ਚੋਣ ਮੈਨੀਫੈਸਟੋ.......... ਕਾਵਿ ਵਿਅੰਗ / ਅਮਨਦੀਪ ਸਿੰਘ ਟੱਲੇਵਾਲੀਆ (ਡਾ)

ਵੋਟਾਂ ਵੇਲੇ ਲੋਕਾਂ ਨੂੰ ਅਸੀਂ ਨਸ਼ਿਆਂ ਉਤੇ ਲਾਵਾਂਗੇ
ਭੁੱਕੀ, ਅਫ਼ੀਮ, ਸਮੈਕ, ਗੋਲੀਆਂ, ਸ਼ੀਸ਼ੀਆਂ ਖ਼ੂਬ ਪਿਆਵਾਂਗੇ

ਪਿੰਡਾਂ ਦੇ ਵਿੱਚ ਫੁੱਟ ਪੁਆਉਣੀ, ਭਾਈ-ਭਾਈ ਵੰਡਕੇ ਰੱਖਣੇ
ਲੱਤ ਹਮੇਸ਼ਾਂ ਉਤੇ ਰੱਖਣੀ, ਸਾਰੇ ਹੀ ਨੇ ਚੰਡਕੇ ਰੱਖਣੇ
ਆਪੇ ਅੱਗਾਂ ਲਾਵਾਂਗੇ ਤੇ ਆਪੇ ਫੇਰ ਬੁਝਾਵਾਂਗੇ
ਵੋਟਾਂ ਵੇਲੇ ਲੋਕਾਂ ਨੂੰ...

ਸ਼ਰਮ-ਸ਼ੁਰਮ ਤਾਂ ਲਾਹਕੇ ਸਾਡੀ ਕਿਲੀ ਉਤੇ ਟੰਗ ਛੱਡੀ ਹੈ
ਸਿਆਸਤ ਵਾਲੇ ਰੰਗ ’ਚ ਪਾ ਕੇ ਪੱਗ ਅਸਾਂ ਨੇ ਰੰਗ ਛੱਡੀ ਹੈ
ਜਿਹੜਾ ਸਾਨੂੰ ਟਿਕਟ ਦੇਵੇਗਾ ਉਹਦੇ ਹੀ ਬਣ ਜਾਵਾਂਗੇ
ਵੋਟਾਂ ਵੇਲੇ ਲੋਕਾਂ ਨੂੰ...

ਚੋਣ ਕਮਿਸ਼ਨ ਨੇ ਵੀ ਭਾਵੇਂ ਦਿੱਤੀ ਸਾਨੂੰ ਘੁਰਕੀ ਏ
ਪਰ ਵੋਟਰ ਭਰਮਾਉਣ ਦੀ ਖਾਤਰ ਪਾਉਣੀ ਪੈਂਦੀ ਬੁਰਕੀ ਏ
ਰਾਤ ਬਰਾਤੇ, ਚੋਰੀ ਛੁਪੇ ਪੈਸੇ ਵੀ ਵੰਡ ਆਵਾਂਗੇ
ਵੋਟਾਂ ਵੇਲੇ ਲੋਕਾਂ ਨੂੰ...

ਗਧੇ ਨੂੰ ਭਾਵੇਂ ਬਾਪ ਕਹਾ ਲਓ, ਸਭ ਦੇ ਪੈਰੀਂ ਹੱਥ ਲਵਾ ਲਓ
ਮੰਦਿਰ, ਮਸਜਿਦ, ਗੁਰਦੁਆਰੇ ਜਾ ਕੇ ਭਾਵੇਂ ਨੇਮ ਕਰਾ ਲਓ
ਜਿੱਤਣ ਪਿੱਛੋਂ ਪੰਜ ਸਾਲਾਂ ਲਈ ਨਜ਼ਰ ਨਾ ਥੋਨੂੰ ਆਵਾਂਗੇ
ਵੋਟਾਂ ਵੇਲੇ ਲੋਕਾਂ ਨੂੰ...

ਸੇਵਾ ਨਹੀਂ, ਇਹ ਬਿਜ਼ਨਸ ਸਾਡਾ ਪੀੜ੍ਹੀਆਂ ਤੱਕ ਹੀ ਚੱਲਦੇ ਰਹਿਣਾ
‘ਟੱਲੇਵਾਲੀਏ’ ਵਰਗੇ ਲਿਖਦੇ ਇਸ ਨਾਲ ਸਾਨੂੰ ਫ਼ਰਕ ਨਹੀਂ ਪੈਣਾ
ਐਤਕੀਂ ਵਾਰਾਂ ਫੇਰ ਵੇਖਲੀਂ ਹੱਥ ’ਤੇ ਸਰੋਂ ਜਮਾਵਾਂਗੇ
ਵੋਟਾਂ ਵੇਲੇ ਲੋਕਾਂ ਨੂੰ...

****