ਤੇਰੀ ਦੀਦ……… ਨਜ਼ਮ/ਕਵਿਤਾ / ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ

(ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ, 'ਤੇਰੀ ਯਾਦ' ਦੇ ਨਿਰਾਸ਼ਾਵਾਦੀ ਰੂਪ ਦਾ ਆਸ਼ਾਵਾਦੀ ਰੂਪ)
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁੱਝ ਖੁਸ਼ੀਆਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਛੱਡੇ ਰੋਜੜੇ,
ਅੱਜ ਰੱਜ ਰੱਜ ਪੀਵਣ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਛੱਡ ਦਿਓ,
ਕੋਈ ਸੱਦਿਓ ਨਾ ਲੁਕਮਾਨ ਵੇ!
ਹੁਣ ਨਵ ਪਰਤੇ ਹਰ ਦਿਨ ਵਿੱਚ,
ਇਹ ਤਕੜੇ ਹੁੰਦੇ ਜਾਣ ਵੇ!
ਮੈਂ ਭਰ ਭਰ ਦਿਆਂ ਕਟੋਰੜੇ,
ਬੁੱਲ੍ਹ ਰੱਜ ਰੱਜ ਪੀਵੀ ਜਾਣ ਵੇ!
ਮੇਰੇ ਦੀਦੇ ਜੁਗੋਂ ਉਨੀਂਦੜੇ,
ਨੀਂਦਾਂ ਨੂੰ ਵਾਜਾਂ ਲਾਣ ਵੇ!
ਅਸਾਂ ਗ਼ਮ ਦੀਆਂ ਦੇਗ਼ਾਂ ਰ੍ਹੋੜੀਆਂ,
ਕਿਸੇ ਕੰਮ ਨਹੀਂ ਅੱਜ ਕੋਈ ਡਾਨ੍ਹ ਵੇ!
ਨਾ ਸੱਦੋ ਸਾਕ ਸਕੀਰੀਆਂ,
ਨਾ ਧਾਮਾਂ ਵਿੱਚ ਗਲਤਾਨ ਵੇ!
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁਝ ਖੁਸ਼ੀਆਂ ਕਰ ਗਈ ਦਾਨ ਵੇ!

ਅੱਜ ਹੱਸ ਹੱਸ ਹੋਇਆ ਸੰਦਲਾ,
ਸਾਡੇ ਨੈਣਾਂ ਦਾ ਅਸਮਾਨ ਵੇ!
ਇਸ਼ਕ ਪਰਵਾਨ ਅੱਜ ਹੋ ਗਿਆ,
ਕੋਈ ਕਰ ਨਾ ਸਕੇ ਨੁਕਸਾਨ ਵੇ!
ਸਾਡੇ ਨੈਣ ਤੇਰੀ ਅੱਜ ਦੀਦ ਦੀ,
ਪਰਕਰਮਾ ਕਰਦੇ ਜਾਣ ਵੇ!
ਲਾਹ ਸੁੱਟੇ ਹਿਜਰ ਤਵੀਤੜੇ,
ਸਾਨੂੰ ਹੁਣ ਨਾ ਲੁਭਾਣ ਵੇ!
ਅੱਜ ਪ੍ਰੀਤ-ਨਗਰ ਦੇ ਦੇਵਤੇ,
ਸਾਨੂੰ ਚੌਕੀ ਬੈਠ ਖਿਡਾਣ ਵੇ!
ਅੱਜ ਪੌਣਾਂ ਖਿੜ ਖਿੜ ਹੱਸਦੀਆਂ,
ਸਭ ਰੁੱਤਾਂ ਕਰਨ ਪਰਣਾਮ ਵੇ!
ਅਜ ਪੀ ਪੀ ਸਉਣ ਸੁਹੰਦੜਾ,
ਸਾਡੇ ਫੁੱਲ ਪਏ ਮੁਸਕਾਣ!
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁਝ ਖੁਸ਼ੀਆਂ ਕਰ ਗਈ ਦਾਨ ਵੇ!

ਅੱਜ ਸੌਂਕਣਾਂ ਮੇਰੀ ਪ੍ਰੀਤ ਦੀਆਂ,
ਖ਼ਾਰ ਨਾ ਮੈਥੋਂ ਖਾਣ ਵੇ!
ਨਾ ਖਾਵੇ ਧੌਫ ਕਲੇਜੜਾ,
ਨਾ ਹਿੱਕ 'ਤੇ ਪੈਣ ਵਦਾਨ ਵੇ!
ਮੇਰੀ ਤਿੱਖੀ ਖੁਰਪੀ ਸਿਦਕ ਦੀ,
ਕਰੀ ਜਾਵੇ ਹਿਜਰਾਂ ਦਾ ਘਾਣ ਵੇ!
ਅਸਾਂ ਖੇਡੀ ਖੇਡ ਪਿਆਰ ਦੀ,
ਆਇਆ ਦੇਖਣ ਕੁੱਲ ਜਹਾਨ ਵੇ!
ਅਸੀਂ ਮੀਦੀ ਹਰ ਮੈਦਾਨ ਵਿੱਚ,
ਕੋਈ ਫਾਡੀ ਨਾ ਕਹਿ ਬੁਲਾਣ ਵੇ!
ਅੱਜ ਸੇਜ ਪਰਾਲ਼ੀ ਸਿਮਟ ਗਈ,
ਸਾਡੇ ਵਿਛੇ ਹੋਏ ਪਲੰਘਾਣ ਵੇ!
ਮੇਰੇ ਸਾਹ ਦੀ ਕੂਲੀ ਰੁਮਕ ਨਾਲ
ਸਾਰਾ ਜੱਗ ਲੱਗਿਆ ਨਸ਼ਿਆਣ ਵੇ!
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁਝ ਖੁਸ਼ੀਆਂ ਕਰ ਗਈ ਦਾਨ ਵੇ!

ਅੱਜ ਫੁੱਲਾਂ ਦੇ ਘਰ ਮਹਿਕ ਦੀ,
ਆਈ ਦੂਰੋਂ ਚੱਲ ਮੁਸਕਾਣ ਵੇ!
ਸਾਡੇ ਵਿਹੜੇ ਪੱਤਰ ਅੰਬ ਦੇ,
ਅੱਜ ਕੰਮ ਕਿਸੇ ਨਾ ਆਣ ਵੇ!
ਤੇਰੇ ਮੋਹ ਦੇ ਲਾਲ ਗੁਲਾਬ ਦੀ,
ਖੁਸ਼ਬੂ ਬਣੀ ਵਰਦਾਨ ਵੇ!
ਸਾਡੇ ਜਾਗੇ ਮਾਲੀ ਆਸ ਦੇ,
ਨਵੇਂ ਫ਼ੁੱਲ ਬੂਟੇ ਪਏ ਲਾਣ ਵੇ!
ਮੇਰੇ ਦਿਲ ਦੇ ਮਾਨਸਰੋਵਰੀਂ,
ਹੰਸ ਆਏ ਤਰਨ ਤਰਾਨ ਵੇ!
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁਝ ਖੁਸ਼ੀਆਂ ਕਰ ਗਈ ਦਾਨ ਵੇ!

****