ਸਾਵਣ ਆਇਆ ਨਾ……… ਗੀਤ / ਮਲਕੀਅਤ ਸਿੰਘ ਸੁਹਲ

ਮੈਂ ਹਾੜ੍ਹੇ ਕਰ ਕਰ ਥੱਕੀ ਮਾਹੀਆ ਆਇਆ ਨਾ।
ਵੇ ਚੰਨਾ! ਮੇਰੇ ਭਾ ਦਾ ਸਾਵਣ ਆਇਆ ਨਾ।

ਸੁਪਨੇ ਦੇ ਵਿਚ ਆ ਕੇ ਕਿਉਂ ਤੜਪਾਉਂਨਾ ਏਂ।
ਕਿਉਂ ਲਾਰੇ- ਲੱਪੇ ਕਰ ਕੇ ਦਿਨ ਟਪਾਉਂਨਾ ਏਂ।
ਉਡੀਕ ਤੇਰੀ ਵਿਚ ਗੀਤ ਬ੍ਰਿਹੋਂ ਦਾ ਗਾਇਆ ਨਾ,
ਵੇ ਚੰਨਾ ! ਤੇਰੇ ਭਾ ਦਾ ਸਾਵਣ ਆਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

ਵੇ ਕੀ ਤੇਰੀ ਮਜ਼ਬੂਰੀ, ਤੂੰ ਸੱਜਣਾਂ ਦੱਸ ਮੈਨੰ।
ਤੂੰ ਸੱਪ ਖੱੜਪਾ ਬਣ ਕੇ, ਨਾ ਤੂੰ ਡੱਸ ਮੈਨੂੰ ।
ਤੂੰ ਤੱਤੜੀ 'ਤੇ ਮਾਹੀਆ ਤਰਸ ਕਮਾਇਆ ਨਾ,
ਵੇ ਚੰਨਾ ! ਮੇਰੇ ਭਾ ਦਾ ਸਾਵਣ ਆਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

ਤੂੰ ਜੇ ਰਹਿਣਾ ਪਰਦੇਸੀਂ, ਨਾਲ ਤੂੰ ਲੈ ਚੱਲ ਵੇ।
ਐਵੇਂ ਕਰਦਾ ਰਹਿਨੋਂ, ਅੱਜ ਕੱਲ-ਅੱਜ ਕੱਲ ਵੇ।
ਵੇ ਤੇਰੇ ਬਾਝੋਂ ਦਿਲ ਨੂੰ ਕੁਝ ਵੀ ਭਾਇਆ ਨਾ,
ਸੁਣ ਚੰਨਾ ਮੇਰੇ ਭਾ ਦਾ ਸਾਵਣ ਆਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

ਸੱੜੀਆਂ ਬਲੀਆਂ ਧੁਪਾਂ ਵਿਚ, ਮਨ ਤਪਦਾ ਏ।
"ਸੁਹਲ" ਔਂਸੀਆਂ ਪਾ ਕੇ, ਦਿਲ ਨਾ ਅੱਕਦਾ ਏ।
ਬਣ-ਠਣ ਕੇ ਮੈਂ, ਅੱਖੀਂ ਸੁਰਮਾ ਪਾਇਆ ਨਾ।
ਮੈਂ ਹਾੜ੍ਹੇ ਕਰ ਕਰ ਥੱਕੀ...

****