ਜਿੰਦਗੀ ਦਾ ਗੀਤ.......... ਗ਼ਜ਼ਲ / ਤਰਲੋਕ "ਜੱਜ "

ਜਿੰਦਗੀ ਦਾ ਗੀਤ ਸੀ ਨਿੱਕਾ ਜਿਹਾ ਮੇਰੇ ਲਈ ।
ਉਸਦੇ ਨੈਣੀਂ ਜੋ ਸੰਦੇਸ਼ਾ ਸਾਂਭਿਆ ਮੇਰੇ ਲਈ ।

ਜ਼ਿੰਦਗੀ ਦੀ ਭੀੜ 'ਚੋਂ ਖਿਚ ਕੇ ਲਗਾਇਆ ਗਲ ਦੇ ਨਾਲ
ਉਸ ਨਵਾਂ ਰਿਸ਼ਤਾ ਜਦੋਂ ਇੱਕ ਸਿਰਜਿਆ ਮੇਰੇ ਲਈ ।


ਮੈਨੂ ਠਿਲ੍ਹਣ ਵਿਚ ਕੋਈ ਮੁਸ਼ਕਿਲ ਨਾ ਪੇਸ਼ ਆਵੇ ਕਿਤੇ,
ਇੱਕ ਨਦੀ ਨੇ ਸਿਮਟ ਜਾਣਾ ਸਿੱਖਿਆ ਮੇਰੇ ਲਈ ।

ਮੈਂ ਉਹਦੀ ਹਸਤੀ ਤੋਂ ਮੁਨਕਰ ਹੋਣ ਦੇ ਨੇੜੇ ਹੀ ਸਾਂ,
ਉਹ ਜਦੋਂ ਬਣਕੇ ਖੁਦਾ ਆ ਬਹੁੜਿਆ ਮੇਰੇ ਲਈ ।

ਨੀਂਝ ਲਾ ਕੇ ਝੀਲ ਦੇ ਨੈਣਾਂ 'ਚ ਜਦ ਮੈਂ ਵੇਖਿਆ ,
ਜ਼ਿੰਦਗੀ ਨੇ ਅਜਬ ਹਾਸਾ ਹੱਸਿਆ ਮੇਰੇ ਲਈ ।

ਨੂਰ ਦੇ ਦਰਿਆ ਦਾ ਰੁਖ ਆਪਣੇ ਦਰਾਂ ਨੂ ਮੋੜ ਕੇ ,
"ਚਾਨਣੀ ਮੁਆਫ਼ਿਕ ਨਹੀਂ ਹੈ" , ਉਸ ਕਿਹਾ ਮੇਰੇ ਲਈ ।

ਆਖਰੀ ਵੇਲੇ ਹੈ ਇਸ ਬੀਮਾਰ ਦੀ ਇਹ ਇਲਤਜ਼ਾ,
ਕੋਈ ਆਖੇ ਉਸਨੁ ਹੋ ਜਾਵੇ ਦਵਾ ਮੇਰੇ ਲਈ ।

ਮੇਰੇ ਹੱਥਾਂ ਘੁੱਟ ਕੇ ਇੱਕ ਦੂਸਰੇ ਨੂ ਫੜ ਲਿਆ ,
ਕਹਿਰਵਾਂ ਹੋਇਆ ਜਦੋਂ ਮੇਰਾ ਖੁਦਾ ਮੇਰੇ ਲਈ ।

ਗਵਾਹ ਹਾਂ ਤੇਰੀਆ ਧੜਕਣਾਂ ਦੀ.......... ਨਜ਼ਮ/ਕਵਿਤਾ / ਸ਼ੈਲੀ ਅਰੋੜਾ

ਮੈਂ ਦੇਖੀਆਂ ਨੇ ਤੇਰੀਆਂ ਭੂਰੀਆਂ ਅੱਖਾਂ
ਜਿਹਨਾਂ 'ਚ
ਜਦ ਵੀ ਮੈਂ ਵੇਖਿਆ ਮੈਨੂੰ ਮੈਂ ਹੀ ਨਜਰ ਆਇਆ,

ਮੈਂ ਦੇਖੇ ਨੇ ਰੋਏ ਤੇਰੇ ਬਦਨ ਦੇ, ਬਹੁਤ
ਹੀ ਚਿੱਟੇ ਤੇ ਸੋਹਣੇ ਨੇ
ਮਖਮਲ ਵਾਂਗ,

ਮੈਂ ਵੇਖਿਆ ਤੇਰਾ ਮੱਥਾ ਜੋ ਤੇਜ ਨਾਲ
ਭਰਪੂਰ ਏ, ਪੈ ਕੇ ਸੂਰਜ ਦੇ ਸਾਹਵੇਂ ਜੋ ਚਮਕਦਾ ਏ
ਵਾਂਗ ਸੋਨੇ ਦੇ,

ਗਵਾਹ ਹਾਂ ਤੇਰੀਆ ਘਟਦੀਆਂ ਵਧਦੀਆਂ
ਧੜਕਣਾਂ ਦੀ ਜਿਹਨਾਂ ਨੂੰ ਅਕਸਰ
ਸੁਣਦੀ ਰਹੀ ਹਾਂ,

ਦੇਖਿਆ ਏ ਉਹਨਾਂ ਨਿੱਕੇ ਨਿੱਕੇ ਨਿਸ਼ਾਨਾਂ ਨੂੰ,
ਖਰੋਚਾਂ ਨੂੰ,
ਜੋ ਅਕਸਰ ਮੇਰੇ ਨੋਹਾਂ ਦੇ ਛੋਹ ਨਾਲ
ਤੇਰੇ ਤਾਂਈਂ ਪਹੁੰਚ ਗਏ,

ਸੁਣਿਆ ਏ ਤੇਰੇ ਆ ਜਾ ਰਹੇ ਸਾਹਾਂ ਨੂੰ, ਤੇ ਤੇਨੂੰ ਦਸਿਆ
ਵੀ ਏ ਕਿ ਇਹ ਮੇਰਾ ਨਾਂ ਲੈਦੇ ਨੇਂ,

ਤੇ ਅੱਜ ਤੂੰ ਕਹਿ ਰਿਹਾਂ ਏ ਕਿ
ਮੈਂ ਤੈਨੂੰ ਜਾਣਿਆ ਹੀ ਨਹੀ, ਹਾਲੇ
ਤਕ ਪਹਿਚਾਣਿਆ ਹੀ ਨਹੀਂ, ਤੂੰ ਹੀ ਦਸ ਕਿਸੇ ਨੂੰ
ਜਾਨਣ ਲਈ ਹੋਰ ਕਿ
ਕੁਝ ਪਤਾ ਹੋਣਾ ਚਾਹੀਦਾ ਏ।।??

ਤਾਂ ਜੋ ਮੈਂ ਤੈਨੰ ਸਬੂਤ ਦੇ ਸਕਾਂ ਕਿ ਮੈਂ
ਤੈਨੂੰ ਜਾਣਿਆ ਏਂ,
ਨਾ ਸਿਰਫ ਜਿਸਮਾਂ ਤਾਂਹੀ ਸਗੋ
ਤੇਰਾ ਦਿਲ ਤੇਰੀ ਰੂਹ ਵੀ ਮੇਰੇ ਤੋਂ
ਜਾਣੂ ਏ।।।




2 ਗ਼ਜ਼ਲਾਂ..........ਗ਼ਜ਼ਲ / ਰਾਜਿੰਦਰਜੀਤ

1... ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ

ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ
ਕ਼ਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ


ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ
ਹੈ ਦਿਲ 'ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ

ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ
ਕਿ ਪਰਤ ਆਉਂਣ ਦੀ ਮੇਰੀ ਦੁਆ ਕਬੂਲ ਕਰੋ

ਕਿਸੇ ਮੁਕਾਮ 'ਤੇ ਰੁੱਤਾਂ 'ਤੇ ਵੱਸ ਨਹੀਂ ਚਲਦਾ
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ

ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ

2... ਗ਼ਜ਼ਲ
ਨਾ ਕੁਝ ਵੀ ਦੇਹ ਤੂੰ ਸਵੇਰ ਵਰਗਾ,
ਨਾ ਭਾਵੇਂ ਚਾਨਣ ਦੇ ਨਾਮ ਵਰਗਾ
ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ
ਲੈਕੇ ਚਿਹਰਾ ਮੈਂ ਸ਼ਾਮ ਵਰਗਾ

ਮੈਂ ਅਪਣੇ ਮਨ ਦੀ ਹੀ ਸਲਤਨਤ ਵਿੱਚ
ਅਜੇਹੇ ਕੌਤਕ ਵੀ ਵੇਖਦਾ ਹਾਂ
ਕਿ ਤਖ਼ਤ ਫ਼ੰਧੇ ਦੇ ਵਾਂਗ ਜਾਪੇ
ਤੇ ਫ਼ੰਧਾ ਜਾਪੇ ਇਨਾਮ ਵਰਗਾ

ਅਮੁੱਕ ਪੈਂਡਾ, ਅਰੋਕ ਰਸਤਾ
ਅਤੋਲ ਮਿੱਟੀ, ਅਬੋਲ ਰਾਹੀ
ਮੈਂ ਸ਼ਬਦਕੋਸ਼ਾਂ 'ਚੋਂ ਕੱਢ ਦਿੱਤਾ ਹੈ
ਸ਼ਬਦ ਮੰਜ਼ਿਲ- ਮਕਾਮ ਵਰਗਾ

ਬਹਾਰ ਚੁਪਚਾਪ ਮੁੜ ਗਈ ਹੈ
ਤਾਂ ਇਸ 'ਚ ਹੈਰਾਨਗੀ ਵੀ ਕਾਹਦੀ
ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ
ਨਾ ਸ਼ਬਦ ਇੱਕ ਵੀ ਸਲਾਮ ਵਰਗਾ


3 ਗ਼ਜ਼ਲਾਂ.......... ਗ਼ਜ਼ਲ / ਰਾਜਿੰਦਰਜੀਤ

ਗ਼ਜ਼ਲ 1
ਨ੍ਹੇਰ ਦੇ ਸੁੰਨੇ ਪਲਾਂ ਵਿੱਚ ਭਟਕਦੇ 'ਕੱਲੇ ਅਸੀਂ
ਭਾਲ਼ਦੇ ਪੂਰਬ ਨੂੰ ਖ਼ੁਦ ਹੀ ਅਸਤ ਹੋ ਚੱਲੇ ਅਸੀਂ।
ਧੁੱਪ ਚੜ੍ਹ ਆਈ ਤਾਂ ਇਹਨਾਂ ਨੂੰ ਹਾਂ ਸਿਰ 'ਤੇ ਲੋਚਦੇ
ਰੱਖਿਆ ਛਾਂਵਾਂ ਨੂੰ ਹੁਣ ਤੱਕ ਠੋਕਰਾਂ ਥੱਲੇ ਅਸੀਂ ।
ਜੋ ਲਿਖੇ ਸਨ ਖ਼ੁਸ਼ਕੀਆਂ ਦੇ ਨਾਲ,ਪਰਤੇ ਖੁਸ਼ਕ ਹੀ
ਬੱਦਲ਼ਾਂ ਦੇ ਦੇਸ਼ ਨੂੰ ਜਿੰਨੇ ਵੀ ਖ਼ਤ ਘੱਲੇ ਅਸੀਂ ।
ਰਾਤ ਸਾਰੀ ਤਾਰਿਆਂ ਦੇ ਵੱਲ ਰਹਿੰਦੇ ਝਾਕਦੇ
ਰੌਸ਼ਨੀ ਦੀ ਭਾਲ਼ ਅੰਦਰ ਹੋ ਗਏ ਝੱਲੇ ਅਸੀਂ ।
ਤਾਂ ਹੀ ਸ਼ਾਇਦ ਹੈ ਸਲੀਕਾ,ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ ।

ਗਜ਼ਲ 2 / ਰਾਜਿੰਦਰਜੀਤ
ਸਭ ਮਹਿਲ ਉਮੀਦਾਂ ਦੇ ਢੂੰਢਣ ਆਧਾਰ ਨਵੇ
ਅਜ਼ਲਾਂ ਦੇ ਤੁਰਿਆਂ ਨੂੰ, ਰਸਤੇ ਦਰਕਾਰ ਨਵੇਂ।
ਭੇਜੇ ਸਨ ਬ਼ਾਗ਼ਾਂ ਨੂੰ, ਜੋ ਮਹਿਕਾਂ ਲੈਣ ਲਈ
ਕੁਝ ਨਾਅਰੇ ਲੈ ਆਏ, ਤੇ ਕੁਝ ਹਥਿਆਰ ਨਵੇਂ।
ਨਿੱਤ ਗਿਣਤੀ ਭੁਲਦਾਂ ਹਾਂ, ਮੈਂ ਤਾਰੇ ਗਿਣ-ਗਿਣ ਕੇ
ਪਹਿਲਾਂ ਦੇ ਡੁੱਬਦੇ ਨਾ, ਚੜ੍ਹਦੇ ਦੋ-ਚਾਰ ਨਵੇਂ।
ਟੁੱਟਦੀ ਹੈ ਕਲਮ ਕਿਤੇ, ਜਾਂ ਵਰਕੇ ਫਟਦੇ ਨੇਂ
ਨਿਸਦਿਨ ਹੀ ਕਵਿਤਾ ‘ਤੇ ਪੈਂਦੇ ਨੇ ਭਾਰ ਨਵੇਂ।
ਕੁਝ ਮੋਏ-ਮੁਕਰੇ ਪਲ, ਕਬਰਾਂ ਵਿੱਚ ਉੱਤਰੇ ਪਲ
ਰਾਹਾਂ ਵਿੱਚ ਮਿਲਦੇ ਨੇ, ਬਣਕੇ ਹਰ ਵਾਰ ਨਵੇਂ।
ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇ

ਗਜ਼ਲ 3 / ਰਾਜਿੰਦਰਜੀਤ
ਰੋਹੀਆਂ ‘ਚ ਰੁਲਦਿਆਂ ਨੂੰ
ਭੱਖੜੇ ‘ਤੇ ਤੁਰਦਿਆਂ ਨੂੰ
ਮਿਲਿਆ ਨਾ ਖੜ ਕੇ ਰੋਣਾ
ਅੰਦਰਲੇ ਮੁਰਦਿਆਂ ਨੂੰ।
ਪੌਣਾਂ ਨਾ ਰੋਕ ਸਕੀਆਂ
ਮੋਸਮ ਨਾ ਸਾਂਭ ਸਕਿਆ
ਛਾਵਾਂ ‘ਚ ਸੜਦਿਆਂ ਨੂੰ
ਧੁੱਪਾਂ ‘ਚ ਖੁਰਦਿਆਂ ਨੂੰ।
ਨਾਰਾਜ਼ ਹੋ ਜੋ ਤੁਰ ਪਏ
ਵਿੰਹਦੇ ਰਹੇ ਕਿ ਸ਼ਾਇਦ
ਆਵੇਗਾ ਮੁੜ ਬੁਲਾਵਾ
ਕੁਝ ਦੂਰ ਤੁਰਦਿਆਂ ਨੂੰ।
ਸਭ ਨੇ ਹੀ ਆਪੋ-ਆਪਣੇ
ਟੁਕੜੇ ਸਮੇਟਣੇ ਸਨ
ਕਿਹੜਾ ਖਲੋ ਕੇ ਸੁਣਦਾ
ਬੁੱਤਾਂ ਨੂੰ ਭੁਰਦਿਆਂ ਨੂੰ।
ਸੁੰਨ-ਸਾਨ ਵਿਹੜਿਆਂ ਵਿੱਚ
ਵੀਰਾਨ ਜਿਹੇ ਘਰਾਂ ਵਿੱਚ
ਜੰਗਲ ਹੀ ਬੈਠਾ ਮਿਲਿਆ
ਜੰਗਲ ਚੋ਼ ਮੁੜਦਿਆਂ ਨੂੰ।


ਧੀ ਦਾ ਤਰਲਾ.......... ਗੀਤ / ਕਰਮਜੀਤ ਸਿੰਘ ‘ਜੱਗੀ’ ਭੋਤਨਾ


ਉਂਡ ਲੈਣ ਦੇ ਹਾੜਾਂ ਮੈਨੂੰ, ਨਾ ਪਰਾਂ ਨੂੰ ਕੱਟ ਨੀ ਮਾਏ।
ਮੇਰੇ ਬਾਰੇ ਸੁਣ ਕੇ ਪਾਇਆ, ਕਿਉਂ ਮੱਥੇ ‘ਤੇ ਵੱਟ ਨੀ ਮਾਏ।
ਨਿੱਕੀ ਜਿੰਨੀ ਹਾਲੇ ਤਾਂ ਉਡਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਤੈਨੂੰ ਵੀ ਤਾਂ ਜੰਮਿਆ ਸੀ, ਮੇਰੇ ਨਾਨੀ ਨਾਨੇ ਨੇ।
ਮਾਰ ਮੁਕਾਈਆਂ ਧੀਆਂ, ਚੰਦਰੇ ਜ਼ਮਾਨੇ ਨੇ।
ਧੀਆਂ ਨਾਲ ਵਸੇ ਸੰਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਭੈਣਾਂ ਬਾਝੋਂ ਵੀਰਾਂ ਦੀਆਂ ਗਾਊ ਕੌਣ ਘੋੜੀਆਂ ?
ਧੀਆਂ ਦੀਆਂ ਕਾਹਤੋਂ ਨਹੀਂ ਮਨਾਉਂਦੇ ਲੋਕੀਂ ਲੋਹੜੀਆਂ।
ਧੀ ਹੋ ਕੇ ਧੀ ਨਾਲ ਖਾਵੇਂ,ਖਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਜੀਅ ਲੈਣ ਦੇ ਤੂੰ ਮੈਨੂੰ, ਕਰਾਂ ਫ਼ਰਿਆਦ ਮੈਂ।
ਪੜ੍ਹ-ਲਿਖ ਅੰਬਰਾਂ ‘ਤੇ ਚਾੜੂੰਗੀ ਜਹਾਜ਼ ਮੈਂ।
ਤੇਰੇ ਉਂਤੇ ਬਣੂੰਗੀ ਨਾ, ਭਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਮੋਢੇ ਨਾਲ ਲਾਕੇ ਮੋਢਾ, ਦੁੱਖੜੇ ਵੰਡਾਵਾਂਗੀ।
ਪੁੱਤਾਂ ਵਾਂਗੂੰ ਮਾਏ ਤੇਰਾ,ਘਰ ਨਾ ਵੰਡਾਵਾਂਗੀ।
ਪੁੱਤ ਬੁੱਢੇ ਬਾਰੇ ਲੈਂਦੇ, ਨਹੀਂਓ ਸਾਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਕੁੱਖਾਂ ਵਿਚਲੀਆਂ ਧੀਆਂ, ਪਾਉਂਦੀਆਂ ਦੁਹਾਈ ਨੀ।
ਪੈਸੇ ਪਿੱਛੇ ਡਾਕਦਾਰ, ਬਣ ਗਏ ਕਸਾਈ ਨੀ।
ਹੱਥਾਂ ਵਿੱਚ ਫੜੇ ਹਥਿਆਰ ਮੇਰੀ ਅੰਮੀਏ।
ਨੀ ਕੁੱਖ ‘ਚ ਨਾ ਜਿਉਂਦੀ ਨੂੰ ਤੂੰ ਮਾਰ ਮੇਰੀ ਅੰਮੀਏ।

