰੋਜ਼ ਏਸੇ ਸ਼ਖ਼ਸ ਨੂੰ ਹਾਂ ਆਈਨੇ ਵਿਚ ਡੱਕਦੇ

ਜੇ ਬਦਲ ਸਕਦੇ ਦੁਆਵਾਂ ਨਾਲ਼ ਹੀ ਤਾਰੀਖ ਨੂੰ
ਸੋਚ ਤਾਂ ਲੋਕੀ ਭਲਾ ਤਲਵਾਰ ਫਿਰ ਕਿਉਂ ਚੱਕਦੇ


ਮੇਰੀ ਮਾਂ.......... ਨਜ਼ਮ/ਕਵਿਤਾ / ਸੱਤਪਾਲ ਬਰਾੜ

ਮੈਂ ਅਪਣੀ ਮਾਂ ਨੂੰ ਜਵਾਨ ਹੁੰਦੇ ਦੇਖਿਆ ਹੈ
ਮੈਂ ਅਪਣੀ ਨੂੰ ਕੁਰਬਾਨ ਹੁੰਦੇ ਦੇਖਿਆ ਹੈ

ਮੈਂ ਅਪਣੀ ਮਾਂ ਨੂੰ ਕਮਜੋਰ ਹੁੰਦੇ ਦੇਖਿਆ ਹੈ
ਮੈਂ ਅਪਣੀ ਮਾਂ ਨੂੰ ਬਲਵਾਨ ਹੁੰਦੇ ਦੇਖਿਆ ਹੈ


ਮੇਰੀ ਮਾਂ ਮੇਰੇ ਇਰਾਦੇ ਨਾਲੋਂ ਮਜਬੂਤ ਹੈ
ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ

ਮੇਰੀ ਮਾਂ ਮੇਰੀਆਂ ਆਸਾਂ ਨਾਲੋਂ ਵੱਡੀ ਹੈ
ਮੇਰੀ ਮਾਂ ਮੇਰੇ ਸੁਪਨਿਆਂ ਨਾਲੋਂ ਹੁਸੀਨ ਹੈ

ਮੇਰੀ ਮਾਂ ਮੇਰੇ ਗਮਾਂ ਨਾਲੋਂ ਗਮਸੀਨ ਹੈ
ਮੇਰੀ ਮਾਂ ਹੀ ਮੇਰੀ ਮੰਜਿਲ਼ ਦਾ ਰਸਤਾ ਹੈ

ਮੇਰੀ ਮਾਂ, ਮੇਰੇ ਨਾਲੋਂ ਵੀ ਤਰੱਕੀ ਯਾਵਤਾ ਹੈ
ਮਾਂ ਬੋਲੀ, ਮੈਂ ਮਾਂ ਤੋਂ ਸਿੱਖੀ

ਮਾਂ ਹੀ ਮੇਰੀ ਕਵਿਤਾ, ਮਾਂ ਹੀ ਮੇਰੀ ਵਾਰਤਾ ਹੈ
ਮੇਰੀ ਮਾਂ ਮੇਰੇ ਨਾਲੋਂ ਜਿਆਦਾ ਜਾਣਦੀ ਹੈ

ਮੇਰੇ ਗੁਣ ਅਤੇ ਕਮਜੋਰੀਆਂ ਪਛਾਣਦੀ ਹੈ
ਮੈਂ ਆਪਣੀ ਮਾਂ ਸਾਹਵੇਂ ਨੰਗਾ ਹਾਂ

ਪ੍ਰਦੇਸੀ ਭਟਕਣ ਨਾਲੋਂ ਮੈਂ
ਮਾਂ ਦੇ ਪ੍ਰਛਾਵੇਂ ਹੇਠ ਹੀ ਚੰਗਾ ਹਾਂ

ਮਾਂ ਮੇਰੀ ਜਿੰਦਗੀ ਦਾ ਗਹਿਣਾ ਹੈ
ਅਫਸੋਸ! ਮੇਰੀ ਮਾਂ ਨੇ

ਜਿਆਦਾ ਚਿਰ ਨਹੀਂ ਰਹਿਣਾ ਹੈ
ਇਹੋ ਹੀ ਗੁਰੁ ਦਾ ਟਕਮ ਹੈ

ਜੋ ਮਿੱਠਾ ਕਰਕੇ ਸਹਿਣਾ ਹੈ
ਪਰ ਮਰ ਕੇ ਵੀ ਮੇਰੀ ਮਾਂ ਮਰ ਨਹੀਂ ਸਕਦੀ

ਕਿਉਂਕਿ

ਮੇਰੀ ਮਾਂ ਦੇ ਅਸੂਲ ਜਿੰਦਾ ਰਹਿਣਾ ਹੈ
ਉਹ ਸਚਮੁੱਚ ਹੀ ਇੱਕ ਮਹਾਨ ਜਨਨੀ ਹੈ

ਰੋਟੀਆਂ ਲਾਹੁੰਦੇ.......... ਗੀਤ / ਰਿਸ਼ੀ ਗੁਲਾਟੀ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਪੌੜੀਆਂ ਚੜ੍ਹ ਚੜ੍ਹ ਬੁਰੇ ਹਾਲ ਹੋ ਗਏ
ਟੁੱਟਦੇ ਨਾ ਸੰਤਰੇ, ਮੰਦੇ ਹਾਲ ਹੋ ਗਏ

ਭੋਰਾ ਗ਼ਲਤੀ ਤੋਂ ਜਦ ਗੋਰਾ, ਗਲ ਨੂੰ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੱਥੀਂ ਕੰਡੇ ਭਰੇ ਨੇ, ਦੁੱਖ ਬੜੇ ਜਰੇ ਨੇ
ਕੰਮ ਲੱਗੇ ਔਖਾ ਤਾਂ, ਡਾਲਰ ਕਿੱਥੇ ਧਰੇ ਨੇ
ਫ਼ੀਸ ਦੇਣ ਟਾਈਮ ਸਿਰ ਤੇ, ਚੜਿਆ ਆਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਹੁਣ ਤਾਂ ਮਾਏ ਦੁੱਖ ਵਿਛੋੜੇ ਦਾ, ਸਹਿਣਾ ਪੈਣਾ ਏ
ਕਰਜੇ਼ ਦੀ ਪੰਡ ਸਿਰ ਤੇ, ਕਿੱਥੋਂ ਲਹਿਣਾ ਏ
‘ਰਿਸ਼ੀ’ ਕਹੇ ਮੁੜ ਜਾ ਇੰਡੀਆ, ਬੜਾ ਬਹਿਕਾਉਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਰੋਟੀਆਂ ਲਾਹੁੰਦੇ ਜਦ ਤਵੇ ‘ਤੇ, ਹੱਥ ਸੜ ਜਾਂਦਾ ਏ
ਸਹੁੰ ਤੇਰੀ ਮਾਏ ਘਰ ਬੜਾ, ਚੇਤੇ ਆਉਂਦਾ ਏ

ਕੌਮ ਆਪਣੀ ਦਾ.......... ਰੁਬਾਈ / ਬਿਸਮਿਲ ਫ਼ਰੀਦਕੋਟੀ

ਕੌਮ ਆਪਣੀ ਦਾ ਅੰਗ ਅੰਗ ਹੈ ਜਗਾਇਆ ਜਾਂਦਾ
ਰੋਹ ਅਣਖ ਦੇ ਸਿਖਰੀਂ ਹੈ ਚੜ੍ਹਾਇਆ ਜਾਂਦਾ
ਇਉਂ ਨਹੀਂ ਇਤਿਹਾਸ ਚਮਕਦਾ ਬਿਸਮਿਲ
ਰੱਤ ਡੋਲ੍ਹ ਕੇ ਇਸ ਨੂੰ ਸਜਾਇਆ ਜਾਂਦਾ


ਹੱਕ ਹੁਕਮ ਦਾ ਮੂਰਖ ਦੇ ਹਵਾਲੇ ਨਾ ਕਰੋ
ਮਨ ਫ਼ਰਜ਼ ਤੇ ਕਰਤੱਵ ਦੇ ਕਾਲ਼ੇ ਨਾ ਕਰੋ
ਬਲ਼ ਜਾਏ ਨਾ ਇਨਸਾਫ਼ ਦੀ ਮਿੱਟੀ ਕਿਧਰੇ
ਬਾਂਦਰ ਨੂੰ ਤਰਾਜ਼ੂ ਦੇ ਹਵਾਲੇ ਨਾ ਕਰੋ

ਇਕ ਦੂਜੇ ਦੇ ਨੇੜੇ ਆਏ.......... ਗ਼ਜ਼ਲ / ਜਸਵਿੰਦਰ

ਇਕ ਦੂਜੇ ਦੇ ਨੇੜੇ ਆਏ ਤੇਰਾ ਖ਼ੰਜਰ ਮੇਰਾ ਦਿਲ
ਬਸ ਟਕਰਾਏ ਕਿ ਟਕਰਾਏ ਤੇਰਾ ਖ਼ੰਜਰ ਮੇਰਾ ਦਿਲ

ਕੀ ਹੋਇਆ ਜੇ ਮੌਸਮ ਫਿੱਕਾ ਪਰ ਕਬਰਾਂ ਦੇ ਫੁੱਲ 'ਤੇ
ਕਿੰਨੇ ਸੋਹਣੇ ਰੰਗ ਲਿਆਏ ਤੇਰਾ ਖ਼ੰਜਰ ਮੇਰਾ ਦਿਲ


ਖੌਰੇ ਕਾਹਤੋਂ ਭੁੱਲ ਗਿਆ ਉਹ ਹੋਰ ਹਾਦਸੇ ਸਾਰੇ ਹੀ
ਪਰ ਉਸ ਤੋਂ ਨਾ ਜਾਣ ਭੁਲਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਤਾਂ ਸੁਰਖ਼ ਲਹੂ ਨੂੰ ਤਰਸੇ ਦੂਜਾ ਪਾਕ ਮੁਹੱਬਤ ਨੂੰ
ਦੋਵੇਂ ਹੀ ਡਾਢੇ ਤਿਰਹਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਸੀ ਰਾਜਾ ਇਕ ਸੀ ਰਾਣੀ ਕਥਾ ਪੁਰਾਣੀ ਹੋ ਚੱਲੀ
ਅੱਜਕੱਲ੍ਹ ਅਖ਼ਬਾਰਾਂ 'ਤੇ ਛਾਏ ਤੇਰਾ ਖ਼ੰਜਰ ਮੇਰਾ ਦਿਲ

ਪੌਣਾਂ ਨੇ ਸਾਹ ਰੋਕ ਲਿਆ ਕੀ ਹੋਏਗਾ, ਬੇਦਰਦਾਂ ਨੇ
ਇੱਕੋ ਥਾਲੀ਼ ਵਿਚ ਟਿਕਾਏ ਤੇਰਾ ਖ਼ੰਜਰ ਮੇਰਾ ਦਿਲ

ਉਹ ਲੋਕ ਬੜੇ ਬਦਨਸੀਬ ਹੁੰਦੇ ਹਨ.......... ਨਜ਼ਮ/ਕਵਿਤਾ / ਕੰਵਲਜੀਤ ਭੁੱਲਰ

"ਉਹ ਲੋਕ ਬੜੇ ਬਦਨਸੀਬ ਹੁੰਦੇ ਹਨ...ਜਿਨ੍ਹਾਂ ਦੇ ਘਰ ਹੁੰਦੇ ਨੇ"
ਗੋਰਖੀ ! ਤੇਰੇ ਇਸ ਸੱਚ ਲਈ...ਜਾ ਤੈਨੂੰ ਸੱਤ ਝੂਠ ਮੁਆਫ਼...!
ਸੱਚੀਂ! ਮੈਂ ਆਪਣੀ ਘਰ ਦੀ ਚਾਰ ਦੀਵਾਰੀ ਅੰਦਰ ਹੀ ਖਾਨਾਬਦੋਸ਼ ਹਾਂ
ਚਾਰ ਦੀਵਾਰੀਆਂ ਕਦੀ ਘਰ ਹੀ ਨਹੀਂ ਹੁੰਦੀਆਂ

