ਸੁਪਨੇ .......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ

ਸੁਪਨੇ ਸਿਰਜੋ ਸੁਪਨੇ ਵੱਢੋ, ਬਿਨ ਸੁਪਨੇ ਨਹੀਂ ਸਰਦਾ।
ਘੁੰਗਟ ਹਟਾਓ, ਸੁਪਨੇ ਹੰਢਾਓ, ਕਰ ਦਿਓ ਬੇ-ਪਰਦਾ।

ਸੰਘਰਸ਼ ਹੈ ਇਕ ਮਾਡਲ ਸੁਪਨਾ, ਕਿਰਤ ਅੱਗੇ ਝਰਦਾ।
ਸੁਪਨ ਹਕੀਕਤ ਉਦਮ ਸਾਹਵੇਂ, ਮੁਕੱਦਰ ਪਾਣੀ ਭਰਦਾ।

ਸੁਪਨੇ ਲੁੱਟਣ ਖਾਤਰ ਬੰਦਾ, ਅੰਤਿਮ ਦਮ ਤੱਕ ਲਰਦਾ।
ਚੜ੍ਹਦੀ ਕਲਾ ’ਚ ਚੜ੍ਹਦੇ ਜਾਣਾ, ਬੁਲੰਦ ਨਾਹਰਾ ਨਰਦਾ।

ਉਮੰਗਾਂ ਦਾ ਸਾਖੀ ਦਰਪਣ, ਭਵਿੱਖਬਾਣੀ ਸੁਪਨਾ ਕਰਦਾ।
ਜੀਵਨ ਦੇ ਅਦਿੱਖ ਦਿਸਹੱਦੇ, ਤੁਹਾਡੇ ਅਰਪਣ ਧਰਦਾ।


ਖੰਭਾਂ ਤੋਂ ਬਿਨ ਅਸਮਾਨੀਂ ਉੱਡਦਾ, ਸੁਪਨਾ ਸਾਗਰ ਤਰਦਾ।
ਪੁਖਤਾ ਸੁਪਨੇ ਤੋੜ ਨਿਭਾਉਂਦੇ, ਕੱਚਾ ਰਾਹ ਵਿੱਚ ਖਰਦਾ।

ਸੁਪਨੇ ਬਾਝੋਂ ਮਾਨਵ ਰੁਲ਼ ਰਹਿੰਦਾ, ਨਾ ਘਾਟ ਨਾ ਘਰ ਦਾ।
ਸੁਪਨ-ਹੀਣ ਨਖਿੱਧ ਵਿਅਕਤੀ, ਦੁਰਬਲ ਆਲਸ ਚਰਦਾ।

ਸੁਪਨਾ ਸਿਰੜ ਪੁਗਾਉਣ ਖਾਤਰ, ਪਰਾਣ ਤਲੀ ਤੇ ਧਰਦਾ।
ਅਰਸ਼ੋਂ ਤਾਰੇ ਤੋੜ ਲਿਆਵੇ, ਅੰਜਾਮ ਤੋਂ ਮੂ਼ਲ ਨਾ  ਡਰਦਾ।

ਆਦ੍ਰਸਿ਼ਕ ਸੁਪਨਾ ਸੜਦਾ ਭੁੱਜਦਾ, ਮਾਰੂਥਲ ਵਿਚ ਠਰਦਾ।
ਤਿਆਗ ਤਪੱਸਿਆ ਕੁਰਬਾਨੀ ਮੰਗੇ, ਕੱਚੇ ਘੜੇ ਤੇ ਤਰਦਾ।

ਭਾਵਨਾਵਾਂ ਦਾ ਸਾਖ਼ੀ ਸੁਪਨਾ, ਮੰਜਿ਼ਲੋਂ ਪਹਿਲਾਂ ਨਾ ਮਰਦਾ।
ਖੱਟੇ ਹੋਣ ਅੰਗੂਰ ਬੇਸ਼ਕ, ਥੂਹ ਕੌੜੀ ਨਹੀਂ ਸੁਪਨਾ ਕਰਦਾ।

ਜੀਵਨ ਮਾਡਲ਼ ਦਾ ਨਾਂ ਸੁਪਨਾ, ਤੱਤੀਆਂ ਠੰਢੀਆਂ ਜਰਦਾ।
ਸੁਪਨੇ ਟੁੱਟਦੇ ਜੀਵਨ ਮੁੱਕਦਾ, ਸੁਪਨੇ ਬਾਝੋਂ ਪੰਨੂ ਹਰਦਾ।

****