ਅਪਨੇ ਹਾਥੋਂ ਮੁਕਦ੍ਦਰ ਬਨਾ ਕਬ ਸਕੇ.......... ਗ਼ਜ਼ਲ

ਅਪਨੇ ਹਾਥੋਂ ਮੁਕਦ੍ਦਰ ਬਨਾ ਕਬ ਸਕੇ
ਔਰ ਖ਼ੁਦ ਕੋ ਸਿਕਂਦਰ ਬਨਾ ਕਬ ਸਕੇ

ਹਮ, ਫ਼ਕ਼ੀਰੋਂ ਕੀ ਦੁਨਿਯਾ ਮੇਂ ਆ ਤੋ ਗਏ
ਖ਼ੁਦ ਕੋ ਲੇਕਿਨ ਕਲਂਦਰ ਬਨਾ ਕਬ ਸਕੇ

ਹਮ ਸਭੀ ਨੇ ਮਕਾਂ ਤੋ ਬਨਾਯੇ ਮਗਰ

ਹਮ ਮਕਾਂ ਕੋ ਕਭੀ ਘਰ ਬਨਾ ਕਬ ਸਕੇ

ਪਤ੍ਥਰੋਂ ਕੇ ਨਗਰ ਮੇਂ ਰਹੇ ਘੂਮਤੇ
ਮੀਲ ਕਾ ਖ਼ੁਦ ਕੋ ਪਤ੍ਥਰ ਬਨਾ ਕਬ ਸਕੇ

ਮਨ ਤੋ ਕਰਤਾ ਥਾ ਹਮ ਭੀ ਉਡ਼ਾਨੇਂ ਭਰੇਂ
ਹੌਸਲੋਂ ਕੋ ਮਗਰ 'ਪਰ' ਬਨਾ ਕਬ ਸਕੇ

ਧੁੰਦਲਾ ਜਿਹਾ ਰਹਿਣ ਦੇ............ ਗ਼ਜ਼ਲ / ਸੁਰਜੀਤ ਪਾਤਰ

ਧੁੰਦਲਾ ਜਿਹਾ ਰਹਿਣ ਦੇ ਤੂੰ ਸੱਚ ਦਾ ਇੰਕਸ਼ਾਫ਼
ਦੇਖੀ ਨ ਮੈਥੋਂ ਜਾਏਗੀ ਤਸਵੀਰ ਸਾਫ਼ ਸਾਫ਼

ਪੱਥਰ ਜਿਹਾ ਇਕ ਬਹਿ ਗਿਆ ਪਾਣੀ ਦਾ ਕਾਲਜੇ
ਪਾਣੀ ਦਾ ਤਲ ਤਾਂ ਹੋ ਗਿਆ ਸ਼ੀਸ਼ੇ ਜਿਹਾ ਸ਼ਫ਼ਾਫ਼

ਰਾਤਾਂ ਨੂੰ ਹੁੰਦੀ ਹੈ ਜਿਰਹ ਨਿਤ ਉਸਦੇ ਕਾਲਜੇ

ਦਿਨ ਦੀ ਅਦਾਲਤ 'ਚੋਂ ਉਹ ਬੇਸ਼ਕ ਹੋ ਗਿਆ ਹੈ ਮਾਫ਼

ਛੁੰਹਦਾ ਹਾਂ ਤੇਰਾ ਜਿਸਮ ਮੈਂ ਪ੍ਹੜਦਾ ਜਿਵੇਂ ਬਰੇਲ
ਚੁੰਧਿਆ ਕੇ ਅੰਨ੍ਹਾ ਕਰ ਗਿਆ ਇਕ ਨਗਨ ਸੱਚ ਸ਼ਫ਼ਾਫ਼

ਵਾਅਦਾ ਮੁਆਫ਼ ਬਣ ਗਿਆ ਹਉਕਾ ਹੀ ਇਕ ਗਵਾਹ
ਘੁੱਟਿਆ ਜੁ ਦਮ ਵਜੂਦ 'ਚੋਂ ਨਿਕਲ਼ੀ ਨ ਗੱਲ ਦੀ ਭਾਫ


ਅਧੂਰੇ ਰਹਿ ਗਏ ਚਾਵਾਂ ਨੂੰ.......... ਗ਼ਜ਼ਲ / ਜਸਵਿੰਦਰ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਤੇਰਾ ਐ ਜਿ਼ੰਦਗੀ ਐਵੇਂ ਨਹੀਂ ਜੰਜਾਲ਼ ਛੱਡਾਂਗੇ
ਜਿਗਰ ਦੀ ਅੱਗ ਵਿਚ ਕੋਈ ਕੜੀ ਤਾਂ ਢਾਲ਼ ਛੱਡਾਂਗੇ

ਤੁਸੀਂ ਤਾਂ ਮੁਕਤ ਹੋ ਯਾਰੋ ਪਰਿੰਦਿਓ ਖੁੱਲ੍ਹ ਕੇ ਉੱਡੋ

ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ਼ ਛੱਡਾਂਗੇ

ਅਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਬਰੂ ਹੋਈਏ
ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਘਾਲ਼ ਛੱਡਾਂਗੇ

ਅਜੇ ਵੀ ਇਸ਼ਕ ਦੀ ਸਿ਼ੱਦਤ ਲਹੂ ਅੰਦਰ ਸਲਾਮਤ ਹੈ
ਗਵਾਚੀ ਪੈੜ ਡਾਚੀ ਦੀ ਥਲਾਂ 'ਚੋਂ ਭਾਲ਼ ਛੱਡਾਂਗੇ

ਅਜੇ ਫ਼ਰਜ਼ਾਂ ਦੇ ਅਲਜਬਰੇ 'ਚ ਉਲ਼ਝੇ ਹਾਂ ਬੁਰੇ ਹਾਲੀਂ
ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ਼ ਛੱਡਾਂਗੇ


ਟੋਟੇ ਟੋਟੇ.......... ਮੁਹਿੰਦਰ ਸਿੰਘ ਘੱਗ

ਏਕ ਪਿਤਾ ਦੀ ਤੂੰ ਭਰਦਾ ਸੀ ਸਾਖੀ ਮਾਨਵ ਕੀ ਜ਼ਾਤ ਤੂੰ ਇਕੋ ਸੀ ਆਖੀ
ਭਾਈ ਨਾਲੋਂ ਭਾਈ ਅੱਜ ਵੰਡਿਆ ਪਿਆ ਹੈ ਮਾਨਵਤਾ ਬਿਚਾਰੀ ਹੋਈ ਟੋਟੇ ਟੋਟੇ

ਕਿਤੇ ਧੋਤੀ ਟੋਪੀ ਕਛਹਿਰੇ ਦਾ ਝਗੜਾ ਹਕ ਮੰਗਿਆਂ ਮਿਲਦਾ ਮੁਦਗਰ ਦਾ ਰਗੜਾ
ਖੇਤੀ ਲੁੱਟੀ ਜਾਂਦੇ ਨੇ ਖੇਤਾਂ ਦੇ ਰਾਖੇ ਇਨਸਾਫ ਦੀ ਤਕੜੀ ਹੋ ਰਹੀ ਟੋਟੇ ਟੋਟੇ

ਕੋਈ ਮਸਜਿਦ ਪਿਆ ਢਾਵੇ ਮੰਦਰ ਕੋਈ ਸਾੜੇ ਚਰਚਾਂ ਨੂੰ ਅੱਗਾਂ ਗੋਲੀ ਗੁਰਦਵਾਰੇ

ਖੁਦਾ ਦੀ ਵੀ ਮਾਨਵ ਨੇ ਵੰਡ ਐਸੀ ਪਾਈ ਖੁਦਾ ਦੀ ਖੁਦਾਈ ਵੀ ਹੋਈ ਟੋਟੇ ਟੋਟੇ

ਕੰਨਾਂ ਵਿਚ ਲੋਕਾਂ ਦੇ ਮਾਰਕੇ ਫੂਕਾਂ ਜੰਨਤਾ ਨੂੰ ਬੁੱਧੂ ਬਣਾਵਣ ਇਹ ਬਾਬੇ
ਭਰਮਾਂ ਤੇ ਵੈਹਮਾ ਵਿਚ ਐਸਾ ਜਕੜਦੇ ਕਿ ਸੋਝੀ ਬਚਾਰੀ ਵੀ ਹੋਈ ਟੋਟੇ ਟੋਟੇ

ਗੁਰਦਵਾਰਾ ਤਾਂ ਹੈ ਗੁਰੂ ਦਾ ਦਵਾਰਾ ਬਣਦਾ ਕਿਊਂ ਜਾਂਦਾ ਇਹ ਜੰਗ ਦਾ ਅਖਾੜਾ
ਧੱੜੇ ਬਾਜ ਐਸੀ ਕਲਾ ਵਰਤਾਵੇ ਪਲਾਂ ਵਿਚ ਸੰਗਤ ਫਿਰੇ ਹੋਈ ਟੋਟੇ ਟੋਟੇ

ਤੇਰੇ ਪੰਥ ਵਿਚ ਅੱਜ ਮਰਿਆਦਾ ਦਾ ਰੌਲਾ ਧੂਫਾਂ ਦਾ ਰੌਲਾ ਧੂਫੀਆਂ ਦਾ ਹੈ ਰੌਲਾ
ਡੇਡ੍ਹ ਇਟ ਦੀ ਮਸਜਿਦ ਹੈ ਹਰ ਇਕ ਬਣਾਈ ਮਰਿਆਦਾ ਵੀ ਫਿਰਦੀ ਹੋਈ ਟੋਟ ਟੋਟੇ

ਜਿਹਨਾਂ ਲਈ ਅੱਕ ਦੇ ਡੋਡੇ ਸੀ ਖਾਧੇ ਜਿਹਨਾਂ ਤੇ ਵਾਰੇ ਜਿਗਰ ਦੇ ਸੀ ਟੋਟੇ
ਜੇ ਆ ਕੇ ਤੱਕੇਂ ਗਾ ਤਾਂ ਫਟ ਜਾਊ ਕਲੇਜਾ ਪੰਥ ਦੀ ਢੇਰੀ ਹੋਈ ਟੋਟੇ ਟੋਟੇ


ਘਰਾਂ ਵਿਚੋਂ ਬੁਝਾ ਦੀਵੇ........... ਗ਼ਜ਼ਲ / ਪ੍ਰੋ. ਸੁਰਜੀਤ ਜੱਜ

ਘਰਾਂ ਵਿਚੋਂ ਬੁਝਾ ਦੀਵੇ, ਜ਼ਰਾ ਚਾਨਣ ਦੀ ਗੱਲ ਕਰੀਏ
ਚਲੋ, ਕੁਝ ਤਾਂ ਸਲੀਕਾ ਵਕਤ ਦਾ ਸਿੱਖਣ ਦੀ ਗੱਲ ਕਰੀਏ

ਪਤਾ ਹੈ ਏਸ ਵਿੱਚੋਂ ਰੇਤ ਕਿਰ ਜਾਣੀ ਹੈ, ਪਰ ਫਿਰ ਵੀ
ਸਮੇਂ ਦੀ ਮੰਗ ਹੈ, ਮੁੱਠੀ ਜ਼ਰਾ ਘੁੱਟਣ ਦੀ ਗੱਲ ਕਰੀਏ

ਅਸੀਂ ਉਸ ਨੂੰ ਪੁਚ੍ਹਾਇਆ ਹੀ ਨਹੀਂ ਸੀ ਖ਼ੁਦਕਸ਼ੀ ਤੀਕਰ

ਕਿਵੇਂ ਉਹ ਮਰ ਗਿਆ ਫਿਰ, ਭੇਦ ਇਹ ਲੱਭਣ ਦੀ ਗੱਲ ਕਰੀਏ

ਚਲੋ ਮੰਨਿਆਂ ਅਸੀਂ ਜੂਹਾਂ ਚਿ ਸਾੜੇ ਨੇ ਬ੍ਰਿਖ ਹੱਥੀਂ
ਭਲਾ ਕੀ ਹਰਜ ਹੈ ਇਹਦੇ 'ਚ, ਜੇ ਮੌਲਣ ਦੀ ਗੱਲ ਕਰੀਏ

ਕਿਤੇ ਨਾ ਸੂਲੀ਼ ਹੈ, ਨਾ ਕਿਧਰੇ ਪਿਆਲਾ ਜ਼ਹਿਰ ਦਾ, ਫਿਰ ਵੀ
ਮਸੀਹਾ ਉਹ ਕਿਵੇਂ ਬਣਿਆ, ਚਲੋ ਜਾਨਣ ਦੀ ਗੱਲ ਕਰੀਏ

ਘਰਾਂ ਵਿਚ ਜਗਣ ਦਾ ਏਥੇ, ਸਲੀਕਾ ਹੈ ਬੜਾ ਮੁਸ਼ਕਿਲ
ਹਵਾ ਸੰਗ ਲੁਕਣਮੀਟੀ ਹੀ ਅਜੇ ਖੇਡਣ ਦੀ ਗੱਲ ਕਰੀਏ

ਅਸਾਡੀ ਪੈੜ ਮਕਤਲ 'ਚੋਂ, ਸਿੰਘਾਸਨ ਵੱਲ ਮੁੜਦੀ ਹੈ
ਘਰੀਂ ਪਹੁੰਚਣ ਤੋਂ ਪਹਿਲਾਂ ਏਸ ਨੂੰ, ਮੇਟਣ ਦੀ ਗੱਲ ਕਰੀਏ

ਚਲੋ 'ਸੁਰਜੀਤ' ਹੋ ਲਈਏ, ਚਿਰਗਾਂ ਵਾਂਗ ਆਪਾਂ ਵੀ
ਬਝਾਰਤ ਬਣਨ ਦੀ ਥਾਂ 'ਤੇ ਚਲੋ ਬੁੱਝਣ ਦੀ ਗੱਲ ਕਰੀਏ


ਸਿਆਹ ਰਾਤ ਖਾ ਗਈ ਮੈਨੂੰ........... ਗ਼ਜ਼ਲ / ਰਾਜਿੰਦਰਜੀਤ ( ਯੂ.ਕੇ. )

ਨਵੀਂ ਸਵੇਰ ਦੇ ਮੁਖੜੇ ਜਿਹੀ ਕੋਈ ਮੂਰਤ
ਜੋ ਮੇਰੇ ਖ਼ਾਬ ਵਿਚ ਆਈ, ਬੁਲਾ ਗਈ ਮੈਨੂੰ
ਸਵੇਰ ਤੀਕ ਨਾ ਮੁੜਿਆ ਤਾਂ ਮੈਨੂੰ ਭੁੱਲ ਜਾਇਓ
ਬਸ ਏਹੋ ਸਮਝਿਓ, ਸਿਆਹ ਰਾਤ ਖਾ ਗਈ ਮੈਨੂੰ

ਜੇ ਹੋ ਸਕੇ ਤਾਂ ਫਿਰ ਏਨੀ ਉਚੇਚ ਕਰ ਜਾਣਾ

ਕਿ ਅਪਣੀ ਮੜਕ ਨੂੰ ਲੋੜਾਂ ਦੇ ਮੇਚ ਕਰ ਜਾਣਾ
ਉਦਾਸ ਜਿ਼ੰਦਗੀ ਪਿੰਡੇ 'ਤੇ ਚੀਥੜੇ ਪਹਿਨੀ
ਬਿਠਾ ਕੇ ਗੋਦ ਵਿਚ ਏਨਾ ਸਿਖਾ ਗਈ ਮੈਨੂੰ

ਮੈਂ ਜਿਸਨੇ ਸ਼ੋਖ਼ ਹਵਾ ਦੀ ਨਾ ਆਰਜ਼ੂ ਵੇਖੀ
ਕਦੇ ਵੀ ਧੜਕਣਾਂ ਤੋਂ ਪਾਰ ਦੀ ਨ ਜੂਹ ਵੇਖੀ
ਮੈਂ ਜੋ ਜ਼ਮੀਨ 'ਤੇ ਪਾਰੇ ਦੇ ਵਾਂਗ ਤੁਰਦਾ ਸੀ
ਕਿਸੇ ਦੀ ਤੱਕਣੀ ਸ਼ੀਸ਼ਾ ਬਣਾ ਗਈ ਮੈਨੂੰ

ਨਹੀਂ ਮੈਂ ਦੋਸਤੋ ਹੈਰਾਨ ਉਸਦੇ ਕਾਰੇ 'ਤੇ
ਉਹ ਚੜ੍ਹ ਕੇ ਆ ਗਈ ਮੇਰੇ ਹੀ ਇਕ ਇਸ਼ਾਰੇ 'ਤੇ
ਸਣੇ ਕਮਾਨ ਤੇ ਤੀਰਾਂ ਦੇ ਤੋੜ ਕੇ ਤਰਕਸ਼
ਸਰੇ ਬਾਜ਼ਾਰ ਮਿਰੀ ਮੈਂ ਹਰਾ ਗਈ ਮੈਨੂੰ

ਬਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਣ ਸਿੱਖਿਆ ਹਾਂ
ਇਹੋ ਹੀ ਟੂਮ ਹੈ ਜਿਹੜੀ ਸਜਾ ਗਈ ਮੈਨੂੰ


ਦੀਪ ਜਗਾਉਂਦਾ ਫਿਰਦਾ ਹਾਂ.......... ਗਜਲ / ਸ਼ਮਸ਼ੇਰ ਮੋਹੀ

ਅਪਣੀ ਰੂਹ ਨੂੰ ਚਾੜ੍ਹ ਕੇ ਸੂਲ਼ੀ ਖੇਲ੍ਹ ਦਿਖਾਉਂਦਾ ਫਿਰਦਾ ਹਾਂ
ਮੈਂ ਅੰਨ੍ਹਿਆਂ ਦੇ ਸ਼ਹਿਰ ’ਚ ਐਵੇਂ ਦੀਪ ਜਗਾਉਂਦਾ ਫਿਰਦਾ ਹਾਂ

ਮਕਤਲ ਵਰਗੇ ਸ਼ਹਿਰ ਤੇਰੇ ਵਿਚ ਜਦ ਵੀ ਆਉਣਾ ਪੈਂਦਾ ਹੈ
ਅੱਖਾਂ ਵਿਚਲੇ ਅਪਣੇ ਉਜਲੇ ਖ਼ਾਬ ਲੁਕਾਉਂਦਾ ਫਿਰਦਾ ਹਾਂ

ਦਿਲ ਕਹਿੰਦਾ ਹੈ ਤੋੜ ਕੇ ਪਿੰਜਰਾ ਚੱਲ ਕਿਧਰੇ ਹੁਣ ਉਡ ਚਲੀਏ

ਖ਼ਬਰੇ ਕਿਉਂ ਮੈਂ ਇਸ ਦਿਲ ਦੀ ਆਵਾਜ਼ ਦਬਾਉਂਦਾ ਫਿਰਦਾ ਹਾਂ

ਉਸ ਦੇ ਦਿਲ ਦੇ ਹਰਫ਼ਾਂ ਤੋਂ ਮੈਂ ਅਕਸਰ ਸੂਹੀ ਲੋਅ ਲੈ ਕੇ
ਅਪਣੇ ਮਨ ਦਾ ਹਰ ਨ੍ਹੇਰਾ ਕੋਨਾ ਰੁਸ਼ਨਾਉਂਦਾ ਫਿਰਦਾ ਹਾਂ

ਮੇਰੇ ਮਨ ਦਾ ਬੋਝ ਕਿਤੇ ਨਾ ਉਸ ਨੂੰ ਢੋਣਾ ਪੈ ਜਾਵੇ
ਏਸੇ ਖ਼ਾਤਰ ਹੋਠਾਂ ’ਤੇ ਮੁਸਕਾਨ ਸਜਾਉਂਦਾ ਫਿਰਦਾ ਹਾਂ

ਇਸ ਤੋਂ ਵੱਧ ਕੇ ਅਪਣੀ ਹੋਰ ਸ਼ਨਾਖ਼ਤ ਹੁਣ ਮੈਂ ਕੀ ਦੱਸਾਂ
ਸ਼ੀਸ਼ਾ ਹਾਂ ਹਰ ਪੱਥਰ ਤੋਂ ਪਹਿਚਾਣ ਛੁਪਾਉਂਦਾ ਫਿਰਦਾ ਹਾਂ

ਅੱਧੀਂ ਰਾਤੀਂ ਉਠਿਆ ਕੋਈ.......... ਗ਼ਜ਼ਲ / ਤ੍ਰੈਲੋਚਨ ਲੋਚੀ

ਅੱਧੀ ਰਾਤੀਂ ਉਠਿਆ ਕੋਈ, ਉੱਠਿਆ ਕੂਕਾਂ ਮਾਰ
ਜਾਂ ਤਾਂ ਉਸਦੇ ਵਿਹੜੇ ਧੀਆਂ, ਜਾਂ ਕੋਈ ਰੂਹ 'ਤੇ ਭਾਰ

ਏਸ ਨਗਰ ਦੇ ਲੋਕਾਂ 'ਤੇ ਹੁਣ, ਕਿੰਝ ਕਰੀਏ ਇਤਬਾਰ?
ਹੱਥਾਂ ਵਿਚ ਗੁਲਦਸਤੇ ਰੱਖਣ, ਬੁੱਕਲ਼ ਵਿਚ ਕਟਾਰ

ਸੁਬ੍ਹਾ-ਸਵੇਰੇ ਅੱਖ ਸੀ ਖੁੱਲੀ, ਰੂਹ 'ਤੇ ਬੜਾ ਸੀ ਭਾਰ

ਰਾਤੀਂ ਸੁਪਨੇ ਦੇ ਵਿਚ ਆਇਆ, ਕਿਸਦੇ ਸੰਗ ਤਕਰਾਰ?