ਉਹ ਆਪਣੇ ਆਪ ਵਿਚ ਇਕ ਕੁਰੂਕਸ਼ੇਤਰ ਵੀ ਹੁੰਦੀਆਂ ਨੇ
ਜਿੱਥੇ ਕਿਸੇ ਅਰਜੁਨ ਦਾ ਕੋਈ ਕ੍ਰਿਸ਼ਨ ਕੋਚਵਾਨ ਨਹੀਂ ਹੁੰਦਾ
ਇੱਥੇ ਹਰ ਯੁੱਧ ਖ਼ੁਦ ਤੋਂ ਸ਼ੁਰੂ ਹੋ ਕੇ...ਖੁ਼ਦ ਤੇ ਹੀ ਸਮਾਪਦਾ ਹੈ...!!
ਬੁੱਢੇ ਹਾਸੇ ਤੋਹਮਤ ਵਾਂਗ ਹੋਸ਼ ਵਿਚ ਆਉਂਦੇ ਨੇ-
ਘਰ ਦੀਆਂ ਝੀਥਾਂ ਚੋਂ ਹਮਦਰਦ ਨਹੀਂ.. ਪਿੰਡ ਦੇ ਚੁਗਲ ਸਿੰਮਦੇ ਹਨ!
ਮੈਂ ਵਣਜਾਰੇ ਪੈਰਾਂ ਨੂੰ ਕਿਸੇ ਬਦਅਸੀਸ ਵਾਂਗ ਲੈ ਕੇ
ਜਦੋਂ ਮਕਸਦਹੀਣ ਰਾਹਾਂ ਦੇ ਬਲਾਤਕਾਰ ਲਈ ਨਿਕਲਦਾ ਹਾਂ
ਉਦੋਂ ਘਰ ਨੂੰ ਕਿਸੇ ਭੈੜੇ ਸੁਪਨੇ ਵਾਂਗ
ਵਿਸਾਰ ਦੇਣ ਦੀ ਨਾਕਾਮ ਜਿਹੀ ਕੋਸਿ਼ਸ਼ ਕਰਦਾ ਹਾਂ..!
ਪਰ ਬੜਾ ਬਦਨਸੀਬ ਹਾਂ ਮੈਂ...ਕਿ ਮੇਰਾ ਇਕ ਘਰ ਵੀ ਹੈ
ਤੇ ਘਰ ਛੱਡ ਕੇ ਤੁਰ ਜਾਣ ਲਈ ਹੀ ਨਹੀਂ...ਪਰਤ ਕੇ ਆਉਣ ਲਈ ਵੀ ਹੁੰਦੇ ਨੇ
ਓਦੋਂ ਤਾਈਂ ਦੁਖਿਆਰੀ ਮਾਂ.. ਛਾਤੀ ਦੇ ਦੁੱਧ ਬਦਲੇ
ਉਡੀਕ ਦੀਆਂ ਬਾਹਵਾਂ 'ਚ ਪੁੱਤ ਦੀ ਪਿੱਠ ਨਹੀਂ....ਚੰਨ ਬੂਥਾ ਲੋਚਦੀ ਹੈ....!!
ਮੇਰੇ ਘਰੇਲੂ ਹਾਸਿਆਂ ਵਿਚ...ਵਕਤ ਦਾ ਮਾਤਮ ਵੀ ਸ਼ਾਮਿਲ ਹੈ
ਮੈਨੂੰ ਘਰ ਦੀਆਂ ਨੀਹਾਂ 'ਤੇ ਸ਼ੱਕ ਹੈ
ਜਿਵੇਂ ਕਿਸੇ ਨੇ ਉਨ੍ਹਾਂ 'ਚ ਬੰਜਰ ਬੀਜਿਆ ਹੋਵੇ
ਤੇ ਕੰਧਾਂ ਦੀ ਥਾਂ ਜਿਵੇਂ ਖੰਡਰ ਉੱਗ ਆਏ ਹੋਣ....!
ਬਨੇਰਿਆਂ 'ਤੇ ਬੈਠੀ ਲੋਕਾਂ ਦੀ ਮੀਸਣੀ ਅੱਖ
ਮੇਰੇ ਘਰ ਦੀ ਬਰਬਾਦੀ ਨਹੀਂ-ਸਗੋਂ ਬਚੀ ਖੁਚੀ ਖੁਸ਼ੀ ਦਾ ਜਾਇਜ਼ਾ ਲੈ ਰਹੀ ਹੈ
'ਖੁਸ਼ੀ ਮੁਟਿਆਰ ਹੋ ਗਈ ਧੀ ਵਾਂਗ ਹੁੰਦੀ ਏ
ਤੇ ਜਿਥੇ ਸੱਪ ਦਾ ਡੰਗ ਖ਼ਤਮ ਹੁੰਦਾ ਹੈ
ਉੱਥੇ ਖੁ਼ਦਗ਼ਰਜ਼ ਸ਼ਰੀਕਾਂ ਦੀ ਹਮਦਰਦੀ ਦਾ ਪਹਿਲਾ ਹਰਫ਼
ਬੂਹੇ 'ਤੇ ਜ਼ਹਿਰੀਲਾ ਦਸਤਕ ਬਣਦਾ ਹੈ...!!!

ਕਦੇ ਪਰਖੇ ਮੇਰਾ ਰੁਤਬਾ............ ਗ਼ਜ਼ਲ / ਜਗਵਿੰਦਰ ਜੋਧਾ

ਕਦੇ ਪਰਖੇ ਮੇਰਾ ਰੁਤਬਾ, ਕਦੇ ਇਹ ਜ਼ਾਤ ਪੁੱਛਦੀ ਹੈ
ਅਜਬ ਬਰਸਾਤ ਹੈ ਜੋ ਪਿਆਸ ਦੀ ਔਕਾਤ ਪੁੱਛਦੀ ਹੈ

ਜੇ ਏਹੀ ਰੌਸ਼ਨੀ ਹੈ ਤਾਂ ਮੈਂ ਏਡੀ ਵੀ ਕੀ ਮਾੜੀ ਹਾਂ
ਮੁਖ਼ਾਤਬ ਹੋ ਕੇ ਦਿਨ ਨੂੰ ਮੈਥੋਂ ਕਾਲੀ਼ ਰਾਤ ਪੁੱਛਦੀ ਹੈ


ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ, ਸਭ ਰਹਿਨੁਮਾ ਚੁੱਪ ਨੇ
ਪਿਆਲੀ ਜ਼ਹਿਰ ਦੀ ਫਿਰ ਕੌਣ ਹੈ ਸੁਕਰਾਤ ਪੁੱਛਦੀ ਹੈ

ਰਟਣ ਦੀ ਥਾਂ ਤੂੰ ਇਸ ਬਿਰਤਾਂਤ ਦਾ ਨਾਇਕ ਕਦੋਂ ਬਣਨੈ
ਕਥਾ-ਵਾਚਕ ਤੋਂ ਰਾਜੇ ਰਾਣੀਆਂ ਦੀ ਬਾਤ ਪੁੱਛਦੀ ਹੈ

ਤੂੰ ਇਸ ਦੀਵੇ ਦੀ ਲੋਅ ਕਿਸ ਰਾਤ ਦੀ ਭੇਟਾ ਚੜ੍ਹਾ ਆਇਐਂ
ਮੇਰੇ ਮੱਥੇ ਨੂੰ ਚੁੰਮ ਕੇ ਸੰਦਲੀ ਪ੍ਰਭਾਤ ਪੁੱਛਦੀ ਹੈ

ਬਹਾਨੇ ਨਾਲ਼ ਪੁੱਛ ਲੈਂਦੀ ਹੈ ਮੇਰੀ ਛਾਂ ਦੀ ਬਾਬਤ ਵੀ
ਹਵਾਵਾਂ ਤੋਂ ਜਦੋਂ ਉਹ ਔੜ ਦੇ ਹਾਲਾਤ ਪੁੱਛਦੀ ਹੈ

ਜਜ਼ਬਾਤਾਂ ਦੀ ਲੜੀ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਮੇਰੇ ਜਜ਼ਬਾਤਾਂ ਦੀ ਲੜੀ
ਬਹੁਤ ਲੰਬੀ
ਲੰਬੀ ਤੇ ਬਹੁਤ ਡੂੰਘੀ
ਚਲਦੀ ਹੈ ਤਾਂ

ਰੁਕਨ ਦਾ ਨਾਮ ਨਹੀਂ ਲੈਂਦੀ
ਨਾਂ ਇਸਦਾ ਆਦਿ ਦਿਸਦਾ ਹੈ
ਨਾਂ ਕੋਈ ਅੰਤ ਹੁੰਦਾ ਹੈ
ਦਿਨ ਤੇ ਰਾਤ
ਇੱਕ ਅਟੁੱਟ ਲੜੀ
ਦਿਲ ਦੇ
ਜਿੰਦਗੀ ਦੇ
ਖੁਸ਼ੀ ਦੇ
ਤੇ ਗਮ ਦੇ
ਹਰ ਕੋਨੇ ਨੂੰ ਛੂੰਹਦੀ ਹੈ
ਕਿਸੇ ਦੀ ਵਫਾ ਨੂੰ ਯਾਦ ਕਰਦੀ ਹੈ
ਜਾਂ ਬੇਵਫਾਈ ਤੇ ਰੋਂਦੀ ਹੈ

ਜਜ਼ਬਾਤਾਂ ਦੀ ਇਹ ਲੜੀ
ਰਿਸ਼ਤਿਆਂ ਦੇ ਅਰਥ ਲੱਭਦੀ ਹੈ
ਰਿਸ਼ਤਾ ਬਣਾਉਂਦੀ ਹੈ
ਮਨਾਂ ਦੇ ਤਾਰ ਛੂੰਹਦੀ ਹੈ
ਤੇ ਮਨ ਦੇ ਗੀਤ ਸੁਣਦੀ ਹੈ
ਦਿਲ ਨਜ਼ਦੀਕ ਕਰਦੀ ਹੈ
ਜਾਂ ਕੋਹਾਂ ਦੂਰ ਕਰਦੀ ਹੈ

ਮੇਰੇ ਜਜ਼ਬਾਤਾਂ ਦੀ ਲੜੀ
ਟੁੱਟਦੀ ਹੈ ਤਾਂ
ਅਸਹਿ ਦਰਦ
ਦਰਦ ਦੀ ਚੀਸ
ਜਿੰਦਗੀ ਦੀ ਬੇਬਸੀ
ਕਿਸੇ ਦੀ ਬੇਕਸੀ
ਦਿਲ ਦੇ ਖੂਨ ਹੋਣ
ਖੂਨ ਦੇ ਆਂਸੂ ਰੋਣ
ਦਾ ਅਹਿਸਾਸ ਦਿੰਦੀ ਹੈ
ਅੱਖਾਂ ਨਹੀਂ
ਬਸ ਮਨ ਹੀ ਰੋਂਦਾ ਹੈ
ਹਰ ਗਮ ਤੇ
ਹਰ ਹਾਰ ਤੇ
ਜਜ਼ਬਾਤਾਂ ਤੇ ਹੋਏ ਵਾਰ ਤੇ

ਭਾਰਤੀ ਇਸ ਲੜੀ ਨੂੰ
ਬਿਖਰਦੇ ਹੋਏ
ਸਿਸਕਦੇ ਜੋਏ
ਸਿਮਟਦੇ ਹੋਏ ਵੇਖਦਾ ਹੈ।

ਤੇ ਫਿਰ
ਜਜ਼ਬਾਤਾਂ ਤੋਂ ਬਾਹਰ ਨਿਕਲਦੇ ਹੀ
ਜਿੰਦਗੀ ਦੀ ਸੱਚਾਈ ਰੂਬਰੂ ਹੁੰਦੀ ਹੈ
ਜਜ਼ਬਾਤ
ਕਿਤੇ ਦੂਰ ਰਹਿ ਜਾਂਦੇ ਹਨ
ਆਪਣੇ ਆਪ ਮਰਨ ਲਈ
ਦਫਨ ਹੋ ਜਾਣ ਲਈ। 

