ਦਾਈ ਦੀ ਪੁਕਾਰ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ

ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,    
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ‘ਚ ਅਤੇ ਪਹਾੜਾਂ ‘ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪ੍ਰਵਾਹ ਕੀਤੇ ਬਿਨਾਂ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਪੰਛੀਓ! ਆਓ, ਮੇਰੀ ਗੋਦ ਵਿੱਚ ਆ ਜਾਓ,
ਚਹਿਚਹਾਉਂਦੇ, ਖੁਸ਼ੀਆਂ ਦੇ ਗੀਤ ਗਾਉਂਦੇ ਤੇ ਦੁੱਖ-ਸੁੱਖ ਵੀ ਫਰੋਲਦੇ,
ਤੁਸੀਂ ਸਾਰਾ ਦਿਨ ਓਡਦਿਆਂ, ਆਕਾਸ਼ ਨੂੰ ਚੀਰਦੇ ਰਹੇ
ਏਧਰ ਉਧਰ, ਸਰਹੱਦਾਂ ਨੂੰ ਅਣਗੌਲਿਆ ਕਰ
ਆਪਣੇ ਅਤੇ ਆਲ੍ਹਣੇ ਦੇ ਬੋਟਾਂ ਲਈ ਚੋਗ ਦੀ ਖਾਤਰ
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।

ਕੀੜੇ-ਮਕੌੜਿਓ! ਆਓ, ਮੇਰੀ ਗੋਦ ਵਿਚ ਆ ਜਾਓ,
ਰੀਂਗਦੇ ਰਹੇ ਸਾਰਾ ਦਿਨ ਧਰਤੀ ਦੀ ਛਾਤੀ ‘ਤੇ
ਜੀਵਨ ਦੀ ਕਿਸੇ ਸੱਚਾਈ ਲਈ
ਹਵਾ ‘ਚ ਲਟਕਦੇ, ਪਾਉਂਦੇ ਰਹੇ ਖੂਹੀਂ ਜਾਲ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਪੇੜ-ਪੌਦਿਉ ! ਆਓ, ਮੇਰੀ ਗੋਦ ਵਿਚ ਆ ਜਾਓ,
ਸਾਰਾ ਦਿਨ ਝੂਲਦੇ ਰਹੇ, ਤੱਤੀਆਂ-ਠੰਡੀਆਂ ਹਵਾਵਾਂ ਕਰਕੇ,
ਲਾਉਣੀ ਪਈ ਪੱਤਿਆਂ ਨੂੰ ਖੜ-ਖੜ, ਦਿਨ-ਭਰ
ਇਹਨਾਂ ਦੀ ਖੁਸ਼ੀ ਖਾਤਰ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਹੇ ਮਨੁੱਖ! ਤੁਸੀਂ ਵੀ ਆਓ, ਮੇਰੀ ਗੋਦ ਵਿਚ ਆ ਜਾਓ,
ਕਿੱਥੇ-ਕਿੱਥੇ ਨਹੀਂ ਭਟਕੇ ਸਾਰਾ ਦਿਨ,
ਪਿੰਡਾਂ, ਸ਼ਹਿਰਾਂ, ਕਸਬਿਆਂ, ਜੰਗਲ-ਬੇਲਿਆਂ,
ਮੈਦਾਨਾਂ ‘ਚ ਅਤੇ ਪਹਾੜਾਂ ‘ਤੇ
ਨਾਲੇ ਆਕਾਸ਼ ਵਿਚ ਵੀ
ਇਕੱਲੇ ਪੇਟ ਦੀ ਖਾਤਰ ਹੀ ਨਹੀਂ
ਸਗੋਂ ਕਾਮ, ਕ੍ਰੋਧ, ਲੋਭ,ਮੋਹ, ਮਾਇਆ,
ਅਹੰਕਾਰ, ਈਰਖਾ, ਦ੍ਵੈਤਵਾਦ, 
ਤੇ ਹੋਰ ਕਈ ਮਿਰਗ-ਤ੍ਰਿਸ਼ਨਾਵਾਂ ਵਿਚ
ਬਸ,ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
 ****