ਸਾਜ਼ਾਂ ਦੀ ਤੌਹੀਨ ਦੇਖ ਕੇ, ਹੁੰਦਾ ਬਹੁਤ ਖੁਆਰ
ਮੇਰੇ ਅੰਦਰ ਨਿਤ ਹੀ ਰੋਂਦਾ, ਰੋਂਦਾ ਇਕ ਫ਼ਨਕਾਰ

ਅੱਜ ਵੀ ਸਾਰਾ ਦਿਨ ਤੂੰ ਦੇਖੀਂ, ਰਹਿਣਾ ਸਿਰ 'ਤੇ ਭਾਰ
ਡਿੱਗੀ ਹੈ ਦਹਿਲੀਜ਼ 'ਤੇ ਆ ਕੇ, ਰੱਤ ਭਿੱਜੀ ਅਖ਼ਬਾਰ

ਨਾ ਗ਼ਜ਼ਲਾਂ ਦੀ ਪੀੜ ਪਛਾਣਨ, ਨਾ ਨਜ਼ਮਾਂ ਦੀ ਸਾਰ
ਅੰਨ੍ਹੇ ਬੋਲ਼ੇ ਖਿੱਚੀ ਫਿਰਦੇ, ਦੋ ਧਾਰੀ ਤਲਵਾਰ

ਨਾ ਮੈਥੋਂ ਇਨਕਾਰੀ ਹੈਂ ਤੂੰ, ਨਾ ਕਰਦੈਂ ਇਨਕਾਰ
ਭੋਲ਼ੇ ਪੰਛੀ ਅਪਣੀ ਰੂਹ ਨੂੰ ਏਦਾਂ ਤਾਂ ਨਾ ਮਾਰ

ਉਡਣ ਦੇ ਏਹਨਾਂ ਨੂੰ ਹੁਣ ਤੂੰ, ਘਰ ਰਖ ਕੇ ਨਾ ਮਾਰ
ਤੇਰੀਆਂ ਗ਼ਜ਼ਲਾਂ ਜੀਕਣ ਲੋਚੀ, ਕੂੰਜੜੀਆਂ ਦੀ ਡਾਰ


ਮਜਬੂਰੀ.......... ਨਜ਼ਮ/ਕਵਿਤਾ / ਬਲਜਿੰਦਰ ਕੌਰ

ਮਨ ਬਹੁਤ ਉਦਾਸ ਸੀ
ਘਰ ਦੀ ਛੱਤ ਤੇ ਖੜ੍ਹੀ
ਮੈਂ ਆਕਾਸ਼ ਵੱਲ ਤੱਕ ਰਹੀ ਸੀ
ਅਚਾਨਕ ਇੱਕ ਤਾਰਾ ਟੁੱਟਿਆ
ਮੈਂ ਅੱਖਾਂ ਬੰਦ ਕਰ

ਹੱਥ ਅੱਗੇ ਕਰ ਲਿਆ
ਕੁਝ ਮੰਗਣ ਲਈ.......

ਉਹ ਮੇਰੇ ਵੱਲ ਵੇਖ ਕੇ ਹੱਸਿਆ
ਤੇ ਆਖਣ ਲੱਗਾ
ਮੈਂ ਤੈਨੂੰ ਕੀ ਦੇ ਸਕਦਾ ਹਾਂ ?
ਮੈਂ ਤਾਂ ਆਪ ਟੁੱਟਿਆ ਹੋਇਆ ਹਾਂ..
ਤੇਰੇ ਕੋਲ ਤਾਂ ਬਹੁਤ ਕੁਝ ਹੈ,
ਸਭ ਕੁਝ ਹੈ ਤੇਰੇ ਕੋਲ ਤਾਂ....
ਕੀ ਤੂੰ ਮੈਨੂੰ
ਇੱਕ ਰਾਤ ਲਈ ਆਪਣੇ ਘਰ
ਵਿੱਚ ਪਨਾਹ ਦੇ ਸਕਦੀ ਹੈ ?
ਮੈਂ ਕੰਬ ਗਈ
ਅੱਖਾਂ ਖੁੱਲਦੇ ਹੀ ਮੇਰਾ ਹੱਥ ਪਿੱਛੇ ਸਰਕ ਗਿਆ...

ਤਾਰਾ ਪਤਾ ਨਹੀ ਕਿੱਥੇ ਗੁਆਚ ਗਿਆ ਸੀ।
ਅੱਜ ਵੀ ਜਦੋਂ ਉਦਾਸ ਹੁੰਦੀ ਹਾਂ
ਛੱਤ ਤੇ ਖੜ੍ਹ ਤਾਰਿਆਂ ਵੱਲ ਤਕਦੀ ਹਾਂ
ਉਸੇ ਤਾਰੇ ਨੂੰ ਲੱਭਦੀ ਹਾਂ,
ਆਪਣੇ ਹਿੱਸੇ ਦੀ ਮਜਬੂਰੀ ਦੱਸਣ ਲਈ।
ਕਿ ਤੂੰ ਤਾਂ ਟੁੱਟ ਕੇ ਵੀ
ਪੂਰੇ ਬ੍ਰਹਿਮੰਡ ਵਿੱਚ ਕਿਤੇ ਵੀ ਸਮਾ ਸਕਦਾ ਹੈਂ
ਪਰ ਮੈਂ
ਪੂਰੇ ਬ੍ਰਹਿਮੰਡ ਨੂੰ ਸਿਰਜਣ ਦੀ ਸਮੱਰਥਾ ਪਾ ਕੇ ਵੀ
ਇਸ ਦੇ ਕਿਸੇ ਕੋਨੇ ਨੂੰ
ਆਪਣਾ ਨਹੀਂ ਕਹਿ ਸਕਦੀ।
ਮੈਂ ਤੈਨੂੰ
ਆਪਣੇ ਘਰ ਇੱਕ ਰਾਤ ਲਈ ਪਨਾਹ ਨਹੀਂ ਦੇ ਸਕਦੀ
ਕਿਉਂਕਿ ਮੇਰਾ ਕੋਈ ਆਪਣਾ ਘਰ ਨਹੀਂ ਹੈ
ਇਹੀ ਮੇਰੀ ਆਪਣੇ ਹਿੱਸੇ ਦੀ ਮਜਬੂਰੀ ਹੈ........


ਕੁਝ ਕੁ ਯਾਦਾਂ........... ਗ਼ਜ਼ਲ / ਪ੍ਰੋ. ਜਸਪਾਲ ਘਈ

ਕੁਝ ਕੁ ਯਾਦਾਂ ਦੂਰ ਨੇੜੇ ਤੋਂ ਬੁਲਾ ਲੈਂਦਾ ਹਾਂ ਮੈਂ
ਅਪਣੀ ਤਨਹਾਈ 'ਚ ਇਉਂ ਮਹਿਫਿ਼ਲ ਸਜਾ ਲੈਂਦਾ ਹਾਂ ਮੈਂ

ਰਾਤ ਦਾ ਅੰਨ੍ਹਾ ਸਫ਼ਰ, ਏਦਾਂ ਮੁਕਾ ਲੈਂਦਾ ਹਾਂ ਮੈਂ
ਖ਼ਾਬ ਸੌਂ ਜਾਂਦੇ ਨੇ, ਤਾਂ ਤਾਰੇ ਜਗਾ ਲੈਂਦਾ ਹਾਂ ਮੈਂ

ਆਪ ਹੀ ਵੰਝਲੀ ਹਾਂ ਮੈਂ, ਤੇ ਆਪ ਹੀ ਵੰਝਲ ਵੀ ਹਾਂ

ਗੀਤ ਵਿਚ ਢਲ਼ਦਾ ਹਾਂ ਖੁ਼ਦ ਤੇ ਖੁ਼ਦ ਹੀ ਗਾ ਲੈਂਦਾ ਹਾਂ ਮੈਂ

ਮੈਂ ਨਿਰੀ ਖੁ਼ਸ਼ਬੂ ਹਾਂ, ਮੈਂ ਤਾਂ ਫੈਲਣਾ ਹੀ ਫੈਲਣੈਂ
ਹਰ ਕਿਸੇ ਦੀਵਾਰ 'ਚੋਂ ਰਸਤਾ ਬਣਾ ਲੈਂਦਾ ਹਾਂ ਮੈਂ

ਪਿਆਰ-ਤੱਕਣੀ ਤੇਰੀ ਫੁੱਲਾਂ ਦੀ ਜਿਵੇਂ ਬਰਸਾਤ ਹੈ
ਜਿ਼ੰਦਗੀ ਦਾ ਥਲ ਇਦ੍ਹੇ ਸੰਗਸੰਗ ਲੰਘਾ ਲੈਂਦਾ ਹਾਂ ਮੈਂ

ਹਾਲੇ ਵੀ ਨੰਨ੍ਹਾ ਜਿਹਾ ਕੋਈ ਬਾਲ ਮੇਰੇ ਮਨ 'ਚ ਹੈ
ਹਾਲੇ ਵੀ ਚੰਨ ਨੂੰ ਹਥੇਲੀ ਤੇ ਉਠਾ ਲੈਂਦਾ ਹਾਂ ਮੈਂ

ਮੇਰੇ ਲਫ਼ਜ਼ਾਂ ਤੋਂ ਜ਼ਰਾ ਪੁੱਛੋ ਮਿਰੇ ਫ਼ਨ ਦਾ ਕਮਾਲ
ਮਿਸਰੇ ਮਿਸਰੇ ਤੇ ਕਿਵੇਂ ਵਾਹ ਵਾਹ ਕਹਾ ਲੈਂਦਾ ਹਾਂ ਮੈਂ


ਅੰਤਰ.......... ਨਜ਼ਮ/ਕਵਿਤਾ / ਸਿ਼ਵਚਰਨ

ਕੀਜ ਅੰਤਰ ਹੈ
ਬਿਜੜੇ ਦੇ ਆਲ੍ਹਣੇ
ਤੇ
ਡਰਾਇੰਗ ਰੂਮ 'ਚ ਪਏ ਆਰਟਪੀਸ 'ਚ
ਇਕ ਪ੍ਰਤੀਕ ਹੈ

ਮਿਹਨਤ ਤੇ ਅਥਾਹ ਪਿਆਰ ਦਾ
ਤੇ
ਦੂਜਾ ਅਮੀਰੀ ਤੇ ਗੁਮਾਨ ਦਾ....

ਕੀ ਅੰਤਰ ਹੈ
ਜੰਗਲੀ ਜਾਨਵਰ ਤੇ ਆਦਮੀ 'ਚ
ਪਹਿਲੇ ਨੂੰ ਤਾਂ ਫ਼ਖ਼ਰ ਹੈ
ਕਿ ਉਹ
ਸੁਰੱਖਿਅਤ ਹੈ ਝੁੰਡ 'ਚ
ਤੇ
ਦੂਜੇ ਨੂੰ ਗਿਲਾ ਨਹੀਂ ਹੈ
ਕਿ ਉਹ
'ਸਭਿਅਕ' ਸਮਾਜ 'ਚ ਵੀ
ਇਕੱਲਤਾ 'ਚ ਭਟਕ ਰਿਹਾ ਹੈ...

ਅੰਦਰ ਊਂਚੀ ਊਂਚੀ ਲਹਿਰੇਂ......... ਗ਼ਜ਼ਲ / ਸਤੀਸ਼ ਬੇਦਾਗ

ਅੰਦਰ ਊਂਚੀ ਊਂਚੀ ਲਹਿਰੇਂ ਉਠਤੀ ਹੈਂ
ਕਾਗਜ਼ ਕੇ ਸਾਹਿਲ ਪੇ ਕਹਾਂ ਉਤਰਤੀ ਹੈਂ

ਮਾਜ਼ੀ ਕੀ ਸ਼ਾਖੋਂ ਸੇ ਲਮਹੇ ਬਰਸਤੇ ਹੈਂ
ਜ਼ਹਨ ਕੇ ਅੰਦਰ ਤੇਜ਼ ਹਵਾਏਂ ਚਲਤੀ ਹੈਂ

ਆਂਖੋਂ ਕੋ ਬਾਦਲ ਬਾਰਿਸ਼ ਸੇ ਕਿਆ ਲੇਨਾ

ਯੇ ਗਲੀਆਂ ਅਪਨੇ ਪਾਨੀ ਸੇ ਭਰਤੀ ਹੈਂ

ਬਾੜ੍ਹ ਮੇਂ ਬਹਿ ਜਾਤੀ ਹੈਂ ਦਿਲ ਕੀ ਦੀਵਾਰੇਂ
ਤਬ ਆਂਖੋਂ ਸੇ ਇਕ ਦੋ ਬੂੰਦੇਂ ਝਰਤੀ ਹੈਂ

ਅੰਦਰ ਤੋ ਦੀਵਾਨ ਸਾ ਇਕ ਛਪ ਜਾਤਾ ਹੈ
ਕਾਗ਼ਜ਼ ਪਰ ਅਹਿਸਾਨ ਦੋ ਬੂੰਦੇਂ ਕਰਤੀ ਹੈਂ

ਰੁਕੀ ਰੁਕੀ ਰਹਤੀਂ ਹੈਂ ਆਂਖੋਂ ਮੇਂ ਬੂੰਦੇਂ
ਰੁਖਸਾਰੋਂ ਪਰ ਆ ਕੇ ਕਹਾਂ ਠਹਿਰਤੀ ਹੈਂ


ਫ਼ਰਕ.......... ਨਜ਼ਮ/ਕਵਿਤਾ / ਪ੍ਰਿੰਸ ਧੁੰਨਾ

ਰਸਤਿਆ ਤੇ ਰਿਸ਼ਤਿਆ ਚ ਕੋਈ ਬਹੁਤਾ ਫਰਕ ਨਹੀਂ ਹੁੰਦਾ ।।।

ਰਸਤੇ ਵੀ ਟੁੱਟਦੇ ਨੇ ਤੇ ਰਿਸ਼ਤੇ ਵੀ
ਰਸਤੇ ਨਵੇਂ ਵੀ ਬਣਦੇ ਨੇ ਤੇ ਰਿਸ਼ਤੇ ਵੀ।।
ਰਸਤੇ ਕਈ ਵੇਰਾਂ ਦੋਰਾਹਿਆ ਚੋਰਾਂਹਿਆ ਚ ਵੰਡੇ ਜਾਦੇ ਨੇ ਤੇ ਰਿਸ਼ਤੇ ਵੀ।।।


ਰਸਤਿਆ ਤੇ ਰਿਸ਼ਤਿਆ ਚ ਕੋਈ ਬਹੁਤਾ ਫਰਕ ਨਹੀਂ ਹੁੰਦਾ।।।

ਰਸਤੇ ਕੱਚੇ ਵੀ ਹੁੰਦੇ ਨੇ ਤੇ ਪੱਕੇ ਵੀ ਤੇ ਰਿਸ਼ਤੇ ਵੀ
ਰਸਤੇ ਕਈ ਵੇਰਾਂ ਭਟਕ ਜਾਂਦੇ ਨੇ ਤੇ ਰਿਸ਼ਤੇ ਵੀ
ਕੁੱਝ ਰਸਤੇ ਬੇਨਾਮ ਵੀ ਹੁੰਦੇ ਨੇ ਤੇ ਰਿਸ਼ਤੇ ਵੀ।।।।

ਰਸਤਿਆ ਤੇ ਰਿਸ਼ਤਿਆ ਚ ਕੋਈ ਬਹੁਤਾ ਫਰਕ ਨਹੀਂ ਹੁੰਦਾ।।।

ਪਰ ਹਾਂ ਦੋਸਤੋ... ਦੋ ਕੁ ਫਰਕ ਹੁੰਦੇ ਨੇ
ਇੱਕ ਰਰੇ ਤੋ ਪਹਿਲਾ ਸਿਆਰੀ ਦਾ ਤੇ
ਦੂਜਾ ਸਸੇ ਦੇ ਪੈਰ ਚ ਬਿੰਦੀ ਦਾ।।।

ਬਾਕੀ ਤੁਸੀਂ ਸੱਚ ਜਾਣਿਓ।।।।।
ਰਸਤਿਆ ਤੇ ਰਿਸ਼ਤਿਆ ਚ ਕੋਈ ਬਹੁਤਾ ਫਰਕ ਨਹੀਂ ਹੁੰਦਾ।।।

ਸਾਕੀਆ ਤੇਰਾ ਇਸ਼ਾਰਾ ਹੋ ਗਿਆ.......... ਗ਼ਜ਼ਲ / ਜਰਨੈਲ ਸਿੰਘ ਨਿਰਮਲ

ਸਾਕੀਆ ਤੇਰਾ ਇਸ਼ਾਰਾ ਹੋ ਗਿਆ
ਦਿਲ ਮੇਰੇ ਨੂੰ ਕੁਝ ਸਹਾਰਾ ਹੋ ਗਿਆ

ਜੋ ਤੇਰੇ ਨੈਣਾਂ 'ਚੋਂ ਅੱਜ ਪੀਤੀ ਸ਼ਰਾਬ
ਬੋਝ ਗ਼ਮ ਦਾ ਪਾਰਾ ਪਾਰਾ ਹੋ ਗਿਆ

ਜਾਮ ਇਕ ਲੈ ਕੇ ਕਿਹਾ ਪੰਡਤ ਹੁਰਾਂ

ਆਪਣਾ ਤਾਂ ਪਾਰ ਉਤਾਰਾ ਹੋ ਗਿਆ

ਤੌਬਾ ਮੈਂ ਕੀਤੀ ਤਾਂ ਮੇਰੇ ਮਨ ਕਿਹਾ
ਹਾਏ ਰੱਬਾ, ਇਹ ਕੀ ਕਾਰਾ ਹੋ ਗਿਆ

ਆਪ ਸੀ ਮੈਖਾਨੇ ਅੰਦਰ ਦਿਨ ਢਲ਼ੇ
ਸ਼ੈਖ ਜੀ ਇਹ ਤਾਂ ਪੁਆੜਾ ਹੋ ਗਿਆ


ਇੰਨੀ ਕੁ ਸਾਡੀ ਸਾਂਝ ਹੋਵੇ........... ਗ਼ਜ਼ਲ / ਸ਼ੈਲੀ ਅਰੋੜਾ

ਕਿਹੜੀ ਹੋਵੇ ਸ਼ਰਾਰਤ, ਕਿਹੜੀ ਪਿਆਰੀ ਸੋਗਾਤ ਹੋਵੇ,
ਕਿੰਝ ਮਨਾਇਏ ਦੱਸੋ, ਜਦ ਕੋਈ ਪਿਆਰਾ ਨਾਰਾਜ ਹੋਵੇ,