ਦੇਰ ਬਾਅਦ ਪਰਤਿਆ ਹਾਂ ਘਰ.......... ਨਜ਼ਮ/ਕਵਿਤਾ / ਹਰਮੀਤ ਵਿਦਿਆਰਥੀ

ਦੇਰ ਬਾਅਦ ਪਰਤਿਆ ਹਾਂ ਘਰ
ਕਾਲ ਬੈੱਲ ਨੇ ਦਿੱਤਾ
ਆਮਦ ਦਾ ਸੁਨੇਹਾ
ਪੋਰਚ 'ਚ ਖਿੜੇ

ਸੂਹੇ ਗੁਲਾਬ ਨੇ
ਬੋਗਨ ਵੀਲੀਆ ਵੱਲ
ਨਸੀ਼ਲੀ ਨਜ਼ਰ ਨਾਲ਼ ਤੱਕਿਆ
ਦਰਵਾਜ਼ੇ 'ਤੇ ਲੱਗੀ
ਇਸ਼ਕ ਪੇਚੇ ਦੀ ਵੇਲ
ਰਤਾ ਕੁ ਸੰਗੀ

ਪੱਖੇ ਦੀ ਹਵਾ
ਖੁਸ਼ੀ ਵਿਚ
ਲਹਿਰੀਆਂ ਪਾਉਣ ਲੱਗੀ
ਮੇਰੇ ਬਾਲ ਦੇ
ਨਿੱਕੇ ਨਿੱਕੇ ਹੱਥਾਂ ਦੀ ਤਾੜੀ 'ਚੋਂ
ਕੱਵਾਲੀ ਦੇ ਸੁਰ ਫੁੱਟੇ
ਛੂਈ ਮੂਈ ਹੋ
ਆਪਣੇ ਚਿਹਰੇ ਦੀ ਗੁਲਾਬੀ ਭਾਅ ਨੂੰ
ਕਿਸੇ ਤਨਹਾਈ
ਲੁਕੋਣ ਦਾ ਆਹਰ ਕਰਨ ਲੱਗੀ
ਮੇਰੀ ਬੀਵੀ।

ਟੂਟੀ ਥੱਲੇ ਬੈਠਾ ਹਾਂ,
ਤਾਂ ਪਾਣੀ ਛਪਕ-ਛਪਕ 'ਚੋਂ
ਮਲਹਾਰ ਗੂੰਜਦਾ ਹੈ
ਕਿਸੇ ਇਕ ਜਣੇ ਦੀ ਆਮਦ ਨਾਲ਼
ਘਰ ਦੇ ਤੌਰ
ਇਉਂ ਬਦਲਦੇ ਹਨ
ਘਰ ਜਿਊਂਦਾ ਹੋ ਜਾਂਦਾ ਹੈ।

ਬਰਥਡੇ.......... ਨਜ਼ਮ/ਕਵਿਤਾ / ਨਵਜੀਤ

ਬਰਥਡੇ ਕੋਈ ਖਾਸ ਦਿਨ ਨਹੀ ਹੁੰਦਾ
ਆਮ ਦਿਨਾਂ ਵਾਂਗ ਚੜ੍ਹਦਾ ਹੈ
ਢਲ਼ਦੀ ਹੈ ਸ਼ਾਮ
ਤੁਸੀਂ ਕੁਝ ਸਮੇਂ ਲਈ

ਮਹਿਸੂਸ ਕਰਦੇ ਹੋ
ਆਪਣੇ ਅੱਜ ਤੋਂ ਪੈਦਾ ਹੋਣ ਤੱਕ ਦਾ ਇਤਿਹਾਸ
ਸਮਝੌਤਿਆਂ ਭਰਿਆ
ਕੋਈ ਵਿਰੋਧ ਨਹੀਂ
ਕੋਈ ਬਗਾ਼ਵਤ ਤੁਹਾਡੇ ਖਾਤੇ ਵਿਚ ਸ਼ਾਮਿਲ ਨਹੀਂ
ਵਿਲਕਣ ਤੋਂ ਬਿਨਾਂ ਤੁਸੀਂ
ਕੁਝ ਖਾਸ ਨਹੀਂ ਕੀਤਾ ਹੁੰਦਾ
ਫਿਰ ਇਹ ਤਾਰੀਖ ਕਿਸ ਲਈ
ਬਣਦੀ ਹੈ ਖਾਸ
ਸ਼ਾਮ ਦੀ ਪਾਰਟੀ ਤੋਂ ਬਾਦ
ਬਿਸਤਰੇ ‘ਤੇ ਸੌਣ ਲੱਗਿਆਂ
ਗੀਝੇ ਵੱਲ ਵੇਖਕੇ
ਤੁਸੀਂ ਮਹਿਸੂਸ ਕਰਦੇ ਹੋ
ਬਰਥਡੇ ਕੋਈ ਖਾਸ ਦਿਨ ਨਹੀਂ ਹੁੰਦਾ.....

ਤਨਹਾ ਦਿਲ ਨੂੰ.......... ਦੋਹੇ / ਤ੍ਰੈਲੋਚਣ ਲੋਚੀ



ਤਨਹਾ ਦਿਲ ਨੂੰ ਦੋਸਤੋ ਪਲ ਵਿਚ ਲੈਣ ਸੰਭਾਲ਼
ਹਰਫਾਂ ਦੀ ਇਹ ਦੋਸਤੀ ਹੁੰਦੀ ਬਹੁਤ ਕਮਾਲ

ਕਿਉਂ ਨਹੀਂ ਕੋਈ ਜੂਝਦਾ ਘੁੱਪ ਹਨ੍ਹੇਰੇ ਨਾਲ਼
ਤੂੰ ਤਾਂ ਕਵੀ ਏਂ ਸੋਹਣਿਆਂ ਤੂੰ ਤਾਂ ਦੀਵਾ ਵਾਲ਼

ਛੱਡ ਮਾਇਆ ਦੀ ਖੇਡ ਨੂੰ ਇਹ ਤਾਂ ਨਿਰਾ ਜੰਜਾਲ
ਤੇਰੇ ਕੋਲ਼ ਤਾਂ ਸ਼ਬਦ ਨੇ ਸੁਰ ਹੈ ਨਾਲ਼ੇ ਤਾਲ

ਉਹ ਘਰ ਬਹਿਸ਼ਤ ਵਾਂਗ ਨੇ ਉਹ ਘਰ ਬਹੁਤ ਕਮਾਲ
ਜੇਹੜੇ ਘਰ ਵਿਚ ਪੁਸਤਕਾਂ ਖੇਡਣ ਜਿੱਥੇ ਬਾਲ

ਅੱਜ ਨਾ ਛੱਡੀਂ ਕੱਲ੍ਹ 'ਤੇ ਅੱਜ ਨੂੰ ਰਹਿਣ ਦੇ ਅੱਜ
ਉਠ ਕਵੀਆ ਹੁਣ ਜਾਗ ਤੂੰ ਸ਼ਬਦ ਨਾ ਜਾਵਣ ਭੱਜ

ਬੇਮਕਸਦ ਭੱਜੀ ਫਿਰੇ ਸ਼ਹਿਰ ਦੀ ਅੰਨ੍ਹੀ ਭੀੜ
ਕੌਣ ਸੁਣੇਗਾ ਸ਼ਹਿਰ ਵਿਚ ਕਵੀਆ ਤੇਰੀ ਪੀੜ

ਮਿਲ ਗਿਆ ਨ੍ਹੇਰੇ ਨੂੰ ਮੌਕਾ.......... ਗ਼ਜ਼ਲ / ਸੁਰਿੰਦਰ ਸੋਹਲ

ਮਿਲ ਗਿਆ ਨ੍ਹੇਰੇ ਨੂੰ ਮੌਕਾ ਦੋਸ਼ ਲਾਵਣ ਵਾਸਤੇ
ਮੈਂ ਚੁਰਾਈ ਅੱਗ ਜਦੋਂ ਦੀਵੇ ਜਗਾਵਣ ਵਾਸਤੇ

ਘਰਦਿਆਂ ਬਿਰਖਾਂ ਨੂੰ ਔੜਾਂ ਤੋਂ ਬਚਾਵਣ ਵਾਸਤੇ
ਸੰਦਲੀ ਬਦਲੀ ਗਈ ਸਾਗਰ 'ਚ ਨਾਵ੍ਹਣ ਵਾਸਤੇ


ਇਸ ਤਰ੍ਹਾਂ ਦੀ ਲਹਿਰ ਸਾਗਰ 'ਚੋਂ ਨਾ ਉਠੇ ਐ ਖੁ਼ਦਾ
ਬੱਚਿਆਂ ਦੇ ਮਨ 'ਚੋਂ ਘਰ ਰੇਤਾ ਦੇ ਢਾਵਣ ਵਾਸਤੇ

ਮੈਂ ਬੁਲਾਏ ਨੇ ਘਰੇ ਕਿਸ਼ਤੀ, ਪਰਿੰਦਾ ਤੇ ਚਿਰਾਗ
ਤਰਨ ਉੱਡਣ ਜਗਣ ਦੇ ਸਭ ਭੇਦ ਪਾਵਣ ਵਾਸਤੇ

ਮਾਣ ਕੇ ਛਾਵਾਂ ਤੇ ਫ਼ਲ਼ ਖਾ ਕੇ ਨਾ-ਸ਼ੁਕਰਾ ਆਦਮੀ
ਸੋਚਦਾ ਹੈ ਬਿਰਖ ਦੀ ਪੌੜੀ ਬਣਾਵਣ ਵਾਸਤੇ

ਤੂੰ ਏਂ ਚਿਤਰਕਾਰ ਤੇਰੇ 'ਤੇ ਕੋਈ ਬੰਦਿਸ਼ ਨਹੀਂ
ਬਰਫ ਦੇ ਆਲ਼ੇ 'ਚ ਸੂਰਜ ਨੂੰ ਟਿਕਾਵਣ ਵਾਸਤੇ

ਸੋਚ ਸੀ ਜਿਹੜੀ ਬਚਾਈ ਸਿਰ ਗਵਾ ਕੇ ਆਪਣਾ
ਹੋਰ ਮੇਰੇ ਕੋਲ਼ ਹੈ ਕੀ ਸੀ ਗਵਾਵਣ ਵਾਸਤੇ

ਪਾਈ ਹੈ ਅੜਚਣ ਜਿਨ੍ਹੇ ਉਹ ਸੋਚਦੈ ਮੈਂ, ਝੁਕ ਗਿਆ
ਮੈਂ ਤਾਂ ਝੁਕਿਆ ਰਾਹ 'ਚੋਂ ਕੰਡੇ ਹਟਾਵਣ ਵਾਸਤੇ

ਦਿਲ, ਸ਼ੀਸ਼ਾ ਤੇ ਤਾਰਾ.......... ਗੀਤ / ਮਨਜੀਤ ਸੰਧੂ ਸੁਖਣਵਾਲ਼ੀਆ

ਦਿਲ, ਸ਼ੀਸ਼ਾ ਤੇ ਤਾਰਾ, ਮਿੱਤਰੋ ਨਹੀਂ ਜੁੜਦੇ।
ਮਿੱਤਰੋ ਫੇਰ ਦੁਬਾਰਾ , ਟੁੱਟ ਕੇ ਨਹੀਂ ਜੁੜਦੇ।

ਔਖੀ ਘੜੀ ਉਡੀਕਾਂ ਵਾਲ਼ੀ।
ਮਾੜੀ ਚੱਕ ਸ਼ਰੀਕਾਂ ਵਾਲ਼ੀ।

ਕਰਕੇ ਹਟੂ ਕੋਈ ਕਾਰਾ,
ਮਿੱਤਰੋ ਨਹੀਂ ਜੁੜਦੇ,....।

ਜੱਗ ਵਿਚ ਬੰਦਾ ਥਾਂ ਸਿਰ ਹੋਵੇ।
ਮਾਪਿਆਂ ਦੀ ਜੇ ਛਾਂ ਸਿਰ ਹੋਵੇ।
ਹੁੰਦਾ ਸੁਰਗ ਨਜ਼ਾਰਾ,
ਮਿੱਤਰੋ ਨਹੀਂ ਜੁੜਦੇ..........।

