ਜੋਗੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ,ਹਰਿਆਣਾ

ਆਓ ਨੀਂ ਸਈਓ
ਰਲ ਦੇਓ ਨੀਂ ਵਧਾਈ
ਜੋਗੀ ਮੇਰੇ ਬੂਹੇ
ਅਲਖ ਜਗਾਈ

ਓਹਦੀ ਸੱਚੀ ਨਿਰਛਲ ਤੱਕਣੀ
ਮੈਂ ਜੋ ਤੱਕ ਆਈ
ਹੋਈ ਦੀਵਾਨੀ
ਨੀ ਮੈਂ ਸੁਧ ਬੁਧ ਗਵਾਈ

ਭਗਵਾਂ ਓਹਦਾ ਚੋਲਾ ਨੀ ਸਈਓ
ਕੰਨੀ ਓਹਦੇ ਮੁੰਦਰ ਪਾਈ
ਬੁੱਲੀਂ ਨੀਂ ਓਹਦੇ ਸੂਹੀ ਮੁਸਕਾਨ
ਨੈਣੀਂ ਖੌਰੇ ਕੇਹੀ ਪੀੜ ਸਮਾਈ

ਜਿਠਾਨੀ ਮੇਰੀ ਓਹਨੂੰ
ਆਟੇ ਦੀ ਖੈਰ ਪਾਈ
ਮੈਂ ਤਾਂ ਛੰਨੇ
ਚੂਰੀ ਕੁੱਟ ਲਿਆਈ

ਨਜਰਾਂ ਝੁਕਾ ਤੁਰ ਗਿਆ ਨੀ ਸਈਓ
ਬੂਹੇ ਅਗਲੇ ਜਾ ਅਲਖ ਜਗਾਈ
ਤੱਕ ਲਈ ਮੈਂ ਨੈਣੀ ਓਹਦੇ
ਸਿੱਲ੍ਹ ਸੀ ਜੋ ਆਈ

ਵਲੂੰਧਰ ਗਈਆਂ ਮੈਨੂੰ
ਓਹਦੀਆਂ ਸਿੱਲ੍ਹੀਆਂ ਅੱਖੀਆਂ
ਖੌਰੇ ਕੇਹੀ ਭੁੱਲੀ ਵਿਸਰੀ
ਕਹਾਣੀ ਹੋਣੀ ਯਾਦ ਆਈ

ਪਿੰਡ ਦੀ ਜੂਹੇ
ਓਹਨੇ ਕੁੱਲੀ ਸੀ ਬਣਾਈ
ਨਾ ਜੋਗੀ ਨੀਂ ਸਈਓ
ਨਾ ਕੁੱਲੀ ਹੀ ਥਿਆਈ

ਕੋਈ ਮੋੜ ਲਿਆਓ
ਮੈਂ ਦੇਵਾਂ ਨੀ ਦੁਹਾਈ
ਖੌਰੇ ਕਿਥੇ ਜਾ ਹੋਣੀ
ਅਲਖ ਜਗਾਈ ।…
****