ਸੱਤੀਂ ਵੀਹੀਂ........... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਜੇ ਤੂੰ ਆਦ ਹੈਂ ਤਾਂ ਮੈਂ ਤੇਰੀ ਸਿਰਜਣਾ ਦਾ ਅੰਤ ਹਾਂ
ਜੇ ਤੂੰ ਨਾਦ ਹੈਂ ਤਾਂ ਮੈਂ ਤੇਰੇ ਬੁੱਲਾਂ ਨੂੰ ਛੂਹ ਰਿਹਾ ਸੰਖ ਹਾਂ
ਆਪਣੀਆਂ ਜ਼ਰੂਰੀਆਤ ਲਈ ਜੇ ਮੈਨੂੰ ਤੇਰੀ ਲੋੜ ਹੈ
ਤਾਂ ਸੰਸਾਰ ਤੇ ਚੰਗੇ ਮੰਦੇ ਕਮ ਕਰਾਉਣ ਲਈ
ਤੈਨੂੰ ਵੀ ਮੇਰੀ ਲੋੜ ਹੈ
ਸਿਤਮ ਇਹ ਹੈ
ਚੰਗੇ ਕੰਮਾਂ ਨੂੰ ਆਪਣੇ ਨਾਮ ਕਰਾ ਕੇ
ਪੂਜਣਯੋਗ ਬਣ ਬੈਠਦਾ ਹੈਂ
ਅਤੇ ਮੰਦੇ ਕੰਮ ਮੇਰੇ ਨਾਮ ਦਰਜ ਕਰਾ ਕੇ
ਮੇਰੀ ਝੋਲੀ ਜ਼ਲਾਲਤ ਨਾਲ ਭਰ ਦਿੰਦਾ ਹੈ
ਪਰ ਕਿਉਂ ?
ਬਾਲਕੇ ! ਤੈਨੂੰ  ਕੌਣ ਸਮਝਾਵੇ, ਕਿ
ਜ਼ੋਰਾਵਰਾਂ  ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।

****