ਮੰਨ ਜਾਦਾਂ ਬੰਦਾ ਅਕਸਰ, ਜੇ ਗੈਰਾਂ ਤੋ ਨਾਰਾਜ ਹੋਵੇ,
ਕਿੱਦਾ ਮੰਨੇ ਭਲਾ, ਜਦ ਨਿੱਜ ਤੋਂ ਹੀ ਪਰੇਸ਼ਾਨ ਹੋਵੇ,

ਤਾਰੇ ਹੈਰਾਨ, ਚੰਨ ਵੀ ਰੋ ਰੋ ਹੋਈ ਬੈਠਾ ਪਰੇਸ਼ਾਨ,
ਖੋਲ ਜੁਲਫਾ, ਛੱਡ ਹਨੇਰਾ, ਰਾਤ ਕਾਲੀ ਆਜਾਦ ਹੋਵੇ,

ਜਿਸਮਾਂ ਵਾਲਾ ਰਿਸ਼ਤਾ ਨੀ ਰੱਖਣਾ ਕੋਈ ੳ ਸੱਜਣਾ,
ਮੈਂ ਮਰਾਂ, ਤੇਰੀ ਅੱਖ ਰੋਵੇ, ਬਸ ਇੰਨੀ ਕੁ ਸਾਡੀ ਸਾਂਝ ਹੋਵੇ,

ਰਾਤ ਬੀਤੀ ਨਾਲ ਗਮਾਂ ਦੇ ਬਾਤਾਂ ਪਾਉਦੇਂ ਪਾਉਦੇਂ,
ਰੱਬ ਕਰੇ ਮੇਹਰ, ਸੁੱਖਾ ਵਾਲੀ ਹੁਣ ਪਰਭਾਤ ਹੋਵੇ,

ਕੁੜੀਉ, ਥੋੜੀ ਸ਼ਰਮ, ਤਮੀਜ ਤੇ ਲਿਹਾਜ ਰਹਿਣ ਦੋ,
ਰੁਲਦਿਆਂ ਨੇ ਫਿਰ ਉਹੀ, ਜਿੰਨਾ ਦੀ ਝੋਲੀ ਦਾਗ ਹੋਵੇ,

ਉਹ ਦੁਸ਼ਮਣੀ ਕਾਹਦੀ, ਜੋ ਨਿੱਭੇ ਨਾ ਆਖਿਰੀ ਸਾਹਾਂ ਤੱਕ,
ਯਾਰੀ ਉਹ ਵੀ ਮਾੜੀ, ਜਿਹਦੇ ਵਿੱਚ ਰੱਖਿਆ ਕੋਈ ਰਾਜ ਹੋਵੇ,

ਤਰਸਿਆ ਬਹੁਤ ਮੈਂ ਬਚਪਨ ਤੋਂ ਬਾਦ ਭਿੱਜਣ ਲਈ,
ਆ ਯਾਰਾ, ਛੋਹ ਦਿਲ ਨੂੰ, ਜਵਾਨੀ ਵਾਲੀ ਬਰਸਾਤ ਹੋਵੇ।।


ਤੇਰੇ ਲਈ ਜੋ ਲਿਖੇ ਗੀਤ.......... ਨਜ਼ਮ/ਕਵਿਤਾ / ਜਸਵਿੰਦਰ ਸੰਧੂ

ਤੇਰੇ ਲਈ ਜੋ ਲਿਖੇ ਗੀਤ ਅਧੂਰੇ ਨੇ ਹਾਲੇ,
ਕੀਹਦੇ ਆਸਰੇ ਪੂਰੇ ਕਰਾਂਗਾ ਮੈਂ।
ਵਾਅਦਾ ਨਹੀਂ ਕਰਦਾ ਕਿ ਤੈਨੂੰ ਭੁੱਲ ਜਾਵਾਂ,
ਹੌਲ਼ੀ-ਹੌਲ਼ੀ ਦਿਲ 'ਤੇ ਪੱਥਰ ਧਰਾਂਗਾ ਮੈਂ।
ਕੁੱਲ ਦੁਨੀਆਂ ਦੀਆਂ ਖੁਸ਼ੀਆਂ ਤੈਨੂੰ ਮਿਲ ਜਾਵਣ,

ਅਪਣੀਆਂ ਪੀੜਾਂ ਤਾਂ ਆਪੇ ਜਰਾਂਗਾ ਮੈਂ।
ਪੈਰੀਂ ਬੇੜੀ ਹੱਥਾਂ ਦੇ ਵਿਚ ਹੱਥਕੜੀਆਂ,
ਇਸ਼ਕ ਸਮੁੰਦਰਾਂ ਦੇ ਵਿਚ ਆਪੇ ਤਰਾਂਗਾ ਮੈਂ।
ਜਿੱਤਣ ਦੇ ਲਈ ਭਾਵੇਂ ਬਾਜ਼ੀ ਨਹੀਂ ਖੇਡੀ,
ਪਰ ਸੋਚਿਆ ਨਹੀਂ ਸੀ ਏਡੀ ਛੇਤੀ ਹਰਾਂਗਾ ਮੈਂ।
ਹਨ੍ਹੇਰਿਆਂ ਨੂੰ ਚੀਰਨ ਦੇ ਦਾਅਵੇ ਕਰਦਾ ਸਾਂ
ਪਰ ਪਤਾ ਨਹੀਂ ਸੀ ਸ਼ਾਮ ਹੋਣ ਤੋਂ ਐਨਾ ਡਰਾਂਗਾ ਮੈਂ।
ਦਾਰੂ ਦੇ ਨਾਲ਼ ਸੰਧੂ ਯਾਰਾਨਾ ਪਾ ਬੈਠਾ,
ਖਰ ਚੱਲਿਆ, ਹੁਣ ਲੱਗਦਾ ਛੇਤੀ ਮਰਾਂਗਾ ਮੈਂ।


ਗਣਤੰਤਰ ਦੇ 58 ਵਰ੍ਹੇ.......... ਨਜ਼ਮ/ਕਵਿਤਾ / ਰਿਸ਼ੀ ਗੁਲਾਟੀ

ਗਣਤੰਤਰ ਦੇ 58 ਵਰ੍ਹੇ
ਮੁੱਠੀ ‘ਚੋਂ ਰੇਤ ਵਾਂਗ ਕਿਰੇ
ਕਾਨੂੰਨ ਅਨੁਸਾਰ
58 ਵਾਲਾ ਕਾਬਲ ਨਹੀਂ ਰਹਿੰਦਾ
ਸੰਵਿਧਾਨ ਖੁਦ 58 ਦਾ ਹੋ ਗਿਆ

ਵੇਖਦੇ ਹਾਂ, ਹੁਣ ਕੋਈ ਕੀ ਕਹਿੰਦਾ ?
58 ਵਰ੍ਹੇ, ਇੱਕ ਲੰਮਾ ਸਫ਼ਰ
ਗੱਡੇ ਤੋਂ ਗੱਡੀ ਦਾ
ਪਜਾਮੇ ਤੋਂ ਕੈਪਰੀ ਦਾ
ਦਸਤਾਰ ਤੋਂ ਟੋਪੀ ਦਾ
ਧਰਤੀ ਤੋਂ ਖਲਾਅ ਦਾ
ਇਸ ਸਫ਼ਰ ‘ਚ ਕਈ ਸਟੇਸ਼ਨ
ਚੰਦਰਾ ਸਟੇਸ਼ਨ ’84 ਦਾ
ਰੋਂਦਾ ਅੱਜ ਵੀ ਮੇਰਾ ਦਿਲ
ਸੁੰਞੀ ਗੋਦ ਤੇ ਸੁੰਞੀ ਮਾਂਗ
ਬੁੱਢੀ ਅੱਖ ‘ਚ ਰਹਿੰਦੀ ਸਿੱਲ੍ਹ
ਧਰਮ ਦੇ ਨਾਂ ਤੇ ਦੰਗੇ
ਗੋਧਰਾ ਤੇ ਬਾਬਰੀ
ਕਿੰਨਾ ਕੁ ਖੂਨ ਹੋਰ ਮੰਗੇ
ਮੌਕਾਪ੍ਰਸਤ ਲੋਕ
ਧਰਮ ਦੇ ਨਾਂ ਤੇ ਵੋਟ
ਭੜਕਾਉਂਦੇ
ਭਰਾ ਨਾਲ ਭਰਾ ਲੜਾਉਂਦੇ
ਭੜਕਾਇਆ
ਕੁਰਸੀ ਨੂੰ ਪਾਇਆ
ਜਨਤਾ ਨੇ ਮੌਤ ਨੂੰ ਗਲ ਲਾਇਆ
ਹਰ ਦੁੱਖ ਜਨਤਾ ਨੇ ਸਹਿਣਾ
ਰਾਮ ਹੋਵੇ ਜਾਂ ਰਹੀਮ ਹੋਵੇ
ਆਮ ਜਨਤਾ ਨੇ ਕੀ ਲੈਣਾ ?
58 ਵਰ੍ਹੇ
ਬੇਕਾਰੀ ਦੇ, ਬੇਰੋਜ਼ਗਾਰੀ ਦੇ
ਵਧਦੀਆਂ ਲੁੱਟਾਂ, ਚੋਰੀ ਚਕਾਰੀ ਦੇ
ਦਹੇਜ ਦੀਆਂ ਲਪਟਾਂ
ਢੋਂਗੀ ਬਾਬਿਆਂ ਦੀ ਸਰਦਾਰੀ ਦੇ
ਅਨਪੜ੍ਹਤਾ ਤੇ ਮਕਾਰੀ ਦੇ
ਭ੍ਰਿਸ਼ਟਾਚਾਰੀ ਤੇ
ਬੇ-ਲਗਾਮ ਠਾਣੇਦਾਰੀ ਦੇ
ਲਿੰਗ ਅਨੁਪਾਤ ਦਾ ਵਧਦਾ ਪਾੜਾ
ਦੂਜੇ ਦੀ ਤਰੱਕੀ ‘ਤੇ ਸਾੜਾ
ਘਟੀਆ ਰਾਜਨੀਤੀ
ਉਹ ਤਾਂ ਗਿਆ
ਜਿਸਨੇ ਮੁਖਾਲਫ਼ਤ ਕੀਤੀ
ਸਾਨੂੰ ਸੁਚੇਤ ਹੋਣਾ ਪੈਣਾ
ਭਗਤ ਤੇ ਊਧਮ ਸਰਦਾਰ
ਸਾਨੂੰ ਹੈ ਬਣਨਾ ਪੈਣਾ
ਗਿਆ ਜ਼ਮਾਨਾ ਗਾਂਧੀ ਦਾ
ਹੱਕਾਂ ਲਈ ਲੜਨਾ ਪੈਣਾ
ਰਿਸ਼ਵਤਖੋਰੀ ਜੜ੍ਹਾਂ ‘ਚ ਭਾਰਤ ਦੇ
ਇਸ ਨੂੰ ਜੜ੍ਹੋਂ ਹੀ ਵੱਢਣਾ ਪੈਣਾ
ਕਿਉਂ ਨਹੀਂ ਚਿੰਤਾ
ਗਲੋਬਲ ਵਾਰਮਿੰਗ ਦੀ
ਘਟਦੇ ਕੁਦਰਤੀ ਸੋਮਿਆਂ ਦੀ
ਸਮਝਦੇ ਨਹੀਂ ਇਸ਼ਾਰਾ ਕੁਦਰਤ ਦਾ
ਹਰ ਸਾਲ ਵਧਦੀ ਗਰਮੀ, ਸਰਦੀ ਦਾ
ਬੱਸ ਰੇਹਾਂ ਸਪਰੇਆਂ ਸੁੱਟੀ ਜਾਂਦੇ ਹਾਂ
ਧਰਤੀ ਮਾਂ ਦੀ ਕੋਖ ਲੁੱਟੀ ਜਾਂਦੇ ਹਾਂ
ਨਵੇਂ ਰੁੱਖ ਤਾਂ ਲਗਾਉਣੇ ਕੀ
ਪੁਰਾਣੇ ਵੱਢ-ਵੱਢ ਸੁੱਟੀ ਜਾਂਦੇ ਹਾਂ
ਕਿਰਤ ਕਰੋ ਤੇ ਵੰਡ ਛਕੋ
ਹਾਏ ਮੇਰੇ ਮੌਲਾ
ਕਿਰਤ ਕਰਨ ਵਾਲੇ ਹੋਰ
ਛਕਣ ਵਾਲੇ ਹੋਰ
ਕਰਮਾਂ ਦੀ ਖੇਡ ਸਮਝ
ਸੁੱਤਾ ਪਿਆ ਕਿਰਤੀ
ਅੰਧ ਵਿਸ਼ਵਾਸ
ਬਾਬਿਆਂ ਨਾਲ ਬਿਰਤੀ
ਜਾਗ ਕਿਰਤੀ ਜਾਗ
ਜੇਕਰ ਤੂੰ ਸੁੱਤਾ ਰਿਹਾ
ਤੇਰੇ ਸੁੱਤੇ ਰਹਿਣਗੇ ਭਾਗ
ਆਓ ਸਾਥੀਓ ਆਓ
ਹੱਥ ਨਾਲ਼ ਹੱਥ ਮਿਲਾਓ
ਮੌਜੂਦਾ ਸਮੱਸਿਆਵਾਂ ਨੂੰ
ਰਲ ਕੇ ਸੁਲਝਾਓ
ਤਰੱਕੀ ਕਿਵੇਂ ਨਾਂ ਹੋਵੇਗੀ
ਜੇ ਹਿੰਮਤ ਕਰੇ ਇਨਸਾਨ
ਹਰ ਚਿਹਰਾ ਜੇਕਰ ਟਹਿਕੇਗਾ
ਤਾਂ ਹੋਵੇਗਾ ਮੇਰਾ ਭਾਰਤ ਮਹਾਨ
****

ਕਰੋ ਤਰਸ ਕੁਝ........... ਕਾਵਿ ਵਿਅੰਗ / ਰਣਜੀਤ ਆਜ਼ਾਦ ਕਾਂਝਲਾ

ਕਰੋ ਤਰਸ ਕੁਝ ਸਾਡੇ ਪਾੜ੍ਹਿਆਂ 'ਤੇ
'ਵਾਜ ਸਪੀਕਰ ਦੀ ਨੀਵੀਂ ਲਾ ਰੱਖੋ।
ਦਿਹੁੰ ਪੇਪਰਾਂ ਦੇ ਪੜ੍ਹਾਈ 'ਚ ਮਗ੍ਹਨ ਪਾੜੇ
ਮਾਹੌਲ ਪੜ੍ਹਾਈ ਦਾ ਤੁਸੀਂ ਬਣਾ ਰੱਖੋ।
ਤਿੱਖੀ ਆਵਾਜ਼ ਕੰਨਾਂ ਦੇ ਪਾੜ ਪਰਦੇ,

ਭਜਨ-ਬੰਦਗੀ ਦਾ ਗਾਹ ਨਾ ਪਾ ਰੱਖੋ।
ਸਾਡੇ ਮਨਾਂ 'ਚ ਸਦਾ ਹੀ ਰੱਬ ਵਸਦਾ
ਐਵੇਂ ਖ਼ੁਦਾ ਨੂੰ ਚੱਕਰੀਂ ਨਾ ਪਾ ਰੱਖੋ।


ਫਿਰਦੇ ਫਿੱਸੇ-ਫਿੱਸੇ ਲੋਕ.......... ਗ਼ਜ਼ਲ / ਹਰਕੀਰਤ ਬੱਬੀ ਰਣਸੀਂਹ ( ਕੈਲਗਰੀ )

ਧਰਤ 'ਤੇ ਚਿੱਟੀ ਬਰਫ ਦੀ ਚਾਦਰ, ਤੇ ਨੇ ਚਿੱਟੇ-ਚਿੱਟੇ ਲੋਕ
ਗੂੜ੍ਹੇ ਰੰਗਾਂ ਵਾਲ਼ੇ ਵੀ ਨੇ , ਏਥੇ ਫਿੱਕੇ- ਫਿੱਕੇ ਲੋਕ

ਓਥੇ ਛੋਟੇ ਘਰ ਹੁੰਦੇ ਸੀ , ਦਿਲ ਵੱਡੇ ਸਨ ਯਾਰਾਂ ਦੇ
ਵੱਡੇ-ਵੱਡੇ ਘਰਾਂ 'ਚ ਵਸਦੇ, ਏਥੇ ਨਿੱਕੇ-ਨਿੱਕੇ ਲੋਕ

ਚੰਗਾ ਖਾਣਾ ਕੰਮ ਤੇ ਕਸਰਤ, ਚੰਗੀ ਸਿਹਤ ਸਰੀਰਾਂ ਦੀ

ਬਾਹਰੋਂ ਨੌਂ-ਬਰ-ਨੌਂ ਦਿਸਦੇ ਨੇ, ਅੰਦਰੋਂ ਲਿੱਸੇ-ਲਿੱਸੇ ਲੋਕ

ਕੰਨਾਂ ਦੇ ਵਿਚ ਹਮਰ ਦੀ ਘੂਕਰ, ਅੱਖਾਂ ਦੇ ਵਿਚ ਬੰਜਰ ਸੁਪਨੇ
ਕਿਸ਼ਤਾਂ ਦੇ ਪਰ ਝੰਬੇ ਹੋਏ, ਫਿਰਦੇ ਫਿੱਸੇ-ਫਿੱਸੇ ਲੋਕ

ਜੋ ਪੂਰਬ ਵਿਚ ਦਿਨ ਚੜ੍ਹਦੇ ਦੀ ਲਾਲੀ ਬਣਕੇ ਜਿਉਂਦੇ ਸੀ
ਉਹ ਪੱਛਮ ਵਿਚ ਸੂਰਜ ਵਾਂਗੂੰ ਫਿਰਦੇ ਛਿੱਪੇ-ਛਿੱਪੇ ਲੋਕ

ਤੇਰੇ ਵਾਂਗੂ ਇਹ ਵੀ 'ਬੱਬੀ' ਮੁੜ ਜਾਵਣਗੇ ਲੋਚ ਰਹੇ
ਵਕਤ ਦੇ ਪਹੀਏ ਹੇਠ ਨੇ ਦਿਸਦੇ,ਜੋ ਇਹ ਚਿੱਪੇ-ਚਿੱਪੇ ਲੋਕ


ਮਕਬੂਲੀਅਤ.......... ਨਜ਼ਮ/ਕਵਿਤਾ / ਹਰੀ ਸਿੰਘ ਮੋਹੀ

ਮਨਫ਼ੀ ਹੋ ਜਾਂਦੇ ਹੋ
ਕਈ ਮਨਾਂ 'ਚੋਂ
ਸੱਚ ਨੂੰ ਸੱਚ ਆਖ
ਮਿਲ ਜਾਏ ਮਕਬੂ਼ਲੀਅਤ
ਤੰਗ -ਨਜ਼ਰੀ ਦੀ

ਨਜ਼ਰ ਵਿੱਚ
ਕੱਚ ਨੂੰ ਵੀ ਸੱਚ ਆਖ
ਸੱਚ ਦੇ ਸਾਹਾਂ ਬਿਨਾਂ ਪਰ
ਜੀਣ ਸੰਭਵ ਹੀ ਨਹੀਂ ਜੇ
ਕੌਣ ਫਿਰ
ਮਕਬੂਲੀਅਤ ਲਈ
ਝੋਲ ਚੁੱਕੇ
ਝੂਠਿਆਂ ਦੀ...????

