ਗੁਆਚੇ ਦੀ ਭਾਲ.......... ਕਾਵਿ ਵਿਅੰਗ / ਤਰਲੋਚਨ ਸਿੰਘ ‘ਦੁਪਾਲ ਪੁਰ’

ਪੈਸਾ ਦੀਨ ਤੇ ਪੈਸਾ ਈਮਾਨ ਬਣਿਆਂ
ਦੁਨੀਆਂ ਇਸੇ ਲਈ ਰਹੀ ਏ ਨੱਚ ਯਾਰੋ ।

ਭਲੇ ਬੁਰੇ ਦਾ ਨਿਰਖ ਨਾ ਰਿਹਾ ਕੋਈ
ਸਮਝੋ ਲੋਕਾਂ ਦਾ ਮਰ ਗਿਆ ਮੱਚ ਯਾਰੋ ।

ਚਾਰੋਂ ਤਰਫ ਹੀ ਕੁਫ਼ਰ ਦੀ ਚੜ੍ਹੀ ‘ਨ੍ਹੇਰੀ
ਸੋਨਾ  ਆਖ ਕੇ  ਵੇਚਦੇ  ਕੱਚ  ਯਾਰੋ ।


ਹੋ ਗਿਆ ਬਨਾਵਟ ਦਾ ਬੋਲ ਬਾਲਾ
ਮਿੱਠੇ ਝੂਠ ਦਾ ਪੈ ਗਿਆ ਲੱਚ ਯਾਰੋ ।

ਸਿਆਸਤ ਵਿੱਚੋਂ  ਤਾਂ ਕਦੋਂ ਦਾ ਉਡਿਆ ਏ
ਲੈਕਚਰਬਾਜ਼ੀਆਂ ਨਿਰੀ ਐ ਖੱਚ ਯਾਰੋ ।

ਧਰਮ-ਸਥਾਨਾ ਦੇ ਵਿਚੋਂ ਵੀ ਗਾਇਬ ਹੋਇਆ
ਕਿਹੜੇ ਅੰਬਰੀਂ ਚੜ੍ਹ ਗਿਆ  ਸੱਚ ਯਾਰੋ ?

****