ਮਤਲਬ ਖੋਰਾ ਯਾਰ ਜੇ ਹੋਵੇ।
ਭਾਈਆਂ ਦੇ ਨਾਲ਼ ਖਾਰ ਜੇ ਹੋਵੇ।
ਦੁੱਖ ਰਹੇ ਦਿਨ ਸਾਰਾ,
ਮਿੱਤਰੋ ਨਹੀਂ ਜੁੜਦੇ,..........।

ਪੀਰ, ਪੈਗੰਬਰ ਰਾਜੇ ਰਾਣੇ।
ਅਪਣੀ ਵਾਰੀ ਸੱਭ ਤੁਰ ਜਾਣੇ।
ਕੀ 'ਮਨਜੀਤ' ਵਿਚਾਰਾ,
ਮਿੱਤਰੋ ਨਹੀਂ ਜੁੜਦੇ........।

ਵਕਤ ਦਾ ਜੋ ਸਫਾ.......... ਗ਼ਜ਼ਲ / ਚਮਨਦੀਪ ਦਿਉਲ

ਵਕਤ ਦਾ ਜੋ ਸਫਾ ਹਨ੍ਹੇਰਾ ਸੀ
ਓਹਦੇ ਅੱਖਰਾਂ ‘ਚ ਹੀ ਸਵੇਰਾ ਸੀ

ਕਾਵਾਂ ਤੱਕਿਆ ਨਹੀਂ ਜੁਦਾ ਗੱਲ ਹੈ
ਸਾਡੇ ਘਰ ਦਾ ਵੀ ਇਕ ਬਨੇਰਾ ਸੀ


ਲੋਕਾਂ ਉਸਨੂੰ ਕਿਹਾ ਮੇਰਾ ਹਾਸਿਲ
ਆਇਆ ਪੈਰ ਹੇਠ ਜੋ ਬਟੇਰਾ ਸੀ

ਕਾਹਤੋਂ ਸ਼ਾਇਰ ਦੀ ਜੂਨ ਪਾਇਆ ਤੂੰ
ਮੈਨੂੰ ਪਹਿਲਾਂ ਹੀ ਗ਼ਮ ਬਥੇਰਾ ਸੀ

ਕੀ ਹੈ ਮਸ਼ਹੂਰ ਜੇ ਨਹੀਂ ਹੋਇਆ
ਦਿਉਲ ਬਦਨਾਮ ਤਾਂ ਬਥੇਰਾ ਸੀ

ਮੇਰੀ ਮੰਨੋ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਛੱਡਣ ਲੱਗੇ ਹੋ ਹੱਥਾਂ ਨੂੰ
ਫੇਰ ਇਨ੍ਹਾਂ ਹੱਥਾਂ ਨੇ
ਏਹੋ ਜਿਹੇ ਨਹੀਂ ਰਹਿਣਾ
ਕੁਮਲਾਅ ਜਾਣਾ

ਮੁਰਝਾਅ ਜਾਣਾ
ਇਹ ਇਕ ਛੂਹ ਲਈ
ਤੜਪ ਤੜਪ ਕੇ
ਮੁੱਕ ਜਾਵਣਗੇ

ਫਿਰ ਜੋ
ਯਾਦ ਇਨ੍ਹਾਂ ਨੂੰ ਕਰਕੇ
ਅੱਥਰੂ-ਅੱਥਰੂ
ਅੱਖੀਆਂ ਵਿਚੋਂ
ਵਹਿ ਜਾਵੋਗੇ
ਹੱਥ ਹੀ ਮਲ਼ਦੇ
ਰਹਿ ਜਾਵੋਗੇ

ਮੇਰੀ ਮੰਨੋ
ਕਦੀ ਨਾ ਛੱਡੋ
ਫੇਰ ਇਨ੍ਹਾਂ ਹੱਥਾਂ ਨੇ
ਏਹੋ ਜਿਹੇ ਨਹੀਂ ਰਹਿਣਾ !!!

ਆਪੇ ਬੁਣੀਆਂ.......... ਗ਼ਜ਼ਲ / ਖੁਸ਼ਵੰਤ ਕੰਵਲ

ਆਪੇ ਬੁਣੀਆਂ ਆਪੇ ਅਸੀਂ ਉਧੇੜ ਰਹੇ ਹਾਂ
ਆਪਣੇ ਹੀ ਜ਼ਖ਼ਮਾਂ ਨੂੰ ਛੇੜ ਉਚੇੜ ਰਹੇ ਹਾਂ

ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ
ਹਾਲੇ ਵੀ ਕੁਝ ਫਿੱਕੇ ਹਰਫ਼ ਉਘੇੜ ਰਹੇ ਹਾਂ


ਹੋਰ ਬੜੇ ਕੰਮ ਕਰਨੇ ਹਾਲੇ ਇਸ ਕਾਰਣ ਹੀ
ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ

ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ
ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ

ਨਿੰਦਾ ਚੁਗਲੀ ਦਾ ਚਿੱਕੜ ਹੋਰਾਂ 'ਤੇ ਸੁੱਟ ਕੇ
ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ

ਮਿਲਣਾ ਸੀ ਇਕ ਦੂਜੇ ਨੂੰ ਪਰ ਕਿੱਦਾਂ ਮਿਲਦੇ
ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ

ਹੰਸਾਂ ਨੇ ਹੁਣ ਇਕ ਕੰਮ ਕਰਨਾ ਛੱਡ ਦਿੱਤਾ ਹੈ
ਹੁਣ ਦੁਧ ਪਾਣੀ ਕਲਮਾਂ ਨਾਲ਼ ਨਿਖੇੜ ਰਹੇ ਹਾਂ

ਚੋਣਵੇਂ ਸਿ਼ਅਰ / ਰਣਬੀਰ ਕੌਰ

ਨਾ ਮੇਰੇ ਜੋੜ ਦੀ ਧਰਤੀ ਨਾ ਮੇਰੀ ਲੋੜ ਦਾ ਪਾਣੀ,
ਮੇਰੀ ਪਰ ਬੇਬਸੀ ਦੇਖੋ ਕਿ ਮੈਂ ਕੁਮਲ਼ਾ ਨਹੀਂ ਸਕਦਾ।

--ਰਾਬਿੰਦਰ ਮਸਰੂਰ

ਮਨ ਵਿਚ ਨੇਰ੍ਹਾ ਕਰ ਨਾ ਜਾਵੇ ਢਲ਼ਦਾ ਸੂਰਜ
ਸੋਚਾਂ ਦੇ ਵਿਚ ਰੱਖ ਹਮੇਸ਼ਾ ਬਲ਼ਦਾ ਸੂਰਜ
--ਬਰਜਿੰਦਰ ਚੌਹਾਨ

ਵਫ਼ਾ ਜੇ ਤੂੰ ਨਿਭਾਏਂਗਾ ਤਾਂ ਤੇਰਾ ਸ਼ੁਕਰੀਆ ਯਾਰਾ
ਜੇ ਸਾਨੂੰ ਨਾ ਭੁਲਾਏਂਗਾ ਤਾਂ ਤੇਰਾ ਸ਼ੁਕਰੀਆ ਯਾਰਾ
--ਕੁਲਵੰਤ ਸਿੰਘ ਸੇਖੋਂ

ਇਸ਼ਕ ਮੇਰਾ ਯਾਦ ਤੇਰੀ ਵਿਚ ਇੰਝ ਪਲ਼ਦਾ ਰਿਹਾ
ਉਮਰ ਭਰ ਦੀਵੇ ਚਮੁਖੀਏ ਵਾਂਗ ਮੈਂ ਬਲ਼ਦਾ ਰਿਹਾ
--ਗੁਰਦੇਵ ਸਿੰਘ ਪੰਦੋਹਲ

ਵਫ਼ਾ ਪਿੱਛੇ ਅਸੀਂ ਕੋਹੇ ਗਏ ਪਰ ਉਫ਼ ਨਹੀਂ ਕੀਤੀ
ਅਸੀਂ ਹਾਰੇ ਨਹੀਂ ਹਰ ਵਾਰ ਦੁਸ਼ਮਣ ਹਾਰਿਐ ਸਾਡਾ
--ਦੀਪਕ ਜੈਤੋਈ

ਸਾਰੇ ਲੋਕੀ ਮੱਲ ਬੈਠੇ ਨੇ ਰੁੱਖਾਂ ਦਾ ਪਰਛਾਵਾਂ
ਬਲ਼ਦੀ ਧੁੱਪ 'ਚ ਬਹਿ ਕੇ ਸੋਚਾਂ ਮੰਜੀ ਕਿੱਥੇ ਡਾਹਵਾਂ
--ਫ਼ਖਰ ਜ਼ਮਾਂ

ਮੈਨੂੰ ਹਵਾ 'ਚ ਪਾਣੀਆਂ 'ਚ ਘੋਲ਼ ਦੇ ਤੇ ਜਾਹ,
ਇਹ ਬਦਦੁਆ ਵੀ ਦੇ ਕਿ ਤੇਰੀ ਜੁਸਤਜੂ ਰਹੇ।
--................

ਕੇਹੇ ਬੀਜ ਖਿਲਾਰੇ ਨੇ ਕਿਰਸਾਨਾਂ ਨੇ ,
ਖੁਦਕਸ਼ੀਆਂ ਦੀ ਫ਼ਸਲ ਉਗਾ ਕੇ ਬੈਠ ਗਏ।
--ਕਵਿੰਦਰ ਚਾਂਦ

ਤੁਹਾਡੀ ਦੋਸਤੀ ਨੇ ਇਸ ਤਰ੍ਹਾਂ ਦਾ ਆਈਨਾ ਦਿੱਤਾ,
ਮੇਰਾ ਅੰਦਰਲਾ ਬਾਹਰਲਾ ਹਰਿਕ ਚੇਹਰਾ ਦਿਖਾ ਦਿੱਤਾ।
--ਕਵਿੰਦਰ ਚਾਂਦ

ਫਿਰ ਆਈ ਉਸਕੀ ਯਾਦ, ਕਲ ਰਾਤ ਚੁਪਕੇ-ਚੁਪਕੇ।
ਬਹਿਕੇ ਮੇਰੇ ਜਜ਼ਬਾਤ, ਕਲ ਰਾਤ ਚੁਪਕੇ-ਚੁਪਕੇ।
--ਰਾਕੇਸ਼ ਵਰਮਾ

ਬੁੱਢੇ ਰੁੱਖ ਨੇ ਸਾਨੂੰ ਇਹ ਸਮਝਾਇਆ ਹੈ।
ਧੁੱਪੇ ਖੜ੍ਹ ਕੇ ਸਭ ਨੂੰ ਕਰਨਾ ਸਾਇਆ ਹੈ।
--ਦਵਿੰਦਰ ਜੋਸ਼

ਡਰਦਾ ਹੈ ਮਨ ਦਾ ਪੰਛੀ.......... ਨਜ਼ਮ/ਕਵਿਤਾ / ਰਾਕੇਸ਼ ਵਰਮਾ

ਡਰਦਾ ਹੈ ਮਨ ਦਾ ਪੰਛੀ
ਏਹਨਾਂ ਵਾ-ਵਰੋਲਿ਼ਆਂ ਤੋਂ
ਬੇ-ਖੌਫ਼ ਹੋ
ਪਰਵਾਜ਼
ਮੈਂ ਭਰਾਂ ਤਾਂ ਕਿਸ ਤਰ੍ਹਾਂ


ਹੈ ਚਾਰੇ ਪਾਸੇ ਅਗਨ
ਕਈ ਸ਼ਹਿਰ
ਸੜ ਰਹੇ ਨੇ
ਏਸ ਤਪਸ਼ ਦਾ ਇਲਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਅੱਜ ਲਹੂ-ਲੁਹਾਨ ਹੋਈ
ਪੰਜ ਪਾਣੀਆਂ ਦੀ ਧਰਤੀ
ਹਾਲਾਤ ਸੁਖ਼ਨ-ਸਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਅਮਨਾਂ ਦੇ ਸਬਕ ਹੋਵਣ
ਧਰਮਾਂ ਦੇ ਖਾਤਿਆਂ ਵਿਚ
ਹਿੰਸਾ ਦਾ ਇੰਦਰਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਇਨਸਾਨੀਅਤ ਦੇ ਉਤੇ
ਹੈਵਾਨੀਅਤ ਏ ਹਾਵੀ
ਜਮਹੂਰੀਅਤ ‘ਤੇ ਨਾਜ਼
ਮੈਂ ਕਰਾਂ ਤਾਂ ਕਿਸ ਤਰ੍ਹਾਂ

ਰਾਤ ਭਰ.......... ਗ਼ਜ਼ਲ / ਰਾਜੇਸ਼ ਮੋਹਨ (ਪ੍ਰੋ.)