ਆਖ ਨਾ ਸਾਰਾ ਹੀ ਕੁਝ.......... ਗ਼ਜ਼ਲ / ਜਸਪਾਲ ਘਈ (ਪ੍ਰੋ.)

ਗੁਫ਼ਤਗੂ ਅੰਦਰ ਕੋਈ ਚੁੱਪ ਦੀ ਸਦਾਅ ਵੀ ਰਹਿਣ ਦੇ
ਆਖ਼ ਨਾ ਸਾਰਾ ਹੀ ਕੁਝ, ਕੁਝ ਅਣਕਿਹਾ ਵੀ ਰਹਿਣ ਦੇ

ਮੈਨੂੰ ਅਪਣਾ ਵੀ ਬਣਾ, ਮੈਨੂੰ ਮਿਰਾ ਵੀ ਰਹਿਣ ਦੇ
ਨੇੜਤਾ ਵੀ ਰੱਖ, ਥੋੜ੍ਹਾ ਫਾਸਲਾ ਵੀ ਰਹਿਣ ਦੇ


ਅੰਬਰਾਂ ਦੇ ਸਰਵਰੀਂ ਜੀ ਭਰ ਕੇ ਤਾਰੀ ਵੀ ਲਗਾ
ਜਿ਼ਹਨ ਵਿਚ ਮਹਿਫੂ਼ਜ਼ ਪਿੰਜਰੇ ਦਾ ਵੀ ਰਹਿਣ ਦੇ

ਹਾਲੇ ਤਾਂ ਅਪਣਾ ਤੁਆਰਫ਼ ਹੀ ਕਰਾ ਐ ਮਨ ਮਿਰੇ
ਧਰਤ ਅੰਬਰ ਛੱਡ ਪਰ੍ਹਾਂ, ਜੰਨਤ ਖ਼ੁਦਾ ਵੀ ਰਹਿਣ ਦੇ

ਇਹ ਮੁਹੱਬਤ ਦਾ ਲਿਫ਼ਾਫ਼ਾ ਕੋਲ਼ ਰੱਖ, ਸਭ ਨੂੰ ਵਿਖਾ
ਇਸ 'ਚ ਭਾਵੇਂ ਖ਼ਤ ਨਾ ਰੱਖ, ਇਸ 'ਤੇ ਪਤਾ ਵੀ ਰਹਿਣ ਦੇ

ਦੋਸਤੀ ਤੇ ਦੁਸ਼ਮਣੀ ਵਿਚ ਕੁਝ ਤਾਂ ਹੋਵੇ ਰਾਬਤਾ
ਗੱਲ ਫੁੱਲਾਂ ਦੀ ਵੀ ਕਰ, ਮਨ ਵਿਚ ਛੁਰਾ ਵੀ ਰਹਿਣ ਦੇ

ਪੀੜ ਪ੍ਰਾਹੁਣੀ ਦਿਲ ਦੇ ਦੁਆਰੇ.......... ਗੀਤ / ਜਸਵਿੰਦਰ ਸੰਧੂ


( ਡਾ. ਅਸ਼ੋਕ ਨੂੰ )

ਪੀੜ ਪ੍ਰਹੁਣੀ ਦਿਲ ਦੇ ਦੁਆਰੇ, ਨਿਤ ਹੀ ਆ ਕੇ ਬਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ, ਧੂਹ ਕਾਲ਼ਜੇ ਪੈ ਜਾਂਦੀ

ਯਾਦਾਂ ਵਾਲ਼ੇ ਪੰਛੀ ਕਿੱਧਰੇ, ਭਰਦੇ ਆ ਪਰਵਾਜ਼ ਜਦੋਂ
ਤੇਰੇ ਸ਼ਹਿਰੋਂ ਖਾਲੀ ਮੁੜ ਕੇ, ਹੁੰਦੇ ਆ ਨਾਰਾਜ਼ ਜਦੋਂ
ਨਾਲ਼ ਚਾਵਾਂ ਦੇ ਭਰੀ ਉਡਾਰੀ, ਅੱਧ ਵਿਚਾਲ਼ੇ ਰਹਿ ਜਾਂਦੀ,

ਜਦ ਵੀ ਚੇਤਾ ਆਉਂਦਾ ਤੇਰਾ...

ਇਹ ਅੱਖੀਆਂ ਦੇ ਦੋਵੇਂ ਢਾਰੇ, ਆਪ ਮੁਹਾਰੇ ਚੋ ਜਾਂਦੇ
ਰਹਾਂ ਕੋਠੇ ਤੋਂ ਕਾਗ ਉਡਾਉਂਦੀ, ਰੋਜ਼ ਹਨੇਰ੍ਹੇ ਹੋ ਜਾਂਦੇ
ਟੁੱਟਦੀ ਨਾ ਇਹ ਤੰਦ ਆਸ ਦੀ, ਥੱਕ ਹਾਰ ਕੇ ਬਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...

ਕਾਹਦਾ ਆਇਆ ਸਾਉਣ ਮਹੀਨਾ, ਅਪਣਾ ਰੰਗ ਵਿਖਾ ਚੱਲਿਆ
ਵਿਚ ਸੀਨੇ ਦੇ ਧੁਖੇ ਚਿੰਗਾਰੀ, ਉਹਨੂੰ ਲਾਂਬੂ ਲਾ ਚੱਲਿਆ
ਵਗਦੀ ਠੰਢੀ ਹਵਾ ਪੁਰੇ ਦੀ, ਜਜ਼ਬਾਤਾਂ ਨਾਲ਼ ਖਹਿ ਜਾਂਦੀ
ਜਦ ਵੀ ਚੇਤਾ ਆਉਂਦਾ ਤੇਰਾ...

ਪੈੜ ਚਾਲ ਕੋਈ ਗਲੀ਼ 'ਚ ਹੋਵੇ, ਤੇਰਾ ਭੁਲੇਖਾ ਪਾ ਜਾਂਦੀ
ਨਾਲ਼ ਹਵਾ ਦੇ ਬੂਹੇ ਖੜਕਣ,ਭੱਜ ਦਰਾਂ ਵੱਲ ਆ ਜਾਂਦੀ
ਤੇਰੀ ਇਹ ਜਸਵਿੰਦਰਾ ਦੂਰੀ, ਹੱਡਾਂ ਦੇ ਵਿੱਚ ਲਹਿ ਜਾਂਦੀ,
ਜਦ ਵੀ ਚੇਤਾ ਆਉਂਦਾ ਤੇਰਾ...

ਯਾਦਾਂ ਦੇ ਪਰਛਾਵੇਂ............ ਨਜ਼ਮ/ਕਵਿਤਾ / ਉਕਤਾਮੋਏ ( ਉਜਬੇਕਿਸਤਾਨ )

ਵਲ਼ ਖਾਂਦੀਆਂ ਸੁੰਦਰੀਆਂ
ਤੇ ਉਨ੍ਹਾਂ ਦੀ ਫੈਲਦੀ ਖੁ਼ਸ਼ਬੂ
ਕੀ ਸੂਰਜ ਦੀ ਆਤਮਾ ਖੁਸ਼ ਹੋਵੇਗੀ
ਫੁੱਲਾਂ ਨੇ ਪੂਰੀ ਜਿ਼ੰਦਗੀ ਦਾਅ 'ਤੇ ਲਾ ਦਿੱਤੀ
ਤੇ ਅੰਤ ਮੈਂ ਤੈਨੂੰ ਲੱਭ ਲਿਆ
ਤੇਰੇ ਬਿਨਾਂ

ਜਿ਼ੰਦਗੀ ਦੀ ਮਚਦੀ ਲਾਟ 'ਤੇ ਕਿਵੇਂ ਰਹਿੰਦੀ
ਆਪਣੇ ਦਿਲ ਦੇ ਧਾਗਿਆਂ ਨਾਲ਼
ਮੈਂ ਟੰਗਣ ਲਈ ਡੋਰ ਬੁਣਾਂਗੀ
ਉਨ੍ਹਾਂ ਸਿਰਾਂ ਲਈ
ਜੋ ਪਿਆਰ ਅੱਗੇ ਨਹੀਂ ਝੁਕੇ
ਕਿੰਨਾ ਅਪਣੱਤ ਭਰਿਆ ਹੈ ਤੇਰਾ ਸਬਰ
ਮੇਰੀਆਂ ਗੁਆਚੀਆਂ ਰਾਤਾਂ ਨੂੰ
ਲੋੜ ਹੈ ਖ਼ੁਦਾ ਨਾਲ਼ ਮਿਲਣ ਦੀ
ਅਪਣੇ ਕਵਚ 'ਚ ਲੁਕੇ ਦਰਦ ਨੂੰ ਪਿਘਲਾ ਲੈ
ਉਨ੍ਹਾਂ ਸੁਭਾਗੇ ਪਲਾਂ 'ਚ
ਮੈਂ ਦਿਲ ਦੀ ਅਗਨ ਨਾਲ਼
ਅਸਮਾਨੀਂ ਲੈ ਉਡਾਂਗੀ
ਤੂੰ ਮੁਹੱਬਤ ਮੰਗੀਂ ਤਾਂ ਸਹੀ
ਮੈਂ ਮੁਹੱਬਤ ਦੇ ਪਹਾੜਾਂ ਦੇ ਅੰਬਾਰ ਲਗਾ ਦੇਵਾਂਗੀ
ਜਿਥੋਂ ਅਦਿਸ ਤੋਂ ਮੰਗਿਆ ਮੈਂ ਪਾਇਆ ਤੈਨੂੰ
ਤਾਂ ਕਿ 'ਕੱਲੀ ਡੁੱਬ ਨਾ ਜਾਵਾਂ
ਤੇਰੀ ਚਾਹਤ ਦੀ ਪਰਛਾਈਂ 'ਚ......

--- ( ਲਿਪੀਅੰਤਰ : ਸਵਰਨਜੀਤ ਸਵੀ )


ਮਿੱਟੀ ਦਾ ਮੋਹ..........ਗੀਤ / ਗੁਰਾਂਦਿੱਤਾ ਸੰਧੂ ਸੁਖਣਵਾਲ਼ੀਆ

ਮਿੱਟੀਏ ਨੀ ਮਿੱਟੀਏ ਪੰਜਾਬ ਦੀਏ ਮਿੱਟੀਏ
ਮੈਨੂੰ ਤੇਰੇ ਨਾਲ਼ ਬੜਾ ਮੋਹ
ਦੇਸ਼ਾਂ ਤੇ ਵਿਦੇਸ਼ਾਂ ਵਿਚ ਬੈਠਿਆਂ ਵੀ ਆਵੇ
ਤੇਰੀ ਮਮਤਾ ਜਿਹੀ ਖੁ਼ਸ਼ਬੋ


ਮੈਨੂੰ ਗੋਦੀ 'ਚ ਬਿਠਾ ਕੇ, ਭੱਤਾ ਸਿਰ 'ਤੇ ਟਿਕਾ ਕੇ
ਬੇਬੇ ਖੇਤਾਂ ਵਿਚ ਜਾ ਕੇ ਮੈਨੂੰ ਦੱਸਦੀ
ਤੇਰੇ ਬਾਪ ਦੀ ਕਮਾਈ, ਮੱਕੀ ਗੋਭਿਆਂ 'ਤੇ ਆਈ
ਰੰਗ ਮਿਹਨਤ ਲਿਆਈ ਸਰੋਂ੍ਹ ਹੱਸਦੀ
ਪਿੱਪਲਾਂ਼ ਤੇ ਪੀਘਾਂ ਦੇ ਨਜ਼ਾਰੇ ਨਾ ਭੁਲਾਏ ਜਾਂਦੇ
ਮੇਰੇ ਨਾਲ਼ ਹੁੰਦੀ ਮੇਰੀ ਉਹ..........

ਜਦੋਂ ਹੋਲੀ ਸੀ ਮਨਾਉਂਦੇ, ਰੰਗ ਭਾਬੀਆਂ 'ਤੇ ਪਾਉਂਦੇ
ਤੇ ਮਜ਼ਾਕ ਮਨ-ਭਾਉਂਦੇ ਕਰ ਜਾਂਦੇ ਸੀ
ਪਾਉਂਦੇ ਗਿੱਧੇ 'ਚ ਧਮਾਲ, ਬਾਂਹ ਫੜ੍ਹ ਭਾਬੀ ਨਾਲ਼
ਸਾਡੇ ਭਾਈ ਵੀ ਕਮਾਲ ਕਰ ਜਾਂਦੇ ਸੀ
ਨਾਨਕਿਆਂ ਦੀ ਜਾਗੋ ਨੇ ਜਗਾਤਾ ਪਿੰਡ ਸਾਰਾ
ਕਿੰਨੀ ਸੋਹਣੀ ਲੱਗੇ ਦੀਵਿਆਂ ਦੀ ਲੋਅ.....

ਮੇਰੀ ਕਲਮ.......... ਗੀਤ / ਗੁਰਜੀਤ ਟਹਿਣਾ

ਜੀ ਕਰਦਾ ਕੋਈ ਗੀਤ ਲਿਖਾਂ
ਜੋ ਹੋਵੇ ਪੋਹ ਦੀ ਧੁੱਪ ਵਰਗਾ
ਜੋ ਆਪ ਮੁਹਾਰੇ ਲਿਖ ਹੋਜੇ
ਲਿਖ ਹੋਜੇ ਸੱਜਣ ਦੀ ਚੁੱਪ ਵਰਗਾ


ਕਦੀਂ ਸੋਚਾਂ ਕੋਈ ਨਜ਼ਮ ਬਣੇ
ਹੋ ਨਿੱਬੜੇ ਬੀਤੇ ਸੱਚ ਵਰਗੀ
ਜਾਂ ਹੰਝੂ ਵਰਗੀ ਬਣ ਜਾਵੇ
ਜਾਂ ਬਣੇ ਉਦਾਸੀ ਅੱਖ ਵਰਗੀ

ਕਈ ਵਾਰ ਕਲਮ ਕੁਝ ਲਿਖਣ ਲਈ
ਜ਼ਜ਼ਬਾਤੀ ਹੋ ਹੋ ਬਹਿੰਦੀ ਏ
ਝੱਲੀ ਜਿਹੀ ਦਿਲ ਦੀ ਹਾਲਤ ਤੱਕ
ਇਹ ਕਲਮ ਮੇਰੀ ਰੋ ਪੈਂਦੀ ਏ

ਜਦ ਗੇੜਾਂ ਸੋਚ ਦੀ ਚਰਖੀ ਨੂੰ
ਮੁੜ ਮੁੜ ਉਹ ਇੱਕ ਥਾਂ ਆਉਂਦੀ ਏ
ਕਦੇ ਜਿੰਦ ਪੀੜਾਂ ਨੂੰ ਕੱਤਦੀ ਏ
ਤੰਦ ਤੇਰੇ ਹਿਜ਼ਰ ਦੇ ਪਾਉਂਦੀ ਏ

ਰੰਗ ਸੁਰਖਾਂ ਦੀ ਤਸਵੀਰ ਬਣੀ
ਬਣ-ਬਣ ਆਪੇ ਹੀ ਢਹਿੰਦੀ ਏ
ਇਹ ਜਿ਼ੰਦਗੀ ਇੱਕ ਮੁੱਠ ਰੇਤੇ ਦੀ
ਅਣਚਾਹੀ ਕਿਰਦੀ ਰਹਿੰਦੀ ਏ

ਪਰਵਾਜ਼ ਦਾ ਵੀ ਹੈ ਖਿ਼ਆਲ...ਗ਼ਜ਼ਲ / ਡਾ. ਸ਼ਮਸ਼ੇਰ ਮੋਹੀ


ਹੁਣ ਨਹੀਂ ਆਉਂਦਾ ਜਿਨ੍ਹਾਂ ਨੂੰ ਭੁੱਲ ਕੇ ਸਾਡਾ ਖਿ਼ਆਲ
ਯਾਦ ਆਉਂਦੇ ਹੋਰ ਵੀ ਉਹ ਹਰ ਬਦਲਦੀ ਰੁੱਤ ਦੇ ਨਾਲ਼

ਕਿਸ ਤਰ੍ਹਾਂ ਮੈਂ ਪੇਟ ਖ਼ਾਤਰ ਖੰਭ ਗਹਿਣੇ ਧਰ ਦਿਆਂ
ਸਿਰਫ਼ ਚੋਗੇ ਦਾ ਨਹੀਂ ਪਰਵਾਜ਼ ਦਾ ਵੀ ਹੈ ਸਵਾਲ


ਤੇਰਿਆਂ ਜ਼ੁਲਮਾਂ ਦੀ ਸ਼ਾਇਦ ਅੱਗ ਹੀ ਕੁਝ ਤੇਜ਼ ਹੈ
ਖੂਨ ਮੇਰੇ ਦਾ ਤਾਂ ਹੀ ਹੋ ਰਿਹਾ ਮੱਠਾ ਉਬਾਲ
ਔਕੜਾਂ, ਦੁਸ਼ਵਾਰੀਆਂ ਤੇ ਘਾਟਿਆਂ ਤੋਂ ਡਰਦਿਆਂ
ਤੇਰੇ ਸੰਚੇ ਵਿਚ ਨਹੀਂ ਖ਼ੁਦ ਨੂੰ ਸਕਾਂਗਾ ਫਿਰ ਵੀ ਢਾਲ

ਮੇਰੇ ਅੰਦਰਲਾ ਸਮੁੰਦਰ ਸ਼ਾਂਤ ਨਾ ਇਕ ਪਲ ਰਿਹਾ
ਮੈਂ ਕਿਵੇਂ ਉਸ ਝੀਲ ਸਾਹਵੇਂ ਬੈਠਦਾ ਆਰਾਮ ਨਾਲ਼

ਹੁਣ ਫ਼ਰੇਬੀ ਚਿਹਰਿਆਂ ਦਾ ਸੱਚ ਸਮਝਣ ਲੱਗ ਪਿਐ
ਹੁਣ ਨਹੀਂ ਇਹ ਦਿਲ ਮੇਰਾ ਪਹਿਲਾਂ ਤਰ੍ਹਾਂ ਮਾਸੂਮ ਬਾਲ

