ਪੁੱਤ ਨਾ ਹੋਣ ਕਦੇ ਪਰਦੇਸੀ……… ਨਜ਼ਮ/ਕਵਿਤਾ / ਬਲਵਿੰਦਰ ਸਿੰਘ ਮੋਹੀ

ਹੋਵੇ ਰਿਜ਼ਕ ਪੰਜਾਬ ‘ਚ ਐਨਾ
ਲੋਕੀ ਭੁੱਲਣ ਧਰ ਧਰ ਕੇ
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

ਆਪਣੀ ਜਾਨ ਤਲੀ ਧਰ ਆਉਂਦੇ,
ਦਸ-ਦਸ ਵੀਹ-ਵੀਹ ਲੱਖ ਫੜਾਉਂਦੇ,
ਏਜੰਟ ਬਾਰਡਰ ਪਾਰ ਕਰਾਉਂਦੇ,
ਕਿਸ਼ਤੀ ਦੇ ਵਿੱਚ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

ਮਾਨਣ ਘਰ ਵਿੱਚ ਠੰਡੀਆਂ ਛਾਵਾਂ,
ਛੱਡ ਕੇ ਜਾਣ ਰੋਂਦੀਆਂ ਮਾਵਾਂ ,
ਤੱਕਦੀਆਂ ਰਹਿਣ ਇਹਨਾ ਦੀਆਂ ਰ੍ਹਾਵਾਂ,
ਜੋ ਮੱਥੇ ਹੱਥ ਧਰ ਧਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

ਹੋਵੇ ਰਿਜ਼ਕ ਪੰਜਾਬ ‘ਚ ਐਨਾ ਲੋਕੀ ਭੁੱਲਣ ਧਰ ਕੇ
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ

****