ਰਾਤ ਭਰ ਆਜ ਮੁਝੇ ਖ਼ਾਬ ਆਏ
ਏਕ ਖ਼ਤ ਕੇ ਕਈ ਜਵਾਬ ਆਏ

ਬਸ ਹਵਾ ਖੋਲ ਗਈ ਦਰਵਾਜ਼ਾ
ਮੈਨੇ ਸਮਝਾ ਕਹੀਂ ਜਨਾਬ ਆਏ


ਹਮ ਭਲਾ ਬਾਗ਼ ਬਾਗ਼ ਕਿਊਂ ਭਟਕੇਂ
ਚਲ ਕੇ ਜਬ ਘਰ ਮੇਰੇ ਗ਼ੁਲਾਬ ਆਏ

ਜਿਸਸੇ ਮੈਂ ਜਾਨ ਲੂੰ ਤੁਝੇ ਬਿਹਤਰ
ਕੋਈ ਐਸੀ ਭੀ ਹੈ ਕਿਤਾਬ, ਆਏ

ਮੇਰੇ ਗੀਤੋਂ ਕੋ ਔਰ ਉਦਾਸ ਨਾ ਕਰ
ਆ ਭੀ ਜਾ ਇਨਪੇ ਭੀ ਸ਼ਬਾਬ ਆਏ


ਵੋਟਾਂ ਦੀ ਨੀਤੀ ਨੇ.......... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

ਵੋਟਾਂ ਦੀ ਨੀਤੀ ਨੇ ਘਰ-ਘਰ ਵੰਡਾਂ ਪਾਈਆਂ ਨੇ
ਲੋਕਾਂ ਨੂੰ ਪਾੜ ਭਰਾਵਾਂ ਹੱਥ ਡਾਂਗਾਂ ਫੜਾਈਆਂ ਨੇ

ਦਹੇਜ ਦੇ ਹੱਥੋਂ ਉਜੜੇ ਅਨੇਕਾਂ ਹੀ ਘਰ ਏਥੇ
ਬਿਨ ਕਸੂਰੋਂ ਧੀ-ਭੈਣਾਂ ਮਾਰ ਮੁਕਾਈਆਂ ਨੇ


ਇਸ ਧਰਤ 'ਤੇ ਵਸਦੇ ਵਹਿਸ਼ੀ ਦਰਿੰਦੇ ਬੜੇ
ਭ੍ਰਿਸ਼ਟ ਨੀਤੀ ਨੇ ਹਰ ਥਾਂ ਧੁੰਮਾਂ ਪਾਈਆਂ ਨੇ

ਕਰਦੇ ਕਾਰ ਬਥੇਰੀ ਪਰ ਕਰਜ਼ ਜਿਉਂ ਦਾ ਤਿਉਂ
ਦਸਾਂ ਨਹੁੰਆਂ ਦੀਆਂ ਕਿਰਤਾਂ ਸੱਭ ਘਬਰਾਈਆਂ ਨੇ

ਬੜੇ ਚਾਵਾਂ ਨਾਲ਼ ਪਾਲ਼ੇ ਪੁੱਤਰ ਪਿਆਰੇ ਜੋ
ਮਾਂ ਤੇ ਪਿਉ ਨੂੰ ਵੰਡਿਆ ਉਹਨਾਂ ਭਾਈਆਂ ਨੇ

ਬੌਣੀ ਸੋਚ ਅਜ਼ਾਦ ਅਗੇਰੇ ਵਧਣ ਨਾ ਦੇਂਦੀ
ਤਾਂਹੀ ਤਾਂ ਜਿ਼ੰਦਗੀ ਵਿਚ ਰੋਕਾਂ ਆਈਆਂ ਨੇ

ਮਾਡਰਨ ਮਾਹੀਆ.......... ਗੀਤ / ਸੁਖਚਰਨਜੀਤ ਕੌਰ ਗਿੱਲ

ਪਤਨੀ : ਤੰਦੂਰੀ ਤਾਈ ਹੋਈ ਆ।
ਅਸਾਂ ਰੋਟੀ ਨਹੀਂ ਲਾਹੁਣੀ,
ਤੇਰੀ ਬੇਬੇ ਆਈ ਹੋਈ ਆ।

ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ।

ਬੇਬੇ ਕੋਲ਼ ਗੱਲ ਨਾ ਕਰੀਂ,
ਨਹੀਂ ਤਾਂ ਆਪੇ ਮੈਂ ਪਕਾ ਦਊਂਗਾ।

ਪਤਨੀ : ਮੇਰੇ ਭਾਗ ਹੀ ਖੋਟੇ ਨੇ।
ਜੂਠੇ ਭਾਂਡੇ ਰੋਣ ਜਾਨ ਨੂੰ,
ਨਾ ਹੀ ਕੱਪੜੇ ਹੀ ਧੋਤੇ ਨੇ।

ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ।
ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ,
ਮੰਗੇ ਧੋਬੀ ਤੋਂ ਧੁਆ ਲਿਆਊਂਗਾ।

ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ।
ਬੇਬੇ ਨਾਲ਼ ਗੱਲ਼ਾਂ ਮਾਰਦੇ,
ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ।

ਪਤੀ : ਇਹ ਵੀ ਝਗੜਾ ਮੁਕਾ ਦਊਂਗਾ।
ਤੇਰਾ ਰਹੇ ਦਿਲ ਰਾਜ਼ੀ,
ਉਹਦੀ ਟਿਊਸ਼ਨ ਰਖਾ ਦਊਂਗਾ।

ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ।
ਰਾਤੀਂ ਸਾਨੂੰ ਨੀਂਦ ਨਾ ਪਵੇ,
ਜਦੋਂ ਖਊਂ-ਖਊਂ ਕਰਦੀ ਏ।

ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ।
ਤੈਨੂੰ ਉਹਦੀ ਖੰਘ ਨਾ ਸੁਣੇ,
ਮੰਜੀ ਕੋਠੇ 'ਤੇ ਚੜ੍ਹਾ ਦਊਂਗਾ।

ਸ਼ਹਿਰ ਮੇਰੇ ਦੀਆਂ ਮੈਲ਼ੀਆਂ ਖ਼ਬਰਾਂ.......... ਗ਼ਜ਼ਲ / ਨਵਪ੍ਰੀਤ ਸੰਧੂ

ਸ਼ਹਿਰ ਮੇਰੇ ਦੀਆਂ ਮੈਲ਼ੀਆਂ ਖ਼ਬਰਾਂ ਢੋ-ਢੋ ਅੱਕੀ ਹੋਈ ਐ।
ਮੈਨੂੰ ਲੱਗਦੈ ਪੌਣ ਪੁਰੇ ਦੀ ਅਸਲੋਂ ਹੀ ਥੱਕੀ ਹੋਈ ਐ।

ਮੇਰਿਆਂ ਅਰਮਾਨਾਂ ਦੇ ਕਾਤਿਲ ਆ ਕੇ ਮੈਨੂੰ ਪੱਛਦੇ ਨੇ,
ਸੋਚ ਮੇਰੀ ਦੀ ਰੰਗਤ ਕਾਹਤੋਂ ਏਨੀ ਰੱਤੀ ਹੋਈ ਐ।


ਬੰਦਾ ਬਣ ਜਾ ਬਾਜ ਤੂੰ ਆ ਜਾ ਸੱਚ ਬੋਲਣ ਤੋਂ ਤੌਬਾ ਕਰ,
ਉਹਨਾਂ ਉਹੀ ਸਲੀਬ ਅਜੇ ਤੱਕ ਸਾਂਭ ਕੇ ਰੱਖੀ ਹੋਈ ਐ।

ਪਤਝੜ ਦੇ ਵਿਰੋਧ 'ਚ ਜਿਹੜੀ ਗੀਤ ਬਹਾਰ ਦੇ ਗਾਉਂਦੀ ਸੀ,
ਉਹ ਬੁਲਬੁਲ ਹੋਣ 'ਪੋਟਾ' ਲਾ ਕੇ ਜੇਲ੍ਹ 'ਚ ਡੱਕੀ ਹੋਈ ਐ।

ਘਰ ਤੋਂ ਨਿਕਲਣ ਲੱਗਿਆਂ ਮੈਨੂੰ ਮੌਸਮ ਬਾਰੇ ਪੁੱਛਦਾ ਹੈ,
ਤੂਫਾਨਾਂ ਵਿਚ ਖੜ੍ਹਨ ਦੀ ਜਿਸ ਤੋਂ ਆਸ ਮੈਂ ਰੱਖੀ ਹੋਈ ਐ।


ਮੁੱਦਤਾਂ ਦੇ ਪਿੱਛੋਂ.......... ਗੀਤ / ਰਣਜੀਤ ਕਿੰਗਰਾ

ਮੁੱਦਤਾਂ ਦੇ ਪਿੱਛੋਂ ਪਿੰਡ ਆ ਕੇ ਘਰ ਖੋਲ੍ਹਿਆ,
ਮਾਪਿਆਂ ਨੂੰ ਚੇਤੇ ਕਰ ਕਰ ਦਰ ਖੋਲ੍ਹਿਆ,
ਕੰਧਾਂ ਵੱਲ ਤੱਕ ਕੇ ਉਦਾਸ ਜਿਹਾ ਹੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ, ਵੇਖ ਵੇਖ ਰੋਈ ਜਾਵਾਂ।


ਖੋਲ੍ਹੀ ਜਾਂ ਰਸੋਈ ਪਈ ਚਾਟੀ ਤੇ ਮਧਾਣੀ ਸੀ,
ਚੁੱਲਾ ਅਤੇ ਚੁਰ ਕੋਈ ਦੱਸਦੇ ਕਹਾਣੀ ਸੀ,
ਚਿਤ ਕਰੇ ਬੇਬੇ ਦੀ ਪਕਾਈ ਹੋਈ ਰੋਟੀ ਖਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ।

ਬਾਹਰਲੀ ਕੰਧੋਲੀ ਉਤੇ ਉਵੇਂ ਮੋਰ ਘੁੱਗੀਆਂ,
ਪਿਛਲੀ ਸਵਾਤ ਵਿਚ ਸੀਤੇ ਦੀਆਂ ਗੁੱਡੀਆਂ,
ਗੁੱਡੀਆਂ ਪਟੋਲਿਆਂ ਨੂੰ ਚੁੱਕ ਚੁੱਕ ਟੋਹੀ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ।

ਇਕ ਖੂੰਜੇ ਹਲ਼ ਟੰਗੀ ਕੰਧ 'ਤੇ ਪੰਜਾਲੀ਼ ਸੀ,
ਪਿੱਛੇ ਪੜਛੱਤੀ ਉਤੇ ਡਾਂਗ ਸੰਮਾਂ ਵਾਲ਼ੀ ਸੀ,
ਦਿਲ ਵਿਚੋਂ ਉਠਦੀ ਮੈਂ ਚੀਸ ਨੂੰ ਲੁਕੋਈ ਜਾਵਾਂ।
ਬੇਬੇ ਦੇ ਸੰਦੂਕ ਵੱਲ ਵੇਖ ਵੇਖ ਰੋਈ ਜਾਵਾਂ। 

ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ.......... ਗੀਤ / ਬਾਬੂ ਸਿੰਘ ਬਰਾੜ

ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ
ਗ਼ਮ ਦੇ ਏਸ ਗਲੋਟੇ ਦਾ ਪਰ ਧਾਗਾ ਕਿਸੇ ਉਧੇੜ ਦਿੱਤਾ

ਫੁੱਲਾਂ ਦੀ ਸੋਹਣੀ ਖੁਸ਼ਬੂ ਨੂੰ ਮੈਂ ਸਾਹਾਂ ਵਿਚ ਸਮੋ ਲਿਆ ਸੀ
ਲੋਕਾਂ ਤੋਂ ਡਰਦੀ ਡਰਦੀ ਨੇ ਮੈਂ ਸੱਜਣ ਕਿਤੇ ਲੁਕੋ ਲਿਆ ਸੀ

ਮਹਿਕਾਂ ਦੀ ਚੰਦਰੀ ਮਸਤੀ ਨੇ ਮੈਨੂੰ ਗ਼ਮ ਹੀ ਹੋਰ ਸਹੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ......