ਅਨੰਦਪੁਰ ਦੀ ਸਾਖੀ.......... ਸਾਖੀ / ਰਾਕੇਸ਼ ਵਰਮਾਂ


ਪ੍ਰਿਥਮੇ ਭਗੌਤੀ ਸਿਮਰ ਕੇ, ਫਿਰ ਨਾਮ ਧਿਆਵਾਂ ।
ਦਸਮ ਗੂਰੁ ਦੀ ਸਾਖੀ ਦਾ, ਇੱਕ ਅੰਸ਼ ਸੁਣਾਵਾਂ॥

ਵਿੱਚ ਅਨੰਦਪੁਰ, ਤੇਗ ਬਹਾਦੁਰ ਸਭਾ ਲਗਾਈ,
ਕਸ਼ਮੀਰੀ ਪੰਡਤ, ਲੱਗੇ ਪਾਵਣ ਹਾਲ ਦੁਹਾਈ।


ਮੁਗਲ ਰਾਜੇ ਨੇ ਉਹਨਾਂ ਉੱਤੇ, ਕਹਿਰ ਸੀ ਢਾਇਆ,
ਲੁਕ-ਛਿਪ ਕੇ ਪੰਡਤਾਂ ਨੇ, ਆਪਣਾ ਧਰਮ ਬਚਾਇਆ।

ਗੁਰੂ ਤੇਗ ਬਹਾਦਰ, ਕਿਰਪਾ ਰਾਮ ਨੂੰ ਕੋਲ ਬਿਠਾਇਆ,
ਅੱਤਿਆਚਾਰ ਤੋਂ ਬਚਣ ਦਾ, ਉਹਨਾਂ ਰਾਹ ਵਿਖਾਇਆ।

ਮੁਗਲਾਂ ਦੇ ਸਰਦਾਰ ਨੂੰ, ਇਹ ਸੰਦੇਸ਼ ਪੁਜਾਵੋ,
ਪਹਿਲਾਂ ਸਾਡੇ ਗੁਰੂ ਨੂੰ, ਮੁਸਲਮਾਨ ਬਣਾਵੋ।

ਫੇਰ ਆਖਿਆ ਗੁਰਾਂ ਨੇ, ਹੁਣ ਕੋਈ ਅੱਗੇ ਆਵੇ,
ਧਰਮ ਹੇਤ ਸਿਰ ਦੇ ਕੇ, ਜੋ ਕੁਰਬਾਨੀ ਪਾਵੇ।

ਬਾਲ ਗੁਰੂ ਗੋਬਿੰਦ, ਸਭਾ ਵਿੱਚ ਹੱਥ ਉਠਾਇਆ,
ਨਾਲ ਨਿਮਰਤਾ ਪਿਤਾ ਨੂੰ, ਇਹ ਬਚਨ ਸੁਣਾਇਆ।

ਤੁਹਾਡੇ ਨਾਲੋਂ ਵੱਡਾ, ਗੁਰੂ ਇਸ ਵੇਲੇ ਕਿਹੜਾ,
ਧਰਮ ਦੀ ਰੱਖਿਆ ਖਾਤਰ, ਸੀਸ ਦੇਵੇਗਾ ਜਿਹੜਾ॥

ਪੁੱਤਰ ਦੀ ਗੱਲ ਸੁਣ ਕੇ, ਗੁਰੂ ਜੀ ਮੁਸਕਰਾਏ,
ਉਸੇ ਵੇਲੇ ਦਿੱਲੀ ਵੱਲ, ਉਹਨਾਂ ਚਾਲੇ ਪਾਏ।

ਮਜ਼ਲੂਮ ਦੀ ਰੱਖਿਆ ਖਾਤਰ, ਉਹਨਾਂ ਧਰਮ ਨਿਭਾਇਆ,
ਸੀਸ ਗੰਜ ਉਹ ਸਥਾਨ ਐ, ਜਿੱਥੇ ਸੀਸ ਗਵਾਇਆ।

ਗੁਰਾਂ ਦੀ ਜੀਵਨ ਸਾਖੀ ਤੋਂ, ਇਹ ਸਿੱਖਿਆ ਖੱਟੀਏ,
ਦੇਣੀ ਪਏ ਕੁਰਬਾਨੀ, ਕਦੇ ਨਾ ਪਿੱਛੇ ਹੱਟੀਏ।

ਪਤਿਤ-ਪੁਣੇ ਨੂੰ ਛੱਡੀਏ, ਚੰਗੇ ਕਰਮ ਕਮਾਈਏ,
ਦੋ ਵੇਲੇ ਕਰ ਸਿਮਰਨ, ਜੀਵਨ ਸਫਲ ਬਣਾਈਏ।

ਸਰਬੰਸ ਦਾਨੀ ਦੇ ਪੁਰਬ ਨੂੰ, ਖੁਸ਼ੀਆਂ ਨਾਲ ਮਨਾਵੋ,
ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ।

ਦਸਮ ਪਿਤਾ ਦਸ਼ਮੇਸ਼ ਦੇ, ਦੱਸੇ ਰਾਹ ਪੈ ਜਾਵੋ॥


ਕੋਰੇ ਵਰਕੇ.......... ਗ਼ਜ਼ਲ / ਰਾਜਿੰਦਰਜੀਤ ( ਯੂ. ਕੇ.)


ਕੋਰੇ ਵਰਕੇ 'ਵਾ ਵਿੱਚ ਉਡਦੇ ਰਹਿ ਜਾਣੇ
ਥਲਾਂ ਸਮੁੰਦਰਾਂ ਕਿੱਸੇ ਤੇਰੇ ਕਹਿ ਜਾਣੇ

ਪੰਛੀ ਆਲ੍ਹਣਿਆਂ ਵਿਚ ਡਰ ਕੇ ਬਹਿ ਜਾਣੇ
ਪੌਣਾਂ ਨੇ ਜਦ ਬੋਲ ਕੁਰੱਖਤੇ ਕਹਿ ਜਾਣੇ


ਜਿਸ ਦਿਨ ਤੇਰੀ ਨਜ਼ਰ ਸਵੱਲੀ ਹੋਵੇਗੀ
ਮੇਰੇ ਵਿਹੜੇ ਚੰਦ ਸਿਤਾਰੇ ਲਹਿ ਜਾਣੇ

ਵਹਿਣ ਪਏ ਜੋ ਨੀਰ ਕਦੇ ਵੀ ਮੁੜਦੇ ਨਾ
ਕਹਿੰਦੇ ਕਹਿੰਦੇ ਅਪਣੇ ਵਹਿਣੀ ਵਹਿ ਜਾਣੇ

ਮੇਰੀ ਬੈਠਕ ਵਿਚ ਜੰਗਲ ਉਗ ਆਵੇਗਾ
ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ


ਮੁੱਖ ਤੇਰਾ ਹੈ ਸੱਜਣਾ........... ਗ਼ਜ਼ਲ / ਰਣਜੀਤ ਅਜ਼ਾਦ ਕਾਂਝਲਾ

( ਡਾ. ਅਸੋ਼ਕ ਨੂੰ )

ਮੁੱਖ ਤੇਰਾ ਹੈ ਸੱਜਣਾ ਖੁੱਲ੍ਹੀ ਕਿਤਾਬ ਜਿਹਾ
ਰੋਹਬ ਤੇਰਾ ਹੈ ਪੂਰਾ ਚੰਗੇ ਨਵਾਬ ਜਿਹਾ

ਨੈਣਾਂ ਦੇ ਵਿਚ ਪ੍ਰੀਤ ਦਾ ਸਾਗਰ ਵਹਿ ਰਿਹਾ
ਚਾਂਦੀ ਰੰਗਾ ਪਾਣੀ ਵੇਖ ਚਨਾਬ ਜਿਹਾ


ਹੁਸਨ ਤੇਰੇ ਦੇ ਬਾਰੇ ਹੁਣ ਮੈਂ ਕੀ ਆਖਾਂ
ਮਹਿਕਾਂ ਸੰਗ ਭਰਪੂਰ ਹੈ ਫੁੱਲ ਗੁਲਾਬ ਜਿਹਾ

ਤੇਰੀ ਮਿੱਠੀ ਅਵਾਜ਼ ਨੇ ਪੰਛੀ ਕੀਲ ਲਏ
ਧੁਨੀ ਵਲ਼ੇਵੇਂ ਖਾਂਦੀ ਵੱਜੇ ਰਬਾਬ ਜਿਹਾ

ਟੋਰ ਤੇਰੀ ਨੂੰ ਵੇਖ ਮਿਰਗ ਵੀ ਪਏ ਛਿੱਥੇ
ਫਲ਼ਦੀ ਥਾਂ ਨੂੰ ਜਾਏ ਵਹਿੰਦਾ ਆਬ ਜਿਹਾ

ਪ੍ਰੇਮ ਦੀ ਗੂੜ੍ਹੀ ਨੀਂਦਰ ਭੈੜੀ ਦੱਬ ਬੈਠੀ
ਅੱਖ ਖੋਲ੍ਹਾਂ ਤਾਂ ਸੋਚਾਂ ਕੀ ਏ ਖ਼ਾਬ ਜਿਹਾ

ਢੂੰਡ ਥੱਕੇ ਸਭ ਦੁਨੀਆਂ ਐਸਾ ਮਿਲਿਆ ਨਾ
ਹੁਸਨ ਕਿਤੇ ਨਾ ਡਿੱਠਾ ਤੇਰੇ ਸ਼ਬਾਬ ਜਿਹਾ

ਆਜ਼ਾਦ ਤਿਰੇ ਬਿਨ ਸਾਡੀ ਮਹਿਫਿ਼ਲ ਸੱਖਣੀ ਹੈ
ਤੂੰ ਜਾਪੇਂ ਤਾਂ ਸਾਨੂੰ ਸਦਾ ਜਨਾਬ ਜਿਹਾ


ਨਵਾਂ ਸਾਲ...........ਕਾਵਿ ਵਿਅੰਗ / ਜਾਗੀਰ ਸੱਧਰ

ਨੀਲੀ ਛੱਤ ਥੱਲੇ ਸੰਵੀਏ ਭੋਂਇੰ ਉੱਤੇ
ਸਾਡੇ ਲਈ ਕੁਝ ਸਿਰ ਛੁਪਾਣ ਲਈ ਘੱਲ ।

ਚਿਹਰੇ ਉੱਤੇ ਪਲਿੱਤਣਾਂ ਛਾ ਗਈਆਂ
ਖੁਸ਼ੀ ਜਿਹਾ ਕੁਝ ਚਿਹਰਾ ਚਮਕਾਣ ਲਈ ਘੱਲ ।


ਸਰਦ ਰੁੱਤ ਅਤੇ ਠੰਡਾ ਯਖ਼ ਮੌਸਮ
ਨੰਗੇ ਬਦਨ ਸਾਡੇ, ਕੁਝ ਪਾਣ ਲਈ ਘੱਲ ।

ਨਵੇਂ ਸਾਲ ਦਾ ਕਾਰਡ ਨਾ ਘੱਲ ਸਾਨੂੰ
ਘੱਲ ਸਕਦੈਂ ਤਾਂ ਕੁੱਝ ਖਾਣ ਲਈ ਘੱਲ ।


ਬੱਚਾ.......... ਨਜ਼ਮ/ਕਵਿਤਾ / ਅਨਿਲ ਆਦਮ

ਬੱਚਾ
ਛੱਪੜੀ ਦੇ ਮੈਲੇ ਪਾਣੀਆਂ ‘ਚ
ਤੱਕ ਕੇ ਚੰਨ ਦਾ ਅਕਸ
ਪਰਚ ਗਿਆ ਹੈ


ਵੱਡਾ
ਬਲੀ ਕੁਦਰਤ ਨੂੰ ਸਰ ਕਰ ਕੇ
ਚੰਨ ਦੀ ਟੁਕੜੀ ਤੇ ਪੈਰ ਧਰ ਕੇ
ਵੀ ਪਿਆ ਬੱਸ ਭਟਕਦਾ ਹੈ

ਬੱਚਾ ਤਾਂ ਚਲੋ ਬੱਚਾ ਹੈ
ਵੱਡੇ ਹੋ ਕੇ ਅਸਾਂ ਵੀ ਭਲਾ
ਕੀ ਖੱਟਿਆ ਹੈ..................!

ਸ਼ਬਦ ਸਾਂਝ – ਮਾਂ ਬੋਲੀ ਦੀ ਸੇਵਾ ਲਈ ਨਿਗੁਣਾ ਉਪਰਾਲਾ.......... ਸੰਪਾਦਕੀ / ਸੁਨੀਲ ਚੰਦਿਆਣਵੀ (ਮੁੱਖ ਸੰਪਾਦਕ)


ਅੱਜ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਪ੍ਰਤੀ ਕਾਫੀ ਜਿ਼ਆਦਾ ਫਿ਼ਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਹੈ, ਜਿਸ ਦੀ ਜ਼ਰੂਰਤ ਵੀ ਹੈ। ਭਾਵੇਂ ਕਿ ਪੰਜਾਬੀ ਆਪਣੇ ਆਪ ਵਿਚ ਏਨੀ ਸ਼ਕਤੀਸ਼ਾਲੀ ਹੈ, ਫਿਰ ਵੀ ਇਸ ਦੀ ਸਥਿਤੀ ਪ੍ਰਤੀ ਚੇਤੰਨਤਾ ਦਾ ਹੋਣਾ ਅਤਿ ਲਾਜ਼ਮੀ ਹੈ। ਅੱਜ ਪੰਜਾਬੀ ਪਿਆਰਿਆਂ ਦੇ ਦੁਹਾਈ ਪਾਉਣ ‘ਤੇ ਪੰਜਾਬ ਸਰਕਾਰ ਨੇ ਵੀ ਪੰਜਾਬੀ ਨੂੰ ਪੰਜਾਬ ਵਿਚ ਪੂਰਨ ਤੌਰ ‘ਤੇ ਲਾਗੂ ਕਰਨ ਦਾ ਅਹਿਦ ਲਿਆ ਹੈ। ਜੋ ਸ਼ੁਭ ਸ਼ਗਨ ਹੈ। ਭਾਵੇਂ ਕਿ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਦੂਸਰੀਆਂ ਭਾਸ਼ਾਵਾਂ ਢਾਹ ਲਾ ਰਹੀਆਂ ਹਨ, ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬੀਆਂ ਨੇ ਹਿੰਦੀ, ਅੰਗ੍ਰੇਜ਼ੀ ਭਾਸ਼ਾਵਾਂ ਨੂੰ ਫੈਸ਼ਨ ਦੇ ਤੌਰ ‘ਤੇ ਜਾਂ ਸਟੇਟਸ ਸਿੰਬਲ ਬਣਾ ਲਿਆ ਹੈ। ਉਚ ਸ਼੍ਰੇਣੀ ਕਹਾਉਣ ਵਾਲ਼ੇ ਲੋਕ ਪੰਜਾਬੀ ਤੋਂ ਪ੍ਰਹੇਜ਼ ਕਰਦੇ ਹਨ ਤੇ ਅੰਗ੍ਰੇਜ਼ੀ ਨਾਲ਼ ਹੇਜ ਜਤਾਉਂਦੇ ਹਨ। ਪਰ ਜੇ ਦੂਜਾ ਪੱਖ ਦੇਖਿਆ ਜਾਵੇ ਤਾਂ ਪੰਜਾਬੀ ਨੇ ਸੂਬਿਆਂ ਦੀਆਂ ਹੀ ਨਹੀਂ ਦੇਸ਼ਾਂ ਦੀਆਂ ਹੱਦਾਂ ਵੀ ਪਾਰ ਕਰ ਲਈਆਂ ਹਨ। ਇਸ ਵਿਚ ਸੱਭ ਤੋਂ ਵੱਡਾ ਯੋਗਦਾਨ ਪੰਜਾਬੀ ਸਾਹਿਤ ਅਤੇ ਸੰਗੀਤ ਦਾ ਰਿਹਾ ਹੈ।

ਜਿਹੜੇ ਲੋਕ ਵਿਦੇਸ਼ਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਇਧਰਲੇ ਲੋਕਾਂ ਨਾਲ਼ੋਂ ਵੀ ਜਿ਼ਆਦਾ ਮੋਹ ਹੈ ਪੰਜਾਬੀ ਨਾਲ਼। ਵਿਦੇਸ਼ਾਂ ਵਿਚ ਉਹ ਲੋਕ ਸਾਹਿਤਕ, ਸੱਭਿਆਚਾਰਕ, ਸੰਗੀਤਕ ਮਹਿਫਿ਼ਲਾਂ ਦਾ, ਸਮਾਗਮਾਂ ਦਾ ਆਯੋਜਨ ਕਰਦੇ ਰਹਿੰਦੇ ਹਨ। ਪੰਜਾਬੀ ਬੋਲਦੇ ਹਨ ਅਤੇ ਆਪਣੇ ਬੱਚਿਆਂ ਨੂੰ ਅੰਗ੍ਰਜ਼ੀ ਵਾਤਾਵਰਣ ਵਿਚ ਰੱਖ ਕੇ ਵੀ ਪੰਜਾਬੀ ਦੀ ਗੁੜ੍ਹਤੀ ਦਿੰਦੇ ਹਨ। ਓਧਰ ਵੀ ਹੁਣ ਸਾਈਨ ਬੋਰਡ ਜਾਂ ਹੋਰਡਿੰਗ ਵਗੈਰਾ ਪੰਜਾਬੀ ਵਿਚ ਆਮ ਦੇਖਣ ਨੂੰ ਮਿਲ ਜਾਂਦੇ ਹਨ।

ਸੋ ਸ਼ਬਦ ਸਾਂਝ ਵੀ ਪੰਜਾਬੀ ਦੇ ਹੱਕ ਵਿਚ ਖੜ੍ਹਨ ਦਾ ਇਕ ਛੋਟਾ ਜਿਹਾ ਤੇ ਨਿਗੂਣਾ ਜਿਹਾ ਉਪਰਾਲਾ ਹੈ ਤੇ ਜੁਗਨੂੰ ਵਾਂਗਰ ਹਨੇਰ੍ਹਿਆਂ ਨੂੰ ਰੌਸ਼ਨ ਕਰਨ ਦ ਯਤਨ ਕਰ ਰਿਹਾ ਹੈ। ਇਸ ਮੈਗਜ਼ੀਨ ਨੇ ਆਪਣੀ ਇਕ ਸਾਲ ਦੀ ਛੋਟੀ ਜਿਹੀ ਉਮਰ ਵਿਚ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਅਣਗਿਣਤ ਪੰਜਾਬੀਆਂ ਨੂੰ ਉਨ੍ਹਾਂ ਦੀ ਰੂਹ ਦੀ ਖੁਰਾਕ ਪ੍ਰਦਾਨ ਕਰਨ ਵਿਚ ਬਣਦੀ ਭੂਮਿਕਾ ਨਿਭਾਉਣ ਦੀ ਕੋਸਿ਼ਸ਼ ਕੀਤੀ ਹੈ। ਆਪਣੀ ਧਰਤੀ ਤੋਂ ਦੂਰ ਬੈਠੇ ਪੰਜਾਬੀ ਦੇ ਪੁੱਤਰਾਂ ਦੀ ਸਾਹਿਤਕ ਭੁੱਖ ਨੂੰ ਮਿਟਾਉਣ ਦਾ ਯਤਨ ਕਾਫੀ ਹੱਦ ਤੱਕ ਸਾਰਥਕ ਸਿੱਧ ਹੁੰਦਾ ਜਾਪਿਆ ਹੈ, ਕਿਉਂਕਿ ਉਨ੍ਹਾਂ ਦੀਆਂ ਮਿਲਦੀਆਂ ਲਗਾਤਾਰ ਟਿੱਪਣੀਆਂ ਅਤੇ ਮੰਗ ਨੇ ਸਾਡੇ ਅੰਦਰ ਅਕਿਹ ਸਕੂਨ ਦਿੱਤਾ ਹੈ। ਸ਼ਬਦ ਸਾਂਝ ਦੇ ਨਵੇਂ ਅੰਕ ਦੀ ਉਹਨਾਂ ਨੂੰ ਰਹਿੰਦੀ ਤਾਂਘ ਸਾਡੇ ਅੰਦਰ ਇਕ ਅਕਿਹ ਸੰਤੁਸ਼ਟੀ ਅਤੇ ਕੁਝ ਹੋਰ ਨਿਵੇਕਲ਼ਾ ਕਰਨ ਦੀ ਸ਼ਕਤੀ ਭਰਦੀ ਹੈ।

