ਪੱਗ ਦੀ ਸ਼ਾਨ ਦਾ ਚੇਤਾ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ

ਨੂੰਹਾਂ ਧੀਆਂ ਤਾਂਈਂ ਜਦੋਂ ਛੱਡਦੇ ਹਾਂ ਦਾਜ ਪਿੱਛੇ
ਮਾਰਦੀ ਨਾ ਲੱਜਾ ਸਾਨੂੰ  ਉਦੋਂ ਭੋਰਾ ਜੱਗ ਦੀ ।

ਫਰਜੀ ਵਿਆਹਾਂ ਵਿੱਚ ਝੂਠ ਮੂਠ ਲੈ ਕੇ ਫੇਰੇ
‘ਬਾਹਰ’ ਜਾਣ ਲੱਗਿਆਂ ਨੂੰ ਸੰਗ ਨਹੀਂਉਂ ਲੱਗਦੀ ।

ਉਦੋਂ ਵੀ ਹਯਾ ਨਾ ਆਵੇ ਆਂਉਂਦੇ ਹਾਂ ਅੜਿੱਕੇ ਆਪਾਂ
ਫੜੀ ਜਾਂਦੀ ‘ਖੇਪ’ ਜਦੋਂ ਗੱਡੀ ‘ਚੋਂ ਡਰੱਗ ਦੀ ।

ਅੰਧ-ਵਿਸ਼ਵਾਸ਼ੀ ਹੋ ਕੇ ਥ੍ਹਾਂ ਥ੍ਹਾਂ ਮੱਥੇ ਟੇਕੀ ਜਾਈਏ
ਰਹਿੰਦੀ ਨਾ ਪਛਾਣ ਸਾਨੂੰ ਸਾਧ ਅਤੇ ਠੱਗ ਦੀ ।


ਅਹੁਦਿਆਂ ਦੇ ਲਾਲਚਾਂ ‘ਚ ਪੱਗੋ-ਲੱਥੀ ਹੁੰਦਿਆਂ ਨੂੰ
ਦੇਖ ਦੇਖ ਸਾਨੂੰ ਲੋਕੀਂ ਕਹਿੰਦੇ ‘ਨਾਲ਼ ਅੱਗ’  ਦੀ ।

ਏਅਰ ਪੋਰਟਾਂ ‘ਤੇ ਜਦੋਂ ਹੁੰਦੀ ਏ ਤਲਾਸ਼ੀ ਆਮ
ਉਦੋਂ ਸਾਨੂੰ ਯਾਦ ਆਵੇ  ਸ਼ਾਨ ਇਸ ਪੱਗ  ਦੀ !!

****