ਮਨ ਮਸਤ ਜਿਹਾ ਬਸ ਹੋ ਕੇ ਹੀ ਉਸ ਵਿਚੋਂ ਉਸ ਨੂੰ ਪਾ ਬੈਠਾ
ਉਹਦੀ ਰੂਹ ਵਿਚ ਵਾਸਾ ਕਰਕੇ ਸੀ ਦਿਲ ਦੇ ਸੱਭ ਦੁੱਖ ਭੁਲਾ ਬੈਠਾ
ਇਸ਼ਕੇ ਦੀ ਚਿੱਟੀ ਚਾਦਰ ਨੂੰ ਲੋਕਾਂ ਤਾਹਨਿਆਂ ਨਾਲ਼ ਲਿਬੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ.......

ਬਾਬੂ ਬਸ ਲਿਖਦੀ ਵਿਹੁ ਮਾਤਾ ਕਰਮਾਂ ਨੂੰ ਤੇਰੇ ਮਸਤਕ ‘ਤੇ
ਸੁੱਖ ਲੱਭ ਲਈਂ ਭਾਵੇਂ ਸੋਚਾਂ ‘ਚੋਂ ਦੁੱਖ ਦਰ ‘ਤੇ ਦਿੰਦਾ ਦਸਤਕ ਵੇ
ਸੋਨੇ ਤੋਂ ਮਿੱਟੀ ਬਣ ਗਏ ਆਂ ਕਿਸਮਤ ਨੇ ਐਸਾ ਗੇੜ ਦਿੱਤਾ
ਕੰਡਿਆਂ ਦੇ ਦਿੱਤੇ ਜ਼ਖ਼ਮਾਂ ਨੂੰ ਫੁੱਲਾਂ ਨੇ ਫੇਰ ਉਚੇੜ ਦਿੱਤਾ

ਕੁੜੀਏ ਸ਼ਹਿਰ ਦੀਏ..........ਗੀਤ / ਰਘਬੀਰ ਸਿੰਘ ਤੀਰ

ਆ ਨੀ ਕੁੜੀਏ ਸ਼ਹਿਰ ਦੀਏ, ਤੈਨੂੰ ਪਿੰਡ ਦਾ ਹੁਸਨ ਦਿਖਾਵਾਂ।
ਕਿਹੜੀ ਗੱਲ ਦਾ ਮਾਣ ਕਰੇਂ ਨੀ, ਤੂੰ ਤਾਂ ਇਕ ਪ੍ਰਛਾਵਾਂ।

ਤੇਰਾ ਹੁਸਨ ਬਜ਼ਾਰੂ ਲੱਗਦੈ, ਮੰਗਿਆ ਜਿਵੇਂ ਉਧਾਰਾ।
ਪਾਊਡਰ ਲਾਲੀ ਲਾ ਚਿਹਰੇ 'ਤੇ,ਲਿੱਪਿਆ ਜਿਵੇਂ ਚੁਬਾਰਾ।

ਨਾ ਛੇੜੀਂ ਨਾ ਛੇੜੀਂ ਮਿੱਤਰਾ, ਇਹ ਤਾਂ ਫਿਰਨ ਬਲਾਵਾਂ,
ਆ ਨੀ ਕੁੜੀਏ ਸ਼ਹਿਰ ਦੀਏ.......

ਪੈਂਟਾਂ ਪਾਵੇਂ, ਵਾਲ਼ ਕਟਾਵੇਂ ਨਾਲ਼ ਬੇਗਾਨਿਆਂ ਪੇਚੇ ਪਾਵੇਂ।
ਸ਼ਰਮ ਹਯਾ ਨਾ ਡਰ ਮਾਪਿਆਂ ਦਾ, ਰੋਜ਼ ਕਲੱਬੀਂ ਗੇੜੇ ਲਾਵੇਂ।
ਭੁੱਲ ਕੇ ਇਸ ਪੰਜਾਬ ਦਾ ਵਿਰਸਾ, ਮੱਲੀਆਂ ਕਿਹੜੀਆਂ ਰਾਹਵਾਂ,
ਆ ਨੀ ਕੁੜੀਏ ਸ਼ਹਿਰ ਦੀਏ.......

ਵਾਲ਼ ਗੋਰੀ ਦੇ ਗਜ਼ ਗਜ਼ ਲੰਮੇ, ਪੈਣ ਭੁਲੇਖੇ ਨਾਗਾਂ ਦੇ।
ਗੋਲ਼ ਮਟੋਲ ਸੰਧੂਰੀ ਗੱਲ੍ਹਾਂ , ਸੇ ਕਸ਼ਮੀਰੀ ਬਾਗਾਂ ਦੇ।
ਨੈਣ ਕਟਾਰਾਂ ਕੱਢਣ ਕਾਲ਼ਜੇ, ਝੱਪਟੇ ਜੀਕਣ ਬਾਜਾਂ ਦੇ।
ਕੀ-ਕੀ ਦੱਸ ਗਿਣਾਵਾਂ ਤੈਨੂੰ, ਕਿੱਥੋਂ ਬੋਲ ਲਿਆਵਾਂ,
ਆ ਨੀ ਕੁੜੀਏ ਸ਼ਹਿਰ ਦੀਏ........

ਦਿਲ ਨਾਲ਼ ਇਸ਼ਕ.......... ਰੁਬਾਈ / ਦਿਆਲ ਸਿੰਘ ਸਾਕੀ

ਦਿਲ ਨਾਲ਼ ਇਸ਼ਕ ਜਦੋਂ ਸੀ ਹੁੰਦਾ,ਉਹ ਵੇਲ਼ੇ ਕੋਈ ਹੋਰ ਹੋਣਗੇ।
ਦਿਲ ਹੋਣਾ ਮਜਬੂਤ ਉਨ੍ਹਾਂ ਦਾ, ਅਕਲੋਂ ਪਰ ਕਮਜ਼ੋਰ ਹੋਣਗੇ।
ਬਾਰਾਂ ਸਾਲ ਚਰਾ ਕੇ ਮੱਝਾਂ, ਰਾਂਝੇ ਵਰਗੇ ਮਰ ਗਏ 'ਸਾਕੀ',
ਮਹੀਵਾਲ਼ ਤੇ ਮਿਰਜ਼ਾ, ਮਜਨੂੰ, ਪੁੰਨੂੰ ਅਨਪੜ੍ਹ ਢੋਰ ਹੋਣਗੇ।


****

ਮੌਜ ਮੇਲਾ ਤੇ ਇਹ ਮਿਲੱਪਣ ਨਹੀਂ ਰਹਿਣਾ।
ਸਦਾ ਇਹ ਨੱਚਣ ਤੇ ਟੱਪਣ ਨਹੀਂ ਰਹਿਣਾ।
ਜਿਸ ਦੇ ਨਸ਼ੇ ਵਿੱਚ ਭੁੱਲਿਆ ਫਿਰੇਂ ਦੁਨੀਆਂ,
ਸਾਕੀ ਇਹ ਸੋਹਣਾ ਸੁਹੱਪਣ ਨਹੀਂ ਰਹਿਣਾ।

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ.......... ਗ਼ਜ਼ਲ / ਸੁਰਜੀਤ ਪਾਤਰ

ਮੈਂ ਬਣਾਵਾਂਗਾ ਹਜ਼ਾਰਾਂ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ਼ ਰਿਹਾ ਸੀ

ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸਨ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ


ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਥੇ ਜਾ ਰਿਹਾ ਸੀ

ਕਿਸ ਤਰ੍ਹਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ਼ ਰਹੇ ਸਨ
ਓਹੀ ਅੱਖਰ ਜਿਨ੍ਹਾਂ ਅੰਦਰ ਮੰਜਿ਼ਲਾਂ ਦਾ ਥਹੁ ਪਤਾ ਸੀ

ਅਗਨ ਜਦ ਉਠੱੀ ਮੇਰੇ ਤਨ ਮਨ ਤਾਂ ਮੈਂ ਵੀ ਦੌੜਿਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ

ਸੁੱਕ ਗਿਆ ਹਰ ਬਿਰਖ ਉਸਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ

ਮੁੜ ਤਾਂ ਆਈਆਂ ਮਛਲੀਆਂ ਆਖ਼ਰ ਨੂੰ ਪੱਥਰ ਚੱਟ ਕੇ
ਪਰ ਉਨ੍ਹਾਂ ਦੇ ਮੁੜਨ ਤੱਕ ਪਾਣੀ ਵੀ ਪੱਥਰ ਹੋ ਗਿਆ ਸੀ

ਗਿਰਝਾਂ.......... ਕਾਵਿ ਵਿਅੰਗ / ਨਿਰਮੋਹੀ ਫ਼ਰੀਦਕੋਟੀ

ਗਿਰਝਾਂ ਰਹੀਆਂ ਨਾ ਆਪਣੇ ਦੇਸ ਅੰਦਰ
ਆ ਕੇ ਪਿਤਾ ਨੂੰ ਦੱਸੇ ਜਗਵੰਤ ਮੀਆਂ ।
ਸੁਣ ਕੇ ਬਾਪ ਨੂੰ ਬੜਾ ਹੀ ਫਿ਼ਕਰ ਹੋਇਆ
ਕਿੱਧਰ ਹੋ ਗਈਆਂ ਉਹ ਉਡੰਤ ਮੀਆਂ ।

ਕੋਲ਼ੇ ਬੈਠਾ ਨਿਰਮੋਹੀ ਸਮਝਾਉਣ ਲੱਗਾ
ਨਹੀਂ ਗਿਰਝਾਂ ਦਾ ਕੋਈ ਵੀ ਅੰਤ ਮੀਆਂ ।
ਆਈਆਂ ਅਫ਼ਸਰ,ਵਪਾਰੀ ਤੇ ਬਣ ਨੇਤਾ
ਬਾਕੀ ਰਹਿੰਦੀਆਂ ਬਣ ਗੀਆਂ ਸੰਤ ਮੀਆਂ ।

ਆਜ਼ਾਦੀ

ਪੈਰੀਂ ਟੁੱਟੀ ਜੁੱਤੀ ਤੇੜ ਘਸੀ ਚਾਦਰ
ਗਲ਼ੇ ਟਾਕੀਆਂ ਵਾਲ਼ੀ ਕਮੀਜ਼ ਮੀਆਂ ।
ਪੇਟ ਛੜੇ ਦੇ ਘੜੇ ਦੇ ਵਾਂਗ ਖਾਲੀ
ਨਾ ਦਰ ਤੇ ਨਾ ਦਹਿਲੀਜ਼ ਮੀਆਂ ।
ਕਾਲ਼ਾ ਅੱਖਰ ਬਰਾਬਰ ਮੱਝ ਦੇ ਹੈ
ਕਿੱਥੋਂ ਅਸਾਂ ਨੂੰ ਆਊ ਤਮੀਜ਼ ਮੀਆਂ ।
ਸਾਨੂੰ ਦਰਸ਼ਨ ਨਿਰਮੋਹੀ ਜੀ ਕਦੋਂ ਹੋਣੇ
ਕੇਹੋ ਜੇਹੀ ਆਜ਼ਾਦੀ ਹੈ ਚੀਜ਼ ਮੀਆਂ ।

