ਸੱਭਿਆਚਾਰ……… ਨਜ਼ਮ/ਕਵਿਤਾ / ਕੇਵਲ ਕ੍ਰਿਸ਼ਨ ਸ਼ਰਮਾ

ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,
ਆਓ ਮੇਰੇ ਦੇਸ਼ ਵਾਸੀਓ ਰੁਲਦਾ ਸੱਭਿਆਚਾਰ ਦਿਖਾਵਾਂ,

ਮਾਣ ਦੇਸ਼ ਦਾ ਸਮਝੀ ਜਾਂਦੀ ਝਾਂਸੀ ਦੀ ਰਾਣੀ ਸੀ ਕੋਈ,
ਵਿੱਚ ਕਲੱਬਾਂ ਬੀਅਰ ਪੀਂਦੀ ਅੱਜ ਦੀ ਇਹ ਮੁਟਿਆਰ ਦਿਖਾਵਾਂ ।

ਚੁੰਨੀਂ ਲੈਣੀ ਕਦੋਂ ਦੀ ਛੱਡ ਗਈ, ਹੁਣ ਪੰਜਾਬੀ ਸੂਟ ਵੀ ਭੁੱਲੀ,
ਗਿੱਧਾ, ਕਿੱਕਲੀ, ਸੰਮੀਂ ਛੱਡ ਕੇ ਡਿਸਕੋ ਦੀ ਬਿਮਾਰ ਦਿਖਾਵਾਂ।

ਡੋਰੀਏ ਦੀ ਇਹਨੂੰ ਸਮਝ ਨਾ ਆਵੇ, ਸੱਗੀ ਫੁੱਲ ਦਾ ਨਾਂ ਵੀ ਭੁੱਲੀ,
ਦੇਸ਼ ਮੇਰੇ ਦੀ ਧਰਤ ਤੇ ਭਾਰੂ ਪੱਛਮੀ ਸੱਭਿਆਚਾਰ ਦਿਖਾਵਾਂ।


ਚਰਖੇ ਤੋਂ ਇਹਨੂੰ ਡਰ ਲਗਦਾ ਏ, ਫੁਲਕਾਰੀ ਨਾ ਕੱਢਣੀ ਆਵੇ,
ਤਿੰ੍ਰਝਣਾਂ ਦੀ ਰੌਣਕ ਸੀ ਜਿਹੜੀ, ਪੱਬਾਂ ਦੇ ਵਿਚਕਾਰ ਦਿਖਾਵਾਂ।

ਭੁੱਲ ਗੇ ਗੱਭਰੂ ਸਿਹਤ ਬਣਾਉਣੀ, ਮੱਖਣ ਖਾਣੇ ਲੱਸੀ ਪੀਣੀ,
ਨਸ਼ਿਆਂ ਵਾਲਿਆਂ ਦਾ ਜੋ ਚੱਲਿਆ, ਚੰਗਾ ਕਾਰੋਬਾਰ ਦਿਖਾਵਾਂ।

ਘਰੋਂ ਭੇਜਿਆ ਕਾਲਿਜ ਪੜ੍ਹਨੇ, ਕਰਜ਼ਾ ਚੱਕ ਕੇ ਫੀਸਾਂ ਭਰੀਆਂ,
ਗੱਭਰੂ ਪੁੱਤ ਪੰਜਾਬ ਦਾ ਡਿਗਿਆ, ਗਲੀਆਂ ਦੇ ਵਿਚਕਾਰ ਦਿਖਾਵਾਂ।

ਫੋਕ ਸ਼ਬਦ ਦਾ ਅਰਥ ਹੀ ਭੁੱਲ ਗਏ, ਊਲ ਜਲੂਲ ਨੇ ਗਾਈ ਜਾਂਦੇ,
ਨੀ ਤੇ ਵੇ ਵਿੱਚ ਫਰਕ ਨਾ ਸਮਝੇ, ਅੱਜ ਦਾ ਪੌਪ ਸਟਾਰ ਦਿਖਾਵਾਂ।

ਮੁੰਡਿਆਂ ਦੇ ਹੁਣ ਕੰਨੀ ਨੱਤੀਆਂ, ਗਿੱਚੀ ਪਿੱਛੇ ਗੁੱਤਾਂ ਲਮਕਣ,
ਕੁੜੀਆਂ ਨੇ ਹੁਣ ਜੀਨਾਂ ਪਾਈਆਂ, ਮੁੰਡਿਆਂ ਦੇ ਸਲਵਾਰ ਦਿਖਾਵਾਂ।

ਕੌਣ ਕਹੂ ਪੰਜਾਬੀ ਸਾਨੂੰ, ਕੌਣ ਸਾਨੂੰ ਸਰਦਾਰ ਕਹੂਗਾ,
ਤਲੀਆਂ ਵਰਗੇ ਚਿਹਰੇ ਕੱਢੀ ਮੁੰਡਿਆਂ ਦੀ ਕਤਾਰ ਦਿਖਾਵਾਂ।

ਐ ਮੇਰੇ ਪੰਜਾਬੀ ਵੀਰੋ, ਥੋਡੇ ਅੱਗੇ ਮਿੰਨਤ ਮੈਂ ਕਰਦਾ,
ਹੱਸੋ, ਗਾਓ ਨੱਚੋ ਟੱਪੋ, ਪਰ ਆਪਣੀ ਔਕਾਤ ਨਾ ਭੁੱਲੋ,

ਸੋਂਹਦੀਆਂ ਰਹਿਣ ਸਿਰਾਂ ਤੇ ਚੁੰਨੀਆਂ, ਜਚਦੇ ਰਹਿਣ ਗਲਾਂ ਵਿੱਚ ਕੈਂਠੇ,
‘ਕੇਵਲ’ ਨੂੰ ਤਾਂ ਸਮਝ ਨਾ ਆਵੇ, ਕਿੰਝ ਆਪਣਾਂ ਪਰਿਵਾਰ ਬਚਾਵਾਂ॥

****