ਬਾਬਾ ਤੂੰ ਨਾਰਾਜ ਨਾ ਹੋਵੀਂ.......... ਨਜ਼ਮ/ਕਵਿਤਾ / ਗੁਰਚਰਨ ਨੂਰਪੁਰ

ਬਾਬਾ !!
ਤੂੰ ਨਾਰਾਜ ਨਾ ਹੋਵੀਂ
ਸਾਡੇ ਇਤਿਹਾਸਕਾਰਾਂ
ਤੇ ਸਾਖੀਕਾਰਾਂ ਦੀ ਸੋਚ ਤੇ
ਅਸੀਂ ਵੀ ਨਹੀਂ ਹੋਏ ਕਦੇ
ਬਲਕਿ ਅਸੀਂ ਤਾਂ ਸੋਚਣਾਂ ਵਿਚਾਰਨਾ ਵੀ ਛੱਡ ਦਿੱਤਾ ਹੈ
ਤੂੰ ਕੁਝ ਲੋਕਾਂ ਨੂੰ ਸੂਰਜ ਨੂੰ ਪਾਣੀ ਦੇਦਿਆਂ ਵੇਖ
ਲਹਿੰਦੇ ਨੂੰ ਪਾਣੀ ਸੁਟਣਾ
ਸ਼ੁਰੂ ਕੀਤਾ
ਆਪਣੇ ਮੀਲਾਂ ਦੂਰ ਖੇਤਾਂ ਵੱਲ,
ਬੁਖਲਾਏ ਲੋਕਾਂ ਨੇ ਪਛਿਆ
ਕੀ ਕਰ ਰਹੇ ਹੋ?
‘ਪਾਣੀ ਦੇ ਰਿਹਾ ਹਾਂ ਸੁਕ ਰਹੇ ਖੇਤਾਂ ਨੂੰ’
ਇਹ ਨਹੀਂ ਹੋ ਸਕਦਾ ਉਹ ਚਿਲਾਏ
ਜੇ ਸੂਰਜ ਤਕ ਜਾ ਸਕਦਾ ਹੈ
ਤਾਂ ਖੇਤਾਂ ਤਕ ਕਿਉਂ ਨਹੀਂ?
ਬਾਬਾ ਤੂੰ ਪੁਛਿਆ ਤਾਂ-
ਹੋ ਗਈਆਂ ਉਹਨਾਂ ਦੀਆਂ ਨੀਵੀਆਂ ਧੌਣਾਂ
ਪਰ ਬਾਬਾ ਅਸੀਂ ਪਾਣੀ ਭੇਜ ਦਿੱਤਾ ਸੀ
ਤੇਰੇ ਤਰਕ ਨੂੰ ਪੁੱਠਾ ਗੇੜ ਦਿੱਤਾ ਸੀ
ਉਦੋਂ ਜਦੋਂ ਛੇਵੇਂ ਗੁਰੂ ਦਾ ਭੇਜਿਆ
ਬਿਧੀ ਚੰਦ ਦੁਸ਼ਾਲੇ ਲੈ ਕੇ
ਪਿਛੇ ਲੱਗੀ ਫੌਜ ਤੋਂ ਬਚਾ ਕਰਦਾ
ਬਲਦੀ ਭੱਠੀ ‘ਚ
ਬਿਠਾ ਦਿੱਤਾ ਗਿਆ ਸੀ
ਤੇ ਇਧਰ ਮੀਲਾਂ ਦੂਰ ਬੈਠੇ
ਗੁਰੂ ਜੀ ਨੇ ਆਪਣੇ ਸਿਖਾਂ ਨੂੰ ਕਿਹਾ ਸੀ
ਲਿਆਉ ਮੇਰੇ ਤੇ ਪਾਣੀ ਦੀਆਂ ਗਾਗਰਾਂ ਪਾਉ
ਮੇਰਾ ਸਿੱਖ ਬਲਦੀ ਭੱਠੀ ਵਿੱਚ ਬੈਠਾ ਹੈ
ਤੇ ਉਥੇ ਅਸੀਂ ਭੱਠ ਸਹਿਬ
ਗੁਰਦਵਾਰਾ ਵੀ ਉਸਾਰ ਦਿੱਤਾ ਸੀ
ਬਾਬਾ
ਤੂੰ ਕਿਹਾ ਸੀ ਪਾਣੀ ਕਿਤੇ ਨਹੀਂ ਜਾਵੇਗਾ
ਪਰ ਪਾਣੀ ਭੇਜ ਦਿੱਤਾ ਸੀ
ਕੁਝ ਇਤਿਹਾਸਕਾਰਾਂ ਨੇ
ਸਾਖੀਕਾਰਾਂ ਨੇ।
ਤੂੰ ਨਾਰਾਜ ਨਾ ਹੋਵੀਂ।

****