ਦੋਹੇ........... ਦੋਹੇ / ਦੀਪ ਜ਼ੀਰਵੀ

ਹਫੜਾ ਦਫੜੀ ਜਿੰਦਗੀ, ਸ਼ਾਂਤ ਇੱਕਦਮ ਮੌਤ
ਜੋ ਨਾ ਸੋਚੇ, ਨਾ ਬੋਲਦਾ; ਜਾਣੋ ਹੋਇਆ ਫੌਤ

ਜਿੰਦਗੀ ਹਰਦਮ ਬਦਲਦੀ; ਪਲ ਪਲ ਕਰੇ ਵਿਕਾਸ
ਭਾਵਾਂ ਦੇ ਸੰਵਾਦ ਹਨ; ਆਸ ਅਤੇ ਵਿਸ਼ਵਾਸ

ਜਿੰਦਗੀ ਬੋਝ ਨਾ ਸਮਝਿਓ, ਜੀਵਨ ਜੋਗਿਓ ਆਪ
ਖੁਦਕੁਸ਼ੀਆਂ ਤੋਂ ਵਧ ਨਾ, ਜੱਗ ਤੇ ਕੋਈ ਪਾਪ


ਜੀਵਨ ਹੈ ਸੰਘਰਸ਼ ਤਾਂ, ਜੂਝ ਨੀ ਜਿੰਦੀਏ ਜੂਝ
ਲੈ ਅਖਰਾਂ ਤੋਂ ਰੌਸ਼ਨੀ, ਪੁਸਤਕਾਂ ਤੋਂ ਲੈ ਸੂਝ

ਜਿੰਦਗੀ ਜੀਵਨ ਦੇ ਲਈ, ਜਿੰਦਗੀ ਹੈ ਸੰਗ੍ਰਾਮ
ਜ਼ਿਦਗੀ ਪੁਰਸ਼ਾਰਥ ਸਹੀ, ਇਸ ਵਿੱਚ ਨਹੀਂ ਆਰਾਮ

****