ਦਸੰਬਰ 2008 ਵਿਚ ਮੈਂ ਤੇ ਮੇਰੇ ਮਿੱਤਰ ਆਸਟ੍ਰੇਲੀਆ ਵਾਸੀ ਰਿਸ਼ੀ ਗੁਲਾਟੀ ਨੇ ਬੈਠੇ ਬੈਠਿਆਂ ਸ਼ਬਦ ਸਾਂਝ ਦੀ ਉਤਪਤੀ ਦੀ ਯੋਜਨਾ ਉਲੀਕੀ ਤੇ ਇਹ ਮੈਗਜ਼ੀਨ ਹੋਂਦ ਵਿਚ ਆ ਗਿਆ।

ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ਼ ਫ਼ਰੀਦ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਤੋਂ ਜਨਮ ਲੈ ਕੇ ਇਸ ਮੈਗਜ਼ੀਨ ਨੇ ਧਰਤੀ ਦੇ ਹਰ ਕੋਨੇ ‘ਤੇ ਆਪਣੇ ਚਾਹੁਣ ਵਾਲ਼ੇ ਲੱਭ ਲਏ ਹਨ। ਭਾਵੇਂ ਕਿ ਮੇਰਾ ਸਾਥੀ ਰਿਸ਼ੀ ਫ਼ਰੀਦਕੋਟ ਛੱਡ ਕੇ ਆਸਟ੍ਰੇਲੀਆ ਜਾ ਵਸਿਐ ਪਰ ਸਾਡਾ ਰਾਬਤਾ ਲਗਾਤਾਰ ਕਾਇਮ ਹੈ ਜਿਸ ਦਾ ਜ਼ਰੀਆ ਸ਼ਬਦ ਸਾਂਝ ਹੀ ਹੈ। ਇਸ ਮੈਗਜ਼ੀਨ ਨੇ ਦੇਸੋ਼ਂ ਵਿਦੇਸ਼ੋਂ ਅਨੇਕਾਂ ਲਿਖਾਰੀਆਂ ਨਾਲ਼ ਸਾਂਝ ਪੁਆਈ ਹੈ ।

ਇਹ ਕੋਈ ਦਾਅਵਾ ਨਹੀਂ ਕਿ ਅਸੀਂ ਪੰਜਾਬੀ ਮਾਂ ਬੋਲੀ ਲਈ ਬੜਾ ਕੁਝ ਕਰ ਰਹੇ ਹਾਂ, ਸਗੋਂ ਪੰਜਾਬੀ ਮਾਂ ਬੋਲੀ ਦਾ ਹੀ ਸਾਡੇ ‘ਤੇ ਬਹੁਤ ਵੱਡਾ ਅਹਿਸਾਨ ਹੈ ਕਿ ਇਸ ਜ਼ਰੀਏ ਹੀ ਸਾਡਾ ਗਿਆਨ ਖ਼ਜ਼ਾਨਾ ਹੋਰ ਅਮੀਰ ਹੋ ਰਿਹਾ ਹੈ ਅਤੇ ਸਾਡਾ ਇਹ ਸੌ਼ਕ ਸਾਨੂੰ ਜਿ਼ੰਦਗੀ ਦੀ ਖ਼ੂਬਸੂਰਤੀ ਪ੍ਰਦਾਨ ਕਰ ਰਿਹਾ ਹੈ। ਸੋ ਦੋਸਤੋ ਵਾਹ ਲੱਗਦੀ ਅਸੀਂ ਆਪ ਸੱਭ ਦੇ ਸਹਿਯੋਗ, ਸੂਝ ਨਾਲ਼ ਸ਼ਬਦ ਸਾਂਝ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਬੁੱਕਲ਼ ਦਾ ਨਿੱਘ ਮਾਣਦੇ ਰਹਾਂਗੇ ਅਤੇ ਇਸਦੀ ਮਹਿਕ ਨੂੰ ਧਰਤੀ ਦੀ ਹਰ ਨੁੱਕਰ ਤੱਕ ਖਿਲਾਰਨ ਦਾ ਯਤਨ ਕਰਦੇ ਰਹਾਂਗੇ।

ਦੋਸਤੋ ਸ਼ਬਦ ਸਾਂਝ ਨੇ ਸਾਹਿਤ ਦੀ ਹਰ ਵਿਧਾ ਨੂੰ ਤੁਹਾਡੇ ਨਾਲ਼ ਸਾਂਝਾ ਕਰਨ ਦਾ ਵਾਅਦਾ ਲਿਆ ਹੈ। ਇਸ ਅਧੀਨ ਗ਼ਜ਼ਲ , ਕਵਿਤਾ, ਗੀਤ, ਕਹਾਣੀ, ਵਿਅੰਗ, ਲੇਖ ਆਦਿ ਪਾਠਕਾਂ ਦੀ ਨਜ਼ਰ ਹੋਏ ਹਨ। ਹੁਣ ਇਸ ਸਾਲ ਤੋਂ ਨਵੇਂ ਕਾਲਮ ‘ਸਰਗਰਮੀਆਂ ਤੇ ‘ਨਵਾਂ ਸਾਹਿਤ ਨਵੀਆਂ ਪੁਸਤਕਾਂ’ ਵੀ ਸ਼ਾਮਿਲ ਕਰ ਰਹੇ ਹਾਂ। ਸਰਗਰਮੀਆਂ ਅਧੀਨ ਪੰਜਾਬੀ ਦੀਆਂ ਸਾਹਿਤਕ ਗਤੀਵਿਧੀਆਂ ਦਾ ਵਿਸ਼ਲੇਸ਼ਣ ਹੋਵੇਗਾ ਅਤੇ ਨਵਾਂ ਸਾਹਿਤ ਨਵੀਆਂ ਪੁਸਤਕਾਂ ਅਧੀਨ ਆ ਰਹੀਆਂ ਨਵੀਆਂ ਪੁਸਤਕਾਂ, ਉਨ੍ਹਾਂ ਦੇ ਲੇਖਕ, ਪ੍ਰਕਾਸ਼ਨ ਅਤੇ ਮੁੱਲ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਸੋ ਦੋਸਤੋ ਸ਼ਬਦ ਸਾਂਝ ਦੀ ਸਾਲਗਿਰਾਹ ਦੇ ਮੌਕੇ ਤੇ ਆਪ ਸੱਭ ਦੇ ਵਡਮੁੱਲੇ ਸਹਿਯੋਗ ਲਈ ਬਹੁਤ ਬਹੁਤ ਸ਼ੁਕਰੀਆ ਤੇ ਭਵਿੱਖ ਵਿਚ ਵੀ ਤੁਹਾਡੇ ਤੋਂ ਇਸ ਤੋਂ ਵੀ ਵਡੇਰੇ ਪਿਆਰ ਦੀ ਉਮੀਦ ਰੱਖਾਂਗੇ।

ਤੱਤ ਲੀਲਾ..........ਨਜ਼ਮ/ਕਵਿਤਾ / ਦਰਸ਼ਨ ਬੁੱਟਰ (ਸ਼੍ਰੋਮਣੀ ਕਵੀ)


ਜਗਿਆਸਾ

ਰੰਗ ਬਿਰੰਗੀਆਂ ਤਿਤਲੀਆਂ ਦੀ
ਕਬਰ ਹੈ ਮੇਰੇ ਅੰਦਰ
ਸੱਜਰੇ ਫੁੱਲ
ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ
ਸਿਜਦੇ ਵਿਚ ਝੁਕਣ ਦਾ ਦਰਦ

ਹਾਸ਼ੀਏ ਦੇ ਕੈਦ ਅੰਦਰ
ਭਾਵਨਾਵਾਂ ਦਾ ਦਮ ਘੁਟਦਾ ਹੈ
ਹਾਸੀ਼ਏ ਦੇ ਬਾਹਰ ਵੀ
ਸੰਸਿਆਂ ਦੀ ਵਲਗਣ ਹੈ

ਝਾਂਜਰ ਦੇ ਬੋਰ ਛਣਕਦੇ ਨਹੀਂ
ਬਸ ਰੜਕਦੇ ਨੇ
ਅੱਖ ਦਾ ਸੁਰਮਾਂ ਫੈਲ ਜਾਂਦਾ
ਖ਼ਾਬਾਂ ‘ਚ ਕਾਲ਼ਖ ਬਣ ਕੇ

ਪਲਕਾਂ ਭਰਦੀ ਹਾਂ
ਤਾਂ ਮਜ਼ਾਕ ਕਰਦੀਆਂ ਨੇ ਹਵਾਵਾਂ
ਖਿੜ ਖਿੜ ਹੱਸਦੀ ਹਾਂ
ਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂ

ਅੰਦਰਲੇ ਨੰਗੇ ਸੱਚ ਨੂੰ
ਕਿਵੇਂ ਪਹਿਨਾਵਾਂ ਹਰਫ਼ਾਂ ਦਾ ਜਾਮਾ
ਬਾਹਰਲੇ ਕੱਜੇ ਕੂੜ ਨੂੰ
ਕਿਵੇਂ ਕਰਾਂ ਤਾਰ ਤਾਰ

ਅੱਗ 'ਤੇ ਤੁਰਦੀ ਹਾਂ
ਬਰਫ਼ ਦਾ ਦੀਵਾ ਲੈ ਕੇ
ਇਹ ਲੱਭਣ
ਕਿ ਮੇਰਾ ਕੀ ਗੁਆਚਾ ਹੈ

ਤੂੰ ਬਾਹਵਾਂ ਤਾਂ ਖੋਲ੍ਹ ਗੁਰੂਦੇਵ!
ਮੈਂ ਆਪਣਾ ਆਕਾਸ਼ ਢੂੰਡਣਾ ਹੈ
ਤੇਰੇ ਪਾਸਾਰ ਵਿਚੋਂ........

.....ਗੁਰੂਦੇਵ.....

ਇਕ ਅੱਗ ਹੈ
ਜੋ ਨਿਰੰਤਰ ਸੁਲਘਦੀ
ਸੁਫ਼ਨਿਆਂ 'ਚ...ਸਾਹਾਂ 'ਚ
ਹੰਝੂਆਂ 'ਚ ਹਾਸਿਆਂ 'ਚ
ਰੁਦਨ 'ਚ...ਰੰਗ ਤਮਾਸਿ਼ਆਂ 'ਚ

ਇਕ ਪੌਣ ਹੈ
ਜੋ ਨਿਰੰਤਰ ਵਗਦੀ
ਜਿਸਮਾਂ 'ਚ...ਰੂਹ ਦੇ ਖਲਾਵਾਂ 'ਚ
ਸੂਖ਼ਮ ਤੇ ਸਥੂਲ ਭਾਵਨਾਵਾਂ 'ਚ
ਅੰਤਰ ਮਨ ਦੀਆਂ ਕਿਰਿਆਵਾਂ 'ਚ

ਇਕ ਨੀਰ ਹੈ
ਜੋ ਨਿਰੰਤਰ ਵਹਿੰਦਾ
ਮਨੁੱਖ ਦੀਆਂ ਉਮੰਗਾਂ 'ਚ
ਕੁਦਰਤ ਦੇ ਰੰਗਾਂ 'ਚ
ਪੰਛੀਆਂ ਪਤੰਗਾਂ 'ਚ

ਇਕ ਮਿੱਟੀ ਹੈ
ਜੋ ਨਿਰੰਤਰ ਉੱਡਦੀ
ਮੁਹੱਬਤ 'ਚ...ਮਾਇਆ 'ਚ
ਫੈਲਦੀ ਸਿਮਟਦੀ ਛਾਇਆ 'ਚ
ਹਰ ਸਾਹ ਲੈਂਦੀ ਕਾਇਆ 'ਚ

ਇਕ ਆਕਾਸ਼ ਹੈ
ਜੋ ਨਿਰੰਤਰ ਵਸਦਾ
ਕਲਬੂਤਾਂ 'ਚ ...ਰੂਹਾਂ 'ਚ
ਅਨੰਤਾਂ 'ਚ ... ਜੂਹਾਂ 'ਚ
ਗੁੰਬਦਾਂ 'ਚ... ਖੂਹਾਂ 'ਚ

ਅਨੰਤ ਕਾਲ ਤੋਂ ਜਾਰੀ ਹੈ ਇਹ ਲੀਲਾ
ਅਸੀਂ ਮਿੱਟੀ ਦੇ ਬਾਵੇ
ਖੇਡਦੇ ਖੇਡਦੇ ਸੌਂ ਜਾਈਏ ਏਸੇ ਮਿੱਟੀ ਅੰਦਰ

ਫੁੱਲ ਤੇਰੇ ਲਈ ਖਿੜਦੇ
ਪੰਛੀ ਤੇਰੇ ਲਈ ਗਾਉਂਦੇ
ਕੁਦਰਤ ਤੇਰੇ ਲਈ ਮੌਲ਼ਦੀ
ਮੈਂ ਵੀ ਹਾਜ਼ਰ ਹਾਂ
ਕੋਰੀ ਕੈਨਵਸ ਲਈ ਸਾਰੇ ਰੰਗ ਲੈ ਕੇ......




ਸੱਜਣਾ ਰਾਂਗਲਿਆ........... ਗੀਤ / ਸੁਨੀਲ ਚੰਦਿਆਣਵੀ


(ਡਾ. ਅਸ਼ੋਕ ਨੂੰ....)

ਇਕ ਭਟਕਣ ਸਾਡੇ ਪੱਲੇ, ਵੇ ਸੱਜਣਾ ਰਾਂਗਲਿਆ
ਬਸ ਦੀਦ ਤੇਰੀ ਲਈ ਝੱਲੇ, ਵੇ ਸੱਜਣਾ ਰਾਂਗਲਿਆ

ਸਮਝਾਇਆਂ ਨਾ ਸਮਝਣ ਅੱਖੀਆਂ
ਤੇਰੇ ਰਾਹੀਂ ਵਿਛ ਵਿਛ ਥੱਕੀਆਂ

ਲੱਖ ਸੁਨੇਹੇ ਘੱਲੇ, ਵੇ ਸੱਜਣਾ ਰਾਂਗਲਿਆ...

ਹੂਕ ਦਿਲੇ ਦੀ ਦਿੰਦੀ ਤਾਹਨੇ
ਜਾਨ ਨਿਕਲ਼ਦੀ ਜਾਪੇ ਜਾਨੇ
ਲੋਕਾਂ ਵਿਚ ਵੀ ਕੱਲੇ, ਵੇ ਸੱਜਣਾ ਰਾਂਗਲਿਆ…

ਘਰ ਵਿਚ ਹੀ ਪ੍ਰਦੇਸੀ ਹੋਏ
ਰੱਤ ਸੁਕਾਉਂਦੇ ਸੁਪਨੇ ਮੋਏ
ਸਾਥੀ ਦਰਦ ਅਵੱਲੇ, ਵੇ ਸੱਜਣਾ ਰਾਂਗਲਿਆ...

ਜਾਣ ਅਸ਼ੋਕ ਦਿਲੇ ਦੀ ਪੀੜਾ
ਡਾਹ ਕੇ ਬੈਠੀ ਰੰਗਲਾ ਪ੍ਹੀੜਾ
ਸਾਰੇ ਰੰਗ ਉਡ ਚੱਲੇ, ਵੇ ਸੱਜਣਾ ਰਾਂਗਲਿਆ...

ਮੈਂ ਤਾਂ ਇਕ ਆਵਾਜ਼.........ਗ਼ਜ਼ਲ / ਵਿਜੈ ਵਿਵੇਕ


ਮੇਰੀ ਮੈਂ ਨੇ ਮੈਥੋਂ ਏਥੋਂ ਤੀਕਰ ਵੀ ਕਰਵਾਇਆ
ਚੋਚਲਿਆਂ ਦੇ ਮੂੰਹ 'ਚੋਂ ਖੋਹ ਕੇ ਮੈਂ ਗਿਰਝਾਂ ਨੂੰ ਪਾਇਆ

ਕੰਡੇ, ਕਿਰਚਾਂ, ਨਸ਼ਤਰ, ਖ਼ੰਜਰ, ਹੋਰ ਬਹੁਤ ਸਰਮਾਇਆ
ਇਹ ਕਿਸਦੀ ਅਣਹੋਂਦ ਕਿ ਜਿਸ ਨੇ ਰਾਤ ਦਿਨੇ ਤੜਪਾਇਆ

ਤੂੰ ਸਰਵਰ ਤੂੰ ਪਾਕ ਪਵਿੱਤਰ, ਮੈਂ ਪੱਥਰ ਮੈਂ ਪਾਪੀ

ਕਿਸ ਰਾਤੇ ਮੈਂ ਤੇਰਾ ਸੁੱਤਾ ਪਾਣੀ ਨਹੀਂ ਜਗਾਇਆ

ਹਾਲੇ ਤੀਕਰ ਤਾਂ ਚੇਤੇ ਨੇ ਸਭ ਯਾਰਾਂ ਦੇ ਚਿਹਰੇ
ਇਹ ਚਿਹਰੇ ਵੀ ਭੁੱਲ ਜਾਵਣ ਤੂੰ ਇੰਜ ਨਾ ਕਰੀਂ ਖ਼ੁਦਾਇਆ

ਯਾਦ ਆਏਗੀ ਟੁੱਟੀ ਕਿਸ਼ਤੀ ਤੇ ਖ਼ਸਤਾ ਜਿਹੇ ਚੱਪੂ
ਇਕ ਸੁੱਕਾ ਦਰਿਆ ਜਦ ਤੇਰੇ ਗਲ਼ ਤੀਕਰ ਚੜ੍ਹ ਆਇਆ

ਮੈਂ ਤਾਂ ਇਕ ਆਵਾਜ਼ ਸੁਣੀ ਸੀ ਮੇਰਾ ਨਾਂ ਲੈਂਦੀ ਸੀ
ਮੈਂ ਕੀ ਜਾਣਾਂ ਮੈਨੂੰ ਕਿਸ ਨੇ ਕਿਹੜੀ ਜਗ੍ਹਾ ਬੁਲਾਇਆ


ਰਹੇ ਜਦ ਨਾ ਹਾਣੀ..........ਗ਼ਜ਼ਲ / ਰਾਜਿੰਦਰਜੀਤ (ਯੂ.ਕੇ)


ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲਾਂਗੇ ਦੀਵੇ

ਹਨੇਰੇ ਦੇ ਜਦ ਵੀ ਤੁਸੀਂ ਬੀਜ ਬੀਜੇ
ਅਸੀਂ ਵੀ ਘਰਾਂ ਵਿਚ ਉਗਾ ਲਾਂਗੇ ਦੀਵੇ

ਲਗਾਵਾਂਗੇ ਮੱਥੇ 'ਤੇ ਦੀਵੇ ਦੀ ਮੂਰਤ

ਬੱਸ ਏਦਾਂ ਅਸੀਂ ਵੀ ਕਹਾ ਲਾਂਗੇ ਦੀਵੇ

ਗਤੀ ਜੇ ਹਵਾਵਾਂ ਦੀ ਇਸ ਤੋਂ ਵਧੇਗੀ
ਤਾਂ ਹਿੱਕਾਂ ਦੇ ਅੰਦਰ ਛੁਪਾ ਲਾਂਗੇ ਦੀਵੇ

ਰਹੇ ਜਦ ਨਾ ਹਾਣੀ ਅਸੀਂ ਰੌਸ਼ਨੀ ਦੇ
ਤਾਂ ਆਪੇ ਹੀ ਅਪਣੇ ਬੁਝਾ ਲਾਂਗੇ ਦੀਵੇ


ਆਖਦੈ ਮੈਨੂੰ ਸਮੁੰਦਰ.......... ਗ਼ਜ਼ਲ / ਸੁਰਜੀਤ ਜੱਜ (ਪ੍ਰੋ.)


