ਸੋਚਾਂ........... ਨਜ਼ਮ/ਕਵਿਤਾ/ ਦਿਲਜੋਧ ਸਿੰਘ

ਸੱਤ ਰੰਗੀ ਪੀਂਘ 'ਤੇ ਬਹਿਕੇ, ਝੱਟ ਮਾਰਨ ਜੋ ਉਡਾਰੀ
ਮਹਿੰਗੀ ਪੈਂਦੀ ਏ ਹਮੇਸ਼ਾਂ, ਉਨ੍ਹਾਂ ਸੱਜਣਾਂ ਦੀ ਯਾਰੀ

ਨਾਲ ਪਵਨਾਂ ਦੇ ਉਡਦੇ ਨੇ, ਬੱਦਲਾਂ ਦੇ ਗੋੜੇ
ਕਦੀ ਧੁੱਪਾਂ ਕਦੀ ਛਾਵਾਂ, ਕਦੀ ਵਸਦੇ ਨੇ ਥੋੜੇ

ਨੀਲੇ ਗਗਨਾਂ ਨੂੰ ਪੁੱਛਾਂ, ਉਸਦੇ ਰੰਗ ਦੀ ਸਚਾਈ 
ਰੰਗ ਕੱਚਾ ਕਿ  ਪੱਕਾ, ਜਾਂ ਦਿਸਦੀ ਡੂੰਘਾਈ  

ਇਹ ਕਿੰਝ ਦੇ ਭੁਲੇਖੇ, ਜਿੰਦ ਰੋਜ਼ ਹੀ ਤਾਂ ਦੇਖੇ 
ਇਹ ਹੈ ਸਮਝਾਂ ਦੀ ਹਾਰ, ਨਹੀਂ ਮੁਕਦੇ ਜੋ ਲੇਖੇ


ਇਕ ਪੰਛੀ ਦੀ ਉਡਾਰੀ, ਕਿਸ ਦਿਸ਼ਾ ਵੱਲ ਜਾਣਾ
ਜਿੱਤ ਹਾਰ ਦੀ ਕਹਾਣੀ, ਬਸ ਜੀਉਣ ਦਾ ਬਹਾਨਾ

ਕਿਸ ਪਾਈ ਏ ਬੁਝਾਰਤ, ਜਿਹੜੀ ਅਕਲਾਂ ਤੋਂ ਦੂਰ
ਇਹ ਸਮਿਆਂ ਦੀ ਖੇਡ, ਨਹੀਂ ਕਿਸੇ ਦਾ ਕਸੂਰ 

ਕਿੰਨਾਂ ਦੂਰ ਕਿੰਨਾ ਨੇੜੇ, ਮਨ ਰਚਦਾ ਏ ਲੀਲਾ
ਦਿਸਹਦਿਆਂ ਦੀ ਵਾਟ, ਨਾਪਣ ਦਾ ਕਿਹੜਾ ਵਸੀਲਾ

ਬਾਤ ਸਮਝ ਨਾਂ ਆਵੇ, ਕੋਰੀ ਲਫਜ਼ਾਂ ਦੀ ਭੀੜ
ਜਦੋਂ ਰੋਸ਼ਨੀ ਗਵਾਚੇ, ਲਿਖਣ ਨਿੰਮੀ ਤਕਦੀਰ

ਕਈ ਸੂਰਜ ਧਰਤੀ ਜੰਮੇ, ਸਹਿਕੇ ਜੰਮਣ ਦੀਆਂ ਪੀੜਾਂ
ਜਦ  ਕਿਰਨਾਂ ਮਿੱਟੀ ਮਿਲੀਆਂ, ਝੂਠ ਬਣੀਆਂ ਤਦਬੀਰਾਂ

ਇਹ ਚਰਚਾ ਏ ਬੇਮਕਸਦ, ਜ਼ਿੰਦਗੀ ਸੋਹਣੀ ਹੈ ਜਾਂ ਕੋਝੀ
ਕੁਝ ਸਾਹਾਂ ਦਾ ਹਿਸਾਬ, ਕੁਝ ਜੀਉਂਦੇ ਰਹਿਣ ਦੀ ਸੋਝੀ

****