ਤੇਰੇ ਸ਼ਹਿਰ.......... ਨਜ਼ਮ/ਕਵਿਤਾ / ਬਲਜਿੰਦਰ ਸੰਘਾ

(ਇੱਕ ਪ੍ਰਦੇਸੀ ਦਾ ਖ਼ਤ)
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
ਜਾਨਵਰ ਸੁਣਿਆ ਰਲਕੇ ਬਹਿੰਦੇ
ਆਦਮ ਦੇ ਵਿਚ ਡੂੰਘਾ ਵੈਰ
ਦੱਸ ਕਿੰਝ ਆਈਏ…

ਲਹੂ ਨਾ ਲਿਬੜੇ ਖ਼ਤ ਤੂੰ ਪਾਉਣਾ
ਕਲਮ ਨੀ ਲੱਗਦਾ ਖੱਜਰ ਵਾਹੁੰਨਾ
ਲਿਖਿਆ ਆਪਣੇ ਕਤਲ ਨੇ ਕਰਦੇ
ਅੱਥਰੂ ਵਾਹੁੰਦੇ ਜੋ ਨੇ ਗੈਰ
ਦੱਸ ਕਿੰਝ ਆਈਏ…


ਚਿੱਟੇ ਦਿਨ ਹੀ ਨੇਰ੍ਹ ਪਿਆ ਹੈ
ਅਣਜੰਮੀਆਂ ਦਾ ਢੇਰ ਪਿਆ ਹੈ
ਕੁੱਖ਼ ਨੂੰ ਕੁੱਖ਼ ਵਿਚ ਕਤਲ ਕਰਾਕੇ
ਜੱਗ ਜਣਨੀ ਦੀ ਮੰਗਣ ਖੈ਼ਰ
ਦੱਸ ਕਿੰਝ ਆਈਏ…

ਅਸੀਂ ਦੋਸਤਾ ਐਥੇ ਈ ਚੰਗੇ
ਮਿਲਕੇ ਰਹਿੰਦੇ ਰੰਗ-ਬਰੰਗੇ
ਤੇਰੇ ਸ਼ਹਿਰ ਦੇ ਦੰਗਿਆਂ ਨਾਲੋਂ
ਥੋੜਾ ਘੱਟ ਹੈ ਨਸਲੀ ਜ਼ਹਿਰ
ਦੱਸ ਕਿੰਝ ਆਈਏ ਤੇਰੇ ਸ਼ਹਿਰ
ਰਹਿੰਦੀ ਹਿੰਸਾ ਚੱਤੋ ਪਹਿਰ
****