ਮੇਰੀਆਂ ਤਲ਼ੀਆਂ 'ਤੇ ਦੀਵਾ, ਰੋਜ਼ ਇਕ ਧਰਦਾ ਏ ਉਹ
ਮੀਟ ਕੇ ਅੱਖਾਂ ਤੁਰਾਂ, ਇਹ ਆਸ ਵੀ ਕਰਦਾ ਏ ਉਹ

ਆਖਦੈ ਮੈਨੂੰ ਸਮੁੰਦਰ ਵਾਂਗ ਤੂੰ ਹੋ ਜਾ ਅਥਾਹ,
ਆਪ ਇਕ ਵੀ ਬੂੰਦ ਨੂੰ, ਕਰਨੋਂ ਫਨਾਹ ਡਰਦਾ ਏ ਉਹ

ਪਿੱਠ ਵਿਚ ਖੰਜ਼ਰ ਖੁਭੋ ਕੇ, ਉਸ ਨੇ ਹੌਕਾ ਭਰ ਲਿਆ

ਇਸ ਤਰ੍ਹਾਂ ਵੀ ਦਰਦ, ਮੇਰੇ ਹੋਣ ਦਾ ਜਰਦਾ ਏ ਉਹ

ਇਕ ਨਦੀ ਉਸ ਦੇ ਵੀ ਥਲ ਵਿੱਚੋਂ ਦੀ ਗੁਜ਼ਰੀ ਹੋਏਗੀ
ਬੈਠ ਕੇ ਰੇਤਾ 'ਤੇ, ਚਸ਼ਮੇ ਲਈ ਦੁਆ ਕਰਦਾ ਏ ਉਹ

ਸੋਚ ਉਸ ਦਾ ਡੁਬਣਾ ਕਿੰਨਾ ਵਚਿੱਤਰ ਹੋਏਗਾ
ਖ਼ਾਬ ਦੀ ਕਿਸ਼ਤੀ ਚਿ, ਸਾਗਰ ਅੱਖ ਦਾ ਤਰਦਾ ਏ ਉਹ

ਬਰਫ਼ ਜਦ ਹੁੰਦਾ ਹਾਂ ਮੈਂ, ਉਹ ਪਹਿਨਦੈ ਅੱਗ ਦਾ ਲਿਬਾਸ
ਜਿਸ ਘੜੀ ਮੈਂ ਪਿਘਲਦਾ ਹਾਂ, ਉਸ ਘੜੀ ਠਰਦਾ ਏ ਉਹ

ਸੋਚਦੈ, ਤੋੜੇਗਾ ਮੇਰੀ ਤਪਸ਼ ਦਾ ਆਖਿਰ ਗ਼ਰੂਰ
ਇਸ ਭੁਲੇਖੇ ਵਿਚ ਹਮੇਸ਼ਾ, ਥਾਂ-ਕੁ-ਥਾਂ ਵਰ੍ਹਦਾ ਏ ਉਹ


ਖ਼ੰਜਰ ਦੇ ਜ਼ਖ਼ਮ ਨਾਲ਼..........ਗ਼ਜ਼ਲ / ਜਸਪਾਲ ਘਈ (ਪ੍ਰੋ.)

ਅਪਣੇ ਬਦਨ ਤੋਂ ਹਰ ਕੁਈ ਪੱਤਾ ਬਦਲ ਲਿਆ
ਮੌਸਮ ਦੇ ਨਾਲ਼ ਰੁੱਖ ਨੇ ਵੀ ਚਿਹਰਾ ਬਦਲ ਲਿਆ

ਕੁਝ ਇਸ ਤਰ੍ਹਾਂ ਸਫ਼ਰ ਦਾ ਹੈ ਜ਼ਾਇਕਾ ਬਦਲ ਲਿਆ
ਮੰਜ਼ਲ ਕਰੀਬ ਆਈ, ਤਾਂ ਰਸਤਾ ਬਦਲ ਲਿਆ

ਤਬਦੀਲੀਆਂ ਨੂੰ ਕਰ ਲਿਆ ਤਬਦੀਲ ਇਸ ਕਦਰ

ਦਿਲ ਨੂੰ ਬਦਲ ਨਾ ਪਾਏ, ਤਾਂ ਚਿਹਰਾ ਬਦਲ ਲਿਆ

ਸਾਡੇ ਗੁਨਾਹ ਦੇ ਕਿੱਸੇ ਤਾਂ ਪੜ੍ਹਦਾ ਸੈਂ ਸੌ਼ਕ ਨਾਲ਼
ਅਪਣਾ ਜਾਂ ਜਿ਼ਕਰ ਆਇਆ ਤਾਂ ਵਰਕਾ ਬਦਲ ਲਿਆ

ਚਲਦਾ ਰਿਹਾ ਜਨੂੰਨ ਮੁਸਲਸਲ ਸਕੂਨ ਨਾਲ਼
ਪੱਥਰ ਬਦਲ ਲਿਆ, ਕਦੇ ਸ਼ੀਸ਼ਾ ਬਦਲ ਲਿਆ

ਹੁਣ ਤਾਂ ਇਹ ਨੋਕ ਖੋਭ ਕੇ ਦੁਖ ਸੁਖ ਫਰੋਲਦੈ
ਖੰਜਰ ਦੇ ਜ਼ਖ਼ਮ ਨਾਲ਼ ਹੈ ਰਿਸ਼ਤਾ ਬਦਲ ਲਿਆ


ਦਰਦ ਦੀ ਗੰਗਾ ਵਗੇ.......... ਗ਼ਜ਼ਲ / ਜਸਵਿੰਦਰ


ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼

ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ

ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇੱਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣਕੇ ਜਿ਼ੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼


ਆਜ਼ਾਦੀ.......... ਨਜ਼ਮਾਂ / ਤਾਰਿਕ ਗੁੱਜਰ ( ਪਾਕਿਸਤਾਨ )

ਵਿਹੜਿਆਂ ਦੇ ਵਿਚ ਸਾਰੇ ਬਾਲਕ
ਫਿਰਦੇ ਨੰਗ ਧੜੰਗੇ...
ਕੋਠੀਆਂ ਉਤੇ ਪਏ ਝੂਲਦੇ
ਦਸ ਦਸ ਗ਼ਜ਼ ਦੇ ਝੰਡੇ...

-----

1947

ਸਦੀਆਂ ਲੰਮੇ ਪੈਂਡੇ ਸਨ
ਸੂਲ਼ਾਂ ਭਰੀਆਂ ਰਾਹਵਾਂ ਸਨ
ਥੱਕੇ ਹਾਰੇ ਪ੍ਰਦੇਸੀ
ਹੱਥ ਵਿਚ ਆਸ ਦੇ ਦੀਵੇ ਲੈ ਕੇ
ਉਮਰਾਂ ਤੀਕਰ ਚੱਲਦੇ ਰਹੇ
ਅੰਨੀਆਂ ਕਾਲ਼ੀਆਂ ਰਾਤਾਂ ਦੇ ਵਿਚ
ਇਕ ਦੂਜੇ ਨੂੰ ਲੱਭਦੇ ਰਹੇ
ਜਿੰਦੜੀ ਅੱਖ ਦਾ ਅੱਥਰੂ ਬਣ ਗਈ
ਝੱਲੇ ਫਿਰ ਵੀ ਹੱਸਦੇ ਰਹੇ........;


ਖ਼ਤਾ ਕੀਤੀ ਮੈਂ........... ਗ਼ਜ਼ਲ / ਸ਼ਮਸ਼ੇਰ ਮੋਹੀ


ਖ਼ਤਾ ਕੀਤੀ ਮੈਂ ਘਰ ਦੇ ਬਿਰਖ ਤੋਂ ਪੰਛੀ ਉਡਾ ਕੇ
ਉਦਾਸੀ ਬਹਿ ਗਈ ਘਰ ਦੀ ਹਰਿਕ ਨੁੱਕਰ ’ਚ ਆ ਕੇ

ਕਦੇ ਮੈਨੂੰ ਉਹ ਅਪਣਾ ਜਾਣ ਜੇ ਦੱਖ ਫੋਲ ਲੈਂਦਾ
ਮੈ ਪੀ ਲੈਂਦਾ ਉਦ੍ਹੇ ਦਰਦਾਂ ਦਾ ਦਰਿਆ ਡੀਕ ਲਾ ਕੇ

ਤੁਹਾਡੀ ਮੰਜ਼ਿਲਾਂ ਦੀ ਤਾਂਘ ’ਤੇ ਫਿਰ ਦਾਦ ਦੇਂਦੇ

ਦਿਲਾਂ ਵਿਚ ਰਸਤਿਆਂ ਦਾ ਮੋਹ ਵੀ ਜੇ ਰਖਦੇ ਬਚਾ ਕੇ

ਕਦੇ ਦਿਲ ਮਖ਼ਮਲੀ ਰਾਹਾਂ ’ਤੇ ਵੀ ਮਾਯੂਸ ਰਹਿੰਦੈ
ਕਦੇ ਮਾਰੂਥਲਾਂ ਨੂੰ ਨਿਕਲ਼ ਪੈਂਦੈ ਮੁਸਕਰਾ ਕੇ

ਉਹ ਸੋਚਾਂ ਮੇਰੀਆਂ ਵਿਚ ਹੋ ਗਿਐ ਧੁਰ ਤੀਕ ਸ਼ਾਮਿਲ
ਮੈਂ ਜਿਸ ਤੋਂ ਰੱਖਦਾ ਫਿਰਦਾਂ ਬੜੀ ਦੂਰੀ ਬਣਾ ਕੇ

ਉਹ ਮੈਨੂੰ ਮੌਲਦਾ ਤੱਕ ਕੇ ਬੜਾ ਹੀ ਤਿਲਮਿਲਾਏ
ਮਨਾਇਆ ਜਸ਼ਨ ਸੀ ਜਿਹਨਾਂ ਜੜ੍ਹਾਂ ਵਿਚ ਤੇਲ ਪਾ ਕੇ


ਵਖ਼ਤਾਂ ਨੂੰ ਫੜੇ ਹੋਣਾ.......... ਗ਼ਜ਼ਲ / ਹਰੀ ਸਿੰਘ ਮੋਹੀ


ਮੈਂ ਜਦ ਵੀ ਗੁਜ਼ਰਨਾ, ਉਸ ਬੂਹੇ 'ਚ ਖੜ੍ਹੇ ਹੋਣਾ
ਰੁਕ ਹੋਣਾ ਨਾ ਤੁਰ ਹੋਣਾ, ਵਖਤਾਂ ਨੂੰ ਫੜੇ ਹੋਣਾ

ਖਾਮੋਸ਼ ਬਣੇ ਰਹਿਣਾ, ਪਰ ਨਾਲ਼ ਨਾਲ਼ ਟੁਰਨਾ
ਭਰਨੇ ਦਿਲਾਂ ਕਲ਼ਾਵੇ, ਅੱਖੀਆਂ ਨੇ ਲੜੇ ਹੋਣਾ

ਇਕ ਰਾਹ ਗੁ਼ਜ਼ਰ 'ਤੇ ਚੱਲਣਾ, ਇਕ ਰੁੱਖ ਦੀ ਛਾਂਵੇਂ ਬਹਿਣਾ

ਕਹਿਆ ਨਾ ਜਾਣਾ ਕੁਝ ਵੀ, ਅਰਮਾਨ ਬੜੇ ਹੋਣਾ

ਜਦ ਝਾਕਣਾ ਅੰਦਰ ਤਾਂ, ਅੰਦਰ ਵੀ ਓਸ ਦਿਸਣਾ
ਮੁੰਦਰੀ 'ਚ ਜਿਵੇਂ ਮਨ ਦੀ, ਹੀਰੇ ਦਾ ਜੜੇ ਹੋਣਾ

ਮੋਹੀਆਂ ਤੇ ਤੇਹੀਆਂ ਦੇ, ਹਾਲਾਤ ਰਹੇ ਆਕੀ
ਸਾਹਾਂ 'ਚ ਅਗਨ ਬਲਣੀ, ਰਾਹਾਂ 'ਚ ਗੜੇ ਹੋਣਾ

ਜਦ ਤੁਰ ਗਈਆਂ ਬਹਾਰਾਂ, ਤਦ ਵਸਲ ਦਾ ਹਾਸਲ ਕੀ
ਮਹਿਕਾਂ ਨੇ ਬਿਖਰ ਜਾਣਾ, ਫੁੱਲਾਂ ਨੇ ਝੜੇ ਹੋਣਾ

ਹਿੰਮਤ ਨਾ ਏਸ ਵਿਚ ਤਾਂ, ਅਗਲੇ ਜਨਮ ਹੀ ਮਿਲਣਾ,
ਮੋਹੀ ਮੁਹੱਬਤਾਂ ਦੇ, ਰਾਹਾਂ 'ਚ ਖੜ੍ਹੇ ਹੋਣਾ

ਧੁਰ ਅੰਦਰ.......... ਨਜ਼ਮ/ਕਵਿਤਾ / ਰਤਨ ਰਾਈਕਾ


ਧੁਰ ਅੰਦਰ
ਜਜ਼ਬਾਤ ਸੁਲਘਦੇ
ਬਾਹਰ ਕਇਆ ਨੂੰ
ਤਾਪ ਚੜ੍ਹੇ

ਜੰਗਲ ਜੋ ਤਬਦੀਲ ਹੋ ਗਿਆ
ਕੁਰਸੀਆਂ ‘ਚ

ਪਾਗਲ ਪੌਣਾਂ ਦੇ ਸੰਗ ਯਾਰੋ
ਕਿਹੜਾ ਬਿਰਖ ਲੜੇ...

ਧੀ ਤੇ ਫ਼ਸਲ ਦੀ
ਇਕ ਪ੍ਰੀਭਾਸ਼ਾ
ਜੋ ਸਮਿਆਂ ਦੇ ਰੂਬਰੂ ਹੈ
ਇਕ ਗਰਭ ਦੀ ਜੂਨੇ ਮਰਦੀ
ਦੂਜੀ ਪੱਕੇ ਪੈਣ ਗੜੇ...

ਕਾਲ਼ੇ ਸਮਿਆਂ
ਅੰਗ ਅੰਗ ਕੋਹਿਆ
ਪੀ ਸਪਰੇਆਂ
ਪੁੱਤ ਮਰੇ
ਸਰਹੱਦਾਂ ਤੇ ਜੇਤੂ ਹੋ ਕੇ
ਘਰ ਦੀ ਦੇਹਲ਼ੀ
ਆਣ ਹਰੇ...


ਉਮਰ ਜੇ ਹੁੰਗਾਰਾ........... ਨਜ਼ਮ / ਕੰਵਲਜੀਤ ਭੁੱਲਰ

ਭੈੜੀਏ !
ਉਮਰ ਜੇ ਹੁੰਗਾਰਾ ਦੇਣਾ ਹੀ ਸੀ
ਤਾਂ ਕਦੀ ਦਸਤਕ ਵੀ ਆ ਬਣਦੀਓਂ...।
ਕੋਹਾਂ ਜਿੰਨਾ ਪਿਆਰ ਕਰਨ ਵਾਲੀ਼ਏ
ਮੇਰੇ ਜ਼ਖ਼ਮਾਂ ਦੀ ਮੱਲ੍ਹਮ ਤਾਂ ਬਣ....
ਬੜੇ ਚਿਰਾਂ ਤੋਂ ਰੁੱਤਾਂ ਦੇ ਇਹ ਪਿਆਸੇ ਨੇ...।।

ਹਮ ਉਮਰ ਦਾ ਦਾਅਵਾ ਕਰਨ ਵਾਲੀ਼ਏ
ਇਕ ਮੌਤ ਤਾਂ ਜੀਣ ਲਈ ਦੇ
ਚਿਰ ਹੀ ਹੋ ਗਿਆ...
ਜੀਅ ਜੀਅ ਮਰਦਿਆਂ...।

ਵਾਅਦਾ ਕਰ
ਤੂੰ ਮੈਥੋਂ ਅਗੇਰੀ ਕਬਰ ਨਹੀਂ ਹੋਵੇਂਗੀ
ਮੇਰੀ ਤਾਂ ਚਲੋ ਤਮਾਮ ਉਮਰ ਕਫ਼ਨ ਏ...।
ਚੰਗੀਏ ਕੁੜੀਏ
ਉਦਾਸੀਆਂ ਉੱਪਰ ਏਨਾ ਹੱਕ ਨਾ ਰੱਖ
ਇਹ ਹੱਕ.. ਮੇਰੇ ਰਾਖਵੇਂ ਨੇ...
ਤੇ
ਮੇਰੀ ਮੌਤ ਉਪਰ ਤੂੰ ਅੱਖਾਂ ਗਿੱਲੀਆਂ ਨਾ ਕਰੀਂ
ਮੈਥੋਂ ਸਲ੍ਹਾਬੇ ਕੋਲੋਂ ਸੜ ਨਹੀਂ ਹੋਣਾ...
ਵੇਖ ਮੈਨੂੰ ਜੀਣ ਦੀ ਜਾਂਚ ਨਾ ਸਿਖਾ
ਬੜਾ ਚਿਰ ਇਸ ਜੂਏ 'ਚ ਮੈਂ ਹਾਰਿਆ ਹਾਂ
ਕਈ ਮੌਤ ਵਰਗੇ ਪੱਤੇ ਵੰਡ
ਸ਼ਾਇਦ ਜਿੱਤ ਉਡੀਕ 'ਚ ਹੋਵੇ...


ਖ਼ਾਬ ਸੁਹਾਨੇ ਆਏ..........ਗ਼ਜ਼ਲ (ਉਰਦੂ) / ਕ੍ਰਿਸ਼ਨ ਅਦੀਬ

ਲੌਟ ਕਰ ਫਿਰ ਨਾ ਮੁਹੱਬਤ ਕੇ ਜ਼ਮਾਨੇ ਆਏ
ਯਾਦ ਭੀ ਆਏ ਤੋ ਜ਼ਖ਼ਮ ਪੁਰਾਨੇ ਆਏ

ਔਰ ਫਿਰ ਯੂੰ ਭੀ ਹੂਆ ਹੈ ਕਿ ਬਿਛੜ ਕਰ ਤੁਝ ਸੇ
ਨੀਂਦ ਆਈ ਨ ਕਭੀ, ਖ਼ਾਬ ਸੁਹਾਨੇ ਆਏ

ਜਿ਼ੰਦਗੀ ਤੂਨੇ ਹਮੇਂ ਛੋੜ ਦੀਆ ਹੈ ਫਿਰ ਭੀ

ਜਿ਼ੰਦਾ ਰਹਿਨੇ ਕੇ ਬਹੁਤ ਹਮ ਕੋ ਬਹਾਨੇ ਆਏ

ਚਾਹਤਾ ਹੂੰ ਕਿ ਰਹੇ ਏਕ ਤਆਲੁਕ ਕਾਇਮ
ਵੋ ਸਿਤਮਗਰ ਹੈ ਤੋ ਫਿਰ ਮੁਝ ਕੋ ਸਤਾਨੇ ਆਏ

ਅਬ ਖ਼ਰਾਬਾ ਹੈ ਦਿਲੇ-ਜ਼ਾਰ ਜਹਾਂ ਸ਼ਾਮ ਢਲੇ
ਸਰਫਿਰੀ ਯਾਦ ਤੇਰੀ ਖ਼ਾਕ ਉੜਾਨੇ ਆਏ