ਬਦਲਦੀ ਪ੍ਰੀਭਾਸ਼ਾ.......... ਨਜ਼ਮ/ਕਵਿਤਾ / ਸੁਰਿੰਦਰ ਭਾਰਤੀ ਤਿਵਾੜੀ

ਬਦਲ ਗਈ ਦੁਨੀਆਂ
ਤੇ ਬਦਲ ਗਏ ਦਸਤੂਰ,
ਹਰ ਰਿਸ਼ਤਾ
ਆਪਣੀ ਪ੍ਰੀਭਾਸ਼ਾ ਤੋਂ ਦੂਰ।


ਪਿਤਾ ਦੀ ਸੋਚ
ਆਪ, ਪਤਨੀ, ਮੁੜ ਬੱਚੇ
ਆਪਣੀ ਔਲਾਦ
ਪਰ ਵਿਸ਼ਵਾਸ਼ ਦੀ ਘਾਟ,
ਔਲਾਦ ਹੈ ਸਿਰਫ਼ ਜਾਇਦਾਦ,
ਦੇਣ ਲਈ ਸ਼ਰਤਾਂ ਤੇ ਵਿਵਾਦ।

ਮਾਂ ਦੀ ਮਮਤਾ
ਮਾਂ ਘੱਟ, ਪਤਨੀ ਵੱਧ
ਨਫੇ ਨੁਕਸਾਨ ਅਨੁਸਾਰ,
ਪੁੱਤ ਨਾਲ ਪਿਆਰ,
ਹਰ ਕਿਤੇ
ਪਹਿਲੀ ਹੱਕਦਾਰ ।

ਧੀ ਰਾਣੀ,
ਪਹਿਲੇ ਦਿਨੋਂ ਬੇਗਾਨੀ,
ਸਹੁਰੇ ਘਰ ਦੀ ਅਮਾਨਤ,
ਪੁੱਛੇ ਤਾਂ ਜ਼ਮਾਨੇ ਦੀ ਤੋਹਮਤ,
ਨਾਂ ਪੁੱਛੇ ਤਾਂ ਪੁੱਤਾਂ ਵਰਗੀ,
ਹੱਕ ਲਈ ਬਰਾਬਰ,
ਫ਼ਰਜਾਂ ਲਈ ‘ਵਿਚਾਰੀ’।

ਪੁੱਤ ਕੁਆਰੇ ਵੀ ਬੇਗਾਨੇ,
ਆਪਣੀਆਂ ਇਛਾਵਾਂ,
ਮਾਤਾ ਪਿਤਾ ਦਾ ਫਰਜ਼,
ਯਾਦ ਕਰਾਉਂਦੇ,
ਵਿਆਹੇ ਤਾਂ ਮਜ਼ਬੂਰ,
ਸਭ ਦਾ ਵਧੀਆ ਆਖਾਣ,
‘ਅਸੀਂ ਕੀ ਕਰੀਏ’
‘ਤੁਹਾਡੀ ਗੱਲ ਹੋਰ ਸੀ’।

ਭਰਾ ਕਹਿੰਦਿਆਂ ਮੂੰਹ ਭਰ ਆਏ,
ਲੋੜ ਦੇ ਮਾਂ ਜਾਏ,
ਸੁੱਖ ਦੇ ਭਾਈਵਾਲ,
ਦੁੱਖ ਵਿੱਚ ਦੂਰ,
ਸੁਆਰਥ ਲਈ ਦੁਸ਼ਮਨ,
ਕਾਮਯਾਬ ਭਰਾ ਦੇ ਸ਼ਰੀਕ,
ਕਮਜੋਰ ਲਈ ਤਾਹਨਿਆਂ ਦੀ ਤਸਦੀਕ।

ਭੈਣ ਭਰਾ ਤੋਂ ਨਾ ਵੱਖ,
ਮਾਪਿਆਂ ਤੇ ਸਭ ਤੋਂ ਵੱਧ ਹੱਕ,
ਭਰਾ ਲਈੇ ਸੁੱਖ ਸੁੱਖਣ ਵਾਲੀ,
ਅਮੀਰ ਭਰਾ ਦੀ, ਭੈਣ ਨਿਰਾਲੀ,
ਲੈਣ ਦੀ ਹੱਕਦਾਰ,
ਦੇਣ ਵੇਲੇ ਅਹਿਸਾਨ ।

ਰਿਸ਼ਤੇਦਾਰ
ਬਿਨ ਸਤਿਕਾਰ,
ਸਵਾਦ ਲੈਣ ਲਈ ਤਤਪਰ,
ਦਿਲ ਤੋੜਨ ਵਿੱਚ ਮਾਹਰ,
ਡਿੱਗਦੇ ਤੇ ਖੁਸ਼
ਚੜ੍ਹਦੇ ਤੇ ਦੁੱਖ,
ਨੀਵਾਂ ਦਿਖਾਉਣ ਤੇ ਆਤਮਾ ਖੁਸ਼,
ਅਮੀਰ ਦੇ ਨੇੜੇ ਦੇ,
ਗਰੀਬ ਲਈ ਦੂਰ ਦੇ।

ਦੋਸਤ ਜੀਵਨ ਦਾ ਫਰਿਸ਼ਤਾ,
ਪਰ ਆਰਜ਼ੀ ਰਿਸ਼ਤਾ,
ਫਾਇਦੇ ਲਈ ਸਕੇ ਭਰਾ,
ਜਿੰਮੇਵਾਰੀ ਲਈ ਲਾਪਰਵਾਹ,
ਦੁੱਖ-ਸੁੱਖ ਦੇ ਬਨਾਉਟੀ ਭਾਈਵਾਲ,
ਮੁਸੀਬਤ ‘ਚ ਗਾਇਬ
ਮਾਈ ਦਾ ਲਾਲ,
ਲਾਭ ਨਹੀਂ ਤਾਂ ਰਿਸ਼ਤਾ ਖਤਮ,
ਧੋਖਾ ਦੇਣ ਤੇ ਕੈਸੀ ਸ਼ਰਮ ।

ਕਿੰਨਾਂ ਕੌੜਾ
ਰਿਸ਼ਤਿਆਂ ਦਾ ਸੱਚ,
ਹਰ ਪਲ,
ਹਰ ਪਾਸੇ,
ਹਰ ਮੌਕੇ,
ਹਰ ਜਗ੍ਹਾ,
ਭਾਰਤੀ ਦੇਖਦਾ ਹੈ
ਅੱਖਾਂ ਦੇ ਸਾਹਮਣੇ,
ਹੇ ਮੇਰੇ ਮੌਲਾ! 

ਵਕਤ ਦੀ ਕੈਸੀ.......... ਗ਼ਜ਼ਲ / ਨਵਪ੍ਰੀਤ ਸੰਧੂ

ਵਕਤ ਦੀ ਕੈਸੀ ਇਹ ਉਲਟੀ ਚਾਲ ਹੈ
ਸਾਗਰਾਂ ਨੂੰ ਹੁਣ ਥਲਾਂ ਦੀ ਭਾਲ਼ ਹੈ

ਭਟਕਦੇ ਪੌਣਾਂ 'ਚ ਕੁਝ ਪੱਤੇ ਮਿਲੇ
ਪੁੱਛਦੇ ਸੀ ਬਿਰਖ ਦਾ ਕੀ ਹਾਲ ਹੈ


ਪਾਰੇ ਵਾਂਗੂ ਡੋਲਦੀ ਹੈ ਹਰ ਨਜ਼ਰ
ਕੀ ਖ਼ਬਰ ਕਿ ਕੌਣ ਕਿਸਦੇ ਨਾਲ਼ ਹੈ

ਸੋਚ ਦੀ ਕੰਧ 'ਤੇ ਕਲੰਡਰ ਹੈ ਉਹੀ
ਆਖਦੇ ਹੋ ਕਿ ਨਵਾਂ ਇਹ ਸਾਲ ਹੈ

ਜਿਸ ਤਰ੍ਹਾਂ ਮਾਰੂਥਲਾਂ 'ਤੇ ਕਿਣਮਿਣੀ
ਝਲਕ ਤੇਰੀ ਤੇ ਇਹ ਦਿਲ ਦਾ ਹਾਲ ਹੈ

ਸੁਪਨਿਆਂ ਦੇ ਵਪਾਰੀ.......... ਨਜ਼ਮ/ਕਵਿਤਾ / ਸੱਤਪਾਲ ਬਰਾੜ ( ਯੂ.ਐਸ.ਏ )

ਦਰਵਾਜ਼ੇ ਤੇ ਦਸਤਕ ਦੇ ਰਹੇ
ਆਸਵੰਦ ਭਿਖਾਰੀ ਨੂੰ ਸਮਝਾ,
ਕਿ
ਇਹ ਨਿਰਾਸ਼ ਘਰ ਕਿਸੇ ਪ੍ਰਦੇਸੀ ਦਾ ਹੈ--
ਇਥੋਂ ਖੈਰ ਨਹੀਂ ਹੌਂਕੇ ਮਿਲਦੇ ਹਨ,


ਜਿੰਦਰਿਆਂ ਨੂੰ ਲੱਗੀ, ਜੰਗਾਲ ਹੀ,
ਕਾਫੀ਼ ਹੈ ਸਾਰੀ ਦਾਸਤਾਂ ਕਹਿਣ ਲਈ
ਕਿ
ਵੱਡੇ ਵੱਡੇ ਸੁਪਨਿਆਂ ਦੇ ਵਪਾਰੀ
ਘਰਾਂ ਦੇ ਰਾਹ ਭੁੱਲ ਗਏ--

ਉਜਾੜ ਬੀਆਬਾਨਾਂ ਵਰਗੀ ਉਦਾਸ ਬੋਹੜ ਨੂੰ
ਤੇ ਵਿਹੜੇ ਵਿਚ ਸੁੱਕ ਰਹੀ ਨਿੰਮ ਨੂੰ ਸਮਝਾ
ਕਿ
ਜਿਉਂਦੇ ਜੀਆਂ ਲਈ ਕੀਰਨੇ ਪਾਉਣਾ
ਸੱਦਾ ਨਹੀਂ
ਅਪਸ਼ਗਨ ਹੁੰਦਾ ਹੈ--

ਚੁਬਾਰੇ ਉਪਰ ਲੱਗੀ ਮੋਰ ਦੀ,
ਗਰਦਨ ਵੀ ਸ਼ਰਮ ਨਾਲ਼ ਝੁਕੀ ਜਾਪਦੀ ਹੈ
ਕਿ
ਪ੍ਰਦੇਸੀ ਪੁੱਤਰ, ਮਾਂ ਦੀ ਖਾਹਿਸ਼ ਨੂੰ ਤਿਆਗ ਕੇ
ਆਖਰੀ ਰਸਮਾਂ ਵੇਲੇ ਗ਼ੈਰਹਾਜ਼ਰ ਸਨ--

ਪਿੱਛਾ ਗਵਾ ਕੇ ਅੱਗੇ ਦੀ ਦੌੜ ਵਿਚ
ਮਸਰੂਫ਼ ਵਪਾਰੀ, ਜਦ ਲੇਖਾ ਜੋਖਾ ਕਰਨਗੇ
ਕਿ
ਸਭ ਕੁਝ ਕੱਕੇ ਰੇਤੇ ਵਾਂਗ ਕਿਰ ਗਿਆ
ਤੇ ਬਾਕੀ ਬਚੇ ਦਾ ਉਤਰ ਸਿਫਰ ਨਿਕਲ ਆਇਆ--

ਖ਼ੁਦੀ ਨੂੰ ਆਸਰਾ ਦਿੱਤਾ.......... ਗ਼ਜ਼ਲ / ਰਾਜਿੰਦਰਜੀਤ (ਯੂ.ਕੇ.)

ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ

ਨਦੀ ਉਛਲੇ ਬਹੁਤ ਮੈਂ ਖੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨਾ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ


ਤੂੰ ਹੁਣ ਭੇਜੇਂ ਜਾਂ ਅਗਲੇ ਪਲ ਤੇਰੀ ਹਉਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂ ਹੋ ਗਿਆ ਬਣਵਾਸ ਤੋਂ ਪਹਿਲਾਂ

ਹਰਿਕ ਟੁਕੜੇ 'ਚ ਸੀ ਕੋਈ ਕਸਿ਼ਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਤ ਹੋਣ ਦੇ ਅਹਿਸਾਸ ਤੋਂ ਪਹਿਲਾਂ

ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ

ਤਿਰਾ ਜਾਣਾ ਜਿਵੇਂ ਦੁਨੀਆਂ ਦਾ ਸੱਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ

ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ

ਨਫ਼ਰਤ ਕੱਢ ਕੇ ਦਿਲ ਵਿਚੋਂ.......... ਗ਼ਜ਼ਲ / ਸੰਧੂ ਵਰਿਆਣਵੀ

ਨਫ਼ਰਤ ਕੱਢ ਕੇ ਦਿਲ ਵਿਚੋਂ ਆ ਪਿਆਰ ਦੀ ਹੀ ਗੱਲ ਕਰੀਏ
ਆ ਜਾ ਆਪਣੇ ਰਿਸ਼ਤੇ ਦਾ ਹੁਣ ਹੋਰ ਕੋਈ ਨਾਂ ਧਰੀਏ

ਅਲਖ ਮੁਕਾਉਣੀ ਹੈ ਤਾਂ ਬੇਦਰਦਾਂ ਦੀ ਅਲਖ ਮੁਕਾਓ
ਦੁਸ਼ਮਣ ਦੇ ਆਖੇ ਤੇ ਆਪਾਂ ਲੜ ਲੜ ਕੇ ਕਿਉਂ ਮਰੀਏ


ਹਿੰਮਤ ਬਿਨ ਨਾ ਬੇੜੀ ਅਪਣੀ ਕਦੇ ਕਿਨਾਰੇ ਲੱਗਣੀ
ਜ਼ਾਲਿਮ ਦਾ ਨਾ ਜ਼ੁਲਮ ਹਮੇਸ਼ਾ ਹੱਸ ਹੱਸ ਕੇ ਹੀ ਜਰੀਏ

ਤੱਤੀਆਂ ਪੌਣਾਂ ਨੇ ਪਹਿਲਾਂ ਹੀ ਦਿੱਤੇ ਜ਼ਖ਼ਮ ਬਥੇਰੇ
ਆਓ ਹੁਣ ਰਲ਼ ਮਿਲ਼ ਕੇ ਆਪਾਂ ਮਰਹਮ ਦੀ ਗੱਲ ਕਰੀਏ

ਵਾਂਗ ਕਬੂਤਰ ਨਾ ਹੁਣ ਆਪਾਂ ਅੱਖਾਂ ਮੀਟੀ ਜਾਈਏ
ਮਰਨਾ ਹੀ ਹੈ ਜੇਕਰ ਆਪਾਂ ਮਰਦਾਂ ਵਾਂਗੂ ਮਰੀਏ

ਬਾਹਾਂ ਦੇ ਵਿਚ ਬਾਹਾਂ ਪਾ ਕੇ ਤੁਰੀਏ ਆ ਜਾ ਸੰਧੂ
ਫੁੱਲਾਂ ਵਾਂਗੂ ਮਹਿਕ ਖਿਡਾਉਂਦੇ ਦੁਖ ਦਾ ਸਾਗਰ ਤਰੀਏ

ਮੇਰੀ ਧੀ.......... ਨਜ਼ਮ/ਕਵਿਤਾ / ਸੀਮਾ ਚਾਵਲਾ

ਮੇਰੀ ਧੀ
ਕਿਸੇ ਫ਼ਕੀਰ ਦੀ ਦੁਆ ਵਰਗੀ
ਕੁਰਾਨ ਦੀ ਆਇਤ
ਰੱਬ ਦੀ ਇਨਾਯਤ ਵਰਗੀ


ਮੇਰੀ ਧੀ
ਪੁੰਨਿਆਂ ਦੇ ਚੰਦ ਵਰਗੀ
ਕਵਿਤਾ ਦੇ ਛੰਦ ਵਰਗੀ
ਗ਼ਜ਼ਲ ਦੇ ਬੰਦ ਵਰਗੀ

ਮੇਰੀ ਧੀ ਸੰਧਿਆ ਦੀ ਆਰਤੀ
ਸੁਫ਼ਨਿਆਂ ਦੀ ਪਰੀ
ਸਮੇਂ ਦੀ ਜਾਦੂਗਰੀ

ਮੇਰੀ ਧੀ
ਰੂਹ ਦੀ ਪਵਿੱਤਰਤਾ
ਰਾਹਾਂ ਦੀ ਕਰਮਸ਼ੀਲਤਾ
ਜਿਉਂਦੀ ਜਾਗਦੀ ਗੀਤਾ
ਹੱਥਾਂ ਵਿਚ ਵਫਾ ਦੇ ਦੀਵੇ
ਉਸ ਦੀ ਰੀਸ ਕਿੰਜ ਹੋਵੇ
ਉਸ ਦੇ ਬਿਨਾਂ ਅੱਖ ਰੋਵੇ

ਮੇਰੀ ਧੀ
ਮੇਰਾ ਗ਼ਰੂਰ
ਜਿ਼ੰਦਗੀ ਦਾ ਸਰੂਰ
ਸ਼ਾਲਾ! ਹੋਵੇ ਕਦੇ ਨਾ ਦੂਰ

ਮੇਰੀ ਧੀ
ਹੰਝੂ ਦੀ ਨਮੀ
ਬੁੱਲਾਂ ਦੀ ਮੁਸਕਾਨ ਵਰਗੀ

ਮੇਰੀ ਧੀ
ਕਿਸੇ ਫ਼ਕੀਰ ਦੀ ਦੁਆ ਵਰਗੀ
ਕੁਰਾਨ ਦੀ ਆਇਤ ਵਰਗੀ
ਰੱਬ ਦੀ ਇਨਾਯਤ ਵਰਗੀ

ਕਾਮੇ ਦੇ ਕਲੇ਼ਜੇ.......... ਰੁਬਾਈ / ਬਿਸਮਿਲ ਫ਼ਰੀਦਕੋਟੀ

ਕਾਮੇ ਦੇ ਕਲੇ਼ਜੇ ਦੀਆਂ ਆਹਾਂ ਤੋਂ ਡਰੋ
ਗਹੁ-ਹੀਣ ਤੇ ਬਦਨੀਤ ਸਲਾਹਾਂ ਤੋਂ ਡਰੋ
ਈਸ਼ਵਰ ਦੀ ਦਯਾ ਹੈ ਸਭ 'ਤੇ ਇਕੋ ਜਿਹੀ
ਈਸ਼ਵਰ ਤੋਂ ਨਹੀਂ ਅਪਣੇ ਗੁਨਾਹਾਂ ਤੋਂ ਡਰੋ


ਬਾਜ਼ੀ ਹੈ ਮਿਰੀ ਮਾਤ ਭਲਾ ਕਿੰਨਾ ਕੁ ਚਿਰ?
ਹਰ ਪੈਰ ਨਵੀਂ ਘਾਤ ਭਲਾ ਕਿੰਨਾ ਕੁ ਚਿਰ ?
ਰਾਤਾਂ ਨੂੰ ਮੇਰਾ ਆਹਲਣਾ ਫੂਕਣ ਵਾਲ਼ੇ,
ਰੋਕੇਂਗਾ ਤੂੰ ਪ੍ਰਭਾਤ ਭਲਾ ਕਿੰਨਾ ਕੁ ਚਿਰ?

ਘੁੱਪ ਨ੍ਹੇਰ 'ਚ ਜਦ ਨੂਰ ਦਾ ਦਮ ਟੁੱਟਦਾ ਏ
ਜਦ ਮਾਂਗ ਤੋਂ ਸੰਧੂਰ ਦਾ ਦਮ ਟੁੱਟਦਾ ਏ
ਤਕਦੀਰ ਨਵੀਂ ਬਣਦੀ ਏ ਤਦ ਕੌਮਾਂ ਦੀ
ਹਫ਼ ਹਫ਼ ਕੇ ਜਾਂ ਮਜ਼ਦੂਰ ਦਾ ਦਮ ਟੁੱਟਦਾ ਏ

ਪੌਣ ਰੁਕ ਵੀ ਜਾਏ.......... ਗ਼ਜ਼ਲ / ਸੁਰਜੀਤ ਜੱਜ

ਪੌਣ ਰੁਕ ਵੀ ਜਾਏ , ਫਿਰ ਵੀ ਸ਼ਾਖ ਹਿਲਦੀ ਰਹਿ ਸਕੇ
ਭਰ ਹੁੰਗਾਰਾ ਇਸ ਤਰ੍ਹਾਂ ਕਿ ਗੱਲ ਤੁਰਦੀ ਰਹਿ ਸਕੇ

ਖਿੱਚ ਲਈਏ ਲੀਕ ਉਸ ਥਾਂ ਹੀ ਖਲੋਇਆਂ, ਜਿਸ ਜਗ੍ਹਾ
ਬਿਨ ਕਿਸੇ ਸ਼ਰਮਿੰਦਗੀ ਦੇ, ਅੱਖ ਮਿਲਦੀ ਰਹਿ ਸਕੇ


ਰੱਖ ਤੂੰ ਏਨੀ ਕੁ ਗੁੰਜਾਇਸ਼, ਜਦੋਂ ਚਾਹੇਂ, ਉਦੋਂ
ਰੁੱਸੀਆਂ ਪੈੜਾਂ 'ਚ ਘਰ ਦੀ, ਯਾਦ ਮਘਦੀ ਰਹਿ ਸਕੇ

ਆ ਹੰਢਾਉਣਾ ਸਿੱਖ ਲਈਏ, ਇਕ ਨਜ਼ਰ ਦਾ ਫਾਸਲਾ
ਇੰਝ ਹੀ ਸ਼ਾਇਦ ਕਿਤੇ,ਕੁਝ ਸਾਂਝ ਬਚਦੀ ਰਹਿ ਸਕੇ

ਹੋਣ ਨਾ ਦੇਵੀਂ ਮੁਕੰਮਲ, ਜ਼ੁਲਮ ਅਪਣੇ ਦੀ ਕਥਾ
ਸਬਰ ਮੇਰੇ ਦੀ ਕੋਈ, ਚਰਚਾ ਤਾਂ ਤੁਰਦੀ ਰਹਿ ਸਕੇ

ਸੁਰ ਕਰੋ ਸੁਰਜੀਤ ਏਦਾਂ, ਜਿ਼ੰਦਗੀ ਦੇ ਸਾਜ਼ ਦਾ
ਭਾਵੇਂ ਸਰਗਮ ਨਾ ਸਜੇ, ਸੁਰਤਾਲ ਮਿਲਦੀ ਰਹਿ ਸਕੇ

ਦਿਖਾਵਾ.......... ਨਜ਼ਮ/ਕਵਿਤਾ / ਤਾਰਿਕ ਗੁੱਜਰ

ਲੱਖ ਮਸੀਤੀਂ ਸਜਦੇ ਕੀਤੇ
ਮੰਦਰੀਂ ਦੀਵੇ ਬਾਲੇ਼
ਗਿਰਜੇ ਵੜ ਸਲੀਬਾਂ ਪਾਈਆਂ
ਖ਼ੂਬ ਗ੍ਰੰਥ ਖੰਘਾਲ਼ੇ

ਤਾਰਿਕ ਮੀਆਂ ਪਰ ਕਿਆ ਕਰੀਏ
ਮਨ ਕਾਲ਼ੇ ਦੇ ਕਾਲ਼ੇ